ਖਾਸ ਖਬਰਾਂ » ਸਿੱਖ ਖਬਰਾਂ

24 ਸਾਲ ਪੁਰਾਣੇ ਇੱਕ ਹੋਰ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਬਰੀ

December 9, 2019 | By

ਲੁਧਿਆਣਾ:  ਇਥੋਂ ਦੀ ਇੱਕ ਅਦਾਲਤ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ 24 ਸਾਲ ਪੁਰਾਣੇ ਇਕ ਹੋਰ ਮਾਮਲੇ ‘ਚੋਂ ਬਰੀ ਕਰ ਦਿੱਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਐਫ.ਆਈ.ਆਰ ਨੰਬਰ-133 (ਮਿਤੀ-6-12-1995) ਥਾਣਾ ਕੋਤਵਾਲੀ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕੀਤਾ ਸੀ। ਇਸ ਮਾਮਲੇ ਵਿਚ ਭਾਈ ਹਵਾਰਾ ਦੀ ਗ੍ਰਿਫਤਾਰੀ 23 ਦਸੰਬਰ, 1995 ਨੂੰ ਕੀਤੀ ਗਈ ਸੀ ਅਤੇ ਪੁਲਿਸ ਦੇ ਵੇਲੇ ਇਸ ਮਾਮਲੇ ਵਿਚ ਜਗਤਾਰ ਸਿੰਘ ਹਵਾਰਾ, ਬਿਕਰਮਜੀਤ ਸਿੰਘ ਖਮਾਣੋਂ, ਬਲਜਿੰਦਰ ਸਿੰਘ ਪੜੌਲ ਅਤੇ ਪ੍ਰੀਤਮ ਸਿੰਘ ਖ਼ਿਲਾਫ 5 ਅਗਸਤ 1996 ਨੂੰ ਅਦਾਲਤ ਵਿਚ ਦਾਖਿਲ ਕੀਤਾ ਗਿਆ ਸੀ।

ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਵਧੀਕ ਸ਼ੈਸਨ ਜੱਜ ਲੁਧਿਆਣਾ ਸ਼ੁਸੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਬਿਕਰਮਜੀਤ ਸਿੰਘ ਨੂੰ 25 ਫਰਵਰੀ 2003 ਨੂੰ ਬਰੀ ਕਰ ਦਿਤਾ ਸੀ। ਇਸ ਮਾਮਲੇ ਵਿਚੋਂ ਜੁਡਿਸ਼ੀਅਲ ਮੈਜਿਸਟਰੇਟ (ਲੁਧਿਆਣਾ) ਵਰਿੰਦਰ ਕੁਮਾਰ ਦੀ ਅਦਾਲਤ ਨੇ 30 ਸਤੰਬਰ, 2016 ਨੂੰ ਭਾਈ ਪਰਮਜੀਤ ਸਿੰਘ ਭਿਉਰਾ ਖ਼ਿਲਾਫ ਇਹ ਮਾਮਲਾ ਰੱਦ ਕਰ ਦਿੱਤਾ ਗਿਆ ਸੀ। ਬਲਜਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਇਸ ਮਾਮਲੇ ਵਿਚ ਭਗੋੜਾ ਕਰਾਰ ਦਿੱਤਾ ਗਿਆ । ਭਾਈ ਜਗਤਾਰ ਸਿੰਘ ਹਵਾਰਾ ਖ਼ਿਲਾਫ ਇਸ ਮਾਮਲੇ ਵਿਚ 12 ਮਈ, 2017 ਨੂੰ ਦੋਸ਼ ਆਇਦ ਕੀਤੇ ਗਏ ਸਨ। ਜਿਨ੍ਹਾਂ ਨੂੰ ਸਾਬਿਤ ਕਰਨ ਵਿਚ ਸਰਕਾਰੀ ਧਿਰ ਨਾਕਾਮ ਰਹੀ। ਇਸ ਮਾਮਲੇ ਵਿਚ ਕੁਲ 23 ਗਵਾਹੀਆਂ ਹੋਈਆਂ ਸਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਮਾਮਲੇ ਵਿਚ ਫੌਜਦਾਰੀ ਜਾਬਤੇ ਦੀ ਧਾਰਾ 268 ਤਹਿਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਸ ਮਾਮਲੇ ਦੀ ਕਾਰਵਾਈ ਰੁੱਕ ਗਈ ਸੀ। ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਵਲੋਂ 26 ਮਈ, 2015 ਨੂੰ ਅਰਜ਼ੀ ਦਾਖਿਲ ਕਰਕੇ ਇਹ ਮਾਮਲਾ ਮੁੜ ਸ਼ੁਰੂ ਕਰਵਾਇਆ ਗਿਆ ਸੀ।

ਵਕੀਲ ਸ. ਜਸਪਾਲ ਸਿੰਘ ਮੰਝਪੁਰ (ਪੁਰਾਣੀ ਤਸਵੀਰ)

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਰਕਾਰੀ ਧਿਰ ਭਾਈ ਹਵਾਰਾ ਖ਼ਿਲਾਫ ਕੋਈ ਵੀ ਸਬੂਤ ਪੇਸ਼ ਕਰਨ ਤੋਂ ਨਾਕਾਮ ਰਹੀ ਹੈ ਅਤੇ ਫੌਜਦਾਰੀ ਜਾਬਤੇ  ਦੀ ਧਾਰਾ 313 ਤਹਿਤ ਭਾਈ ਹਵਾਰੇ ਦੇ ਬਿਆਨ ਕਲਮਬੱਧ ਕਰਨ ਤੋਂ ਬਾਅਦ ਇਸ ਮਾਮਲੇ ਦੀ ਆਖ਼ਰੀ ਬਹਿਸ ਅਦਾਲਤ ਵਲੋਂ ਸੁਣੀ ਗਈ। ਅੱਜ ਵਧੀਕ ਸ਼ੈਸਨ ਜੱਜ ਅਤੁਲ ਕਿਸਾਨਾ ਦੀ ਅਦਾਲਤ ਵੱਲੋਂ ਇਸ ਮਾਮਲੇ ਤੇ ਫੈਸਲਾ ਸੁਣਾਉਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,