December 2, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ ਕੈਨੇਡਾ ਵਿੱਚੋਂ ਕੱਢਿਆ ਗਿਆ ਹੈ।
ਇਸੇ ਸਾਲ ਗਰਮੀਆਂ ਦੌਰਾਨ ਕੱਢੇ ਗਏ ਰਾਅ ਦੇ ਉੱਚ ਅਧਿਕਾਰੀਆਂ ਵਿੱਚ ਸੈਨ ਫਰਾਂਸਿਸਕੋ ਸਟੇਸ਼ਨ ਦਾ ਮੁਖੀ ਅਤੇ ਰਾਅ ਦੇ ਲੰਡਨ ਸਥਿਤ ਸਟੇਸ਼ਨ ਦਾ ਉਪਮੁਖੀ ਸ਼ਾਮਿਲ ਹਨ।
ਅਧਿਕਾਰੀਆਂ ਬਾਰੇ ਖਬਰਾਂ ਵਿਚ ਆਈ ਜਾਣਕਾਰੀ:
ਖਬਰ ਅਦਾਰੇ “ਦ ਪ੍ਰਿੰਟ” ਨੇ ਪਹਿਲਾਂ ਇਹ ਨਸ਼ਰ ਕੀਤਾ ਸੀ ਕਿ ਇਹ ਦੋਵਾਂ ਅਧਿਕਾਰੀਆਂ ਵਿਚੋਂ ਇਕ ਤਾਮਿਲ ਨਾਡੂ ਕੇਡਰ ਦਾ 2013 ਬੈਚ ਦਾ ਆਈ.ਪੀ.ਐਸ. ਅਧਿਕਾਰੀ ਹੈ ਅਤੇ ਦੂਜਾ 2001 ਬੈਚ ਦਾ ਤੇਲੰਨਗਾਨਾ ਕੇਡਰ ਦਾ ਆਈ.ਪੀ.ਐਸ. ਅਧਿਕਾਰੀ ਹੈ ਅਤੇ ‘ਦ ਪ੍ਰਿੰਟ’ ਇਹਨਾ ਦੇ ਨਾਮ ਇਸ ਲਈ ਨਸ਼ਰ ਨਹੀਂ ਕਰ ਰਿਹਾ ਕਿਉਂਕਿ ਇਹ ਅਜੇ ਵੀ ਰਾਅ ਵਿਚ ਨੌਕਰੀ ਕਰ ਰਹੇ ਹਨ।
ਬਾਅਦ ਵਿਚ ਉਕਤ ਖਬਰ ਅਦਾਰੇ ਨੇ ਆਪਣੀ ਵੈਬਸਾਈਟ ਉੱਤੇ ਦਰਜ਼ ਜਾਣਕਾਰੀ ਬਦਲ ਦਿੱਤੀ ਅਤੇ ਨਸ਼ਰ ਕੀਤਾ ਕਿ ਇਹ ਅਧਿਕਾਰੀ ਉੱਚ ਅਤੇ ਮੱਧਮ ਦਰਜੇ ਦੇ ਆਈ.ਪੀ.ਐਸ. ਅਧਿਕਾਰੀ ਹਨ ਅਤੇ ‘ਦ ਪ੍ਰਿੰਟ’ ਇਹਨਾ ਦੇ ਨਾਮ ਇਸ ਲਈ ਨਸ਼ਰ ਨਹੀਂ ਕਰ ਰਿਹਾ ਕਿਉਂਕਿ ਇਹ ਅਜੇ ਵੀ ਰਾਅ ਵਿਚ ਨੌਕਰੀ ਕਰ ਰਹੇ ਹਨ।
ਅਮਰੀਕਾ ਨੇ ਨਵੀਂ ਨਿਯੁਕਤੀ ਦੀ ਇਜਾਜ਼ਤ ਨਹੀਂ ਦਿੱਤੀ:
ਇਸ ਤੋਂ ਇਲਾਵਾ ਅਮਰੀਕਾ ਨੇ ਭਾਰਤ ਦੀ ਇਸ ਖੁਫੀਆ ਏਜੰਸੀ ਨੂੰ ਇਸ ਦੇ ਵਾਸ਼ਿੰਗਟਨ ਡੀਸੀ ਸਥਿਤ ਸਟੇਸ਼ਨ ਦੇ ਮੁਖੀ ਦੀ ਥਾਂ ਨਵੀਂ ਨਿਯੁਕਤੀ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਰਾਅ ਦੇ ਕਾਰਜ ਅਮਲ ਅਨੁਸਾਰ ਤਤਕਾਲੀ ਰਾਅ ਮੁਖੀ ਸੀਮੰਤ ਗੋਇਲ ਦੀ ਲੰਘੀ 30 ਜੂਨ ਨੂੰ ਹੋਈ ਸੇਵਾ ਮੁਕਤੀ ਮੌਕੇ ਰਾਅ ਦੇ ਇੱਕ ਨਵੇਂ ਅਧਿਕਾਰੀ ਨੇ ਵਾਸ਼ਿੰਗਟਨ ਡੀਸੀ ਸਥਿਤ ਸਟੇਸ਼ਨ ਦਾ ਕੰਮ ਕਾਜ ਸੰਭਾਲਣਾ ਸੀ ਪਰ ਅਮਰੀਕੀ ਪ੍ਰਸ਼ਾਸਨ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਪੱਛਮੀ ਮੁਲਕਾਂ ਦੀ ਇੰਡੀਆ ਨਾਲ ਨਾਰਾਜ਼ਗੀ ਦਾ ਸੂਚਕ:
ਅਧਿਕਾਰੀਆਂ ਸਬੰਧੀ ਪੱਛਮੀ ਮੁਲਕਾਂ ਵੱਲੋਂ ਲਏ ਗਏ ਇਹ ਫੈਸਲੇ ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਖ਼ਾਲਿਸਤਾਨ ਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਨੂੰ ਕਤਲ ਕਰਨ ਦੀ ਕੀਤੀ ਗਈ ਵਿਉਂਤਬੰਦੀ ਖਿਲਾਫ ਇਹਨਾਂ ਮੁਲਕਾਂ ਦੀ ਇੰਡੀਆ ਪ੍ਰਤੀ ਨਾਰਾਜ਼ਗੀ ਨੂੰ ਦਰਸਾਉਂਦੇ ਹਨ।
ਅਮਰੀਕਾ ਅਤੇ ਇੰਗਲੈਂਡ ਵੱਲੋਂ ਰਾਅ ਦੇ ਉੱਚ ਅਧਿਕਾਰੀਆਂ ਨੂੰ ਉਹਨਾਂ ਦੇ ਮੁਲਕ ਛੱਡ ਜਾਣ ਦੇ ਦਿੱਤੇ ਆਦੇਸ਼ਾਂ ਤੋਂ ਪਹਿਲਾਂ ਕਨੇਡਾ ਨੇ ਰਾਅ ਦੇ ਓਟਾਵਾ ਸਟੇਸ਼ਨ ਦੇ ਮੁਖੀ ਪ੍ਰਵੀਨ ਰਾਏ ਨੂੰ ਕਨੇਡਾ ਛੱਡ ਕੇ ਚਲੇ ਜਾਣ ਦੇ ਹੁਕਮ ਸੁਣਾਏ ਸਨ।
ਪਹਿਲੀ ਵਾਰ ਉੱਤਰੀ-ਅਮਰੀਕਾ ਵਿਚ ਰਾਅ ਨੁਮਾਇੰਦੇ ਤੋਂ ਸੱਖਣੀ ਹੈ:
“ਦਾ ਪ੍ਰਿੰਟ” ਨਾਮੀ ਇੱਕ ਇੰਡੀਅਨ ਖਬਰ ਅਦਾਰੇ ਦੀ ਖਬਰ ਮੁਤਾਬਕ ਸਾਲ 1968 ਵਿੱਚ ਸਥਾਪਿਤ ਕੀਤੀ ਗਈ ‘ਰਿਸਰਚ ਐਂਡ ਅਨੈਲਸਿਸ ਵਿੰਗ’ ਨਾਮੀ ਇਸ ਖੁਫੀਆ ਏਜੰਸੀ, ਜਿਸ ਨੂੰ ਕਿ ਆਮ ਕਰਕੇ ‘ਰਾਅ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਉੱਤਰੀ ਅਮਰੀਕਾ ਵਿੱਚ ਹੁਣ ਇਸ ਜਥੇਬੰਦੀ ਦੀ ਨੁਮਾਇੰਦਗੀ ਕਰਨ ਲਈ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੈ।
ਕਨੇਡਾ ਵੱਲੋਂ ਕੀਤੀ ਜਾ ਰਹੀ ਜਾਂਚ:
ਜ਼ਿਕਰਯੋਗ ਹੈ ਕਿ ਲੰਘੇ ਸਤੰਬਰ ਮਹੀਨੇ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਨੇਡਾ ਦੀ ਪਾਰਲੀਮੈਂਟ ਵਿੱਚ ਇਹ ਗੱਲ ਕਹੀ ਸੀ ਕਿ ਕਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ ਜੂਨ ਮਹੀਨੇ ਵਿੱਚ ਹੋਏ ਕਤਲ ਪਿੱਛੇ ਇੰਡੀਆ ਦੇ ਏਜੰਟਾਂ ਦਾ ਹੱਥ ਹੋਣ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਹੈ। ਕਨੇਡਾ ਇਸ ਮਾਮਲੇ ਵਿਚ ਜਾਂਚ ਕਰ ਰਿਹਾ ਹੈ।
ਭਾਰਤੀ ਨਾਗਰਿਕ ਵਿਰੁਧ ਅਮਰੀਕਾ ਅਮਰੀਕੀ ਅਦਾਲਤ ਵਿਚ ਦੋਸ਼ ਪੱਤਰ ਦਾਖਲ:
29 ਨਵੰਬਰ ਨੂੰ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਵਿੱਚ ਅਮਰੀਕੀ ਪ੍ਰਸ਼ਾਸਨ ਨੇ ਭਾਰਤ ਦੇ ਨਾਗਰੇਕ ਨਿਖਿਲ ਗੁਪਤਾ ਉਰਫ ਨਿੱਕ ਵਿਰੁੱਧ ਅਮਰੀਕਾ ਵਿੱਚ ਸਿੱਖ ਫਾਰ ਜਸਟਿਸ ਜਥੇਬੰਦੀ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਵਿਉਂਤ ਰਚਣ ਦੇ ਦੋਸ਼ ਲਗਾਏ ਹਨ। ਇਹਨਾ ਦਸਤਾਵੇਜਾਂ ਵਿੱਚ ਕਿਹਾ ਗਿਆ ਹੈ ਕਿ ਨਿਖਿਲ ਗੁਪਤਾ ਨੂੰ ਕਤਲ ਦੀ ਇਹ ਵਿਉਤ ਲਾਗੂ ਕਰਨ ਦਾ ਕੰਮ ਇੰਡੀਆ ਦੀ ਸਰਕਾਰ ਦੇ ਇੱਕ ਅਧਿਕਾਰੀ ਵੱਲੋਂ ਸੌਂਪਿਆ ਗਿਆ ਸੀ।
ਕਨੇਡਾ ਤੇ ਅਮਰੀਕਾ ਪ੍ਰਤੀ ਇੰਡੀਆ ਦੀ ਪਹੁੰਚ ਵਿਚਲਾ ਫਰਕ:
ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਖੁਲਾਸਿਆਂ ਬਾਰੇ ਇੰਡੀਆ ਵੱਲੋਂ ਬਹੁਤ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਸੀ ਪਰ ਹੁਣ ਜਦੋਂ ਅਮਰੀਕੀ ਪ੍ਰਸ਼ਾਸਨ ਵੱਲੋਂ ਵੀ ਅਜਿਹੇ ਹੀ ਖੁਲਾਸੇ ਕੀਤੇ ਗਏ ਹਨ ਤਾਂ ਇੰਡੀਆ ਬਹੁਤ ਬੋਚ ਬੋਚ ਕੇ ਪੈਰ ਧਰਦਾ ਨਜ਼ਰ ਆ ਰਿਹਾ ਹੈ। ਇੰਡੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਇੱਕ ਵਿਅਕਤੀ ਦੇ ਕੰਮ ਨੂੰ ਭਾਰਤ ਸਰਕਾਰ ਨਾਲ ਨਾ ਜੋੜਿਆ ਜਾਵੇ।
ਇੰਡੀਆ ਦੀ ਗੈਰ-ਨਿਆਇਕ ਕਤਲਾਂ ਦੀ ਕੌਮਾਂਤਰੀ ਪੱਧਰ ਦੀ ਵਿਓਂਤਬੰਦੀ ਉਜਾਗਰ ਹੋਈ:
ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਖੁਲਾਸੇ ਪੱਛਮੀ ਮੁਲਕਾਂ ਵਿੱਚੋਂ ਸਾਹਮਣੇ ਆ ਰਹੇ ਹਨ ਉਸ ਤੋਂ ਇਸ ਸਪਸ਼ਟ ਹੋ ਜਾਂਦਾ ਹੈ ਕਿ ਇੰਡੀਆ ਵੱਲੋਂ ਸਿੱਖ ਆਜ਼ਾਦੀ ਲਹਿਰ ਦੇ ਆਗੂਆਂ ਨੂੰ ਕਤਲ ਕਰਨ ਦੀ ਇੱਕ ਸੋਚੀ ਸਮਝੀ ਵਿਓਤ ਵਿਉਂਤ ਕੌਮਾਂਤਰੀ ਪੱਧਰ ਉੱਤੇ ਲਾਗੂ ਕੀਤੀ ਜਾ ਰਹੀ ਹੈ। ਇਸ ਵਿਉਂਤ ਨੂੰ ਲਾਗੂ ਕਰਨ ਲਈ ਇੰਡੀਆ ਵੱਲੋਂ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ ਅਤੇ ਸੰਗਠਤ ਜੁਰਮ ਦੀਆਂ ਕਾਰਵਾਈਆਂ ਵਿੱਚ ਲਿਪਤ ਲੋਕਾਂ ਕੋਲੋਂ ਭਾੜੇ ਉੱਤੇ ਸਿੱਖ ਆਗੂਆਂ ਨੂੰ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Related Topics: Indian Politics, Indian State, Research and Analysis Wing (RAW), Sikh Diaspora, Sikh Diaspora (UK), Sikh News Canada, Sikh News UK, Sikh News USA, Sikhs in Canada, Sikhs in United Kingdom, Sikhs in United States, Sikhs in USA