August 29, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਲਈ ਪੰਜਾਬ ਵਿਚ ਇੰਨੇ ਹੜ੍ਹ ਨਾ ਆਏ ਹੋਣ ਕਿ ਇੱਥੇ ਕੇਂਦਰੀ ਟੋਲੀ (ਟੀਮ) ਭੇਜ ਕੇ ਹੜਾਂ ਕਾਰਨ ਹੋਏ ਨੁਕਸਾਨ ਅਤੇ ਇਸ ਬਦਲੇ ਮੁਅਵਜ਼ਾ ਦੇਣ ਲਈ ਜਾਇਜ਼ਾ ਲਿਆ ਜਾਵੇ ਪਰ ਜੋ ਅੰਕੜੇ ਖਬਰਖਾਨੇ ਰਾਹੀਂ ਨਸ਼ਰ ਹੋ ਰਹੇ ਹਨ ਉਹ ਇਹੀ ਬਿਆਨ ਕਰਦੇ ਹਨ ਕਿ ਪੰਜਾਬ ਵਿਚ ਹੜਾਂ ਨਾਲ ਵੱਡੀ ਮਾਰ ਪਈ ਹੈ।
ਜਿੱਥੇ ਬੀਤੇ ਦਿਨੀਂ ਇਹ ਗੱਲ ਸਾਹਮਣੇ ਆਈ ਸੀ ਕਿ ਪੰਜਾਬ ਵਿਚ 60 ਹਜ਼ਾਰ ਏਕੜ ਤੋਂ ਵੱਧ ਰਕਬੇ ਵਿਚ ਫਸਲ ਦੀ ਮੁਕੰਮਲ ਤੌਰ ਤੇ ਤਬਾਹ ਹੋ ਗਈ ਹੈ ਓਥੇ ਹੁਣ ਇਹ ਜਾਣਕਾਰੀ ਨਸ਼ਰ ਹੋਈ ਹੈ ਕਿ ਪੰਜਾਬ ਵਿਚ ਕੁੱਲ 1,72,223 ਏਕੜ ਵਿਚ ਫਸਲਾਂ ਦਾ ਨੁਕਸਾਨ ਹੋਇਆ ਹੈ।
ਜਿੱਥੇ ਹੜਾਂ ਦੀ ਮਾਰ ਹੇਠ ਆਏ 8 ਜੀਆਂ ਦੀ ਜਾਨ ਡੇਗੂ ਨਾਲ ਗਈ ਹੈ ਓਥੇ ਹੜਾਂ ਵਿਚ ਮਰਨ ਵਾਲੇ ਪਸ਼ੂਆਂ ਦੀ ਗਿਣਤੀ 4,228 ਦੱਸੀ ਜਾ ਰਹੀ ਹੈ।
ਪੰਜਾਬ ਦੀ ਸੂਬਾ ਸਰਕਾਰ ਨੇ ਜੋ ਅਨੁਮਾਨ ਲਾਏ ਹਨ ਉਨ੍ਹਾਂ ਮੁਤਾਬਕ ਹੜਾਂ ਵਿਚ 1457 ਪੱਕੇ ਘਰ ਪੂਰੀ ਤਰ੍ਹਾਂ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਜਦੋਂਕਿ 298 ਪੱਕੇ ਘਰਾਂ ਦਾ ਅੰਸ਼ਕ ਤੌਰ ਉੱਤੇ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ 49 ਕੱਚੇ ਘਰਾ ਦੀ ਮੁਕੰਮਲ ਜਾਂ ਭਾਂਰੀ ਤਬਾਹੀ ਹੋਈ ਹੈ ਅਤੇ 64 ਕੱਚੇ ਘਰਾਂ ਦਾ ਅੰਸ਼ਕ ਨੁਕਸਾਨ ਹੋਇਆ ਹੈ।
ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਦਰਿਆਵਾਂ ਵਿਚ ਕੁੱਲ 34 ਪਾੜ ਪਏ ਹਨ। ਇਨ੍ਹਾਂ ਵਿਚੋਂ 3 ਪਾੜ ਬੁੱਦਕੀ ਨਦੀ ਵਿਚ ਅਤੇ 31 ਪਾੜ ਸਤਲੁਜ ਦਰਿਆ ਵਿਚ ਪਏ ਹਨ। ਬੁੱਦਕੀ ਇਕ ਬਰਸਾਤੀ ਨਦੀ ਹੈ ਜਿਸ ਕਾਰਨ ਪੁਆਧ ਵਿਚਲੇ ਰੋਪੜ ਜਿਲ੍ਹੇ ਵਿਚ ਨੁਕਸਾਨ ਹੋਇਆ ਹੈ।
Related Topics: BJP, Capt. Amarinder Singh, Captain Amrinder Singh Government, Floods in Punjab, India, Punjab, Punjab BJP, Punjab Government