ਖਾਸ ਖਬਰਾਂ

ਹਰਿਆਣਾ ਵਿਚ ਸਿੱਖ ਨਸਲਕੁਸ਼ੀ ਨਾਲ ਜੁੜੀਆਂ ਹੋਰ ਥਾਵਾਂ ਦੀ ਮਿਲੀਆਂ

March 29, 2011 | By

ਚੰਡੀਗੜ੍ਹ (29 ਮਾਰਚ, 2011): ਹਰਿਆਣਾ ਦੇ ਪਟੌਦੀ ਇਲਾਕੇ ਵਿਚ ਸਿੱਖ ਨਸਲਕੁਸ਼ੀ ਦੀਆਂ ਹੋਰ ਘਟਨਾਵਾਂ ਤੇ ਥਾਵਾਂ ਦਾ ਪਤਾ ਲਗਾ ਹੈ ਜਿੱਥੇ ਨਵੰਬਰ 1984 ਵਿਚ ਕਈ ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਸਿੱਖ ਹਮਲਾਵਰਾਂ ਤੋਂ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਹਿੰਸਕ ਕਾਤਲਾਂ ਵੱਲੋਂ ਘੇਰ ਕੇ ਮਾਰੇ ਗਏ ਸਨ।

ਉਕਤ ਖੁਲਾਸਾ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਪਟੌਦੀ, ਗੁੜਗਾਵਾਂ ਵਿਚ ਵਾਪਰੇ ਇਨ੍ਹਾਂ ਕਤਲੇਆਮਾਂ ਬਾਰੇ ਕਈ ਗਵਾਹਾਂ ਤੇ ਪੀੜਤਾਂ ਦਾ ਪਤਾ ਲੱਗ ਚੁੱਕਾ ਹੈ। ਸੰਸਥਾ ਨੇ ਜਾਣਕਾਰੀ ਦਿੱਤੀ ਹੈ ਕਿ ਨਵੰਬਰ 1984 ਤੋਂ ਛੇਤੀ ਬਾਅਦ ਲਈਆਂ ਗਈਆਂ ਤਸਵੀਰਾਂ ਵੀ ਮਿਲੀਆਂ ਹਨ ਜੋ ਇਨ੍ਹਾਂ ਘਟਨਾਵਾਂ ਦੀ ਭਿਆਨਕਤਾ ਦੀ ਦੱਸ ਪਾਉਂਦੀਆਂ ਹਨ।

ਫੈਡਰੇਸ਼ਨ ਦੇ ਮੀਡੀਆ ਸਲਾਹਕਾਰ ਗੁਰਪਿਆਰ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ “ਇਸ ਥਾਂ ’ਤੇ ਹਮਲਾਵਰਾਂ ਤੋਂ ਬਚੇ ਕਈ ਸਿਖਾਂ ਨੂੰ ਬਾਅਦ ਵਿਚ ਘੇਰਿਆ ਗਿਆ ਤੇ ਉਨ੍ਹਾਂ ਦੇ ਟੁਕੜੇ ਟੁਕੜੇ ਕਰਕੇ ਤੇ ਸਾੜ ਦਿੱਤਾ ਗਿਆ। ਜਦ ਕਿ ਹਮਲਾਵਰ ਬਲਦੇ ਹੋਏ ਸਿਖਾਂ ਦੇ ਸਿਵਿਆਂ ਦੁਆਲੇ ਨਾਚ ਕਰਦੇ ਨਾਅਰੇ ਲਗਾ ਰਹੇ ਸੀ ਕਿ ‘ਖੂਨ ਕਾ ਬਦਲਾ ਖੂਨ ਲੀਆ-ਪਾਪ ਨਹੀਂ ਕੀਆ’।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਰਜਿੰਦਰਾ ਪਾਰਕ, ਬਲਾਕ ਏ 60, ਬਲਾਕ 52, ਜੈਕਬਪੁਰਾ ਤੇ ਬਾਦਸ਼ਾਹਪੁਰ, ਗੁੜਗਾਓਂ ਹਰਿਆਣਾ ਵਿਚ ਖੂਨ ਦੇ ਧੱਬਿਆਂ ਵਾਲੀ ਇਕ ਆਟਾ ਮਿਲ ਤੇ ਇਮਾਰਤਾਂ ਦੇ ਖੰਡਰਾਂ ਦਾ ਪਤਾ ਲਗਾਇਆ ਹੈ ਜਿੱਥੇ 1 ਤੇ 2 ਨਵੰਬਰ 1984 ਨੂੰ ਵੱਡੀ ਗਿਣਤੀ ਵਿਚ ਸਿਖਾਂ ਨੂੰ ਮਾਰ ਦਿੱਤਾ ਗਿਆ ਸੀ।

ਸਭ ਤੋਂ ਵਹਿਸ਼ੀਆਨਾ ਘਟਨਾ ਰੇਲਵੇ ਸਟੇਸ਼ਨ ਗੁੜਗਾਓਂ ਨੇੜੇ ਰਜਿੰਦਰਾ ਪਾਰਕ ਦੇ ਬਲਾਕ ਏ 60 ਦੀ ਹੈ ਜਿੱਥੇ ਕਈ ਸਿਖਾਂ ਨੂੰ ਆਟਾ ਮਿਲ ਵਿਚ ਜਿਊਂਦੇ ਪੀਸ ਦਿੱਤਾ ਗਿਆ ਸੀ। ਇਕ ਚਸ਼ਮਦੀਦ ਗਵਾਹ ਅਨੁਸਾਰ ਸਵਰਨ ਕੌਰ ਨਾਂਅ ਦੀ ਇਕ ਔਰਤ ਦੇ ਪਹਿਲਾਂ ਟੁਕੜੇ ਟੁਕੜੇ ਕੀਤੇ ਗਏ ਫਿਰ ਉਸ ਨੂੰ ਆਟਾ ਮਿਲ ਵਿਚ ਪੀਸ ਦਿੱਤਾ ਗਿਆ। ਇਹ ਆਟਾ ਮਿਲ ਉਦੋਂ ਤੋਂ ਹੀ ਬੰਦ ਪਈ ਹੈ ਤੇ ਸਿਖਾਂ ਦੇ ਵਹਿਸ਼ੀਆਨਾ ਕਤਲ ਦੀ ਅੱਜ ਵੀ ਗਵਾਹੀ ਭਰਦੀ ਹੈ ਤੇ ਇਸ ’ਤੇ ਖੂਨ ਦੇ ਨਿਸ਼ਾਨ ਮੌਜੂਦ ਹਨ।

26 ਸਾਲਾਂ ਬਾਅਦ ਹਰਿਆਣਾ ਦੇ ਹੋਂਦ ਚਿੱਲੜ ਵਿਖੇ ਸਿਖਾਂ ਦੇ ਘਰਾਂ, ਗੁਰਦੁਆਰਾ ਦੇ ਖੰਡਰਾਂ ਤੇ ਮਨੁੱਖੀ ਅੰਗਾਂ ਦੇ ਮਿਲਣ ਤੋਂ ਬਾਅਦ ਨਵੰਬਰ 1984 ਵਿਚ ਸਿਖਾਂ ਤੇ ਹੋਏ ਹਮਲਿਆਂ ਤੇ ਕਤਲ ਦੀ ਇਹ ਤਾਜ਼ਾ ਦਾਸਤਾਨ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,