ਕੌਮਾਂਤਰੀ ਖਬਰਾਂ » ਖਾਸ ਖਬਰਾਂ

ਅਮਰੀਕਾ ਦੀ ਜੇਲ੍ਹ ਵਿਚ ਨਜ਼ਰਬੰਦ ਪੰਜਾਬੀਆਂ ਨੂੰ ਵਕੀਲਾਂ ਨਾਲ ਮਿਲਣ ਦੀ ਪ੍ਰਵਾਨਗੀ ਮਿਲੀ

July 11, 2018 | By

ਪੋਰਟਲੈਂਡ(ਔਰੀਗਨ ਸਟੇਟ): ਪਿਛਲੇ ਕਾਫੀ ਦਿਨਾਂ ਤੋਂ ਸਥਾਨਕ ਸ਼ੇਰੀਦਨ ਜੇਲ੍ਹ ਵਿਚ ਨਜਰਬੰਦ ਭਾਰਤੀਆਂ ਨੂੰ ਹਰ ਕਨੂੰਨੀ ਸਹਾਇਤਾ ਦਿਵਾਉਣ ਦੇ ਲਈ ਸ: ਬਹਾਦਰ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਰ ਰਹੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਯਤਨਾਂ ਨੂੰ ਉਸ ਵਕਤ ਬੂਰ ਪਿਆ ਜਦ ਜੇਲ ਅਧਿਕਾਰੀਆਂ ਨੇ ਜੇਲ ਵਿਚ ਨਜਰਬੰਦ ਪੰਜਾਬੀਆਂ ਤੇ ਭਾਰਤੀਆਂ ਦੇ ਨਾਲ ਉਹਨਾਂ ਦੇ ਵਕੀਲਾਂ ਨੂੰ ਜਿਥੇ ਮਿਲਣ ਜਾਂ ਕੇਸ ਦਰਜ ਕਰਨ ਦੀ ਆਗਿਆ ਦੇ ਦਿੱਤੀ ਉਥੇ ਇਹਨਾਂ ਸਾਰੇ ਹੀ ਨਜਰਬੰਦਾਂ ਨੂੰ ਕਨੂੰਨ ਅਨੁਸਾਰ ਮਿਲਣ ਵਾਲੀਆਂ ਹੋਰ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਵੀ ਕਰ ਦਿਤਾ। ਇਸ ਮੌਕੇ ਤੇ ਜੇਲ ਦੇ ਬਾਹਰ ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕਾਂ ਦੇ ਪ੍ਰਤੀਨਿਧਾਂ ਦੇ ਇਕ ਇੱਕਠ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਲੂਥਰਨ ਚਰਚ ਅਤੇ ਔਰੀਗਨ ਦੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਸਾਰੇ ਧਰਮਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਸਿੱਖਾਂ ਨੇ ਕੀਰਤਨ ਤੇ ਅਰਦਾਸ ਕੀਤੀ।

ਜੇਲ ਦੇ ਬਾਹਰ ਸ਼ਾਤਮਈ ਮੁਜਾਹਰਾ ਕਰ ਰਹੇ ਨਾਪਾ ਦੇ ਮੈਂਬਰ

ਸ: ਬਹਾਦਰ ਸਿੰਘ ਨੇ ਦਸਿਆ ਕਿ ਇਸ ਸਮੇਂ ਵਕੀਲਾਂ ਨੂੰ ਕੈਦੀਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਜਾਣ ਦੇ ਕਾਰਣ ਹੁਣ ਵਕੀਲ ਵਲੋਂ ਸਬੰਧਤ ਕੈਦੀਆਂ ਕੋਲੋਂ ਅਰਜ਼ੀਆਂ ਅਦਾਲਤ ਵਿਚ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜਿਹਨਾਂ ਦਰਖਾਸਤਾਂ ਉਪਰ ਜਲਦੀ ਹੀ ਜੱਜ ਇਨ੍ਹਾਂ ਕੈਦੀਆਂ ਦੀ ਸੁਣਵਾਈ ਸ਼ੁਰੂ ਕਰਨਗੇ। ਸ: ਬਹਾਦਰ ਸਿੰਘ ਨੇ ਇਹ ਵੀ ਦਸਿਆ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸੇਲਮ ਦੇ ਤਿੰਨ ਸਿੰਘਾਂ ਵਲੋਂ ਜੇਲ੍ਹ ਅੰਦਰ ਜਾਣ ਵਾਸਤੇ ਵੀ ਅਰਜ਼ੀ ਪਾਈ ਹੈ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਜਾ ਕੇ ਸਿੱਖ ਕੈਦੀਆਂ ਨੂੰ ਪਾਠ ਸੁਣਾਉਣ ਤੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸਦੇ ਨਾਲ ਹੀ ਸਿੱਖ ਕੈਦੀਆਂ ਲਈ ਜੇਲ੍ਹ ਵਿੱਚ ਗੁਟਕਾ ਸਾਹਿਬ ਅਤੇ ਸਿਰ ਢਕਣ ਵਾਸਤੇ ਛੋਟੀ ਦਸਤਾਰ ਰੱਖਣ ਦੀ ਇਜਾਜ਼ਤ ਵੀ ਮੰਗੀ ਗਈ ਹੈ।

ਗੌਰਤਲਬ ਹੈ ਕਿ ਇਹ ਲੋਕ ਰਾਜਸੀ ਸ਼ਰਣ ਲੈਣ ਖਾਤਰ ਅਮਰੀਕਾ ਪਹੁੰਚੇ ਸਨ, ਜਿੱਥੇ ਅਮਰੀਕਾ ਦਾਖਲ ਹੁੰਦਿਆਂ ਹੀ ਗੈਰਕਾਨੂੰਨੀ ਢੰਗ ਨਾਲ ਦਾਖਲੇ ਦੇ ਦੋਸ਼ ਤਹਿਤ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸ ਮੌਕੇ ਸਿੱਖ ਸੇਵਾ ਫਾਊਂਡੇਸ਼ਨ ਦੇ ਪ੍ਰਤੀਨਧਾਂ ਤੋਂ ਇਲਾਵਾ ਪ੍ਰਵਿੰਦਰ ਕੌਰ, ਸੋਨੀ ਸਿੰਘ, ਅਮ੍ਰਿਤ ਸਿੰਘ,ਦਲਬੀਰ ਸਿੰਘ, ਰਿੰਪੀ ਸਿੰਘ, ਤਲਿਵੰਦਰ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਕੌਰ, ਨਵਨੀਤ ਕੌਰ, ਜਗਤਾਰ ਸਿੰਘ ਅਤੇ ਗੁਰਪਰੀਤ ਕੌਰ ਆਦਿ ਵੀ ਸ਼ਾਮਲ ਹੋਏ। ਇਥੇ ਇਹ ਗਲ ਵਰਨਣਯੋਗ ਹੈ ਕਿ ਇਸ ਜੇਲ ਵਿਚ ਪਿਛਲੇ ਕਾਫੀ ਦਿਨਾਂ ਤੋਂ ਜਿਥੇ ਚਾਲੀ ਦੇ ਕਰੀਬ ਪੰਜਾਬੀ ਨਜਰਬੰਦ ਹਨ ਉਥੇ ਪੰਦਰਾਂ ਗੈਰ ਪੰਜਾਬੀ ਵੀ ਨਜਰਬੰਦ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: