April 18, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰਮਨਜੀਤ ਸਿੰਘ, ਬੁਲਾਰੇ ਸਤਵਿੰਦਰ ਸਿੰਘ ਪਲਾਸੋਰ, ਬਲਵੰਤ ਸਿੰਘ ਐਡਵੋਕੇਟ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਪੰਜਾਬ ਹਿਊਮਨ ਰਾਈਟਜ਼ ਆਰਗੇਨਾਈਜ਼ੇਸ਼ਨ ਦੇ ਮੀਤ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਵਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਕਿ ਉਹ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਅਤੇ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਲਾਸ਼ਾਂ ਦੇ ਮਸਲੇ ‘ਤੇ ਦਖਲਅੰਦਾਜ਼ੀ ਕਰਨ।
ਪੱਤਰ ‘ਚ ਸ. ਹਰਜੀਤ ਸਿੰਘ ਸੱਜਣ ਨੂੰ ਸੰਬੋਧਨ ਕਰਦਿਆਂ ਲਿਖਿਆ ਗਿਆ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਵਰਣ ਵੰਡ ਦੇ ਪੈਰੋਕਾਰਾਂ ਵੱਲੋਂ ਸਭ ਵਿਧਾਨ ਕਾਨੂੰਨ ਛਿੱਕੇ ‘ਤੇ ਟੰਗ ਕੇ ਜੂਨ 1984 ਵਿੱਚ ਦਰਬਾਰ ਸਾਹਿਬ ‘ਤੇ ਤੋਪਾਂ, ਟੈਕਾਂ ਨਾਲ ਹਮਲਾ ਕੀਤਾ। ਹਜ਼ਾਰਾਂ ਬੇਗੁਨਾਹ ਮਨੁੱਖੀ ਜਾਨਾਂ ਗਈਆਂ। ਗੁਰੂ ਗ੍ਰੰਥ ਸਾਹਿਬ ਤੇ ਗੁਰ ਇਤਿਹਾਸ ਸਾੜੇ ਗਏ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਅੱਤਵਾਦੀ ਦੱਸਣ ਵਾਲੀ ਭਾਰਤੀ ਹਕੂਮਤ ਬੁਰੀ ਤਰ੍ਹਾਂ ਨੰਗੀ ਹੋ ਗਈ ਜਦੋਂ ਉਨ੍ਹਾਂ ਖਿਲਾਫ ਕੋਈ ਐਫ.ਆਈ.ਆਰ. ਨਾ ਪੇਸ਼ ਕਰ ਸਕੀ। ਨਵੰਬਰ 1984 ਵਿੱਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਦਿੱਲੀ ਦੀਆਂ ਸੜਕਾਂ ‘ਤੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ।
ਪੰਜਾਬ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ 25 ਹਜ਼ਾਰ ਸਿੱਖਾਂ ਦੀਆਂ ਲਾਸ਼ਾਂ ਲਵਾਰਿਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਵਿੱਚ ਸਾੜਣ ਦਾ ਮਾਮਲਾ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਚੁੱਕਿਆ। ਹਜ਼ਾਰਾਂ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਨ੍ਹਾਂ ਦੀ ਲਾਸ਼ਾਂ ਦਰਿਆਵਾਂ, ਨਹਿਰਾਂ ਵਿੱਚ ਰੋੜ੍ਹਣ ਦਾ ਸੱਚ ਉਨ੍ਹਾਂ ਨੇ ਨੰਗਾ ਕੀਤਾ। ਕੈਨੇਡਾ ਦੀ ਪਾਰਲੀਮੈਂਟ ਅੰਦਰ ਵੀ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਬਾਰੇ ਜਾਣਕਾਰੀ ਦਿੱਤੀ। ਆਖਿਰ ਭਾਰਤੀ ਹਕੂਮਤ ਦੀਆਂ ਹਦਾਇਤਾਂ ‘ਤੇ ਪੰਜਾਬ ਪੁਲਿਸ ਉਸ ਸਮੇਂ ਦੇ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰ ਤੋਂ ਚੁੱਕ ਕੇ ਸ਼ਹੀਦ ਕਰ ਦਿੱਤਾ। ਭਾਰਤ ਦੀ ਸੁਪਰੀਮ ਕੋਰਟ ਨੇ ਖਾਲੜਾ ਕੇਸ ਦੀ ਸੁਣਵਾਈ ਸਮੇਂ ਝੂਠੇ ਮੁਕਾਬਲਿਆਂ ਨੂੰ ਨਸਲਕੁਸ਼ੀ ਤੋਂ ਵੀ ਭੈੜਾ ਕਾਰਾ ਦੱਸਿਆ।
ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸੀ.ਬੀ.ਆਈ. ਨੇ ਤਿੰਨ ਸ਼ਮਸ਼ਾਨਘਾਟਾਂ ਦੀ ਪੜਤਾਲ ਘੱਟੇ-ਕੌਡੀਆ ਰੋਲ ਦਿੱਤੀ। 2097 ਲਾਸ਼ਾਂ ਸਾੜੇ ਜਾਣ ਦੀ ਪੁਸ਼ਟੀ ਕੀਤੀ ਹੈ 532 ਲਾਸ਼ਾ ਦੀ ਅੱਜ ਤੱਕ ਪਛਾਣ ਨਹੀਂ ਹੋ ਸਕੀ। ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਨਾ ਕੀਤਾ ਗਿਆ। ਜਲ੍ਹਿਆਂਵਾਲਾ ਬਾਗ ਅੰਦਰ 10 ਮਿੰਟ ਚੱਲੀ ਗੋਲੀ ਦੀ ਅੰਗਰੇਜ਼ ਸਰਕਾਰ ਨੇ ਹੰਟਰ ਕਮਿਸ਼ਨ ਤੋਂ ਪੜਤਾਲ ਕਰਾਈ ਅਤੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ। ਪਰ ਭਾਰਤ ਦੀ ਸਭ ਤੋਂ ਵੱਡੀ ਆਖੀ ਜਾਂਦੀ ਜਮਹੂਰੀਅਤ ਨੇ ਦਰਬਾਰ ਸਾਹਿਬ ‘ਤੇ ਹਮਲੇ ਦੀ ਪੜਤਾਲ ਅਜੇ ਤੱਕ ਨਹੀਂ ਕਰਵਾਈ। ਕਾਨੂੰਨ ਅੰਨ੍ਹਾ ਬੋਲਾ ਹੋ ਗਿਆ ਹੈ। ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਯੋਜਨਾਬੰਦੀ ਬਾਦਲ-ਭਾਜਪਾ-ਕਾਂਗਰਸ ਪਾਰਟੀ ਨੇ ਸਾਂਝੇ ਰੂਪ ਵਿੱਚ ਸਿਰੇ ਚਾੜ੍ਹੀ। ਪ੍ਰਕਾਸ਼ ਸਿੰਘ ਬਾਦਲ ਨੇ 15 ਸਾਲ ਰਾਜ ਕੀਤਾ।
ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਕਾਨੂੰਨ ਦੀ ਮਾਰ ਤੋਂ ਬਚਾਇਆ ਅਤੇ ਤਰੱਕੀਆਂ ਦਿੱਤੀਆਂ। ਤਰਨ ਤਾਰਨ ਦੇ ਏ ਐਸ.ਆਈ. ਸੁਰਜੀਤ ਸਿੰਘ ਸਿਪਾਹੀ ਸਤਵੰਤ ਸਿੰਘ ਮਾਣਕ, ਪਿੰਕੀ ਕੈਟ ਵਰਗਿਆਂ ਨੇ ਸੈਕਂੜੇ ਝੂਠੇ ਮੁਕਾਬਲਿਆਂ ਤੋਂ ਪੜਦਾ ਚੁੱਕਿਆ ਹੈ ਪਰ ਬਾਦਲ ਅਤੇ ਕੈਪਟਨ ਦੀ ਸਰਕਾਰ ਨੇ ਕੋਈ ਪੜਤਾਲ ਕਰਾਉਣ ਦੀ ਬਜਾਏ ਕੇ.ਪੀ.ਐਸ. ਗਿੱਲ ਅਤੇ ਹੋਰ ਗੁਨਾਹਗਾਰਾਂ ਨਾਲ ਯਾਰੀ ਪਾ ਲਈ ਹੈ। ਨਹਿਰੀ ਵਿਭਾਗ ਦਾ ਮੁਲਾਜ਼ਮ ਸਰਜੀਤ ਸਿੰਘ ਸੀ.ਬੀ.ਆਈ. ਨੂੰ ਬਿਆਨਾਂ ਵਿੱਚ ਦੱਸਦਾ ਹੈ ਕਿ ਰੋਜ਼ਾਨਾ 15-20 ਲਾਸ਼ਾਂ ਪੁਲਿਸ ਵੱਲੋਂ ਹਰੀਕੇ ਵਿਖੇ ਰੋੜ੍ਹਨ ਲਈ ਲਿਆਈਆਂ ਜਾਂਦੀਆਂ ਹਨ। ਕੈਪਟਨ ਦੇ ਵੱਡੇ-ਵਡੇਰੇ ਅਬਦਾਲੀ ਅਤੇ ਅੰਗਰੇਜਾਂ ਦੇ ਪਿੱਠੂ ਬਣੇ ਰਹੇ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੀ ਚਾਕਰੀ ਕਰ ਰਿਹਾ ਹੈ।
ਮਨੁੱਖੀ ਅਧਿਕਾਰਾਂ ਦੇ ਆਗੂ ਰਾਮ ਨਰਾਇਣ ਕੁਮਾਰ ਨੂੰ ਇੰਟਰਵਿਊ ਦਿੰਦਿਆਂ ਇੱਕ ਐਸ.ਐਸ.ਪੀ. ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਕੇ.ਪੀ.ਐਸ. ਗਿੱਲ ਦੀਆਂ ਹਫਤਾਵਰੀ ਮੀਟਿੰਗਾਂ ਸਮੇਂ 300-400 ਸਿੱਖ ਝੂਠੇ ਮੁਕਾਬਲਿਆਂ ਵਿੱਚ ਮਾਰੇ ਜਾਂਦੇ ਸਨ। ਕਿੱਲੀ ਬੋਦਲਾਂ ਕਾਂਡ, ਜਟਾਣਾ ਕਾਂਡ, ਬਹਿਲਾਂ ਗੋਲੀ ਕਾਂਡ ਪੱਤਰਕਾਰਾਂ ਵਕੀਲਾਂ ਦੇ ਗੈਰ-ਕਾਨੂੰਨੀ ਕਤਲ, ਹਜ਼ਾਰਾਂ ਬੀਬੀਆਂ ਦੀ ਥਾਣਿਆਂ ਅੰਦਰ ਬੇਪੱਤੀ ਤੋਂ ਬਾਅਦ ਕੀਤੇ ਕਤਲਾਂ ਦੀ ਕੋਈ ਪੜਤਾਲ ਨਹੀਂ ਹੋਈ। ਕੇ.ਪੀ.ਐਸ. ਗਿੱਲ ਵਰਗੇ ਲੋਕ ਲਾਸ਼ਾਂ ‘ਤੇ ਭੰਗੜੇ ਪਾ ਕੇ ਪੰਜਾਬ ਦੇ ਸ਼ਾਂਤੀ ਦੇ ਦਾਅਵੇ ਕਰਦੇ ਰਹੇ। ਝੂਠੇ ਮੁਕਾਬਲਿਆਂ ਤੋਂ ਬਾਅਦ ਜਵਾਨੀ ਦੀ ਨਸ਼ਿਆਂ ਰਾਹੀਂ ਨਸਲਕੁਸ਼ੀ ਦੀ ਸ਼ੁਰੂਆਤ ਕੀਤੀ ਗਈ। ਬਾਦਲਕਿਆਂ ਨੇ ਇਸਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ ਬੰਦੀ ਸਿੱਖਾਂ ਦੀ ਰਿਹਾਈ ਲਈ ਨਾ ਕੋਈ ਹਾਕਮ ਅਤੇ ਨਾ ਕੋਈ ਅਦਾਲਤ ਹਰਕਤ ਵਿੱਚ ਆਈ। ਓਂਟਾਰੀਓ ਸੂਬੇ ਅੰਦਰ ਸਿੱਖ ਨਸਲਕੁਸ਼ੀ ਬਾਰੇ ਮਤਾ ਪਾਸ ਹੋਣ ਤੋਂ ਬਾਅਦ ਭਾਰਤ ਦਾ ਜੰਗਲ ਰਾਜ ਕਟਿਹਰੇ ਵਿੱਚ ਖੜ੍ਹਾ ਹੋ ਗਿਆ।
ਤੁਸੀਂ ਇਨ੍ਹਾਂ ਕਤਲੇਆਮਾਂ ਦੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪੜਤਾਲ ਲਈ ਦਖਲ-ਅੰਦਾਜ਼ੀ ਕਰੋ। ਤਾਂ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀ ਕਟਿਹਰੇ ਵਿੱਚ ਖੜ੍ਹੇ ਹੋ ਸਕਣ। ਅਸੀਂ ਸਮਝਦੇ ਹਾਂ ਕਿ ਪੰਜਾਬ ਅਤੇ ਦੇਸ਼ ਅੰਦਰ ਕਾਨੂੰਨ ਦਾ ਰਾਜ ਕਾਇਮ ਕਰਨ ਤੋਂ ਬਿਨ੍ਹਾਂ ਸ਼ਾਂਤੀ ਦੇ ਸਭ ਦਾਅਵੇ ਝੂਠੇ ਹਨ।
Related Topics: Captain Amrinder Singh Government, Harjit Singh Sajjan, Human Rights Violation in India, Human Rights Violation in Punjab, Indian Politics, Indian Satae, KMO, Parkash Singh Badal, PHRO, Punjab Police