ਖਾਸ ਖਬਰਾਂ » ਖੇਤੀਬਾੜੀ

ਦੂਹਰੀ ਤਰਾਸਦੀ: ਪੰਜਾਬ ਵਿਚ ਕਿਤੇ ਹੜ੍ਹਾਂ ਤੇ ਕਿਤੇ ਸੋਕੇ ਦੀ ਮਾਰ

August 21, 2023 | By

ਅਬੋਹਰ: ਭਾਵੇਂ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਇਸ ਵੇਲੇ ਹੜਾਂ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਹੈ ਪਰ ਫਿਰ ਵੀ ਪੰਜਾਬ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿੱਥੇ ਸੋਕੇ ਨੇ ਕਿਰਸਾਨਾਂ ਦੇ ਸਾਹ ਸੂਤੇ ਹੋਏ ਹਨ। ਬੀਤੇ ਦਿਨ ਅਬੋਹਰ ਇਲਾਕੇ ਦੇ ਕਰੀਬ 40 ਕਿਰਸਾਨਾਂ ਨੇ ਇਕ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਕਿ ਸੋਕੇ ਕਾਰਨ ਉਹਨਾ ਦੇ ਕਿੰਨੂਆਂ ਦੇ ਬਾਗ ਤੇ ਨਰਮੇ ਦੀ ਫਸਲ ਸੁੱਕ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਨੂੰ ਪਾਣੀ ਦੇਣ ਵਾਲੀਆਂ ਨਹਿਰਾਂ ਬੰਦ ਪਈਆਂ ਹਨ। ਦੱਸ ਦੇਈਏ ਕਿ ਇਸ ਇਲਾਕੇ ਵਿਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਵਰਤਿਆ ਨਹੀਂ ਜਾ ਸਕਦਾ ਤੇ ਇਹ ਇਲਾਕਾ ਪੀਣ ਤੇ ਖੇਤੀ ਲਈ ਨਹਿਰੀ ਪਾਣੀ ਉੱਤੇ ਨਿਰਭਰ ਹੈ।

ਇਸ ਵੇਲੇ ਸਤਲੁਜ ਤੇ ਬਿਆਸ ਦੇ ਸੰਗਮ ਹਰੀਕੇ ਤੋਂ ਬੰਨ੍ਹ ਦੇ ਹੜਾਂ ਵਾਲੇ ਦਰਵਾਜ਼ੇ ਖੋਲ ਕੇ ਪਾਣੀ ਅਗਾਂਹ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਰੀਬ 20-20 ਪਿੰਡਾਂ ਵਿਚ ਹੜ੍ਹ ਆਏ ਹੋਏ ਹਨ। ਪਰ ਅਬੋਹਰ ਦੇ ਇਲਾਕੇ ਨੂੰ ਪਾਣੀ ਦੇਣ ਵਾਲੀ ਨਹਿਰ ਵਿਚ ਪਾਣੀ ਨਾ ਛੱਡੇ ਜਾਣ ਕਾਰਨ ਕਿਰਸਾਨਾਂ ਦੇ ਬਾਗ ਤੇ ਫਸਲਾਂ ਸੁੱਕ ਰਹੀਆਂ ਹਨ।

ਧਰਨਾਕਾਰੀ ਕਿਰਸਾਨਾਂ ਨੇ ਕਿਹਾ ਕਿ ਅਬੋਹਰ ਇਲਾਕੇ ਦੇ ਕਰੀਬ 45 ਪਿੰਡ ਮੀਂਹ ਨਾ ਪੈਣ ਅਤੇ ਨਹਿਰਾਂ ਬੰਦ ਹੋਣ ਕਾਰਨ ਸੋਕੇ ਦੀ ਮਾਰ ਝੱਲ ਰਹੇ ਹਨ। ਉਹਨਾ ਦੋਸ਼ ਲਾਇਆ ਕਿ ਇਹ ਤਰਾਸਦੀ ਨਹਿਰੀ ਮਹਿਕਮੇਂ ਦੀ ਮਾੜੀ ਵਿਓਂਤਬੰਦੀ ਦਾ ਨਤੀਜਾ ਹੈ। ਪ੍ਰਸ਼ਾਸਨ ਹੜ੍ਹਾਂ ਵਾਲੇ ਪਾਣੀ ਵਿਚ ਗਾਰ ਹੋਣ ਜਿਹੇ ਕਾਰਨ ਦੱਸ ਕੇ ਨਹਿਰਾਂ ਬੰਦ ਕਰਨ ਦੀ ਸਫਾਈ ਪੇਸ਼ ਕਰਦਾ ਹੈ। ਇਹ ਸਭ ਦਰਸਾਉਂਦਾ ਹੈ ਕਿ ਪੰਜਾਬ ਇਸ ਵੇਲੇ ਹੜ੍ਹਾਂ ਤੇ ਸੋਕੇ ਦੋਵਾਂ ਦੀ ਮਾਰ ਝੱਲ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।