ਖਾਸ ਖਬਰਾਂ

ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਕਰਕੇ ਸੂਬੇ ‘ਚ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲਿਆ

September 24, 2018 | By

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਸੂਬੇ ਦੇ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਹ ਹੁਕਮ ਲਗਾਤਾਰ ਮੀਂਹ ਪੈਣ ਨਾਲ ਸੂਬੇ ਵਿੱਚ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਦਿੱਤੇ।

ਕਿਸੇ ਤਰ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਿਪਟਣ ਲਈ ਸੂਬੇ ਦੀ ਮਦਦ ਵਾਸਤੇ ਫੌਜ ਨੂੰ ਵੀ ਚੌਕਸ ਰਹਿਣ ਲਈ ਆਖਿਆ ਗਿਆ ਹੈ।

ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਸੱਦੀ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਪਿਛਲੇ ਚਾਰ ਦਿਨਾਂ ਤੋਂ ਭਾਰੀ ਮੀਂਹ ਪੈਣ ਨਾਲ ਫਸਲਾਂ ਦੇ ਨੁਕਸਾਨ ਹੋਣ ਦਾ ਅੰਦਾਜ਼ਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ। ਉਨ੍ਹਾਂ ਨੇ ਵਿੱਤ ਕਮਿਸ਼ਨਰ ਮਾਲ ਨੂੰ ਆਖਿਆ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰਤ ਬਾਅਦ ਗਿਰਦਾਵਰੀ ਦੀ ਕਾਰਵਾਈ ਸ਼ੁਰੂ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।

ਮੁੱਖ ਮੰਤਰੀ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਆਪੋ-ਆਪਣੇ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਸਥਿਤੀ ਦਾ ਪਤਾ ਲਾਉਣ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨ ਲਈ ਆਖਿਆ ਤਾਂ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਫੌਰੀ ਹੱਲ ਕੀਤਾ ਜਾ ਸਕੇ।

ਉਨ੍ਹਾਂ ਨੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਪਸ਼ੂ ਪਾਲਣ ਮਹਿਕਮਿਆਂ ਦੇ ਮੰਤਰੀਆਂ ਨੂੰ ਵੀ ਆਖਿਆ ਕਿ ਸਥਿਤੀ ਦੇ ਮੱਦੇਨਜ਼ਰ ਪ੍ਰਭਾਵਿਤ ਲੋਕਾਂ ਨੂੰ ਖਾਧ ਪਦਾਰਥਾਂ ਦੇ ਪੈਕੇਟ ਵੰਡਣ ਅਤੇ ਪਸ਼ੂਆਂ ਲਈ ਸੁੱਕਾ ਚਾਰਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।

ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਨੂੰ ਲੋੜ ਪੈਣ ‘ਤੇ ਫੌਜ, ਬੀ.ਐਸ.ਐਫ., ਐਨ.ਡੀ.ਆਰ.ਐਫ. ਅਤੇ ਹੋਰ ਨੀਮ ਫੌਜੀ ਬਲਾਂ ਪਾਸੋਂ ਹਰੇਕ ਤਰ੍ਹਾਂ ਦੀ ਸਹਾਇਤਾ ਮੰਗਣ ਲਈ ਆਖਿਆ।

ਮੁੱਖ ਮੰਤਰੀ ਨੂੰ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਕਮਿਸ਼ਨਰ ਮਾਲ ਨੇ ਕਿਹਾ ਕਿ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖਣ ਲਈ ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਡਿਪਟੀ ਕਮਿਸ਼ਨਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀ ਫੌਜ ਦੀ ਅਥਾਰਟੀ ਨਾਲ ਤੁਰੰਤ ਤਾਲਮੇਲ ਕਰਨ ਲਈ ਆਖਿਆ ਗਿਆ ਹੈ।

ਵਿੱਤ ਕਮਿਸ਼ਨਰ ਮਾਲ ਨੇ ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਹੜ੍ਹਾਂ ਦੀ ਰੋਕਥਾਮ ਦੇ ਕੰਮਾਂ ਦੇ ਨਾਲ-ਨਾਲ ਬਚਾਅ ਕਾਰਜਾਂ ਲਈ ਡਿਪਟੀ ਕਮਿਸ਼ਨਰਾਂ ਨੂੰ ਫੁਟਕਲ ਖਰਚ ਵਜੋਂ ੭.੪੦ ਕਰੋੜ ਰੁਪਏ ਭੇਜ ਦਿੱਤੇ ਗਏ ਹਨ।

ਲਗਾਤਾਰ ਹਾਲਤ ਉਪਰ ਨਜ਼ਰ ਰੱਖਣ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਵਿੱਤ ਕਮਿਸ਼ਨਰ ਮਾਲ ਨਾਲ ਨੇੜਿਓਂ ਤਾਲਮੇਲ ਰੱਖਣ ਲਈ ਆਖਿਆ।

ਦੂਸ਼ਿਤ ਪਾਣੀ ਨਾਲ ਡਾਇਰੀਆ, ਪੀਲੀਆ ਅਤੇ ਫਲੂ ਵਰਗੇ ਰੋਗਾਂ ਦੇ ਸੰਭਾਵੀ ਖਤਰੇ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਇਸ ਦੀ ਰੋਕਥਾਮ ਲਈ ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਲਾਉਣ ਅਤੇ ਇਸ ਸਬੰਧੀ ਢੁਕਵੀਆਂ ਦਵਾਈਆਂ ਦਾ ਪੁਖਤਾ ਇੰਤਜ਼ਾਮ ਕਰਨ ਲਈ ਆਖਿਆ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਾਰੇ ਸਿਵਲ ਸਰਜਨਾਂ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਸਥਿਤੀ ਉਪਰ ਨਜ਼ਰ ਰੱਖਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁਖੀ ਡੀ.ਕੇ. ਸ਼ਰਮਾ ਨੇ ਦੱਸਿਆ ਕਿ ਭਾਖੜਾ ਦੀ ਸਥਿਤੀ ਇਸ ਵੇਲੇ ਕਾਬੂ ਹੇਠ ਹੈ ਅਤੇ ਉਹ ਪੌਂਗ ਡੈਮ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।

ਇਸ ਦੌਰਾਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ ੧੩੯੦ ਫੁੱਟ ਦੀ ਸਮਰਥਾ ਦੇ ਮੁਕਾਬਲੇ ਇਸ ਵੇਲੇ ੧੩੮੫.੧੨ ਫੁੱਟ ਹੈ, ਇਸੇ ਤਰ੍ਹਾਂ ਭਾਖੜਾ ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ ੧੬੮੦ ਫੁੱਟ ਦੀ ਸਮਰਥਾ ਦੇ ਮੁਕਾਬਲੇ ੧੬੫੫.੪੯ ਫੁੱਟ ਹੈ ਅਤੇ ਰਣਜੀਤ ਸਾਗਰ ਡੈਮ ਜਿੱਥੇ ਰਾਵੀ ਦਰਿਆ ਦਾ ਪਾਣੀ ਪੈਂਦਾ ਹੈ, ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ ੫੨੭.੯੧ ਮੀਟਰ ਦੇ ਮੁਕਾਬਲੇ ੫੨੬.੬੫ ਮੀਟਰ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਅੱਜ ਸਵੇਰੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਰੈੱਡ ਅਲਰਟ ਤੋਂ ਬਾਅਦ ਸਾਰੇ ਡਿਪਟੀ ਕਮਿਸ਼ਨਰ ਲਗਾਤਾਰ ਮੀਂਹ ਪੈਣ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਆਫ਼ਤ ਕੰਟਰੋਲ ਰੂਮ ਵੀ ਸਰਗਰਮ ਕਰ ਦਿੱਤੇ ਗਏ ਹਨ। ਸਾਰੇ ਅਫਸਰਾਂ ਤੇ ਕਰਮਚਾਰੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਅਜਿਹੀ ਸਥਿਤੀ ਵਿੱਚ ਫੌਜ ਨੂੰ ਵੀ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ। ਡਿਪਟੀ ਕਮਿਸ਼ਨਰਾਂ ਨੂੰ ਰਾਹਤ ਕੇਂਦਰਾਂ ਦੀ ਸ਼ਨਾਖ਼ਤ ਕਰਕੇ ਲੋਕਾਂ ਨੂੰ ਇਨ੍ਹਾਂ ਰਾਹਤ ਕੇਂਦਰਾਂ ਤੱਕ ਸੁਰੱਖਿਅਤ ਪਹੁੰਚਾਉਣ ਲਈ ਲੋੜੀਂਦੀ ਯੋਜਨਾਬੰਦੀ ਤਿਆਰ ਕਰਨ ਲਈ ਆਖਿਆ ਗਿਆ ਹੈ। ਹੜ੍ਹਾਂ ਦੇ ਪਾਣੀ ਦੇ ਨਿਕਾਸ ਲਈ ਸਾਜ਼ੋ-ਸਮਾਨ ਦਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਤਲੁਜ, ਰਾਵੀ ਅਤੇ ਬਿਆਸ ਦਰਿਆਵਾਂ ਨਾਲ ਲਗਦੇ ਇਲਾਕਿਆਂ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਵਾਧੂ ਕਿਸ਼ਤੀਆਂ ਦਾ ਬੰਦੋਬਸਤ ਵੀ ਕੀਤਾ ਜਾ ਚੁੱਕਾ ਹੈ।

ਮੀਟਿੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਮਾਲ ਤੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਵਿਸ਼ੇਸ਼ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ (ਗ੍ਰਹਿ) ਐਨ.ਐਸ.ਕਲਸੀ, ਵਿੱਤ ਕਮਿਸ਼ਨਰ ਮਾਲ ਐਮ.ਪੀ. ਸਿੰਘ, ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਪ੍ਰਮੁੱਖ ਸਕੱਤਰ ਜਲ ਸਰੋਤ ਜਸਪਾਲ ਸਿੰਘ, ਸਕੱਤਰ ਖਰਚਾ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਅਨਿੰਦਿਤਾ ਮਿੱਤਰਾ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,