ਵਿਦੇਸ਼

ਸਿੱਖ ਨਸਲਕੁਸ਼ੀ 1984 ਬਾਰੇ ਮੈਲਬੌਰਨ ਵਿੱਚ ਇਨਸਾਫ ਮਾਰਚ ਨੂੰ ਭਰਵਾਂ ਹੁੰਗਾਰਾ

November 8, 2010 | By

ਮੈਲਬਰਨ (6 ਨਵੰਬਰ, 2010 – ਤੇਜਸ਼ਦੀਪ ਸਿੰਘ ਅਜਨੌਦਾ): ਸਿੱਖ ਫੈਡਰੇਸ਼ਨ ਆਫ਼ ਆਸਟਰੇਲੀਆ ਵੱਲੋਂ ਸ਼ਹਿਰ ਵਿਚ ਸਿੱਖ ਨਸਲਕੁਸ਼ੀ ਯਾਦਗਾਰੀ ਤੇ ਇਨਸਾਫ਼ ਮਾਰਚ ਕੱਢਿਆ ਗਿਆ ਜਿਸ ਵਿਚ ਸਿਡਨੀ, ਐਡੀਲੇਡ, ਬ੍ਰਿਸਬੇਨ, ਸ਼ੈਪਰਟਨ ਤੋਂ ਆਏ ਸਿੱਖਾਂ ਨੇ ਸ਼ਮੂਲੀਅਤ ਕੀਤੀ। ਸਟੇਟ ਲਾਇਬਰੇਰੀ ਤੋਂ ਅਰਦਾਸ ਕਰਨ ਮਗਰੋਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਇਹ ਮਾਰਚ ਸ਼ਹਿਰ ਦੇ ਵਿਚਕਾਰ ਦੀ ਹੁੰਦਾ ਹੋਇਆ ਨੇੜਲੇ ਮੈਦਾਨ ‘ਬਿਰਾਰੰਗ ਮੌਰ’ ਤਕ ਪਹੁੰਚਿਆ ਜਿੱਥੇ 1984 ਵਿਚ ਦਿੱਲੀ ਰਹਿ ਰਹੇ ਸਿੱਖਾਂ ਨੇ ਆਪਣਾ ਦੁੱਖ ਸਾਂਝਾ ਕੀਤਾ। ਇਨ੍ਹਾਂ ਵਿਚੋਂ ਇਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਲੁਕ ਕੇ ਜਾਨ ਬਚਾਈ। ਮੀਡੀਆ ਦੇ ਇਕ ਹਿੱਸੇ ਨੇ ਜ਼ਿੰਮੇਵਾਰ ਧਿਰ ਹੋਣ ਦੀ ਬਜਾਏ ਦੇਸ਼ ਦੇ ਲੋਕਾਂ ਨੂੰ ਸਿੱਖਾਂ ਵਿਰੁੱਧ ਉਕਸਾਇਆ ਜੋ ਕਿ ਸ਼ਰਮਨਾਕ ਵਤੀਰਾ ਸੀ। ਇਸ ਮੌਕੇ ਬਜ਼ੁਰਗ ਸਿੱਖ ਕੰਵਰਜੀਤ ਸਿੰਘ ਨੇ ਕਿਹਾ, ‘‘ਜਿਨ੍ਹਾਂ ਨੂੰ ਅਸੀਂ ਸਦੀਆਂ ਤੋਂ ਆਪਣਾ ਸਮਝਦੇ ਰਹੇ, ਉਨ੍ਹਾਂ ਹੀ ਧੋਖਾ ਦਿੱਤਾ। ਹੁਣ ਇਨਸਾਫ ਉਡੀਕਦੇ ਮੇਰੇ ਵਰਗੇ ਤਾਂ ਕਈ ਮਰ-ਮੁੱਕ ਵੀ ਗਏ ਹਨ ਤੇ ਸ਼ਾਇਦ ਇਨਸਾਫ਼ ਦੀ ਆਸ ਵੀ ਸਾਡਾ ਭੁਲੇਖਾ ਹੀ ਹੈ।’ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਨਵੰਬਰ 1984 ਦੌਰਾਨ ਰਾਜਧਾਨੀ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਕਤਲ ਕੀਤੇ ਗਏ ਹਜ਼ਾਰਾਂ ਸਿੱਖਾਂ ਦੀ ਯਾਦ ਵਿੱਚ 6 ਨਵੰਬਰ 2010 ਦਾ ਦਿਨ ‘ਸਿੱਖ ਨਸਲਕੁਸ਼ੀ ਦਿਹਾੜੇ’ ਵਜੋਂ ਮਨਾ ਕੇ ਆਸਟ੍ਰੇਲੀਆ ਦੇ ਬਹੁਕੌਮੀ ਭਾਈਚਾਰੇ ਨੂੰ ‘ਸਿੱਖ ਨਲਸਕੁਸ਼ੀ 1984’ ਦੇ ਸੱਚ ਤੋਂ ਜਾਣੂ ਕਰਵਾਇਆ। ਅੱਜ ਦਾ ਯਾਦਗਾਰੀ ਮਾਰਚ ਸਵੇਰੇ 11 ਵਜੇ ਸਟੇਟ ਲਾਇਬ੍ਰੇਰੀ ਤੋਂ ਸ਼ੁਰੂ ਹੋ ਕੇ ‘ਬਿਰਾਰੰਗ ਮਾੱਰ, ਫੈਡਰੇਸ਼ਨ ਸਕੇਅਰ ਤਕ ਪਹੁੰਚਿਆ, ਜਿੱਥੇ ਵੱਖ-ਵੱਖ ਭਾਈਚਾਰਿਆਂ ਦੇ ਬੁਲਾਰਿਆਂ ਅਤੇ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੌਮਾਂਤਰੀ ਭਾਈਚਾਰੇ ਨੂੰ ਸਿੱਖ ਨਸਲਕੁਸ਼ੀ ਦੇ ਮੁਜ਼ਰਮਾਂ ਖਿਲਾਫ ਢੁਕਵੀਂ ਕਾਰਵਾਈ ਯਕੀਨੀ ਬਣਾਉਣ ਦੀ ਪੁਰਜ਼ੋਰ ਬੇਨਤੀ ਕੀਤੀ।

ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਦੀ ਮੈਲਬਰਨ ਇਕਾਈ ਦੇ ਪ੍ਰਧਾਨ ਸ੍ਰ. ਜਸਪ੍ਰੀਤ ਸਿੰਘ ਨੇ ਕਿਹਾ ਕਿ ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਬੜੇ ਜਥੇਬੰਦ ਅਤੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ ਅਤੇ ਇਸ ਤੱਥ ਹੀ ਹਾਮੀ ਇਸ ਕਤਲੇਆਮ ਬਾਰੇ ਜਾਰੀ ਹਰ ਨਿਰਪੱਖ ਰਿਪੋਰਟ ਨੇ ਭਰੀ ਹੈ।ਭਾਰਤ ਸਰਕਾਰ ਅਤੇ ਮੀਡੀਆ ਨੇ ਇਨ੍ਹਾਂ ਘਟਨਾਵਾਂ ਨੂੰ ‘ਦਿੱਲੀ ਦੰਗਿਆਂ’ ਦਾ ਨਾਂ ਦੇ ਕੇ ਸੱਚ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਨਵੰਬਰ 1984 ਵਿੱਚ ਹੋਇਆ ਕਤਲੇਆਮ ‘ਦੰਗੇ’ ਨਹੀਂ ‘ਨਸਲਕੁਸ਼ੀ’ ਸੀ, ਤੇ ਇਸ ਤੱਥ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਲਈ ਸਾਂਝੇ ਯਤਨ ਅੱਜ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਕੋਮਾਂਤਰੀ ਪਧੱਰ ਤੇ ਸ਼ੁਰੂ ਹੋਈ ਇਸ ਇਂਨਸਾਫ ਲਹਿਰ ਦੀ ਅੱਜ ਆਸਟ੍ਰੇਲੀਆ ਤੋਂ ਰਸਮੀ ਸ਼ੁਰੂਆਤ ਹੋਈ ਹੈ ਜਿਸ ਬਾਰੇ ਭਵਿੱਖ ਵਿੱਚ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਨੁਮਾਂਇਦੇ ਆਸਟ੍ਰੇਲੀਅਨ ਵਿਦੇਸ਼ ਵਿਭਾਗ ਅਤੇ ਸਂਯੁਕਤ ਰਾਸ਼ਟਰ ਦੇ ਪ੍ਰਤਿਨਿਧਾਂ ਦੇ ਨਾਲ ਇਸ ਗੰਭੀਰ ਮਸਲੇ ਨੂੰ ਵਿਚਾਰਨਗੇ ਤਾਂ ਜੋ ਭਾਰਤ ਸਰਕਾਰ ਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਦਬਾ ਬਣਾਇਆ ਜਾ ਸਕੇ ।

ਇਸ ਮੌਕੇ ਤੇ ਬੋਲਦਿਆਂ ਸਰਵਰੀਂਦਰ ਸਿੰਘ ਨੇ ਨਵੰਬਰ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਜਾਣ-ਬੁੱਝ ਕੇ ਇਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੌੰਮਾਂਤਰੀ ਧਿਰਾਂ ਅਤੇ ਨਿਆਂ-ਪਸੰਦ ਮੁਲਕਾਂ ਨੂੰ ਭਾਰਤ ਉੱਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ ਤੇ ਜੇਕਰ ਭਾਰਤ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਦੋਸ਼ੀਆਂ ਖਿਲਾਫ ਕੌਮਾਂਤਰੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਫੈਡਰੇਸ਼ਨ ਦੇ ਜਨਰਲ ਸਕੱਤਰ ਸ. ਹਰਕੀਰਤ ਸਿੰਘ ਅਜਨੋਹਾ ਨੇ ਕਿਹਾ ਕਿ ਭਾਰਤ ਵਿੱਚ ਸੰਘਰਸ਼ਸ਼ੀਲ ਕੌਮਾਂ ਖਿਲਾਫ ਨਸਲਕੁਸ਼ੀ ਦਾ ਲੁਕਵਾਂ ਅਮਲ ਅੱਜ ਵੀ ਜਾਰੀ ਹੈ ਜਿਸ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਜੱਦੀ-ਪੁਸ਼ਤੀ ਟਿਕਾਣਿਆਂ ਤੋਂ ਉਜਾੜਿਆ ਜਾ ਰਿਹਾ ਹੈ, ਉਨ੍ਹਾਂ ਦੀ ਭਾਸ਼ਾ ਖਤਮ ਕੀਤੀ ਜਾ ਰਹੀ ਹੈ, ਸਭਿਆਚਾਰ ਵਿਗਾੜਿਆ ਜਾ ਰਿਹਾ ਹੈ ਅਤੇ ਲੋਕਾਂ ਦੇ ਕੁਦਰਤੀ ਵਸੀਲੇ ਜਬਰੀ ਖੋਜੇ ਜਾ ਰਹੇ ਹਨ, ਜਿਸ ਦਾ ਕੌਮਾਂਤਰੀ ਭਾਈਚਾਰੇ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ।

ਇਸ ਮੌਕੇ ਤੇ ਤੁਰਕੀ ਦੇ ਕੁਰਦ ਭਾਈਚਾਰੇ ਦੇ ਨੁਮਾਂਇਦਿਆਂ ਤੋਂ ਇਲਾਵਾ ਸਿੱਖ ਨਸਲਕੁਸ਼ੀ ਦੇ ਪਿੜਤ ਅਤੇ ਚਸ਼ਮਦੀਦ ਗਵਾਹਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।

ਇਸ ਮੌਕੇ ਕੁਰਦਿਸ਼ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਪਸੀ ਏਕਤਾ ਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨਾਲ ਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ। ਇਸ ਨਸਲਕੁਸ਼ੀ ਦੀ ਪੀੜ ਵਿਚ ਕੁਰਦਿਸ਼ ਭਾਈਚਾਰਾ ਵੀ ਸਿੱਖਾਂ ਨਾਲ ਸ਼ਾਮਲ ਹੈ।

ਫੈਡਰੇਸ਼ਨ ਦੀ ਮੈਲਬਰਨ ਇਕਾਈ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਆਸਟਰੇਲਿਆਈ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਉਪਰ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਦਬਾਅ ਬਣਾਵੇ। ਅਰਦਾਸ ਨਾਲ ਮਾਰਚ ਦੀ ਸਮਾਪਤੀ ਹੋਈ। ਇਸ ਮਾਰਚ ਨੂੰ ਸਰਬਰਿੰਦਰ ਸਿੰਘ ਰੂਮੀ, ਹਰਕੀਰਤ ਸਿੰਘ ਅਜਨੋਹਾ ਅਤੇ ਦਯਾਜੋਤ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਅਜੀਤ ਸਿੰਘ, ਗੁਰਬਖਸ਼ ਸਿੰਘ ਬੈਂਸ, ਤਿਰਲੋਕ ਸਿੰਘ , ਰਣਜੀਤ ਸਿੰਘ ਸ਼ੇਰਗਿੱਲ, ਗੁਰਤੇਜ ਸਿੰਘ, ਸੁਖਰਾਜ ਸਿੰਘ ਸੰਧੂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,