ਸਿਆਸੀ ਖਬਰਾਂ » ਸਿੱਖ ਖਬਰਾਂ

21 ਸਿੱਖਾਂ ਦਾ ਝੂਠਾ ਪੁਲਿਸ ਮੁਕਾਬਲਾ:ਐਵੋਕੇਟ ਨਵਕਿਰਨ ਸਿੰਘ ਨੇ ਜਾਂਚ ਲਈ ਸੀਬੀਆਈ ਨੂੰ ਦਿੱਤਾ ਯਾਦ-ਪੱਤਰ

May 30, 2017 | By

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 90 ਦੇ ਦਹਾਕੇ ‘ਚ ਆਤਮ ਸਮਰਪਣ ਕਰਨ ਵਾਲੇ 21 ਖ਼ਾਲਿਸਤਾਨੀ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਕਤਲ ਕਰ ਦੇਣ ਦੇ ਕੀਤੇ ਖੁਲਾਸੇ ਦਾ ਮੁੱਦਾ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਕੋਲ ਪੁੱਜ ਗਿਆ ਹੈ।

ਲੌਯਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਸੋਮਵਾਰ ਸੀਬੀਆਈ ਦਿੱਲੀ ਦੇ ਡਾਇਰੈਕਟਰ ਨੂੰ ਯਾਦ-ਪੱਤਰ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਪਰੋਕਤ ਖੁਲਾਸੇ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਕੈਪਟਨ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਉਨ੍ਹਾਂ ਨੇ 21 ਸਿੱਖ ਖ਼ਾਲਿਸਤਾਨੀਆਂ ਦਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਅੱਗੇ ਆਤਮ ਸਮਰਪਣ ਕਰਵਾਇਆ ਸੀ, ਪਰ ਬਾਅਦ ਵਿੱਚ ਇਨ੍ਹਾਂ ਨੂੰ ਮਾਰ ਦਿੱਤਾ ਗਿਆ। ਨਵਕਿਰਨ ਸਿੰਘ ਨੇ ਯਾਦ ਪੱਤਰ ਵਿੱਚ ਕਿਹਾ ਕਿ ਸਾਫ਼ ਜ਼ਾਹਰ ਹੈ ਕਿ ਸਿੱਖਾਂ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਅਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਦੱਸਿਆ। ਉਨ੍ਹਾਂ ਸੀਬੀਆਈ ਤੋਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੜਤਾਲ ਵਿੱਚ ਸ਼ਾਮਲ ਕਰਕੇ ਆਤਮ ਸਮਰਪਣ ਕਰਨ ਵਾਲੇ 21 ਸਿੱਖ ਖਾੜਕੂਆਂ ਦੇ ਨਾਵਾਂ ਦੀ ਜਾਣਕਾਰੀ ਹਾਸਲ ਕੀਤੀ ਜਾਵੇ।

ਐਡਵੋਕੇਟ ਨਵਕਿਰਨ ਸਿੰਘ, ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਐਡਵੋਕੇਟ ਨਵਕਿਰਨ ਸਿੰਘ, ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਮੀਡੀਆ ਵਲੋਂ ਸੰਪਰਕ ਕਰਨ ’ਤੇ ਨਵਕਿਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਲਿਜਾਣ ਤੋਂ ਪਹਿਲਾਂ ਇਸ ਮਾਮਲੇ ਦੀ ਪੜਤਾਲ ਲਈ ਸੀਬੀਆਈ ਕੋਲ ਪਹੁੰਚ ਕਰਨੀ ਲਾਜ਼ਮੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸੀਬੀਆਈ ਨੇ ਵੀ ਕੁਝ ਨਾ ਕੀਤਾ ਤਾਂ ਉਹ ਹਾਈਕੋਰਟ ‘ਚ ਪਹੁੰਚ ਕਰਨਗੇ। ਨਵਕਿਰਨ ਸਿੰਘ ਭਾਵੇਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਨੁੱਖੀ ਅਧਿਕਾਰ ਸੈੱਲ ਦੇ ਕਨਵੀਨਰ ਹਨ, ਪਰ ਉਨ੍ਹਾਂ ਨੇ ਇਹ ਯਾਦ ਪੱਤਰ ਹਿਊਮਨ ਰਾਈਟਸ ਸੰਸਥਾ ਵੱਲੋਂ ਸੀਬੀਆਈ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ‘ਆਪ’ ਆਗੂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਿੱਲੀ ਦੇ ਚੇਅਰਪਰਸਨ ਕੋਲ ਸ਼ਿਕਾਇਤ ਦਾਇਰ ਕਰਵਾ ਕੇ ਰਾਜਸਥਾਨ ਦੇ ਜ਼ਿਲ੍ਹਾ ਅਜਮੇਰ ਵਿੱਚ ਗੁਰਦੁਆਰੇ ਦੇ ਸੇਵਾਦਾਰਾਂ ਦੀ ਕੁੱਟਮਾਰ ਮਾਮਲੇ ਦੀ ਜਾਂਚ ਮੰਗੀ ਹੈ। ਉਨ੍ਹਾਂ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਐਕਟ-1993 ਅਤੇ ਪੁਲਿਸ ਦੀ ਭੂਮਿਕਾ ਦੀ ਵੱਖਰੇ ਤੌਰ ’ਤੇ ਜਾਂਚ ਕਰਵਾਈ ਜਾਵੇ।

ਸਬੰਧਤ ਖ਼ਬਰ:

ਅਮਰਿੰਦਰ ਦੇ ਖੁਲਾਸੇ ਤੋਂ ਬਾਅਦ: ਸ਼੍ਰੋਮਣੀ ਕਮੇਟੀ ਵਲੋਂ 21 ਸਿੱਖਾਂ ਦੇ ਝੂਠੇ ਮੁਕਾਬਲੇ ਦੀ ਜਾਂਚ ਦੀ ਮੰਗ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,