March 19, 2017 | By ਸਿੱਖ ਸਿਆਸਤ ਬਿਊਰੋ
ਲਖਨਊ: ਕੱਟੜਵਾਦੀ ਹਿੰਦੂਤਵ ਵਿਚਾਰਧਾਰਾ ਦਾ ਬਿੰਬ ਮੰਨੇ ਜਾਂਦੇ ਵਿਵਾਦਿਤ ਆਗੂ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਦਾ ਅਗਲਾ ਮੁੱਖ ਮੰਤਰੀ ਬਣੇਗਾ। ਜਦਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇਸ਼ਵ ਚੰਦ ਮੌਰਿਆ ਤੇ ਲਖਨਊ ਦੇ ਮੇਅਰ ਦਿਨੇਸ਼ ਸ਼ਰਮਾ ਦੋਵਾਂ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਗੋਰਖਪੁਰ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ 44 ਸਾਲਾ ਯੋਗੀ ਆਦਿਤਿਆਨਾਥ ਦੀ ਨਿਯੁਕਤੀ ਨੇ ਸਿਆਸੀ ਹਲਕਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ। 403 ਮੈਂਬਰੀ ਯੂਪੀ ਵਿਧਾਨ ਸਭਾ ਵਿੱਚ ਭਾਜਪਾ ਦੇ 312 ਵਿਧਾਇਕ ਹਨ। ਆਦਿਤਿਆਨਾਥ ਰਾਜ ਦਾ 21ਵਾਂ ਅਤੇ ਭਾਜਪਾ ਦਾ ਚੌਥਾ ਮੁੱਖ ਮੰਤਰੀ ਬਣੇਗਾ। ਉਹ ਅੱਜ (19 ਮਾਰਚ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਅਹੁਦੇ ਦੀ ਸਹੁੰ ਚੁੱਕੇਗਾ।
ਡੇਢ ਦਹਾਕੇ ਮਗਰੋਂ ਯੂਪੀ ਦੀ ਸੱਤਾ ਵਿੱਚ ਤਿੰਨ ਚੌਥਾਈ ਸੀਟਾਂ ਨਾਲ ਬਹੁਮਤ ਹਾਸਲ ਕਰਨ ਤੋਂ ਹਫ਼ਤੇ ਮਗਰੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਨੇ ਸ਼ਨੀਵਾਰ ਨੂੰ ਯੋਗੀ ਆਦਿਤਿਆਨਾਥ ਨੂੰ ਆਪਣਾ ਆਗੂ ਚੁਣ ਲਿਆ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਐਮ.ਵੈਂਕਈਆ ਨਾਇਡੂ ਤੇ ਭਾਜਪਾ ਦੇ ਜਨਰਲ ਸਕੱਤਰ ਭੁਪੇਂਦਰ ਯਾਦਵ ਕੇਂਦਰੀ ਨਿਰੀਖਕ ਵਜੋਂ ਮੌਜੂਦ ਸਨ। ਮੀਟਿੰਗ ਉਪਰੰਤ ਨਾਇਡੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਠ ਵਾਰ ਵਿਧਾਇਕ ਰਹੇ ਸੁਰੇਸ਼ ਖੰਨਾ ਨੇ ਆਦਿਤਿਆਨਾਥ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ ਸੀ, ਜਿਸ ਦੀ ਤਾਈਦ 10 ਹੋਰਨਾਂ ਵਿਧਾਇਕਾਂ ਨੇ ਕੀਤੀ। ਨਾਇਡੂ ਨੇ ਕਿਹਾ ਕਿ ਯੋਗੀ ਦੇ ਨਾਂ ਦੀ ਤਜਵੀਜ਼ ਤੋਂ ਬਾਅਦ ਉਨ੍ਹਾਂ 312 ਨਵੇਂ ਵਿਧਾਇਕਾਂ ਨੂੰ ਕੋਈ ਹੋਰ ਨਾਂ ਦੇਣ ਬਾਰੇ ਵੀ ਪੁੱਛਿਆ, ਪਰ ਸਾਰਿਆਂ ਨੇ ਇਕਮਤ ਹੋ ਕੇ ਆਦਿਤਿਨਾਥ ਦੀ ਹਮਾਇਤ ਕੀਤੀ। ਨਾਇਡੂ ਨੇ ਕਿਹਾ ਕੇਸ਼ਵ ਚੰਦ ਮੌਰਿਆ ਤੇ ਦਿਨੇਸ਼ ਸ਼ਰਮਾ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਮੁੱਖ ਦਫਤਰ ਲੋਕ ਭਵਨ ਵਿੱਚ ਵਿਧਾਇਕ ਦਲ ਦੀ ਮੀਟਿੰਗ ਤੋਂ ਐਨ ਪਹਿਲਾਂ ਆਦਿੱਤਿਆਨਾਥ ਦੇ ਸ਼ਾਮਲ ਹੋਣ ਨਾਲ ਭਾਜਪਾ ਵਿਧਾਇਕ ਹੈਰਾਨ ਰਹਿ ਗਏ। ਮਗਰੋਂ ਚਲਦੀ ਮੀਟਿੰਗ ਦੌਰਾਨ ਲਖਨਊ ਦੇ ਮੇਅਰ ਦਿਨੇਸ਼ ਸ਼ਰਮਾ ਨੂੰ ਵੀ ਸੱਦਿਆ ਗਿਆ।
ਜ਼ਿਕਰਯੋਗ ਹੈ ਕਿ ਯੋਗੀ ਆਦਿਤਿਆਨਾਥ ਆਪਣੀਆਂ ਵਿਵਾਦਤ ਟਿੱਪਣੀਆਂ (ਇਸਲਾਮ ਤੇ ਪਾਕਿਸਤਾਨ ਬਾਰੇ) ਕਰ ਕੇ ਹਮੇਸ਼ਾਂ ਸੁਰਖੀਆਂ ’ਚ ਰਹੇ ਹਨ। ਯੋਗੀ ਦੀ ਨਾਮਜ਼ਦਗੀ ਪਿੱਛੇ ਆਰਐਸਐਸ ਦਾ ਹੱਥ ਹੈ।
Related Topics: BJP, Hindu Groups, RSS, Uttar Pradesh, Yogi Adityanath