February 22, 2021 | By ਸਿੱਖ ਸਿਆਸਤ ਬਿਊਰੋ
ਨਨਕਾਣਾ ਸਾਹਿਬ/ਗੁਰਦਾਸਪੁਰ: ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਕੁਕਰਮੀ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਸੌ ਸਾਲ ਪਹਿਲਾਂ ਵਾਪਰੇ ਸਾਕੇ ਦੀ ਪਹਿਲੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾਈ ਜਾਹੋ-ਜਲਾਲ ਨਾਲ ਮਨਾਈ ਗਈ।
ਇਸ ਸਬੰਧ ਵਿਚ ਚੜ੍ਹਦੇ ਪੰਜਾਬ ਵਿੱਚ ਮੁੱਖ ਸਮਾਗਮ ਸਾਕੇ ਸਮੇਂ ਜਥੇ ਦੀ ਅਗਵਾਈ ਕਰਨ ਵਾਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਨਾਲ ਸਬੰਧਤ ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਗੋਧਰਪੁਰ ਵਿਖੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਦਕਿ ਲਹਿੰਦੇ ਪੰਜਾਬ ਵਿੱਚ ਮੁੱਖ ਸਮਾਗਮ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਕਰਵਾਇਆ ਗਿਆ।
ਧਾਰੋਵਾਲੀ ਗੁਰਦਾਸਪੁਰ ਵਿਖੇ ਵਿਸ਼ਾਲ ਪੰਡਾਲ ’ਚ ਸਜਾਏ ਗਏ ਗੁਰਮਤਿ ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮੁੱਖ ਸਮਾਗਮ ਸਮੇਂ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।
ਸਮਾਗਮ ਦੌਰਾਨ ਸਾਕਾ ਸ੍ਰੀ ਨਨਕਾਣਾ ਸਾਹਿਬ ਨਾਲ ਸਬੰਧਤ ਸ਼ਹੀਦਾਂ ਦੇ 32 ਪਰਿਵਾਰ ਵੀ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਮੰਚ ਤੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋ.ਗੁ.ਪ੍ਰ.ਕ. ਅਤੇ ਵੱਖ-ਵੱਖ ਸਪ੍ਰਦਾਵਾਂ ਦੇ ਨੁਮਾਇੰਦਿਆਂ ਅਤੇ ਸਭਾ-ਸੁਸਾਇਟੀਆਂ ਦੇ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੰਗਤ ਨੂੰ ਆਪਣੇ ਇਤਿਹਾਸ ਦੀ ਸੇਧ ਵਿਚ ਜੀਵਨ ਜਿਊਣ ਲਈ ਪ੍ਰੇਰਿਆ।
ਨਨਕਾਣਾ ਸਾਹਿਬ ਵਿਖੇ ਹੋਏ ਸਮਾਗਮਾਂ ਵਿੱਚ ਪਾਕਿਸਤਾਨ ਰਹਿੰਦੇ ਸਿੱਖਾਂ ਤੋਂ ਇਲਾਵਾ ਸਥਾਨਕ ਭਾਈਚਾਰੇ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਪਾਕਿਸਤਾਨ ਸਰਕਾਰ ਦੇ ਵਜ਼ੀਰ ਅਤੇ ਹੋਰ ਅਫਸਰ ਵੀ ਸ਼ਾਮਿਲ ਹੋਏ।
ਇੰਡੀਆ ਦੀ ਸਰਕਾਰ ਵੱਲੋਂ ਸਿੱਖਾਂ ਦੇ ਜਥੇ ਨੂੰ ਨਨਕਾਣਾ ਸਾਹਿਬ ਨਾ ਜਾਣ ਦੇਣ ਦੀ ਕਾਰਨ ਚੜ੍ਹਦੇ ਪੰਜਾਬ ਅਤੇ ਇੰਡੀਆ ਤੋਂ ਸਿੱਖ ਸੰਗਤਾਂ ਨਨਕਾਣਾ ਸਾਹਿਬ ਵਿਖੇ ਹੋਏ ਸ਼ਤਾਬਦੀ ਸਮਾਗਮਾਂ ਵਿੱਚ ਸ਼ਿਰਕਤ ਨਹੀਂ ਕਰ ਸਕੀਆਂ।
Related Topics: Bibi Jagir Kaur, Gurduara Nankana Sahib, Gyani Harpreet Singh, Nankana Sahib, SGPC, Sikhs in Nankana Sahib