October 4, 2015 | By ਸਿੱਖ ਸਿਆਸਤ ਬਿਊਰੋ
ਰਾਜਪੁਰਾ (3 ਅਕਤੂਬਰ, 2015): ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਸੇ ਦੇ ਸੌਦਾ ਸਾਧ ਨੂੰ ਜੱਥੇਦਾਰਾਂ ਵੱਲੌਂ ਦਿੱਤੀ ਮਾਫੀ ਤੋਂ ਉਪਜੇ ਹਾਲਾਤ ‘ਤੇ ਵੀਚਾਰ ਕਰਨ ਲਈ ਸਿੱਖ ਜੱਥੇਬੰਦੀਆਂ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਵਿੱਚ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਮਾਮਲੇ ਨੁੰ ਨਿਜੱਠਣ ਲਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਬਹਾਲ ਕਰਵਾਉਣ ਲਈ 12 ਅਕਤੂਬਰ ਨੂੰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਮਾਡਲ ਟਾਊਨ, ਲੁਧਿਆਣਾ ਵਿਖੇ ਸਿੱਖ ਸੰਗਠਨਾਂ, ਸੰਤ ਸਮਾਜ, ਸਿੱਖ ਬੁੱਧਜੀਵੀਆਂ ਅਤੇ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਸੱਦਣ ਦਾ ਫੈਸਲਾ ਕੀਤਾ ਗਿਆ।
ਇੱਥੇ ਹੋਈ ਇਕੱਤਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਅਕਾਲੀ ਦਲ(ਯੁੂਨਾਈਟਿਡ) ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਜਨਰਲ ਸਕੱਤਰ ਭਾਈ ਗੁਰਜੀਤ ਸਿੰਘ, ਯੂਨਾਈਟਿਡ ਸਿੱਖ ਮਿਸ਼ਨ ਦੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ।
ਇਸ ਬੰਦ ਕਮਰਾ ਮੀਟਿੰਗ ਉਪਰੰਤ ਸ੍ਰ. ਮਾਨ, ਸ੍ਰ. ਸਰਨਾ, ਭਾਈ ਮੋਹਕਮ ਸਿੰਘ ਤੇ ਹਰਮਿੰਦਰ ਸਿੰਘ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੌਦਾ ਸਾਧ ਨੂੰ ਮੁਆਫ਼ ਕਰਨ ਸਬੰਧੀ ਜੋ ਫੈਸਲਾ ਤਖ਼ਤਾਂ ਦੇ ਜਥੇਦਾਰਾਂ ਨੇ ਲਿਆ ਹੈ ਉਸ ਨਾਲ ਸਿੱਖਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਜਥੇਦਾਰਾਂ ਦੇ ਇਸ ਫੈਸਲੇ ਨੇ ਸਿੱਖ ਕੌਮ ਦਾ ਸਮਾਜਿਕ ਮਜ਼ਾਕ ਉਡਾਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰਾਂ ਨੇ ਸੌਦਾ ਸਾਧ ਸਬੰਧੀ ਕੋਈ ਫ਼ੈਸਲਾ ਲੈਣਾ ਸੀ ਤਾਂ ਸਿੱਖ ਬੁੱਧੀਜੀਵੀਆਂ ਨਾਲ ਸਲਾਹ ਮਸ਼ਵਰਾ ਕਰਕੇ ਸਰਬੱਤ ਖ਼ਾਲਸਾ ਸੱਦਿਆ ਜਾਣਾ ਚਾਹੀਦਾ ਸੀ ਪ੍ਰੰਤੂ ਜਥੇਦਾਰਾਂ ਨੇ ਅਜਿਹਾ ਨਾ ਕਰਕੇ ਨਾਗਪੁਰ(ਮਹਾਰਾਸ਼ਟਰ) ਤੋਂ ਆਏ ਆਰ.ਐਸ.ਐਸ. ਦੇ ਸੁਨੇਹੇ ’ਤੇ ਫੁੱਲ ਚੜ੍ਹਾਉਂਦੇ ਹੋਏ ਭਾਜਪਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਬਾਅ ਹੇਠ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇ ਕੇ ਸਿੱਖ ਕੌਮ ਨਾਲ ਵੱਡਾ ਧ੍ਰੋਹ ਕਮਾਇਆ ਹੈ।
ਉਕਤ ਆਗੂਆਂ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸਿੱਖ ਵਿਰੋਧੀ ਫ਼ੈਸਲੇ ਖ਼ਿਲਾਫ਼ 12 ਅਕਤੂਬਰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਮਾਡਲ ਟਾਊਨ ਲੁਧਿਆਣਾ ਵਿਖੇ ਮੀਟਿੰਗ ਕਰਕੇ ਸਰਬੱਤ ਖ਼ਾਲਸਾ ਸੱਦਿਆ ਜਾਵੇਗਾ ਅਤੇ ੳੁਸੇ ਦਿਨ ਸਰਬੱਤ ਖ਼ਾਲਸਾ ਸੱਦਣ ਦੀ ਤਰੀਕ ਤੇ ਸਥਾਨ ਨਿਸ਼ਚਿਤ ਕੀਤਾ ਜਾਵੇਗਾ।
ਆਗੂਆਂ ਕਿਹਾ ਕਿ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਹੋਣ ਲਈ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਵੇਗਾ। ਇਸ ਸਰਬੱਤ ਖ਼ਾਲਸਾ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਤੇ ਪੰਥ ਦੀ ਸਹਿਮਤੀ ਨਾਲ ਪੰਜ ਤਖ਼ਤਾਂ ਦੇ ਜਥੇਦਾਰ ਨਿਯੁਕਤ ਕਰਕੇ ਮੌਜੂਦਾ ਜਥੇਦਾਰਾਂ ਨੂੰ ਲਾਂਭੇ ਕੀਤਾ ਜਾਵੇਗਾ। ਸਿੱਖ ਕੌਮ ਸਰਬੱਤ ਖ਼ਾਲਸਾ ਰਾਹੀਂ ਨਿਯੁਕਤ ਕੀਤੇ ਜਥੇਦਾਰਾਂ ਵੱਲੋਂ ਲਏ ਗਏ ਕਿਸੇ ਵੀ ਫੈਸਲੇ ਨੂੰ ਮੰਨਣ ਲਈ ਹੀ ਵਚਨਬੱਧ ਹੋਵੇਗੀ।
ਉਕਤ ਆਗੂਆਂ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ’ਤੇ ਥੋਪਿਆ ਗਿਆ ਡੇਰਾ ਮੁਖੀ ਨੂੰ ਮੁਆਫ਼ ਕਰਨ ਦਾ ਫੈਸਲਾ ਵਾਪਸ ਲੈ ਕੇ ਕੌਮ ਤੋਂ ਮੁਆਫ਼ੀ ਮੰਗਣ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਦਲ ਨੇ ਮੋਗਾ ਅੌਰਬਿਟ ਕਾਂਡ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਗੁਰੂ ਸਾਹਿਬਾਨ ਦੇ ਸ਼ਸਤਰਾਂ ਦੀ ਦਰਸ਼ਨ ਯਾਤਰਾ ਸ਼ੁਰੂ ਕੀਤੀ ਸੀ ੳੁਸੇ ਤਰ੍ਹਾਂ ਹੁਣ ਫਿਰ ਸਿੱਖ ਕੌਮ ਦਾ ਧਿਆਨ ਹਟਾਉਣ ਲਈ ਕਮੇਟੀਆਂ ਦਾ ਗਠਨ ਕਰਵਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਸਤਨਾਮ ਸਿੰਘ, ਹਰਜੀਤ ਸਿੰਘ, ਇੰਦਰਪ੍ਰੀਤ ਸਿੰਘ ਦਿੱਲੀ, ਜਥੇਦਾਰ ਸਾਧਾ ਸਿੰਘ ਰਾਜਪੁਰਾ, ਰਣਬੀਰ ਸਿੰਘ ਹਰਪਾਲਪੁਰ ਤੇ ਜਗਜੀਤ ਸਿੰਘ ਖਾਲਸਾ ਆਦਿ ਆਗੂ ਵੀ ਮੌਜੂਦ ਸਨ।
Related Topics: Akal Takhat Sahib, Bhai Mohkam Singh, Paramjeet Singh Sarna, Shiromani Akali Dal Amritsar (Mann), Sikh Panth, Simranjeet Singh Mann, United Akali Dal