June 13, 2010 | By ਸਿੱਖ ਸਿਆਸਤ ਬਿਊਰੋ
ਫਰੀਦਕੋਟ (13 ਜੂਨ, 2010 – ਗੁਰਭੇਜ ਸਿੰਘ ਚੌਹਾਨ ) ਪੰਜਾਬ ਸਰਕਾਰ ਦੀ ਭਾਈਵਾਲ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਵੀ ਸੁਖਬੀਰ-ਕਾਲੀਆ ਜੋਟੀ ਵੱਲੋਂ ਕਿਸਾਨ ਮਾਰੂ ਲਏ ਫੈਸਲਿਆਂ,ਜਿਨ੍ਹਾ ਵਿਚ ਖੇਤੀ ਖੇਤਰ ਲਈ ਬਿਜਲੀ ਬਿੱਲ ਲਾਗੂ ਕਰਨਾ,ਨਹਿਰੀ ਅਬਿਆਨਾ ਉਗਰਾਹੁਣਾ ਅਤੇ ਕਰਜ਼ਾਈ ਕਿਸਾਨਾ ਦੀਆਂ ਗ੍ਰਿਫਤਾਰੀਆਂ ਦੇ ਵਾਰੰਟ ਜਾਰੀ ਕਰਨਾ ਸ਼ਾਮਲ ਹਨ,ਨੂੰ ਲੈ ਕੇ ਪੰਜਾਬ ਦੇ ਸਾਰੇ ਜਿਲ੍ਹਾ ਹੈੱਡ ਕਵਾਟਰਾਂ ਤੇ ਲੜੀਵਾਰ ਧਰਨੇ ਦੇਣ ਦਾ ਐਲਾਨ ਕਰ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ ਕੇ ਯੂ ਲੱਖੋਵਾਲ ਦੇ ਮੀਤ ਪ੍ਰਧਾਨ ਸ: ਗੁਰਮੀਤ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਅੱਜ 14 ਜੂਨ ਤੋਂ ਜਿਲ੍ਹਾ ਕਚਿਹਰੀਆਂ ਫਰੀਦਕੋਟ ਤੋਂ ਧਰਨਿਆਂ ਦਾ ਇਹ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਇਕ ਜਿਲ੍ਹੇ ਦੇ ਹੈੱਡ ਕਵਾਟਰ ਤੇ ਇਹ ਧਰਨਾ ਦਿੱਤਾ ਜਾਂਦਾ ਰਹੇਗਾ ,ਜਿਸ ਵਿਚ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਆਪਣੇ ਚੋਣ ਮੈਨੀਫੈਸਟੋ ਵਿਚ ਕਿਸਾਨਾ ਨਾਲ ਬਿਜਲੀ ਬਿੱਲ ਮੁਆਫ ਕਰਨ ਤੋਂ ਲੈ ਕੇ ਸਾਰੇ ਕੀਤੇ ਵਾਅਦੇ ਪੂਰੇ ਕਰੇ,ਨਹੀਂ ਤਾਂ ਬੀੇ ਕੇ ਯੂ ਲੱਖੋਵਾਲ ਤਦ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ ਜਦ ਤੱਕ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰਦੀ।
ਸ: ਗੋਲੇਵਾਲਾ ਨੇ ਝੋਨੇ ਦੇ ਭਾਅ ਵਿਚ ਕੀਤੇ 50 ਰੁਪਏ ਦੇ ਵਾਧੇ ਨੂੰ ਵੀ ਨਕਾਰਦਿਆਂ ਇਸਨੂੰ ਕਿਸਾਨਾ ਨਾਲ ਮਜ਼ਾਕ ਦੱਸਿਆ। ਉਨ੍ਹਾ ਨੇ ਸੁਖਦਰਸ਼ਨ ਸਿੰਘ ਮਰਾੜ੍ਹ ਚੇਅਰਮੈਨ ਪੰਜਾਬ ਸਟੇਟ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਦੇ ਦਿੱਤੇ ਵੁਸ ਬਿਆਨ ਦੀ ਵੀ ਨਿੰਦਾ ਕੀਤੀ ਜਿਸ ਵਿਚ ਉਸਨੇ ਬੈਂਕ ਮੈਨੇਜਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਉਹ ਕਿਸਾਨਾ ਤੋਂ ਕਰਜ਼ੇ ਦੀ ਉਗਰਾਹੀ ਕਰਨ। ਉਨ੍ਹਾ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨ ਸਿਰ ਚੜ੍ਹੇ ਕਰਜ਼ੇ ਲਈ ਕੇਂਦਰ ਸਰਕਾਰ ਨੂੰ ਕੋਸਦੀ ਹੈ ਅਤੇ ਦੂਜੇ ਪਾਸੇ ਕਰਜ਼ਾਈ ਕਿਸਾਨਾ ਦੇ ਵਾਰੰਟ ਜਾਰੀ ਕਰਕੇ ਉਨ੍ਹਾ ਨੂੰ ਜ਼ਲੀਲ ਕਰ ਰਹੀ ਹੈ।