ਸਿੱਖ ਖਬਰਾਂ

ਤਖਤ ਸ੍ਰੀ ਪਟਨਾ ਸਾਹਿਬ ਘਟਨਾਕ੍ਰਮ: ਤਖਤਾਂ ਦੀ ਮਾਣ-ਮਰਿਆਦਾ ਲਈ ਸਰਕਾਰੀ ਪ੍ਰਭਾਵ ਤੋਂ ਮੁਕਤ ਪੰਥਕ ਪ੍ਰਬੰਧ ਸਿਰਜਣ ਦੀ ਲੋੜ

December 16, 2022 | By

ਚੰਡੀਗੜ੍ਹ –  ਜੁਝਾਰੂ ਪੰਥਕ ਸਖਸ਼ੀਅਤਾਂ ਭਾਈ ਰਾਜਿੰਦਰ ਸਿੰਘ ਮੁਗਲਵਾਲ,  ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ “ਤਖਤ ਸਾਹਿਬਾਨ ਦੇ ਪ੍ਰਬੰਧ ਵਿਚ ਪੰਥਕ ਪੰਚ ਪ੍ਰਧਾਨੀ ਪ੍ਰਣਾਲੀ ਅਤੇ ਗੁਰਮਤਾ ਜੁਗਤ ਦੀ ਥਾਂ ਵੋਟ ਤੰਤਰ ਜਾਂ ਸਰਕਾਰੀ/ਕਨੂੰਨੀ ਦਖਲ-ਅੰਦਾਜੀ ਵਾਲੇ ਬੋਰਡਾਂ/ਕਮੇਟੀਆਂ ਦਾ ਪ੍ਰਬੰਧ ਤਖਤ ਸਾਹਿਬਾਨ ਦੀ ਮਾਣ-ਮਰਿਆਦਾ ਦੀ ਉਲੰਘਣਾ ਦਾ ਕਾਰਨ ਬਣ ਰਿਹਾ ਹੈ।

ਉਹਨਾਂ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਧੜੇਬੰਦੀ, ਸਰਕਾਰੀ ਦਖਲ-ਅੰਦਾਜੀ ਅਤੇ ਗਿਆਨੀ ਇਕਬਾਲ ਸਿੰਘ, ਗਿਆਨੀ ਰਣਜੀਤ ਸਿੰਘ ਗੌਹਰ ਅਤੇ ਉਥੋਂ ਦੇ ਨਾਮਜ਼ਦ ਪੰਜ ਪਿਆਰੇ ਸਾਹਿਬਾਨ ਦੀ ਵਰਤਮਾਨ ਭੂਮਿਕਾ ਨਾਲ ਸੱਚਖੰਡ ਤਖਤ ਸ੍ਰੀ ਪਟਨਾ ਸਾਹਿਬ ਦੀ ਸੋਭਾ, ਸਨਮਾਨ ਅਤੇ ਮਰਯਾਦਾ ਨੂੰ ਵੱਡੀ ਠੇਸ ਪਹੁੰਚੀ ਹੈ। ਇਹ ਸਾਰੇ ਵਿਅਕਤੀ ਆਪ-ਹੁਦਰੇ ਫੈਸਲੇ ਕਰਕੇ ਗੁਰਮਤਿ ਜੁਗਤ, ਖਾਲਸਾਈ ਸਿਧਾਤਾਂ ਅਤੇ ਪੰਥਕ ਰਵਾਇਤਾਂ ਦੀ ਉਲੰਘਣਾ ਕਰ ਰਹੇ ਹਨ। 

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਆਪਸੀ ਵਾਦ-ਵਿਵਾਦ, ਝਗੜੇ, ਤੋਹਮਤ-ਬਾਜ਼ੀ ਅਤੇ ਸਖਸ਼ੀਅਤ ਟਕਰਾ ਵਿੱਚ ਉਲਝ ਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਚਨੌਤੀ ਦੇ ਕੇ ਸਿੱਖ ਸੰਗਤ ਅਤੇ ਖਾਲਸਾ ਪੰਥ ਦੀਆਂ ਭਾਵਨਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਕਪਟੀ ਸਿਆਸਤ ਦੇ ਇਸ਼ਾਰੇ ਅਤੇ ਸਰਕਾਰੀ ਪ੍ਰਸ਼ਾਸ਼ਨ ਦੇ ਸਹਾਰੇ ਗੁਰਦੁਆਰਾ ਪ੍ਰਬੰਧ ਤੇ ਪੰਥ ਦੀਆਂ ਪਦ ਪਦਵੀਆਂ ’ਤੇ ਕਾਬਜ ਹੋਣ ਲਈ ਕਚਹਿਰੀਆਂ ਵਿੱਚ ਜਾਣਾ, ਗੁਰਮਤਿ ਪ੍ਰਣਾਲੀ, ਖਾਲਸਾਈ ਵਿਧੀ ਵਿਧਾਨ ਦਾ ਘੋਰ ਉਲੰਘਣ ਤੇ ਧਾਰਮਿਕ ਅਪਰਾਧ ਹੈ। ਤਖਤਾਂ ਦੇ ਮਾਨ-ਸਨਮਾਨ ਅਤੇ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਚਨੌਤੀ, ਖਾਲਸਾ ਪੰਥ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੁੱਖ ਕਾਰਨ ਗੁਰਦੁਆਰਾ ਪ੍ਰਬੰਧ ’ਤੇ ਪਰਿਵਾਰਕ, ਧੜੇਬੰਦੀ ਅਤੇ ਬਿਪਰੀ ਸੋਚ ਦੇ ਮੋਹਰਿਆਂ ਦਾ ਕਬਜ਼ਾ ਹੋਣਾ ਹੈ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ’ਤੇ ਸਿਰਧੜ ਦੀ ਬਾਜੀ ਲਾਉਣ ਵਾਲੀ ਸਿਖ ਸੰਗਤ ਅੱਜ ਨਿਰਾਸ ਹੋ ਰਹੀ ਹੈ। ਇਸ ਘੋਰ ਨਿਰਾਸਤਾ ਵਿੱਚੋਂ ਤਾਂ ਹੀ ਨਿਕਲਿਆ ਜਾਏਗਾ ਜੇ ਤਖਤਾਂ ਦੀ ਮਾਣ-ਮਰਯਾਦਾ ਦੀ ਪਾਲਣਾ ਗੁਰਮਤਿ ਅਨੁਸਾਰ ਕਰਨ ਦਾ ਬਾਨਣੂ ਬੰਨ੍ਹਿਆ ਜਾਵੇ। 

ਜੁਝਾਰੂ ਸਖਸ਼ੀਅਤਾਂ ਨੇ ਕਿਹਾ ਕਿ ਖਾਲਸਾ ਪੰਥ ਨੂੰ ਸਮਰਪਤ ਜਥੇਬੰਦੀਆਂ, ਸੰਪਰਦਾਵਾਂ, ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਇਕਸੁਰ ਹੋ ਕੇ ਸਰਬੱਤ ਖਾਲਸੇ ਦੇ ਵਿਧੀ-ਵਿਧਾਨ ਅਨੁਸਾਰ ਗੁਰਦੁਆਰਾ ਪ੍ਰਬੰਧ ਦੀ ਸੇਵਾ ਸੰਭਾਲਣ ਲਈ ਕਦਮ ਚੁਕਣੇ ਚਾਹੀਦੇ ਹਨ ਅਤੇ ਤਖਤਾਂ ਦੇ ਪ੍ਰਬੰਧ ਨੂੰ ਸਰਕਾਰ ਤੇ ਪੰਥ ਦੋਖੀ ਪਰਿਵਾਰਾਂ ਤੋਂ ਅਜ਼ਾਦ ਕਰਾਕੇ ਤਖਤਾਂ ਦੇ ਜਥੇਦਾਰਾਂ ਦੀਆਂ ਪਦਵੀਆਂ ’ਤੇ ਸਰਬ ਪ੍ਰਵਾਨਤ ਯੋਗ ਸ਼ਖ਼ਸੀਅਤਾਂ ਦੀ ਨਿਯੁਕਤੀ ਕਰਨੀ ਚਾਹੀਦੀ ਹੈ। 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,