November 23, 2020 | By ਸਿੱਖ ਸਿਆਸਤ ਬਿਊਰੋ
ਮੁਕੇਰੀਆਂ: ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਨੀਮ ਫੌਜੀ ਦਲ ਸੀ.ਆਰ.ਪੀ.ਐਫ. ਦੇ ਫੌਜੀਆਂ ਵੱਲੋਂ ਮੁਕੇਰੀਆਂ ਨੇੜੇ ਇੱਕ ਟੋਲ ਪਲਾਜ਼ੇ ਉੱਤੇ ਕੀਤੀ ਇੱਕ ਕਾਰਵਾਈ ਕਾਰਨ ਲੰਘੇ ਦਿਨ ਇੱਕ ਵਾਰ ਹਾਲਾਤ ਤਣਾਅ ਪੂਰਨ ਬਣ ਗਈ ਸੀ। ਪਰ ਇਲਾਕੇ ਦੇ ਕਿਸਾਨਾਂ ਤੇ ਫੌਜੀ ਅਫਸਰਾਂ ਨੇ ਦਖਲ ਦੇ ਕੇ ਹਾਲਾਤ ਉੱਤੇ ਕਾਬੂ ਪਾ ਲਿਆ।
ਅੱਜ ਬਿਜਲ-ਸੱਥੇ ਉੱਤੇ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਸੀ.ਆਰ.ਪੀ.ਐਫ. ਦੀ ਇੱਕ ਬੱਸ ਵਿੱਚੋਂ ਉੱਤਰ ਕੇ ਇੱਕ ਫੌਜੀ ਨੇ ਕਿਸਾਨਾਂ ਵੱਲੋਂ ਚੱਲ ਰਹੇ ਧਰਨੇ ਉੱਤੇ ਪਏ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਦੁਆਲੇ ਲਮਕਾਈਆਂ ਜੁੱਤੀਆਂ ਲਾਹ ਦਿੱਤੀਆਂ ਜਿਸ ਦਾ ਧਰਨਾਕਾਰੀਆਂ ਵੱਲੋਂ ਵਿਰੋਧ ਕੀਤੇ ਜਾਣ ਉੱਤੇ ਫੌਜੀ ਨੇ ਉਹਨਾਂ ਨੂੰ ਧਮਕੀ ਦਿੰਦਿਆਂ ਕਿਹਾ ਕਿ “ਗੋਲੀ ਮਾਰ ਦੇਂਗੇ…”। ਇਸ ਤੋਂ ਬਾਅਦ ਧਰਨਾਕਾਰੀ ਕਿਸਾਨਾਂ ਅਤੇ ਫੌਜੀਆਂ ਵਿੱਚ ਗੱਲੀ-ਬਾਤੀਂ ਤਕਰਾਰਬਾਜ਼ੀ ਹੋਈ।
ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪੁਤਲੇ ਉੱਤੇ ਜੁੱਤੀਆਂ ਪਾਉਣਾ ਉਹਨਾ ਦੇ ਵਿਰੋਧ ਦਾ ਤਰੀਕਾ ਹੈ ਜਦਕਿ ਫੌਜੀ ਇਸ ਨੂੰ ਪ੍ਰਧਾਨ ਮੰਤਰੀ ਦੀ ਬੇਇੱਕਤੀ ਦੱਸ ਰਿਹਾ ਸੀ।
ਇਸ ਦੌਰਾਨ ਇੱਕ ਧਰਨਾਕਾਰੀ ਧਰਮਿੰਦਰ ਫੌਜੀਆਂ ਦੀ ਗੱਡੀ ਅੱਗੇ ਲੰਮਾ ਪੈ ਗਿਆ ਅਤੇ ਕਿਹਾ ਕਿ ਉਹ ਇੰਝ ਧਮਕੀ ਦੇਣ ਵਾਲੇ ਫੌਜੀ ਨੂੰ ਬਿਨਾ ਕਾਰਵਾਈ ਨਹੀਂ ਜਾਣ ਦੇਵੇਗਾ।
ਬਾਅਦ ਵਿੱਚ ਇਲਾਕੇ ਦੇ ਮੁਹਤਬਰਾਂ, ਕਿਸਾਨ ਆਗੂਆਂ ਅਤੇ ਫੌਜੀ ਅਫਸਰਾਂ ਦੇ ਦਖਲ ਦੇਣ ਤੇ ਗੱਲਬਾਤ ਕਰਨ ਨਾਲ ਇਸ ਮਾਮਲੇ ਨੂੰ ਸੁਲਝਾਅ ਲਿਆ ਗਿਆ।
ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਧਰਮਿੰਦਰ ਨੇ ਕਿਹਾ ਕਿ ਫੌਜੀਆਂ ਦਾ ਉਹਨਾਂ ਦੇ ਧਰਨੇ ਵਿੱਚ ਦਖਲ ਦੇਣ ਦਾ ਉਹਨਾਂ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇਣ ਦਾ ਕੋਈ ਮਤਲਬ ਨਹੀਂ ਸੀ ਬਣਦਾ। ਜ਼ਿਕਰਯੋਗ ਹੈ ਕਿ ਦਿੱਲੀ ਤਖਤ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿੱਚ ਲੰਘੇ ਕਰੀਬ ਪੌਣੇ ਦੋ ਮਹੀਨੇ ਤੋਂ ਪੰਜਾਬ ਵਿੱਚ ਥਾਈਂ-ਥਾਈਂ ਧਰਨੇ ਚੱਲ ਰਹੇ ਹਨ।
Related Topics: Farmers' Issues and Agrarian Crisis in Punjab, Indian Politics