ਸਿਆਸੀ ਖਬਰਾਂ

ਦਲ, ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਨਿਜ਼ਾਮ ਵਿੱਚ ਖਾਮੀਆਂ ਹਨ ਪਰ ਅਸਤੀਫੇ ਨਹੀਂ ਦਿਆਂਗੇ: ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ

September 30, 2018 | By

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ): ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਅਤੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਬਾਦਲ ਦਲ ਦੇ ਸੀਨੀਅਰ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਬੀਤੇ ਕਲ੍ਹ ਪਾਰਟੀ ਅਹੁਦਿਆਂ ਤੋਂ ਦਿੱਤੇ ਅਸਤੀਫੇ ਬਾਅਦ ਲਗਾਈਆਂ ਜਾ ਰਹੀਆਂ ਉਨਾਂ ਕਿਆਸ ਅਰਾਈਆਂ ਨੂੰ ਵਿਸ਼ਰਾਮ ਦੇ ਦਿੱਤਾ ਹੈ ਕਿ ਕੁਝ ਮਝੈਲ ਆਗੂ ਵੀ ਅਸਤੀਫੇ ਦੇ ਰਹੇ ਹਨ। ਇਨ੍ਹਾਂ ਮਝੈਲਾਂ ਨੇ ਇਹ ਜਰੂਰ ਸਵੀਕਾਰ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ),ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਵਿੱਚ ਖਾਮੀਆਂ ਜਰੂਰ ਹਨ ਪਰ ਨਾਲ ਹੀ ਕਿਹਾ ਹੈ ਕਿ ਉਹ ਪਾਰਟੀ ਅਹੱੁਦਿਆਂ ਤੋਂ ਅਸਤੀਫੇ ਨਹੀਂ ਦੇ ਰਹੇ। ਪਰ ਨਾਲ ਹੀ ਉਹ ਇਹ ਵੀ ਦਾਅਵਾ ਨਹੀਂ ਕਰ ਸਕੇ ਕਿ ਉਹ ਉਪਰੋਕਤ ਸੰਸਥਾਵਾਂ ਵਿੱਚ ਤਬਦੀਲੀ ਲਈ ਕੋਈ ‘ਪ੍ਰੈਸ਼ਰ ਗਰੱੁਪ’ ਬਣਾ ਰਹੇ ਹਨ। ਦੇਰ ਸ਼ਾਮ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਤੇ ਪਾਰਲੀਮਾਨੀ ਸਕੱਤਰ ਅਮਰਪਾਲ ਸਿੰਘ ਬੋਨੀ ਦੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਡਾ: ਅਜਨਾਲਾ, ਬ੍ਰਹਮਪੁਰਾ ਤੇ ਸੇਖਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਕੇਂਦਰੀ ਸੱਤਾ ਵਾਲਾ ਸੂਬਾ ਐਲਾਨ ਦਿੱਤਾ ਹੈ। ਮਾਝੇ ਦੇ ਇਹ ਆਗੂ ਪਾਰਟੀ ਦੀ ‘ਕੋਰ ਕਮੇਟੀ’ ਵਿੱਚ ਇਹ ਮੁੱਦਾ ਮਜਬੂਤੀ ਨਾਲ ਉਠਾਣਗੇ। ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੀ ਕਾਂਗਰਸ ਦੀਆਂ ਲੀਹਾਂ ਤੇ ਚਲ ਰਹੀ ਹੈ ਜਦੋਂ ਕਿ ਪੰਜਾਬ ਪੁਨਰ ਗਠਨ ਐਕਟ 1966 ਅਨੁਸਾਰ ਚੰਡੀਗੜ੍ਹ ਪੰਜਾਬ ਦੇ ਹਿੱਸੇ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਜਮੀਨ ਤੇ ਪੰਜਾਬ ਦੇ ਪੈਸੇ ਨਾਲ ਉਸਾਰਿਆ ਗਿਆ ਲੇਕਿਨ ਅੱਜ ਉਥੇ ਸਰਕਾਰੀ ਮੁਲਾਜਮ ਵੀ ਸਾਰੇ ਪੰਜਾਬੀ ਨਹੀਂ ਹਨ ਬਲਕਿ ਬਾਕੀ ਸੂਬਿਆਂ ਤੋਂ ਹਨ।

ਦਲ, ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਨਿਜ਼ਾਮ ਵਿੱਚ ਖਾਮੀਆਂ ਹਨ ਪਰ ਅਸਤੀਫੇ ਨਹੀਂ ਦਿਆਂਗੇ: ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ

ਮਝੈਲ ਆਗੂਆਂ ਦੀ ਪ੍ਰੈਸ ਕਾਨਫਰੰਸ ਲਈ ਪੌਣਾ ਘੰਟਾ ਉਡੀਕਦੇ ਰਹੇ ਪੱਤਰਕਾਰਾਂ ਨੇ ਜਦੋਂ ਇਹ ਪੁਛਿਆ ਗਿਆ ਕਿ ਕੀ ਤੁਸੀਂ ਵੀ ਸੁਖਦੇਵ ਸਿੰਘ ਢੀਡਸਾ ਵਾਂਗ ਪਾਰਟੀ ਤੋਂ ਅਸਤੀਫਾ ਦੇ ਰਹੇ ਹੋ ਤਾਂ ਸਾਰੇ ਹੀ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਵਿਚਾਰ ਕਰ ਰਹੇ ਸਾਂ, ਅਸਤੀਫਾ ਦੇਣ ਬਾਰੇ ਤਾਂ ਕੋਈ ਗਲ ਨਹੀ ਹੋਈ। ਉਹਨਾਂ ਕਿਹਾ ਕਿ ਵਿਚਾਰਾਂ ਦਾ ਵਖਰੇਵਾਂ ਹਰ ਪਾਰਟੀ ਵਿੱਚ ਹੂੰਦਾ ਹੈ, ਕੁਝ ਮਾੜੇ ਲੋਕ ਵੀ ਆ ਜਾਂਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਜਾਏ। ਉਹਨਾਂ ਕਿਹਾ ਕਿ ਬਲਕਿ ਉਸ ਮਾੜੇ ਅਨਸਰ ਨੂੰ ਬਾਹਰ ਕਰਨਾ ਚਾਹੀਦਾ ਹੈ।

ਬੇਅਦਬੀ ਕਾਂਡ ਬਾਰੇ ਬਾਰ-ਬਾਰ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਬੇਅਦਬੀ ਦੇ ਖਿਲਾਫ ਹਨ, ਬੇਅਦਬੀ ਦਾ ਜੋ ਵੀ ਕੋਈ ਦੋਸ਼ੀ ਹੈ ਉਸਨੂੰ ਸਜਾ ਮਿਲਣੀ ਚਾਹੀਦੀ ਹੈ।

ਸੁਖਦੇਵ ਸਿੰਘ ਢੀਂਡਸਾ ਵਲੋਂ ਕੁਝ ਸਮਾਂ ਪਹਿਲਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੁਝਾਏ ਗਏ ਅਸਤੀਫੇ ਬਾਰੇ ਪੁਛੇ ਜਾਣ ਤੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਨਿਜ਼ਾਮ ਵਿੱਚ ਬਦਲਾਅ ਦੀ ਲੋੜ ਹੈ ਕਿਉਂਕਿ ਕੁਝ ਖਾਮੀਆਂ ਜਰੂਰ ਹਨ। ਉਹ ਅਕਾਲੀ ਦਲ ਨੂੰ ਖਤਮ ਕਰਨ ਦੀ ਬਜਾਏ ਇਸੇ ਅੰਦਰ ਰਹਿ ਕੇ ਬਦਲਾਅ ਲਿਆਕੇ ਮਜਬੂਤ ਕਰਨ ਲਈ ਕੰਮ ਕਰਨਗੇ।

ਇਹ ਪੁਛੇ ਜਾਣ ਤੇ ਕਿ ਤੁਸੀਂ ਸਾਰੇ ਹੀ ਆਗੂ ਪਹਿਲੀ ਵਾਰ ਇੱਕਠੇ ਨਜਰ ਆਏ ਹੋਏ, ਖੁਦ ਨੂੰ ਮਾਝੇ ਦਾ ਜਰਨੈਲ ਦੱਸਣ ਵਾਲਾ ਅਕਾਲੀ ਆਗੂ ਤੁਹਾਡੇ ਨਾਲ ਨਹੀ ਹੈ, ਕੀ ਪਾਰਟੀ ਅੰਦਰ ਮਾਝੇ ਦਾ ਕੋਈ ਪ੍ਰੈਸ਼ਰ ਗਰੁੱਪ ਬਣਾ ਰਹੇ ਹੋ ਤਾਂ ਸਭ ਨੇ ਹੱਸ ਕੇ ਟਾਲ੍ਹ ਦਿੱਤਾ।

ਵੈਸੇ ਉਹ ਬਾਰ ਬਾਰ ਦੁਹਰਾਉਂਦੇ ਰਹੇ ਕਿ ਪਾਰਟੀ ਕਿਸੇ ਸ਼ਖਸ਼ ਤੋਂ ਉਪਰ ਹੈ ਤੇ ਉਹ ਪਾਰਟੀ ਨੂੰ ਸਮਰਪਿਤ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,