ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਤੇ ਮੱਕੜ ਤਖਤ ਸਾਹਿਬ ਦੀ ਮਰਿਆਦਾ ਦੇ ਘਾਣ ਦਾ ਕਰ ਰਹੇ ਹਨ: ਸਰਨਾ

April 22, 2016 | By

ਨਵੀ ਦਿੱਲੀ: ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਿਚਕਾਰ ਚੱਲਦੀ ਠੰਡੀ ਜੰਗ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਆਪਸੀ ਹਉਮੈ ਨੂੰ ਲੈ ਕੇ ਦੋਵੇ ਹੀ ਪੰਥ ਦੀ ਕਚਿਹਰੀ ਦੇ ਦੋਸ਼ੀ ਹਨ ਫਿਰ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੇ ਜਥੇਦਾਰ ਦੇ ਅਧਿਕਾਰਾਂ ਤੇ ਟਿੱਪਣੀ ਕਰਕੇ ਮਰਿਆਦਾ ਦੀ ਉਲੰਘਣਾ ਹੀ ਨਹੀ ਕੀਤੀ ਸਗੋ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦਿੱਤੀ ਹੈ ਜਿਸ ਨੂੰ ਲੈ ਕੇ ਜਥੇਦਾਰ ਨੂੰ ਚਾਹੀਦਾ ਹੈ ਕਿ ਮੱਕੜ ਨੂੰ ਬਿਨਾਂ ਕਿਸੇ ਦੇਰੀ ਤੋ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਸ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕਰੇ।

Harvinder Singh Sarna

ਹਰਵਿੰਦਰ ਸਿੰਘ ਸਰਨਾ

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਮੱਕੜ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਬਾਦਲਾਂ ਦੀਆ ਨਜ਼ਰਾਂ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਕਰਦਿਆ ਆਪਸ ਵਿੱਚ ਉਲਝ ਕੇ ਤਖਤ ਸਾਹਿਬ ਦੀ ਮਰਿਆਦਾ ਤੇ ਪਰੰਪਰਾਵਾਂ ਦਾ ਘਾਣ ਕਰ ਰਹੇ ਹਨ।

ਉਹਨਾਂ ਕਿਹਾ ਕਿ ਮੱਕੜ ਵੱਲੋ ਦਿੱਤਾ ਗਿਆ ਬਿਆਨ ਕਿ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਤੇ ਮੈਨੇਜਰਾਂ ਦੀ ਮੀਟਿੰਗ ਬੁਲਾਉਣ ਦਾ ਕੋਈ ਅਧਿਕਾਰ ਨਹੀ ਹੈ, ਸਪੱਸ਼ਟ ਕਰਦਾ ਹੈ ਕਿ ਮੱਕੜ ਨੂੰ ਜਥੇਦਾਰ ਤੇ ਵਿਸ਼ਵਾਸ਼ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਵਿੱਚ ਨਾਕਾਮ ਰਿਹਾ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਆਪਣੇ ਅਧਿਕਾਰਾਂ ਦੀ ਵਰਤੋ ਕਰਕੇ ਬਿਨਾਂ ਕਿਸੇ ਦੇਰੀ ਤੋ ਜਥੇਦਾਰ ਨੂੰ ਆਹੁਦੇ ਤੋ ਲਾਂਭੇ ਕਰੇ।

ਉਹਨਾਂ ਕਿਹਾ ਕਿ ਮੱਕੜ ਵੱਲੋ ਦਿੱਤਾ ਗਿਆ ਬਿਆਨ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਿੱਧੀ ਚੁਨੌਤੀ ਹੈ। ਜਥੇਦਾਰ ਮੀਟਿੰਗ ਲਈ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਤੇ ਮੈਨੇਜਰਾਂ ਦੀ ਹੀ ਮੀਟਿੰਗ ਬੁਲਾਉਣ ਦਾ ਅਧਿਕਾਰ ਨਹੀ ਰੱਖਦਾ ਸਗੋ ਹੋਰ ਪੰਥਕ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਮੀਟਿੰਗ ਵੀ ਬੁਲਾ ਸਕਦਾ ਹੈ।

ਉਹਨਾਂ ਕਿਹਾ ਕਿ ਮੱਕੜ ਇਹ ਵੀ ਸਪੱਸ਼ਟ ਕਰੇ ਜਿੰਨੇ ਵਿਅਕਤੀ ਵੀ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਗਏ ਹਨ ਕੀ ਉਹ ਸ਼੍ਰੋਮਣੀ ਕਮੇਟੀ ਕੋਲੋ ਇਜਾਜ਼ਤ ਲੈ ਕੇ ਕੀਤੇ ਗਏ ਹਨ? ਉਹਨਾਂ ਕਿਹਾ ਕਿ ਮੱਕੜ ਦਾ ਗੁਨਾਹ ਬਰਦਾਸ਼ਤ ਤੋ ਬਾਹਰ ਹੈ ਤੇ ਉਸ ਕੋਲੋ ਅਸਤੀਫਾ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਵਿੱਚ ਥੋੜੀ ਜਿਹੀ ਵੀ ਮਰਿਆਦਾ ਪ੍ਰਤੀ ਸੰਜੀਦਗੀ ਹੈ ਤਾਂ ਮੱਕੜ ਨੂੰ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਸ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕਰੇ ਨਹੀ ਤਾਂ ਆਪਣੇ ਆਹੁਦੇ ਤੋ ਅਸਤੀਫਾ ਦੇਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,