ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਮੱਕੜ ਜੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਓ: ਮਾਨ

March 31, 2016 | By

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇੱਕ ਯਾਦ ਪੱਤਰ ਲਿਖਿਆ ਹੈ। ਉਸ ਯਾਦ ਪੱਤਰ ਦੀ ਨਕਲ ਅਸੀਂ ਤੁਹਾਡੇ ਨਾਲ ਹੇਠ ਸਾਂਝੀ ਕਰ ਰਹੇ ਹਾਂ।

ਯਾਦ-ਪੱਤਰ

ਵੱਲੋਂ: ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਵੱਲ: ਸ. ਅਵਤਾਰ ਸਿੰਘ ਮੱਕੜ,
ਪ੍ਰਧਾਨ,
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ।

ਸਅਦਅ/5001/2016 31 ਮਾਰਚ 2016

ਵਿਸ਼ਾ: ਸਿੱਖ ਕੌਮ ਦੇ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਸੰਸਥਾ ਦੀ ਸਹੀ ਦਿਸ਼ਾ ਵੱਲ ਲੰਮੇਂ ਸਮੇਂ ਤੋਂ ਵਰਤੋਂ ਨਾ ਹੋਣ ਸੰਬੰਧੀ ਅਤੇ ਗੈਰ-ਸਿਧਾਤਿਕ ਕਾਰਵਾਈਆ ਨੂੰ ਬੰਦ ਕਰਨ ਸੰਬੰਧੀ ।

ਸ੍ਰੀਮਾਨ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. 1925 ਦੇ ਗੁਰਦੁਆਰਾ ਐਕਟ ਰਾਹੀ ਹੋਦ ਵਿਚ ਆਈ ਸੀ । ਜਿਸ ਦਾ ਮੁੱਖ ਮਕਸਦ ਸਿੱਖ ਧਰਮ, ਸਿਧਾਤਾਂ, ਸੋਚ ਨੂੰ ਸਿੱਖ ਕੌਮ ਨਾਲ ਸੰਬੰਧਤ ਹਰ ਘਰ ਅਤੇ ਪ੍ਰਾਣੀ ਤੱਕ ਪ੍ਰਚਾਰ ਦੇ ਰਾਹੀ ਪਹੁੰਚਾਉਣ ਦੀ ਮੁੱਖ ਜਿੰਮੇਵਾਰੀ ਦੇ ਨਾਲ-ਨਾਲ ਇਤਿਹਾਸਿਕ ਗੁਰੂਘਰਾਂ ਦੇ ਪ੍ਰਬੰਧ ਵਿਚ ਪੂਰੀ ਪਾਰਦਰਸਤੀ ਰਾਹੀ ਨਿਜਾਮ ਚਲਾਉਣ ਅਤੇ ਸਿੱਖ ਧਰਮ ਦਾ ਦੂਸਰੇ ਧਰਮਾਂ ਅਤੇ ਕੌਮਾਂ ਵਿਚ ਪ੍ਰਚਾਰ ਕਰਨ ਦੀ ਸੀ । ਪਰ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਆਪਣੀ ਧਰਮ ਪ੍ਰਚਾਰ ਵਾਲੀ ਜਿੰਮੇਵਾਰੀ ਨੂੰ ਤਾਂ ਇਮਾਨਦਾਰੀ ਅਤੇ ਸੰਜ਼ੀਦਗੀ ਨਾਲ ਪੂਰਾ ਤਾਂ ਕੀ ਕਰਨਾ ਸੀ, ਬਲਕਿ ਗੁਰੂਘਰਾਂ ਦੀਆਂ ਗੋਲਕਾਂ, ਜ਼ਾਇਦਾਦਾਂ ਤੇ ਹੋਰ ਸਾਧਨਾਂ ਦੀ ਲੰਮੇ ਸਮੇਂ ਤੋਂ ਦੁਰਵਰਤੋ ਹੋਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਪ੍ਰਬੰਧ ਵਿਚ ਵੱਡੀਆਂ ਤਰੁਟੀਆ ਆ ਚੁੱਕੀਆਂ ਹਨ । ਜਿਸ ਨਾਲ ਸਿੱਖ ਧਰਮ ਤੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਕਾਫੀ ਡੂੰਘੀ ਠੇਸ ਪਹੁੰਚਦੀ ਆ ਰਹੀ ਹੈ ।

1909 ਦਾ ਆਨੰਦ ਮੈਰਿਜ ਐਕਟ ਜਿਸ ਰਾਹੀ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਕੌਮਾਂਤਰੀ ਪੱਧਰ ਤੇ ਕਾਇਮ ਹੋਣ ਦੇ ਨਾਲ-ਨਾਲ ਸਿੱਖਾਂ ਦੀਆਂ ਸ਼ਾਦੀਆਂ ਹਿੰਦੂ ਮੈਰਿਜ ਐਕਟ ਦੇ ਅਧੀਨ ਨਾ ਹੋ ਕੇ ਆਨੰਦ ਮੈਰਿਜ ਐਕਟ ਰਾਹੀ ਹੋਣ ਦਾ ਪ੍ਰਬੰਧ ਹੋਣਾ ਸੀ, ਉਸਦੀ ਜਿੰਮੇਵਾਰੀ ਵੀ ਸਿੱਖ ਕੌਮ ਦੀ ਇਸ ਧਾਰਮਿਕ ਸੰਸਥਾ ਵੱਲੋਂ ਹਾਊਸ ਵਿਚ ਮਤਾ ਰੱਖਕੇ 1909 ਦੇ ਆਨੰਦ ਮੈਰਿਜ ਐਕਟ ਨੂੰ ਪਾਸ ਨਾ ਕਰਨਾ ਅਤਿ ਦੁੱਖਦਾਇਕ ਅਤੇ ਹਿੰਦੂਤਵ ਸੋਚ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਨ ਵਾਲਾ ਹੈ । ਫਿਰ ਸ. ਬਲਵੰਤ ਸਿੰਘ ਕੁੱਕੜ ਵੱਲੋਂ ਐਸ.ਜੀ.ਪੀ.ਸੀ. ਦੇ ਹਾਊਸ ਵਿਚ ਖ਼ਾਲਿਸਤਾਨ ਦਾ ਮਤਾ ਰੱਖਕੇ ਪਾਸ ਕਰਵਾਇਆ ਗਿਆ ਸੀ । ਉਸ ਸੰਬੰਧੀ ਐਸ.ਜੀ.ਪੀ.ਸੀ. ਦੀ ਸੰਸਥਾ ਨੇ ਕੋਈ ਵੀ ਦ੍ਰਿੜਤਾ ਪੂਰਵਕ ਤੇ ਇਮਾਨਦਾਰੀ ਨਾਲ ਅਮਲ ਨਾ ਕੀਤਾ । ਫਿਰ 1984 ਵਿਚ ਜਦੋਂ ਹਿੰਦ ਫੌ਼ਜਾ ਨੇ ਰੂਸ ਤੇ ਬਰਤਾਨੀਆ ਦੀ ਫ਼ੌਜੀ ਮਦਦ ਨਾਲ ਸ੍ਰੀ ਦਰਬਾਰ ਸਾਹਿਬ ਤੇ ਫੌ਼ਜੀ ਹਮਲਾ ਕੀਤਾ, ਤਾਂ ਉਸ ਸਮੇਂ ਜੋ ਫ਼ੌਜ ਸਿੱਖ ਰੈਫਰੈਸ ਲਾਇਬ੍ਰੇਰੀ ਵਿਚੋਂ ਅਮੁੱਲ ਦੁਰਲੱਭ ਕਿਤਾਬਾਂ ਅਤੇ ਸਿੱਖ ਸਹਿਤ ਅਤੇ ਤੋਸਾਖਾਨੇ ਦਾ ਬੇਸ਼ਕੀਮਤੀ ਸਮਾਨ ਲੁੱਟ ਕੇ ਲੈ ਗਈ ਸੀ, ਉਹ ਅੱਜ ਤੱਕ ਸਿੱਖ ਕੌਮ ਦਾ ਅਮੁੱਲ ਸਰਮਾਇਆ ਹਿੰਦ ਹਕੂਮਤ ਅਤੇ ਹਿੰਦ ਫ਼ੌਜ ਤੋਂ ਵਾਪਿਸ ਲੈਣ ਦੀ ਵੀ ਜਿੰਮੇਵਾਰੀ ਪੂਰਨ ਨਹੀਂ ਕਰ ਸਕੀ ।

ਬਹੁਤ ਲੰਮੇ ਸਮੇਂ ਤੋਂ ਜੋ ਕੌਮੀ ਸਰਧਾ ਨਾਲ ਗੁਰੂਘਰਾਂ ਵਿਚ ਗੋਲਕਾਂ ਦੇ ਚੜ੍ਹਾਵੇ ਦੀ ਵੱਡੀ ਰਕਮ, ਗੁਰੂਘਰਾਂ ਦੀਆਂ ਜ਼ਾਇਦਾਦਾਂ ਤੇ ਗੁਰੂਘਰਾਂ ਦੇ ਸਾਧਨਾਂ ਦੀ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਦੁਰਵਰਤੋਂ ਹੁੰਦੀ ਆ ਰਹੀ ਹੈ । ਗੁਰੂਘਰਾਂ ਦੇ ਨਾਮ ਲੱਗੀਆਂ ਜ਼ਮੀਨਾਂ-ਜ਼ਾਇਦਾਦਾਂ ਨੂੰ ਨਿੱਜੀ ਨਾਮਾਂ ਦੇ ਟਰੱਸਟਾਂ ਦੇ ਅਧੀਨ ਕਰਕੇ ਕੁਝ ਕੁ ਹੀ ਗਿਣਤੀ ਦੇ ਸਿਆਸਤਦਾਨਾਂ ਨੂੰ ਮਾਲੀ ਤੌਰ ਤੇ ਹੋਰ ਮਜ਼ਬੂਤ ਕੀਤਾ ਜਾਂਦਾ ਆ ਰਿਹਾ ਹੈ । ਜੋ ਕਿ ਗੁਰੂਘਰਾਂ ਦੇ ਖਜ਼ਾਨੇ ਦੀ ਅਤੇ ਜ਼ਾਇਦਾਦਾਂ ਦੀ ਸਿੱਧੀ ਲੁੱਟ ਹੋ ਰਹੀ ਹੈ । ਜਿਨ੍ਹਾਂ ਧਰਮੀ ਫੌ਼ਜੀਆਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਤੇ 1984 ਵਿਚ ਆਪਣੀਆ ਬੈਰਕਾਂ ਛੱਡਕੇ ਹਿੰਦੂਤਵ ਹੁਕਮਰਾਨਾਂ ਵਿਰੁੱਧ ਬ਼ਗਾਵਤ ਕੀਤੀ ਸੀ ਅਤੇ ਉਹਨਾਂ ਧਰਮੀ ਫ਼ੌਜੀਆਂ ਨੂੰ ਐਸ.ਜੀ.ਪੀ.ਸੀ. ਨੇ ਕੌਮੀ ਖਜ਼ਾਨੇ ਵਿਚੋਂ ਮਾਇਕ ਮਦਦ ਦੇਣ ਦਾ ਬਚਨ ਕੀਤਾ ਸੀ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਨੂੰ ਐਸ.ਜੀ.ਪੀ.ਸੀ. ਦੀ ਸੰਸਥਾ ਵਿਚ ਸੇਵਾ ਤੇ ਲਗਾਕੇ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ, ਉਹ ਐਸ.ਜੀ.ਪੀ.ਸੀ. ਪੂਰਨ ਨਹੀਂ ਕਰ ਸਕੀ । ਜੋ ਕਿ ਧਰਮੀ ਫ਼ੌਜੀਆਂ ਨਾਲ ਐਸ.ਜੀ.ਪੀ.ਸੀ. ਦੀ ਸਿੱਖ ਕੌਮ ਦੀ ਧਾਰਮਿਕ ਸੰਸਥਾ ਵੱਲੋਂ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ । ਜੋ ਕਿ ਸਰਾਸਰ ਧਰਮੀ ਸਿਧਾਤਾਂ, ਅਸੂਲਾਂ ਨੂੰ ਪਿੱਠ ਦੇਣ ਦੇ ਤੁੱਲ ਅਮਲ ਹਨ ।

ਫਿਰ ਐਸ.ਜੀ.ਪੀ.ਸੀ. ਦੇ ਅਧੀਨ ਆਉਦੇ ਗੁਰੂਘਰਾਂ ਵਿਚ ਬਣਨ ਵਾਲੀ ਦੇਗ ਲਈ ਜੋ ਦੇਸ਼ੀ ਘੀ ਦੇ ਪੀਪਿਆ ਦੀ ਖ਼ਰੀਦੋ-ਫਰੋਖਤ ਹੁੰਦੀ ਹੈ, ਸਿਰਪਾਓ ਦੀ ਖ਼ਰੀਦ ਹੁੰਦੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਚੜ੍ਹਨ ਵਾਲੇ ਚੰਦੋਆ ਸਾਹਿਬ ਦੀ ਖ਼ਰੀਦੋ-ਫਰੋਖਤ ਸਮੇਂ ਵੱਡੇ ਪੱਧਰ ਤੇ ਕੌਮੀ ਖਜ਼ਾਨੇ ਵਿਚ ਲੁੱਟ ਕੀਤੀ ਜਾਂਦੀ ਆ ਰਹੀ ਹੈ, ਇਹ ਕੌਮੀ ਖਜ਼ਾਨੇ ਦੀ ਬੇਰਹਿੰਮੀ ਨਾਲ ਦੁਰਵਰਤੋ ਕਰਨ ਵਾਲੇ ਅਸਹਿ ਅਮਲ ਹਨ । ਇਸੇ ਤਰ੍ਹਾਂ ਜਦੋਂ ਵੀ ਅਸੈਬਲੀ ਜਾਂ ਪਾਰਲੀਮੈਟ ਚੋਣਾਂ ਹੁੰਦੀਆਂ ਹਨ, ਤਾਂ ਐਸ.ਜੀ.ਪੀ.ਸੀ. ਦੇ ਕੇਵਲ ਖਜ਼ਾਨੇ ਦੀ ਹੀ ਨਹੀਂ, ਬਲਕਿ ਵਹੀਕਲਜ਼, ਮੁਲਾਜ਼ਮਾਂ ਦੀ ਇਹਨਾਂ ਸਿਆਸੀ ਚੋਣਾਂ ਲਈ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਦੁਰਵਰਤੋ ਵੀ ਗੈਰ-ਧਾਰਮਿਕ ਦੁੱਖਦਾਇਕ ਅਮਲ ਹਨ ।

ਫਿਰ ਜਦੋਂ ਬਿਆਸ ਦੇ ਨਜ਼ਦੀਕ ਵੜੈਚ ਪਿੰਡ ਵਿਚ ਡੇਰਾ ਬਿਆਸ ਵੱਲੋਂ ਗੁਰੂਘਰ ਨੂੰ ਢਾਹਕੇ ਕਬਜਾ ਕਰ ਲਿਆ ਗਿਆ ਸੀ, ਤਾਂ ਉਸ ਸਮੇਂ ਸਿੱਖ ਕੌਮ ਦੀ ਐਸ.ਜੀ.ਪੀ.ਸੀ. ਧਾਰਮਿਕ ਸੰਸਥਾ ਵੱਲੋ ਇਸ ਵਿਰੁੱਧ ਸਟੈਂਡ ਲੈਣ ਦੀ ਬਜਾਇ ਚੁੱਪੀ ਧਾਰ ਲਈ ਗਈ ਸੀ । ਜੋ ਜਿੰਮੇਵਾਰੀਆਂ ਨੂੰ ਪੂਰਨ ਕਰਨ ਤੋਂ ਮੂੰਹ ਮੋੜਨ ਦੇ ਤੁੱਲ ਅਮਲ ਹਨ । ਜਦੋਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰ ਸਿੱਖ ਜਥੇਬੰਦੀਆਂ ਨੇ ਇਸ ਗੁਰੂਘਰ ਨੂੰ ਢਾਹੁਣ ਵਿਰੁੱਧ ਸੰਘਰਸ਼ ਕਰਕੇ ਟੇਬਲਟਾਕ ਦੇ ਵਿਧੀ-ਵਿਧਾਨ ਰਾਹੀ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕਰਕੇ ਕੇਵਲ ਸਿੱਖ ਕੌਮ ਤੇ ਡੇਰਾ ਬਿਆਸ ਦੇ ਟਕਰਾਅ ਨੂੰ ਹੀ ਨਹੀਂ ਸੀ ਟਾਲਿਆ, ਬਲਕਿ ਬਾਬਾ ਜੀ ਨਾਲ ਗੱਲਬਾਤ ਕਰਦੇ ਹੋਏ ਉਸ ਢਾਹੇ ਗਏ ਗੁਰੂਘਰ ਨੂੰ ਫਿਰ ਤੋ ਬਣਵਾਕੇ ਸੰਗਤਾਂ ਦੇ ਹਰ ਤਰ੍ਹਾਂ ਦੇ ਸਮਾਜਿਕ ਕੰਮਾਂ ਲਈ ਖੋਲ੍ਹਣ ਦੀ ਜਿੰਮੇਵਾਰੀ ਨਿਭਾਈ ਸੀ । ਉਸ ਸਮੇਂ ਵੀ ਐਸ.ਜੀ.ਪੀ.ਸੀ. ਆਪਣੀ ਜਿੰਮੇਵਾਰੀ ਤੋ ਭੱਜ ਚੁੱਕੀ ਸੀ ।

ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਕੌਮ ਦੀ ਸਰਬਉੱਚ ਅਦਾਲਤ ਹੈ, ਜਿਥੇ ਸਿੱਖ ਕੌਮ ਦੇ ਦੋਸ਼ੀਆਂ ਨੂੰ ਮੁਆਫ਼ੀ ਦੇਣ ਦੀ ਇਕ ਵਿਧੀ-ਵਿਧਾਨ ਰਾਹੀ ਰਵਾਇਤ ਤਾਂ ਹੈ, ਪਰ ਆਪ ਜੀ ਨੇ ਆਪਣੇ ਜਥੇਦਾਰਾਂ ਰਾਹੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਇਸ ਰਵਾਇਤ ਨੂੰ ਤੋੜਕੇ ਸਿੱਖ ਕੌਮ ਦੇ ਦੋਸ਼ੀ ਸਿਰਸੇ ਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਤੋ ਬਿਨ੍ਹਾਂ ਹੀ ਚਿੱਠੀ ਦੇ ਰੁਕੇ ਦੇ ਅਧਾਰ ਤੇ ਹੀ ਮੁਆਫ਼ ਕਰਵਾਉਣ ਦੀ ਕੇਵਲ ਬਜਰ ਗੁਸਤਾਖੀ ਹੀ ਨਹੀਂ ਕੀਤੀ, ਬਲਕਿ ਸਿੱਖੀ ਰਵਾਇਤਾਂ ਤੇ ਸਿਧਾਤਾਂ ਦੀ ਤੋਹੀਨ ਕਰਨ ਦੀ ਵੀ ਗੱਲ ਕੀਤੀ ਹੈ ।

ਫਿਰ ਜਦੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਅਤੇ ਉਸ ਉਪਰੰਤ ਕਈ ਸਧਾਨਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆ ਨੂੰ ਸੜਕਾਂ ਤੇ ਗਲੀਆਂ ਵਿਚ ਖਿਲਾਰਕੇ ਅਪਮਾਨ ਕੀਤਾ ਗਿਆ ਸੀ, ਤਾਂ ਆਪ ਜੀ ਵੱਲੋਂ ਐਸ.ਜੀ.ਪੀ.ਸੀ. ਦੇ ਮੁੱਖੀ ਹੋਣ ਦੇ ਨਾਤੇ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਾਹੀ ਦੋਸ਼ੀਆਂ ਦੀ ਭਾਲ ਕਰਨ ਵਿਚ ਅਤੇ ਉਹਨਾਂ ਨੂੰ 295 ਧਾਰਾ ਅਧੀਨ ਸਜ਼ਾ ਦਿਵਾਉਣ ਵਿਚ ਬਹੁਤ ਵੱਡੀ ਅਣਗਹਿਲੀ ਕੀਤੀ ਗਈ । ਉਪਰੰਤ ਸਿੱਖ ਕੌਮ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਵਿਰੁੱਧ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾ ਦਿਵਾਉਣ ਹਿੱਤ ਜਦੋਂ ਸੰਘਰਸ਼ ਸੁਰੂ ਕੀਤਾ ਤਾਂ ਬਰਗਾੜੀ ਵਿਖੇ ਸ਼ਾਤਮਈ ਰੋਸ ਪ੍ਰਗਟ ਕਰ ਰਹੇ ਸਿੱਖਾਂ ਉਤੇ ਸਰਕਾਰ ਤੇ ਪੁਲਿਸ ਨੇ ਗੋਲੀਆਂ ਚਲਾਕੇ 2 ਸਿੱਖਾਂ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਤਾਂ ਉਹਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਵੀ ਆਪਣੀ ਬਾਦਲ ਸਰਕਾਰ ਉਤੇ ਜੋਰ ਪਾ ਕੇ ਜਿੰਮੇਵਾਰੀ ਨਿਭਾਉਣ ਤੋ ਪਿੱਠ ਮੋੜ ਗਏ ।

ਸ. ਸੂਰਤ ਸਿੰਘ ਖ਼ਾਲਸਾ ਜਿਨ੍ਹਾਂ ਨੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਸੁਰੂ ਕੀਤਾ ਸੀ, ਉਹਨਾਂ ਨੂੰ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਮਜ਼ਬੂਤ ਕਰਨ ਲਈ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਦੇ ਹੋਏ ਕਿਸੇ ਤਰ੍ਹਾਂ ਦੀ ਵੀ ਮਦਦ ਦੇਣ ਤੋਂ ਅਤੇ ਇਸ ਸੰਘਰਸ਼ ਰਾਹੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਵਿਚ ਕੋਈ ਵੀ ਜਿੰਮੇਵਾਰੀ ਨਹੀਂ ਨਿਭਾ ਸਕੇ । ਜਦੋਕਿ ਐਸ.ਜੀ.ਪੀ.ਸੀ. ਜੋ ਧਰਮੀ ਅਤੇ ਇਖ਼ਲਾਕੀ ਗੁਣਾਂ ਦੀ ਪੈਰੋਕਾਰ ਹੈ ਅਤੇ ਸਿੱਖੀ ਸਿਧਾਤਾਂ ਤੇ ਸੋਚ ਉਤੇ ਚੱਲਣ ਵਾਲੀ ਸੰਸਥਾ ਹੈ, ਉਸ ਵੱਲੋਂ ਅਜਿਹੇ ਸਮੇਂ ਆਪਣੀਆਂ ਜਿੰਮੇਵਾਰੀਆਂ ਤੋਂ ਪਿੱਠ ਮੋੜਨਾ ਹੋਰ ਵੀ ਦੁੱਖਦਾਇਕ ਹੈ । ਫਿਰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਅਤੇ ਉਹਨਾਂ ਤਖ਼ਤ ਸਾਹਿਬਾਨਾਂ ਉਤੇ ਬਿਰਾਜਮਾਨ ਜਥੇਦਾਰ ਸਾਹਿਬਾਨ ਦੀ ਸਿਆਸੀ ਮੁਫ਼ਾਦਾਂ ਲਈ ਦੁਰਵਰਤੋ ਕਰਕੇ ਸਿੱਖ ਕੌਮ ਦੇ ਅਕਸ ਨੂੰ ਵੱਡੀ ਢਾਹ ਲਗਾਈ ਜਾ ਰਹੀ ਸੀ ਅਤੇ ਸਿਆਸੀ ਭਾਵਨਾਵਾਂ ਨਾਲ ਹੁਕਮਨਾਮਿਆ ਦੀ ਦੁਰਵਰਤੋ ਹੋ ਰਹੀ ਸੀ ਅਤੇ ਜਦੋ ਸਮੁੱਚੀ ਸਿੱਖ ਕੌਮ “ਸਰਬੱਤ ਖ਼ਾਲਸੇ” ਦੀ ਮੰਗ ਕਰ ਰਹੀ ਸੀ, ਉਸ ਸਮੇਂ ਜਦੋਂ ਐਸ.ਜੀ.ਪੀ.ਸੀ. ਦੀ ਸੰਸਥਾ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਹੋ ਗਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸੰਤ ਮਹਾਪੁਰਖਾ, ਸਰਬੱਤ ਖ਼ਾਲਸਾ ਜਥੇਬੰਦੀਆਂ, ਢਾਡੀਆ, ਰਾਗੀਆ, ਕਥਾਵਾਚਕਾਂ, ਕਵੀਸਰਾਂ ਆਦਿ ਦੇ ਸਹਿਯੋਗ ਨਾਲ 10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ ਸਰਬੱਤ ਖ਼ਾਲਸਾ ਸੱਦਿਆ ਗਿਆ ਤਾਂ ਆਪ ਜੀ ਨੇ ਗੁਰੂਘਰਾਂ ਦੇ ਕੌਮੀ ਖਜ਼ਾਨੇ ਦੀ ਦੁਰਵਰਤੋ ਕਰਕੇ ਕੋਈ 90 ਲੱਖ ਦੇ ਕਰੀਬ ਇਸਤਿਹਾਰ ਅਖ਼ਬਾਰਾਂ ਨੂੰ ਦੇਕੇ ਸਰਬੱਤ ਖ਼ਾਲਸਾ ਦੀ ਗੈਰ-ਸਿਧਾਤਿਕ ਤਰੀਕੇ ਵਿਰੋਧਤਾ ਹੀ ਨਹੀਂ ਕੀਤੀ, ਬਲਕਿ ਸ. ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਇਸ਼ਾਰਿਆ ਉਤੇ ਸਿੱਖ ਕੌਮ ਦੀ ਸਰਬੱਤ ਖ਼ਾਲਸਾ ਦੀ ਮਹਾਨ ਰਵਾਇਤ ਨੂੰ ਢਾਹ ਲਗਾਉਣ ਦੀ ਵੀ ਬਜਰ ਗੁਸਤਾਖੀ ਕੀਤੀ ਸੀ । ਪਰ ਇਸਦੇ ਬਾਵਜੂਦ ਵੀ 7 ਲੱਖ ਦੇ ਇਕੱਠ ਨੇ ਜੋ 13 ਸਰਬਸੰਮਤੀ ਨਾਲ ਫੈਸਲੇ ਕੀਤੇ ਹਨ, ਉਹਨਾਂ ਨੂੰ ਪ੍ਰਵਾਨ ਕਰਨ ਦੀ ਬਜਾਇ ਸਰਬੱਤ ਖ਼ਾਲਸਾ ਵੱਲੋਂ ਤਖ਼ਤ ਸਾਹਿਬਾਨਾਂ ਦੇ ਚੁਣੇ ਗਏ ਜਥੇਦਾਰ ਸਾਹਿਬਾਨ ਨੂੰ ਗੈਰ-ਕਾਨੂੰਨੀ ਅਤੇ ਗੈਰ-ਧਰਮੀ ਤਰੀਕੇ ਝੂਠੇ ਕੇਸ ਦਰਜ ਕਰਵਾਉਣ ਅਤੇ 4-4, 5-5 ਮਹੀਨਿਆ ਤੱਕ ਗ੍ਰਿਫ਼ਤਾਰ ਕਰਵਾਉਣ ਦੇ ਅਮਲ ਕਰਵਾਕੇ ਸਾਬਤ ਕਰ ਦਿੱਤਾ ਹੈ ਕਿ ਐਸ.ਜੀ.ਪੀ.ਸੀ. ਦੀ ਸੰਸਥਾ ਦੇ ਪ੍ਰਬੰਧ ਨੂੰ ਅਤੇ ਸਿੱਖ ਕੌਮ ਦੇ ਸਿਧਾਤਾਂ ਤੇ ਰਵਾਇਤਾਂ ਨੂੰ ਲਾਗੂ ਕਰਨ ਦੇ ਆਪ ਬਿਲਕੁਲ ਸਮਰੱਥ ਨਹੀਂ ਹੋ ।

ਫਿਰ ਜਦੋ ਸੁਪਰੀਮ ਕੋਰਟ ਨੇ 2004 ਵਾਲੀ ਐਸ.ਜੀ.ਪੀ.ਸੀ. ਦੀ ਅੰਤਰਿੰਗ ਕਮੇਟੀ ਨੂੰ ਕੇਵਲ ਥੋੜ੍ਹਾ-ਬਹੁਤਾਂ ਪ੍ਰਬੰਧ ਚਲਾਉਣ ਦੇ ਅਧਿਕਾਰ ਦਿੱਤੇ ਹਨ, ਉਹਨਾਂ ਕਾਨੂੰਨੀ ਅਧਿਕਾਰਾਂ ਦਾ ਉਲੰਘਣ ਕਰਕੇ ਕੇਵਲ ਵੱਡੇ-ਵੱਡੇ ਫੈਸਲੇ ਅਤੇ ਕਰੋੜਾਂ-ਅਰਬਾਂ ਰੁਪਏ ਦੇ ਨਜ਼ਾਇਜ ਢੰਗਾਂ ਰਾਹੀ ਖ਼ਰਚ ਕਰਨ ਦੇ ਅਮਲਾਂ ਵਿਚ ਮੁਲੀਨ ਹੋ ਚੁੱਕੇ ਹੋ । ਜੋ ਸਿੱਖ ਕੌਮ ਅਤੇ ਸਿੱਖ ਧਰਮ ਦੇ ਅਸੂਲਾਂ ਦਾ ਘਾਣ ਕਰਨ ਦੇ ਤੁੱਲ ਅਮਲ ਹਨ । ਇਸ ਦੀ ਪ੍ਰਤੱਖ ਮਿਸਾਲ ਇਹ ਹੈ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਗੁਰੂ ਦੀ ਗੋਲਕ ਵਿਚੋਂ ਗੈਰ-ਧਰਮੀ ਤਰੀਕੇ ਕਰੋੜਾਂ-ਅਰਬਾਂ ਰੁਪਏ ਦੇ ਫੰਡ ਕੱਢਕੇ ਖਰੌੜਾ ਵਿਖੇ ਖਰੀਦੀ ਜਾਣ ਵਾਲੀ 51 ਕੀਲੇ ਦੀ ਜਮੀਨ ਜਿਸਦੀ ਅਜੋਕੀ ਕੀਮਤ 30 ਲੱਖ ਪ੍ਰਤੀ ਏਕੜ ਤੋ ਵੱਧ ਨਹੀਂ, ਉਹ ਜ਼ਮੀਨ 45 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਖ਼ਰੀਦਣ ਦੀਆਂ ਸਾਜਿ਼ਸਾ ਕਰਕੇ ਗੁਰੂਘਰ ਦੇ ਕਰੋੜਾਂ ਰੁਪਏ ਦੇ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਜੋ ਸਿੱਖ ਕੌਮ ਲਈ ਅਸਹਿ ਹੈ । ਜਦੋਕਿ ਆਪ ਜੀ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਜਦੋ ਐਸ.ਜੀ.ਪੀ.ਸੀ. ਦੀ ਸੰਸਥਾ ਆਪਣੀ ਮਿਆਦ ਪੁਗਾ ਚੁੱਕੀ ਹੈ ਤਾਂ ਇਸ ਸੰਸਥਾ ਦੀ ਸਹੀ ਸਮੇਂ ਤੇ ਜਰਨਲ ਚੋਣ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ । ਪਰ ਦੁੱਖ ਅਤੇ ਅਫਸੋਸ ਹੈ ਕਿ ਆਪ ਜੀ ਕਾਨੂੰਨ ਦੀ ਦੁਰਵਰਤੋ ਰਾਹੀ 2004 ਵਾਲੀ ਅੰਤਰਿੰਗ ਕਮੇਟੀ ਨੂੰ ਹੋਰ ਕਈ ਸਾਲਾਂ ਤੱਕ ਇਸੇ ਤਰ੍ਹਾਂ ਚੱਲਦਾ ਰੱਖਣ ਲਈ ਕਾਰਵਾਈਆ ਕਰ ਰਹੇ ਹੋ । ਜਿਸ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰੇਗੀ ।

ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸਿੱਖ ਕੌਮ ਦੀ ਐਸ.ਜੀ.ਪੀ.ਸੀ. ਦੀ ਸੰਸਥਾ ਬਹੁਤ ਹੀ ਵਿਕਾਰੀ ਅਤੇ ਕੌਮਾਂਤਰੀ ਪੱਧਰ ਤੇ ਸਤਿਕਾਰੀ ਜਾਣ ਵਾਲੀ ਸੰਸਥਾ ਹੈ, ਜਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਉੱਚੇ-ਸੁੱਚੇ ਇਖ਼ਲਾਕ ਵਾਲੇ ਅਤੇ ਸੇਵਾ-ਭਾਵ ਵਾਲੇ ਹੋਣੇ ਚਾਹੀਦੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਕੁਝ ਸਾਲ ਪਹਿਲੇ ਜਦੋ ਅਸੀਂ ਦਲਜੀਤ ਸਿੰਘ ਬੇਦੀ ਨਾਮ ਦੇ ਉਸ ਸਕੱਤਰ ਜਿਸ ਨੇ ਸ੍ਰੀ ਦਰਬਾਰ ਸਾਹਿਬ ਵਿਚ ਹੀ ਗੈਰ-ਇਖ਼ਲਾਕੀ ਅਮਲ ਕੀਤੇ ਸਨ, ਜਿਨ੍ਹਾਂ ਦੀਆਂ ਸੰਬੰਧਤ ਫੋਟੋਆ ਅਸੀ ਪ੍ਰੈਸ ਨੂੰ ਉਸ ਸਮੇਂ ਰੀਲੀਜ ਕੀਤੀਆ ਸਨ, ਪਰ ਇਸਦੇ ਬਾਵਜੂਦ ਵੀ ਅਜਿਹੇ ਦਾਗੀ ਇਨਸਾਨ ਨੂੰ ਤਰੱਕੀ ਦੇ ਕੇ ਫਿਰ ਉੱਚ ਅਹੁਦੇ ਤੇ ਲਗਾਉਣ ਦੇ ਅਮਲ ਆਪ ਵੱਲੋ ਕੀਤੇ ਗਏ ਹਨ । ਜਿਸ ਨਾਲ ਆਪ ਜੀ ਦਾ ਇਖ਼ਲਾਕ ਵੀ ਸਿੱਖ ਕੌਮ ਵਿਚ ਅੱਜ ਦਾਗੋ-ਦਾਗੀ ਹੋਇਆ ਪਿਆ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਆਪ ਜੀ ਨੂੰ ਇਹ ਉਪਰੋਕਤ ਲੰਮੇ ਸਮੇਂ ਤੋ ਐਸ.ਜੀ.ਪੀ.ਸੀ. ਦੀ ਸੰਸਥਾ ਵਿਚ ਆ ਚੁੱਕੀਆ ਗਿਰਾਵਟਾਂ ਵੱਲ ਧਿਆਨ ਕੇਦਰਿਤ ਕਰਦੇ ਹੋਏ ਐਸ.ਜੀ.ਪੀ.ਸੀ. ਦੀ ਸੰਸਥਾ ਨੂੰ ਪਾਰਦਰਸੀ ਢੰਗ ਨਾਲ ਪ੍ਰਬੰਧ ਨੂੰ ਅੱਗੇ ਲਿਜਾਣ ਲਈ ਜਿਥੇ ਗੁਜ਼ਾਰਿਸ ਕਰਦੇ ਹਾਂ, ਉਥੇ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਮੰਗ ਕਰਦੇ ਹਾਂ ਕਿ ਮਿਆਦ ਪੁਗਾ ਚੁੱਕੀ 2004 ਵਾਲੀ ਅੰਤਰਿੰਗ ਕਮੇਟੀ ਦੇ ਪ੍ਰਬੰਧ ਨੂੰ ਤੁਰੰਤ ਖ਼ਤਮ ਕਰਕੇ ਐਸ.ਜੀ.ਪੀ.ਸੀ. ਦੀ ਨਵੀ ਜਰਨਲ ਚੋਣ ਕਰਵਾਉਦੇ ਹੋਏ ਐਸ.ਜੀ.ਪੀ.ਸੀ. ਦੇ ਵਿਧੀ-ਵਿਧਾਨ ਅਤੇ ਗੁਰੂ ਸਾਹਿਬਾਨ ਦੇ ਸਿਧਾਤਾਂ ਅਤੇ ਸੋਚ ਨੂੰ ਕਾਇਮ ਰੱਖਿਆ ਜਾਵੇ । ਜਿਥੇ ਵੀ ਗੁਰੂਘਰਾਂ ਦੀਆਂ ਗੋਲਕਾਂ, ਜ਼ਮੀਨਾਂ-ਜ਼ਾਇਦਾਦਾਂ ਦੀ ਵੱਡੇ ਪੱਧਰ ਤੇ ਲੁੱਟ-ਖਸੁੱਟ ਜਾਰੀ ਹੈ, ਉਸ ਨੂੰ ਤੁਰੰਤ ਰੋਕ ਕੇ ਸਿੱਖ ਕੌਮ ਦੀ ਇੱਛਾ ਅਨੁਸਾਰ ਪ੍ਰਬੰਧ ਵਿਚ ਆਈਆ ਖਾਮੀਆ ਤੇ ਗਿਰਾਵਟਾਂ ਨੂੰ ਦੂਰ ਕੀਤਾ ਜਾਵੇ ਅਤੇ ਤੁਰੰਤ ਚੋਣਾਂ ਦਾ ਪ੍ਰਬੰਧ ਕਰਕੇ ਸਿੱਖ ਕੌਮ ਦਾ ਇਸ ਸੰਸਥਾਂ ਲਈ ਫਤਵਾ ਲਿਆ ਜਾਵੇ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਵੱਲੋਂ ਦਿੱਤੇ ਗਏ ਯਾਦ-ਪੱਤਰ ਰਾਹੀ ਨੁਕਤਿਆ ਨੂੰ ਅਤੇ ਖਾਮੀਆ ਨੂੰ ਮੁੱਖ ਰੱਖਦੇ ਹੋਏ ਜਿਥੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਆਈਆ ਗਿਰਾਵਟਾਂ ਨੂੰ ਤੁਰੰਤ ਦੂਰ ਕਰੋਗੇ, ਉਥੇ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਦੀ ਜਿੰਮੇਵਾਰੀ ਨਿਭਾਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰੋਗੇ। ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,