March 1, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (28 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਉਹ ਵੀ ਹੋਂਦ ਚਿੱਲੜ ਦੇ ਸ਼ਹੀਦਾਂ ਦੀ ਯਾਦ ਵਿਚ 6 ਮਾਰਚ ਨੂੰ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਸਾਮਿਲ ਹੋਣਗੇ। ਉਕਤ ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਸਿੱਖਾਂ ਦਾ ਸਥਿਤੀ ਇਸ ਗੱਲ ਤੋਂ ਹੀ ਸ਼ਪੱਸਟ ਹੁੰਦੀ ਹੈ ਕਿ ਪਿੰਡ ਹੋਂਦ ਚਿੱਲੜ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ ਤਾਂ ਕਿਸ ਨੇ ਦਿਵਾਉਣਾ ਸੀ ਸਗੋਂ 26 ਸਾਲ ਤੱਕ ਇਸ ਘਟਨਾ ਨੂੰ ਦਬਾ ਕੇ ਰੱਖਿਆ ਗਿਆ। ਰਾਜ ਕਰ ਰਹੇ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਅਕਾਲੀ ਦਲ ਬਾਦਲ ਨੇ ਵੀ ਇਸ ਕਾਂਡ ਨੂੰ ਅਣਗੌਲਿਆ ਕਰੀਂ ਰੱਖਿਆ। ਸਿੱਖ ਹਿਤਾਂ ਦੀ ਰਾਖੀ ਲਈ ਸਥਾਪਿਤ ਕੀਤੀ ਗਈ ਤੇ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਅਖਵਾਉਂਦੀ ਸ਼੍ਰੋਮਣੀ ਕਮੇਟੀ ਨੇ ਵੀ ਇਸ ਪਾਸੇ ਧਿਆਨ ਦੇਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸਜ਼ਾ ਦਿਵਾਈ ਜਾਵੇ ਤੇ ਸ਼੍ਰੋਮਣੀ ਕਮੇਟੀ ਅਪਣੇ ਐਲਾਨ ਮੁਤਾਬਿਕ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀਆਂ ਦੇਣ ਦਾ ਵਾਅਦਾ ਛੇਤੀ ਕਰੇ। ਉਨ੍ਹਾਂ ਪੀੜਤਾਂ ਨੂੰ ੳਚਿੱਤ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ। ਇਸ ਸਮੇਂ ਉਨ੍ਹਾਂ ਨਾਲ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਕਿਹਰ ਸਿੰਘ ਮਾਰਵਾ, ਮਿਹਰ ਸਿੰਘ ਬਸੀ, ਹਰਪਾਲ ਸਿੰਘ ਸ਼ਹੀਦਗੜ੍ਹ, ਭਗਵੰਤ ਸਿੰਘ ਮਹੱਦੀਆਂ ਤੇ ਹਰਪ੍ਰੀਤ ਸਿੰਘ ਹੈਪੀ ਵੀ ਹਾਜ਼ਰ ਸਨ।
Related Topics: Akali Dal Panch Pardhani, Hondh Massacre