May 1, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਬੀਤੇਂ ਦਿਨੀਂ ਸਿੱਖ ਜਥਾ ਮਾਲਵਾ ਵੱਲੋਂ ਬਡਰੁੱਖਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (ਬਡਰੁੱਖਾਂ) ਵਿਖੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ੨੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਸਮਾਗਮ ਦੌਰਾਨ ਪ੍ਰਸਿੱਧ ਢਾਡੀ ਜਥਾ ਭਾਈ ਬਲਦੇਵ ਸਿੰਘ ਲੋਂਗੋਵਾਲ ਜੀ ਵੱਲੋਂ ਸੰਗਤਾਂ ਨੂੰ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਪ੍ਰਸੰਗ ਸੁਣਾਇਆ
ਪ੍ਰੋ. ਅਮਨਪ੍ਰੀਤ ਸਿੰਘ ਜੀ ਨੇ ਅਕਾਲੀ ਕੌਣ ਹੁੰਦਾ ਹੈ ਦੇ ਨਾਲ ਗੁਰਮਤੇ ਦੇ ਸਿਧਾਂਤ ਬਾਰੇ ਕਾਫੀ ਵਿਸਥਾਰ ‘ਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਭਾਈ ਗੁਰਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਗੁਰਬਾਣੀ ਸੰਥਿਆਂ ਸਬੰਧੀ ਚੱਲ ਰਹੇ ਕਾਰਜਾਂ ਦੀ ਸਲਾਘਾ ਕੀਤੀ ਅਤੇ ਗੁਰੂ ਦੇ ਅਦਬ ਸਤਿਕਾਰ ਸਬੰਧੀ ਸਾਡੀਆਂ ਬਣਦੀਆਂ ਜਿੰਮੇਵਾਰੀਆਂ ਤੋੰ ਸੰਗਤਾਂ ਨੂੰ ਜਾਣੂ ਕਰਵਾਇਆ।
ਭਾਈ ਮਲਕੀਤ ਸਿੰਘ ਨੇ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਮਹੱਤਤਾ ਬਾਬਤ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ।
ਸਿੱਖ ਜਥਾ ਮਾਲਵਾ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਵਿੱਚ ਲਿਖੇ ਗੁਰਦੁਆਰਾ ਸਾਹਿਬ ਕੀ ਹੈ ਦਾ ਚਿੰਨ੍ਹ ਗੁਰਦੁਆਰਾ ਸਾਹਿਬ ਨੂੰ ਭੇਟ ਕੀਤਾ ਗਿਆ।
ਸਮਾਗਮ ਵਿੱਚ ਪਿੰਡ ਦੀ ਸੰਗਤ ਦੇ ਨਾਲ-ਨਾਲ ਬੱਚਿਆਂ ਨੇ ਵੀ ਵਧ ਚੜ ਕੇ ਹਾਜਰੀ ਭਰੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ। ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਨੌਜਵਾਨਾਂ ਨੇ ਹੱਥੀੰ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਭਾਈ ਮਨਜੀਤ ਸਿੰਘ (ਗ੍ਰੰਥੀ ਸਿੰਘ), ਭਾਈ ਅਮਰਜੀਤ ਸਿੰਘ ਬਡਰੁੱਖਾਂ, ਭਾਈ ਸਤਪਾਲ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਧੰਨਾ ਸਿੰਘ ਉਭਾਵਾਲ, ਭਾਈ ਇੰਦਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।
Related Topics: Akali Phula Singh ji, Shaheedi Samagam, Sikh Jatha Malwa