ਪੱਤਰ

ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ

May 29, 2010 | By

ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ  ਭਿੰਡਰਾਂਵਾਲਿਆਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ

ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ  ਧਰਮਯੁੱਧ ਮੋਰਚੇ ਦੇ  ਡਿਕਟੇਟਰ ਗੱਦਾਰੇ ਆਜ਼ਮ ਹਰਚੰਦ ਸਿੰਹੁ ਲੌਂਗੋਵਾਲ ਧਰਮ ਮੋਰਚੇ ਵਿੱਚ ਜਾਣ ਵਾਲੇ ਸਿੰਘਾਂ ਨੂੰ ਹਰ ਰੋਜ਼ ਵਿਦਾਇਗੀ ਦਿਆ ਕਰਦੇ ਸਨ । ਪੰਜਾਬ ਦਾ ਸਾਬਕਾ ਸਿੱਖਿਆ ਮੰਤਰੀ ਸੁਖਜਿੰਦਰ ਸਿੰਘ ਜੋ ਕਿ ਖਾਲਿਸਤਾਨ ਦਾ ਨਾਹਰਾ ਲਗਾਉਣ ਵਾਲੇ ਮੋਢੀਆਂ ਵਿੱਚੋਂ ਇੱਕ  ਸੀ ,  ਭਾਵੇਂ ਕਿ ਬਾਅਦ ਵਿੱਚ ਧੋਖਾ ਦੇ ਗਿਆ , ਕਿਉ ਕਿ ਖਾਲਿਸਤਾਨ ਦਾ ਨਾਹਰਾ ਲਗਾਉਣਾ ਉਸ ਦੀ ਕੌੰ ਪ੍ਰਸਤੀ ਹੋਣ ਦੀ ਬਜਾਏ ਸਿਆਸੀ ਪੈਂਤੜਾ ਸੀ ।  ਇਹ ਸੁਖਜਿੰਦਰ ਸਿੰਘ ਰਾਹੇ ਬਗਾਹੇ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਖਾਲਿਸਤਾਨ ਪੱਖੀ ਪ੍ਰਚਾਰ ਕਰਿਆ ਕਰਦਾ ਸੀ । ਲੌਂਗੋਵਾਲੀਆ ਕਲਟ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ  ਦੀ ਚੜ੍ਹਦੀ ਕਲਾ ਤੋਂ ਬਹੁਤ ਖਫਾ ਸੀ । ਕਿਉਂ ਕਿ ਇਹਨਾਂ ਸਾਰੇ ਤਤੱਕਲੀਨ ਨੀਲੇ ਕਾਂਗਰਸੀਆਂ ਅਤੇ ਜਨਸੰਘੀਆਂ ਦੀ ਹੈਸੀਅਤ ਸੰਤਾਂ ਦੇ ਸਾਹਮਣੇ ਇੰਨੀ ਕੁ ਸੀ ਜਿੰਨੀ ਕੁ ਸੂਰਜ ਦੇ ਸਾਹਮਣੇ ਕਿਸੇ ਦੀਵੇ ਜਾਂ ਮੋਮਬੱਤੀ ਦੀ ਹੋਇਆ ਕਰਦੀ ਹੈ । ਖੈਰ ਇਹਨਾਂ ਪੰਜਾਬੀ ਕਹਾਵਤ ਕਿ “ ਕਹਿਣਾ ਧੀ ਨੂੰ ਸੁਣਾਉਣਾ ਨੂੰਹ ਨੂੰ ” ਵਾਲੀ ਵਰਤੀ । ਅੱਜ ਜਦੋਂ ਸੁਖਜਿੰਦਰ ਸਿੰਘ ਖਾਲਿਸਤਾਨ ਬਾਰੇ ਬੋਲ ਰਿਹਾ ਸੀ ਤਾਂ ਲੌਂਗੋਵਾਲ ਦੀ ਇੱਕ ਨਿੱਜੀ ਸਹਾਇਕ ਇਕਬਾਲ ਸਿੰਘ ਲਾਂਧੜਾ ਨੇ ਅਗਾਊਂ ਉਲੀਕੀ ਸਕੀਮ ਅਧੀਨ ਉਸ ਤੋਂ ਮਾਈਕ ਖੋਹ ਲਿਆ , ਅਤੇ ਕਿਹਾ ਕਿ ਇੱਥੇ ਭੜਕਾਊ ਅਤੇ ਗਰਮ ਤਕਰੀਰਾਂ ਕਰਨੀਆਂ ਠੀਕ ਨਹੀਂ ਹਨ । ਇਸ ਗੱਲ ਦਾ ਜਦੋਂ ਸੰਤਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਵੀ ਬੁਰਾ ਮਨਾਇਆ ਸੀ । ਪਰ  ਇਹਨਾਂ ਦੀ ਰਗ ਰਗ ਤੋਂ ਵਾਕਫ ਅਤੇ ਇਹਨਾਂ ਦੀ ਕਮੀਨੀਆਂ ਚਾਲਾਂ ਨੂੰ ਉਹ ਝੱਟ ਸਮਝਦਿਆਂ ਉਹਨਾਂ ਨੇ   ਮਨ ਹੀ ਮਨ ਵਿੱਚ ਫੈਂਸਲਾ ਕਰ ਲਿਆ ਕਿ ਮੈਂ ਅੱਜ ਤੋਂ ਬਾਅਦ ਮੰਜੀ ਸਾਹਿਬ ਦੀ ਸਟੇਜ ਤੋਂ ਨਹੀਂ ਬੋਲਾਂਗਾ ।  ਇਸ ਤੋਂ ਬਾਅਦ ਸੰਤਾਂ ਨੇ  ਗੁਰੂ ਰਾਮਦਾਸ ਲੰਗਰ ਹਾਲ ਦੀ ਉੱਪਰਲੀ ਛੱਤ ਤੇ ਸੰਗਤਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ । ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਸੰਤਾਂ ਦੇ ਅਨਮੋਲ ਵਿਚਾਰ ਸੁਣਨ ਜਾਣ ਲੱਗ ਪਈਆਂ ।  ਇੱਕ ਦਿਨ ਬਾਬਾ ਨਿਹਾਲ ਸਿੰਘ ਜੀ ਗ੍ਰਿਫਤਾਰੀ ਲਈ ਜਥਾ ਲੈ ਕੇ ਗਏ , ਉਹਨਾਂ ਮੰਜੀ ਸਾਹਿਬ ਜਾ ਕੇ ਸ਼ਰਤ ਰੱਖ ਦਿੱਤੀ ਕਿ ਅਗਰ ਸੰਤ ਭਿੰਡਰਾਂਵਾਲੇ ਮੈਨੂੰ ਵਿਦਾਇਗੀ ਦੇਣ ਨਹੀਂ ਆਉਣਗੇ ਤਾਂ ਮੈਂ ਜਥਾ ਲੈ ਕੇ ਵਾਪਸ ਚਲਾ ਜਾਵਾਂਗਾ , ਗ੍ਰਿਫਤਾਰੀ ਨਹੀਂ ਦੇਵਾਂਗਾ , ਸੰਤ ਮੰਜੀ ਸਾਹਿਬ ਨਾ ਬੋਲਣ ਦਾ ਮਨ ਹੀ ਮਨ ਵਿੱਚ ਫੈਸਲਾ ਕਰ ਚੁੱਕੇ ਸਨ । ਅਖੀਰ ਜਥੇ ਦੇ ਸਿੰਘਾਂ ਅਤੇ ਭਾਈ ਅਮਰੀਕ ਸਿੰਘ ਜੀ ਨੇ ਸਲਾਹ ਕਰਕੇ ਸੰਤਾਂ ਨੂੰ ਆਖਿਆ ਕਿ ਤੁਸੀਂ ਮੰਜੀ ਸਾਹਿਬ ਦੀ ਸਟੇਜ ਤੋਂ ਨਾ ਬੋਲਣ ਦਾ ਫੈਂਸਲਾ ਕੀਤਾ ਹੋਇਆ ਹੈ । ਇਸ ਕਰਕੇ ਉੱਥੇ ਜਾ ਕੇ ਭਾਈ ਨਿਹਾਲ ਸਿੰਘ ਦੇ ਗਲ ਵਿੱਚ ਹਾਰ ਪਾ ਕੇ ਵਾਪਸ ਆ ਜਾਇਉ । ਸਟੇਜ ਤੋਂ ਬੋਲਣ ਦੀ ਜਰੂਰਤ ਹੀ ਨਹੀਂ । ਅਜਿਹਾ ਹੀ ਉਸ ਸੱਤਵਾਦੀ ਮਹਾਂਪੁਰਖ ਬ੍ਰਾਹਮਗਿਆਨੀ ਸੂਰਬੀਰ ਯੋਧੇ ਜਰਨੈਲ ਵਲੋਂ ਕੀਤਾ ਗਿਆ  ਅਤੇ ਛੇ ਜੂਨ ਨੂੰ ਅਆਪਣੀ ਲਾਸਾਨੀ ਸ਼ਹਾਦਤ ਦੇਣ ਤੱਕ ਇਸ ਪ੍ਰਣ ਨੂੰ ਨਿਭਾਇਆ । ਅਗਰ ਚਾਹੁੰਦੇ ਤਾਂ ਮੋਮਬੱਤੀਆਂ ਦੀ ਕੀ ਜੁਅਰਤ ਸੀ ਕਿ ਉਹਨਾਂ ਨੂੰ ਬੋਲਣ ਤੋਂ ਰੋਕ ਸਕਦੇ । ਪਰ ਉਹਨਾਂ ਹਮੇਸ਼ਾਂ ਨਿਮਰਤਾ ਰੂਪੀ ਨੀਤੀ ਧਾਰਨ ਕੀਤੀ । ਜਿੱਥੇ ਉਹਨਾਂ ਨੁੰ ਪ੍ਰਤੀਤ ਹੋਇਆ ਕਿ ਇਸ ਗੱਲ ਨਾਲ ਸਿੱਖ ਕੌਮ ਦਾ ਅਕਸ ਖਰਾਬ ਹੋਵੇਗਾ ਉੱਥੇ ਉਹਨਾਂ ਬੇਪਨਾਹ ਸ਼ਕਤੀ ਹੁੰਦਿਆਂ ਝੁਕਣਾ ਹੀ ਮੁਨਾਸਿਬ ਸਮਝਿਆ ।   ਕਿਉਂ ਕਿ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਦੁਸ਼ਮਣ ਇਸ ਗੱਲ ਨੂੰ ਕਬੂਲ ਕਰਦੇ ਹਨ ਕਿ ਸੰਤ ਭਿੰਡਰਾਂਵਾਲੇ ਵਿੱਚ ਕੋਈ ਅਨੋਖੀ ਖਿੱਚ ਸੀ , ਉਹਦੇ ਦੋ ਬੋਲ ਪੰਜਾਬ ਵਿੱਚ ਪਰਲੋਂ ਲਿਆ ਸਕਦੇ ਸਨ । ਪਰ ਧੰਨ ਹੈ  ਉਹ ਮਹਾਂਪੁਰਸ਼ ਜਿਸ ਨੇ ਹਮੇਸ਼ਾਂ ਕੌਮ ਦੀ ਏਕਤਾ ਅਤੇ ਕੌਮੀ ਅਜ਼ਾਦੀ  ਨੂੰ ਮੁੱਖ ਰੱਖਿਆ । ਪਰ ਸਿੱਖ ਨੌਜਵਾਨਾਂ ਨੂੰ ਉਸ ਵਕਤ ਡਾਹਦਾ ਪੁੱਜਾ ਜਦੋਂ ਬਾਬਾ ਨਿਹਾਲ ਸਿੰਘ ਜੀ ਨੇ ਦੂਰਦਰਸ਼ਨ ਟੈਲੀਵੀਜ਼ਨ ਤੇ ਭਾਰਤੀ ਫੌਜ ਦੇ ਪੱਖ ਵਿੱਚ ਭੁਗਦਿਆਂ ਕਈ ਕੁੱਝ ਆਖ ਦਿੱਤਾ , ਆਪ ਵਲੋਂ ਟੈਲੀਵੀਜ਼ਨ ਤੇ ਇਹ ਵੀ ਕਹਿ ਦਿੱਤਾ ਗਿਆ ਕਿ  “ ਅਗਰ ਜਰਨੈਲ ਸਿੰਘ ਪੰਜ ਸਿੰਘਾਂ ਦਾ ਹੁਕਮ ਮੰਨ ਲੈਂਦਾ ਤਾਂ ਏਨਾ ਨੁਕਸਾਨ ਨਾ ਹੁੰਦਾ ” ਭਾਵੇਂ ਕਿ ਬਾਬਾ ਜੀ ਨੇ ਉਕਤ ਸ਼ਬਦ ਕਿਸੇ ਦਬਾਅ ਅਧੀਨ ਹੀ ਆਖੇ ਹੋਣਗੇ ਪਰ ਸਿੱਖ ਮਾਨਸਿਕਤਾ ਵਿੱਚ ਡੂੰਘਾ ਦਰਦ ਛੱਡ ਗਏ ਸਨ । ਤਕਰੀਬਨ ਇੱਕ ਹਫਤੇ ਬਾਅਦ ਬਾਬਾ ਨਿਹਾਲ ਸਿੰਘ ਤੇ ਉਸੇ ਹੀ ਫੌਜ ਨੇ ਅੱਤਿਅਚਾਰ ਕੀਤਾ ਜਿਸ ਦੇ ਕਹਿਣ ਤੇ ਉਹ ਸੰਤਾਂ  ਦੀ ਸ਼ਾਨ ਦੇ  ਖਿਲਾਫ ਟੈਲੀਵੀਜ਼ਨ ਤੇ ਬੋਲੇ ਸਨ ।

ਖਾਲਿਸਤਾਨ ਦਾ ਨਾਹਰਾ ਬਨਾਮ ਕੁਰਸੀ ਦੀ ਲਾਲਸਾ

ਸੁਖਜਿੰਦਰ ਸਿੰਘ ਜਿਸ ਦਾ ਉਪਰ  ਜਿ਼ਕਰ ਕੀਤਾ ਗਿਆ ਹੈ । ਉਹਨਾਂ ਵਿਆਕਤੀਆਂ ਵਿੱਚ ਸ਼ਾਮਲ ਸੀ ਜਿਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਨੂੰ ਪੰਥ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ ਸੀ ਅਤੇ ਉਹਨਾਂ ਦਾ ਸਾਥ ਦੇਣ ਦਾ ਵਾਅਦਾ ਵੀ ਕੀਤਾ ਸੀ  ,  ਇਹ ਵਾਅਦਾ ਟੌਹੜੇ ਅਤੇ ਬਾਦਲ ਨੇ ਵੀ ਕੀਤਾ ਪਰ  ਕੁੱਝ ਦਿਨਾਂ ਬਾਅਦ ਹੀ ਮੁੱਕਰ ਗਏ ਅਤੇ ਆਪਣਾ ਵੱਖਰਾ ਚੁੱਲਾ ਕਾਇਮ ਕਰ ਲਿਆ ।  ਖੈਰ ਗੱਲ ਸੁਖਜਿੰਦਰ ਸਿੰਘ ਦੀ ਕਰ ਰਹੇ ਹਾਂ । ਨਕੋਦਰ ਵਿੱਚ ਦੋ ਫਰਬਰੀ 1986 ਵਾਲੇ ਦਿਨ  ਸ਼ਰਾਰਤੀ ਅਨਸਰਾਂ ਨੇ ਸਾਹਿਬ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਚਾਰ ਸਰੂਪ ਅਗਨ ਭੇਂਟ ਕਰ ਦਿੱਤੇ । ਚਾਰ ਫਰਬਰੀ ਵਾਲੇ ਦਿਨ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸੰਯੁਕਤ ਅਕਾਲੀ ਦਲ ਵਲੋਂ ਰੋਸ ਮਾਰਚ ਕੱਢਿਆ ਗਿਆ । ਪੰਜਾਬ ਦਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ । ਜਿਸ ਨੇ ਪੰਜਾਬ ਵਿਧਾਨ ਸਭਾ ਦੀ ਚੋਣਾਂ ਇਸ ਮੁੱਦੇ ਤੇ ਲੜੀਆਂ ਅਤੇ ਜਿੱਤੀਆਂ ਸਨ ਕਿ ਅਗਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਸਿੱਖਾਂ ਦੇ ਕਾਤਲ ਪੁਲਸੀਆਂ ਨੂੰ ਸਜਾਵਾਂ ਦਿੱਤੀਆਂ ਜਾਣਗੀਆਂ , ਜੂਨ ਚੌਰਾਸੀ ਦੇ ਖੂਨੀ ਘੁੱਲੂਘਾਰੇ ਦੇ ਦੋਸ਼ੀਆਂ ਅਤੇ ਨਵੰਬਰ ਚੌਰਾਸੀ ਸਿੱਖ ਸਿੱਖ ਕਤਲੇਆਮ ਵਿੱਚ ਸ਼ਾਮਲ ਵਿਅਕਤੀਆਂ ਨੂੰ ਕਟਹਿਰੇ ਵਿੱਚ ਖੜਾ ਕਰਾਂਗੇ ਅਤੇ ਜੇਹਲਾਂ ਦੇ ਦਰਵਾਜੇ ਖੋਹਲ ਦਿੱਤੇ ਜਾਣਗੇ ਭਾਵ  ਜੇਹਲਾਂ ਵਿੱਚ ਬੰਦ ਨੌਜਵਾਨ ਰਿਹਆ  ਕਰ ਦਿੱਤੇ ਜਾਣਗੇ । ਇਸ ਨੀਲੇ ਕਾਂਗਰਸੀ ਨੇ  ਤੀਜਾ ਵਾਅਦਾ ਸਭ ਤੋਂ ਪਹਿਲਾਂ ਪੂਰਾ ਕੀਤਾ । ਜੇਹਲਾਂ ਦੇ ਦਰਵਾਜੇ ਬਰਨਾਲਾ ਸਰਕਾਰ ਨੇ ਖੋਹਲ ਦਿੱਤੇ ਪਰ ਨੌਜਵਾਨਾਂ ਨੂੰ ਰਿਹਆ ਕਰਨ ਲਈ ਬਜਾਏਂ ਉਹਨਾਂ ਨਾਲ ਜੇਹਲਾਂ ਭਰਨ ਵਾਸਤੇ ਖੋਹਲ ਦਿੱਤੇ ।  ਨਕੋਦਰ ਵਿੱਚ ਚਾਰ ਸਿੰਘਾਂ ਸ਼ਹੀਦ ਕਰਕੇ ਬਰਨਾਲੇ ਨੇ ਉਹਨਾਂ ਸਿੱਖ ਵੋਟਰਾਂ ਦਾ ਧੰਨਵਾਦ ਕੀਤਾ ਜਿਸ ਨੇ ਇਸ ਨੂੰ ਸਿੱਖ ਭੇਸ ਵਿੱਚ ਹੋਣ ਕਾਰਨ ਵੋਟਾਂ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸੀ । ਕਿਉਂ ਕਿ ਇਹ ਸਿਆਸਤ ਦੀ ਅਟੱਲ ਸੱਚਾਈ ਹੈ ਕਿ  “ ਰਾਜਾ ਉਸ ਨੂੰ ਜਰੂਰ ਖਤਮ ਕਰਦਾ ਹੈ ਜਿਸ ਨੇ ਉਸ ਨੂੰ ਰਾਜ ਗੱਦੀ ਤੇ ਬਿਠਾਇਆ ਹੋਵੇ” ।
ਸ਼ਹੀਦ ਹੋਣ ਵਾਲੇ ਚਾਰ ਸਿੰਘਾਂ ਵਿੱਚ ਇੱਕ ਸਿੰਘ ਅਖੌਤੀ ਖਾਲਿਸਤਾਨੀ  ਸੁਖਜਿੰਦਰ ਸਿੰਘ ਦੇ ਪਿੰਡ ਰਾਮਗੜ੍ਹ ਦਾ ਵਸਨੀਕ ਸੀ । ਜਦੋਂ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ ਉਸ ਸਿੰਘ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ ਗੇਟ ਬਨਾਉਣਾ ਚਾਹਿਆ ਤਾਂ ਇਸ ਭੇਖੀ ਅਤੇ ਅਕ੍ਰਿਤਘਣ ਖਾਲਿਸਤਾਨੀ ਨੇ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਇਸ ਦੀ ਲੱਤ ਹੇਠੋਂ ਲੰਘ ਕੇ ਪਿੰਡ ਨੂੰ ਨਹੀਂ ਜਾਣਾ । ਅੱਜ ਸਮੁੱਚੀ ਸਿੱਖ ਕੌਮ ਜੂਨ ਚੌਰਾਸੀ ਦੇ ਘੱਲੂਘਾਰੇ ਦੀ ਛੱਬੀਵੀਂ ਵਰ੍ਹੇ ਗੰਢ ਮਨਾ ਰਹੀ ਹੈ ।

ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ

ਇਹ ਕੇਵਲ ਸਿੱਖ ਇਤਿਹਾਸ ,ਪੰਜਾਬ ਜਾਂ ਹਿੰਦੋਸਤਾਨ ਦੇ ਇਤਿਹਾਸ ਦੀ ਗੱਲ ਨਹੀਂ ਬਲਕਿ ਦੁਨੀਆਂ ਭਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਕੌਮ ਦੇ ਰਹਿਬਰ,ਮਸੀਹੇ ,ਆਗੂ ਜਾਂ ਸ਼ਹੀਦ ਦੀ ਫੋਟੋ ਦੀ ਵੱਧ ਰਹੀ ਲੋਕਪ੍ਰਿਅਤਾ ਨੇ ਅਗਰ ਉਸ ਕੌਮ ਦੇ ਦੋਖੀਆਂ ਦੁਸ਼ਮਣਾਂ ਦੀ ਨੀਦ ਹਰਾਮ ਕੀਤੀ ਹੈ ਤਾਂ ਉਹ ਕੇਵਲ ਸਿੱਖ ਕੌਮ ਦੇ ਸਤਿਕਾਰਯੋਗ ਨਾਇਕ , ਵੀਹਵੀਂ ਸਦੀ ਦੇ ਸੂਰਬੀਰ ਯੋਧੇ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਫੋਟੋ ਨੇ ਕੀਤੀ ਹੈ । ਆਉ  ! ਉਸ ਮਹਾਨ ਜਰਨੈਲ  ਦੀ ਲਾਸਾਨੀ ਸ਼ਹਾਦਤ ਅਤੇ ਸਾਥੀਆਂ ਦੀਆਂ ਭਾਰੀ ਕੁਰਬਾਨੀਆਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨ ਸ਼ੀਲ ਬਣੀਏ ।  ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦੇ ਹੋਏ ਉਹਨਾਂ ਵਲੋਂ ਸਿਰਜੇ ਗਏ ਨਿਸ਼ਾਨੇ ਦੀ ਪੂਰਤੀ ਲਈ ਯਤਨ ਕਰੀਏ ਅਤੇ ਯਤਨ ਕਰ ਰਹੇ ਕਾਫਲਿਆਂ ਦਾ ਸਾਥ ਦੇਈਏ ।  ਇਤਿਹਾਸ ਤੋਂ ਸੇਧ ਲੈਣ ਦੀ ਬੇਹੱਦ ਜਰੂਰਤ ਹੈ । ਅੱਜ ਸਮਾਂ ਮੰਗ ਕਰਦਾ ਹੈ ਕਿ ਇਸ ਗੱਲ ਨੂੰ ਧਿਆਨ ਗੋਚਰੇ ਰਖਿਆ ਜਾਵੇ ਦੇ ਕਿ “ ਸ਼ਹੀਦਾਂ ਦੀ ਸੋਚ ਦੇ ਵਾਰਸ ਹੋਣ ਦਾ ਦਾਅਵਾ ਕਰਨ , ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ਸ਼ੀਲਤਾ  ਦਾ ਦਮ ਭਰਨ , ਸ਼ਹੀਦੀ ਕਾਨਫਰੰਸਾਂ ਅਤੇ ਮਾਰਚਾਂ ਦੇ ਸੰਚਾਲਕਾਂ ਦਾ  ਮੰਤਵ ਕੌਮ ਪ੍ਰਸਤੀ ਹੈ ਜਾਂ  ਸਿਆਸੀ ਮਜਬੂਰੀ ?

ਗੁਰੁ ਪੰਥ ਦਾ ਦਾਸ  –

ਲਵਸਿ਼ੰਦਰ ਸਿੰਘ ਡੱਲੇਵਾਲ
ਜਨਰਲ ਸਕੱਤਰ
ਯੂਨਾਈਟਿਡ ਖਾਲਸਾ ਦਲ ਯੂ,ਕੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।