ਖਾਸ ਖਬਰਾਂ » ਸਿੱਖ ਖਬਰਾਂ

‘ਸੁਪਰੀਮ ਮਦਰਹੁੱਡ’ ਫਿਲਮ ਨੂੰ ਕੋਈ ਪ੍ਰਵਾਣਗੀ ਨਹੀਂ ਦਿੱਤੀ; ਰਿਲੀਜ਼ ਫੌਰਨ ਰੋਕੀ ਜਾਵੇ: ਸ਼੍ਰੋ.ਗੁ.ਪ੍ਰ.ਕ.

April 8, 2022 | By

ਅੰਮ੍ਰਿਤਸਰ/ਲੰਡਨ: ਸਿੱਖ ਗੁਰੂ ਸਾਹਿਬਾਨ ਅਤੇ ਉਹਨਾ ਦੇ ਪਰਿਵਾਰਾਂ ਨੂੰ ਕਾਰਟੂਨ/ਐਨੀਮੇਸ਼ਨ ਦੀ ਵਿਧੀ ਰਾਹੀਂ ਵਿਖਾਉਣ ਵਾਲੀ “ਸੁਪਰੀਮ ਮਦਰਹੁੱਡ” ਨਾਮੀ ਕਾਰਟੂਨ/ਐਨੀਮੇਸ਼ਨ ਫਿਲਮ ਵਿਵਾਦਾਂ ਵਿਚ ਘਿਰ ਗਈ ਹੈ। ਜਿੱਥੇ ਇਕ ਪਾਸੇ ਸਿੱਖ ਜਗਤ ਦੇ ਚੇਤਨ ਹਿੱਸਿਆ ਵਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਓਥੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋ.ਗੁ.ਪ੍ਰ.ਕ. ਨੇ ਇਸ ਫਿਲਮ ਨੂੰ ਬਿਲਕੁਲ ਵੀ ਮਨਜੂਰੀ ਨਹੀਂ ਦਿੱਤੀ।

 

ਸ਼੍ਰੋ.ਗੁ.ਪ੍ਰ.ਕ. ਦੇ ਮੀਤ ਸਕੱਤਰ (ਮੀਡੀਆ) ਸ. ਕੁਲਵਿੰਦਰ ਸਿੰਘ ਰਮਦਾਸ ਨੇ “ਨਿਹਾਲ ਨਿਹਾਲ ਨਿਹਾਲ ਪ੍ਰੋਡੈਕਸ਼ਨਸ” ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ਨੂੰ ਕਾਰਟੂਨ/ਐਨੀਮੇਸ਼ਨ ਰਾਹੀਂ ਦ੍ਰਿਸ਼ਮਾਨ ਕਰਦੀ ਐਨੀਮੇਸ਼ਨ ਫਿਲਮ ਨੂੰ 14 ਅਪ੍ਰੈਲ ਨੂੰ ਰਿਲੀਜ਼ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਦੀ ਰਿਲੀਜ਼ ਰੋਕਣ ਲਈ ਕਿਹਾ ਹੈ।

ਸ਼੍ਰੋ.ਗੁ.ਪ੍ਰ.ਕ. ਦੇ ਮੀਡੀਆ ਸਕੱਤਰ ਨੇ ਕਿਹਾ ਕਿ ਸ. ਗੁਰਬਖ਼ਸ਼ ਸਿੰਘ ਨਿਹਾਲ ਨਿਹਾਲ ਨਿਹਾਲ ਪ੍ਰੋਡੈਕਸ਼ਨਸ, ਮਾਤਾ ਸਾਹਿਬ ਕੌਰ ਐਜੂਕੇਸ਼ਨ ਟਰੱਸਟ ਯੂਕੇ ਵੱਲੋਂ ਮਾਤਾ ਸਾਹਿਬ ਕੌਰ ਜੀ ਦੀ ਜੀਵਨੀ ਪੁਰ ਤਿਆਰ ਕੀਤੀ ਗਈ ਐਨੀਮੇਸ਼ਨ ਫਿਲਮ ਦੀ ਸਕਰਿਪਟ ਸ਼੍ਰੋਮਣੀ ਕਮੇਟੀ ਨੂੰ ਭੇਜੀ ਗਈ ਸੀ, ਜਿਸ ਨੂੰ ਵਾਚਨ ਉਪਰੰਤ 25 ਮਾਰਚ 2019 ਨੂੰ ਸਬੰਧਤਾਂ ਨੂੰ ਪੱਤਰ ਲਿਖਿਆ ਗਿਆ ਸੀ ਕਿ ਗੁਰੂ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਸਬੰਧਤਾਂ ਵੱਲੋਂ ਫਿਰ ਹੁਣ 2 ਮਾਰਚ 2022 ਅਤੇ 21 ਮਾਰਚ 2022 ਨੂੰ ਪੱਤਰ ਲਿਖ ਕੇ ਤਿਆਰ ਹੋਈ ਐਨੀਮੇਸ਼ਨ ਫਿਲਮ ਭੇਜੀ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਬ-ਕਮੇਟੀ ਵੱਲੋਂ ਸਬੰਧਤਾਂ ਦੀ ਹਾਜ਼ਰੀ ਵਿਚ ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਸਬ-ਕਮੇਟੀ ਦੀ ਰਿਪੋਰਟ ਅਨੁਸਾਰ ਐਨੀਮੇਸ਼ਨ ਫਿਲਮ ਵਿਚ ਬਹੁਤ ਸਾਰੀਆਂ ਕਮੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰੁ ਸਾਹਿਬਾਨ ਨੂੰ ਐਨੀਮੇਸ਼ਨ ਦੇ ਰੂਪ ਵਿਚ ਨਹੀਂ ਦਿਖਾਇਆ ਜਾ ਸਕਦਾ।

ਸ. ਰਮਦਾਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤਾਂ ਨੂੰ ਫਿਲਮ ਸਬੰਧੀ ਕਿਸੇ ਕਿਸਮ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਫਿਲਮ ਵਿਚ ਵੱਡੀਆਂ ਊਣਤਾਈਆਂ ਕਾਰਨ ਇਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਹੋਵੇਗੀ, ਇਸ ਲਈ ਇਸ ਫਿਲਮ ਦੀ ਰਿਲੀਜ਼ ‘ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,