July 23, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਰਾਜਧਾਨੀ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਦੱਸਦੇ ਹੋਏ ਚੰਡੀਗੜ੍ਹ ਦੇ ਮੁਲਾਜ਼ਮਾਂ ਵਿਚ ਪੰਜਾਬ ਦੇ ਹਿੱਸੇ ਦੀਆਂ ਅਸਾਮੀਆਂ ‘ਤੇ ਹੋ ਰਹੀ ਡਾਕੇਮਾਰੀ ਦਾ ਮਸਲੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਨਿਖੇਧੀ ਕੀਤੀ ਹੈ।
ਆਪ ਦੇ ਦਫਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਦੇ “ਡੈਪੂਟੇਸ਼ਨ ਕੋਟੇ” ਦੀ ‘ਸੂਚਨਾ ਤੇ ਲੋਕ ਸੰਪਰਕ ਮਹਿਕਮੇਂ ਚ ਇੱਕੋ-ਇੱਕ ਅਸਾਮੀ ਖੋਹ ਲਏ ਜਾਣ ਨੂੰ ਪੰਜਾਬ ਦੇ ਹੱਕਾਂ ‘ਤੇ ਡਾਕਾ ਦੱਸਿਆ ਹੈ। ਆਪ ਆਗੂ ਨੇ ਕਿਹਾ ਕਿ ਕੇਂਦਰ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਚੰਡੀਗੜ੍ਹ ਪ੍ਰਸ਼ਾਸਨ ‘ਚੋਂ ਪੰਜਾਬ ਦਾ ਸਫ਼ਾਇਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦਾ ਚੰਡੀਗੜ੍ਹ ਉੱਤੇ ਦਾਅਵਾ ਦਿਨ ਪ੍ਰਤੀ ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ, ਪਰ ਪੰਜਾਬ ਦੀਆਂ ਸੱਤਾਧਾਰੀ ਧਿਰਾਂ ਸੁੱਤੀਆਂ ਰਹੀਆਂ ਹਨ ਅਤੇ ਅਜੇ ਵੀ ਨਹੀਂ ਜਾਗ ਰਹੀਆਂ।
ਸੂਚਨਾ ਤੇ ਲੋਕ ਸੰਪਰਕ ਅਫਸਰ ਦੀ ਅਸਾਮੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਖ਼ੁਦ ਹੀ ਭਰ ਲਏ ਜਾਣ ਲਈ ਆਪ ਆਗੂ ਨੇ ਪਿਛਲੀ ਬਾਦਲ ਸਰਕਾਰ ਨੂੰ ਮੁੱਖ ਦੋਸ਼ੀ ਦੱਸਿਆ। ਉਸਨੇ ਕਿਹਾ ਕਿ ਜਦ ਚੰਡੀਗੜ੍ਹ ਪ੍ਰਸ਼ਾਸਨ ਨੇ ਫਰਵਰੀ 2013 ‘ਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੂੰ ਪੱਤਰ ਲਿਖ ਕੇ “ਡੈਪੂਟੇਸ਼ਨ” ‘ਤੇ ਅਫਸਰ ਮੰਗਿਆ ਸੀ ਤਾਂ ਸਰਕਾਰ ਨੇ ਅਫਸਰ ਭੇਜਣ ਦੀ ਥਾਂ ਅਫਸਰਾਂ ਦੀ ਘਾਟ ਦਾ ਹਵਾਲਾ ਦੇ ਕੇ ਆਪਣੇ ਹੱਥ ਖ਼ੁਦ ਹੀ ਵੱਢ ਲਏ ਸਨ।
ਆਪ ਆਗੂ ਨੇ ਮੰਗ ਕੀਤੀ ਕਿ ਇਸ ਗੁਨਾਹ ਲਈ ਜ਼ਿੰਮੇਵਾਰ ਤਤਕਾਲੀ ਮੰਤਰੀ ਅਤੇ ਅਫ਼ਸਰਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
ਆਪ ਆਗੂ ਨੇ ਸਵਾਲ ਕੀਤਾ ਕਿਹਾ ਕਿ ਜਿਸ ਅਫਸਰ ਦੀ ਤਨਖ਼ਾਹ ਵੀ ਪੰਜਾਬ ਸਰਕਾਰ ਨੇ ਆਪਣੇ ਖ਼ਜ਼ਾਨੇ ‘ਚੋਂ ਨਹੀਂ ਦੇਣੀ ਉਸ ਦੇ ਮਾਮਲੇ ਵਿਚ ਨਕਾਰਾਤਮਿਕ ਪਹੁੰਚ ਕਿਉਂ ਵਰਤੀ ਗਈ, ਜਦਕਿ ਪੰਜਾਬ ਦੇ ਬੇਰੁਜ਼ਗਾਰ ਨੌਕਰੀਆਂ ਲਈ ਤਰਸ ਰਹੇ ਹਨ ਅਤੇ ਸੜਕਾਂ ‘ਤੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾਂ ਵਾਂਗ ਨਾਲਾਇਕ ਸਾਬਤ ਹੋਈ ਹੈ ਜਿਸ ਨੇ ਇਸ ਮਾਮਲੇ ਦੀ ਸਹੀ ਪੈਰਵੀ ਨਹੀਂ ਕੀਤੀ।
ਆਪ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ‘ਚ ਪੰਜਾਬ ਦੇ ਹਿੱਸੇ ਦੀਆਂ ਖ਼ਾਲੀ ਪਈਆਂ ਜਾਂ ਦੱਬੀਆਂ ਗਈਆਂ ਸਾਰੀਆਂ ਅਸਾਮੀਆਂ ਬਹਾਲ ਕਰਵਾ ਕੇ ਓਥੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰ ਰਖਵਾਵੇ।
Related Topics: Aam Aadmi Party, Amarinder Singh, Capt. Amarinder Singh, Chandigarh, Harpal Singh Cheema (Aam Aadmi Party), Punjab Politics