July 11, 2023 | By ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
ਪੂਰਬੀ ਪੰਜਾਬ ਦੇ ਲੱਗਭਗ ਸਾਰੇ ਇਲਾਕੇ ਵਿੱਚ ਪਿਛਲੇ ੨ ਦਿਨ ਤੋਂ ਭਾਰੀ ਮੀਂਹ ਜਾਰੀ ਹੈ। ੧੦੦ ਮਿਲਿਮੀਟਰ ਤੋਂ ਲੈ ਕੇ ੩੦੦ ਮਿਲਿਮੀਟਰ ਤੱਕ ਪਏ ਮੀਂਹ ਨਾਲ ਪੰਜਾਬ ਭਰ ਵਿੱਚ ਹੜਾਂ ਵਰਗੇ ਹਲਾਤ ਪੈਦਾ ਹੋ ਗਏ ਹਨ । ਪਹਾੜੀ ਇਲਾਕਿਆਂ ਚ ਪਏ ਭਾਰੀ ਮੀਂਹ ਨੇ ਹਲਾਤ ਹੋਰ ਗੰਭੀਰ ਬਣਾ ਦਿੱਤੇ ਹਨ। ਪੂਰਬੀ ਪੰਜਾਬ ਦੇ ਦੋਵੇਂ ਮੁੱਖ ਦਰਿਆ ਸਤਲੁਜ ਅਤੇ ਬਿਆਸ ਆਪਣੀ ਪੂਰੀ ਸਮਰੱਥਾ ਨਾਲ਼ ਵਗ ਰਹੇ ਹਨ ਅਤੇ ਦਰਿਆਵਾਂ ਨਾਲ਼ ਲੱਗਦੇ ਕਈ ਨੀਵੇਂ ਥਾਂਵਾਂ ਤੇ ਪਾਣੀ ਭਰ ਗਿਆ ਹੈ । ਇਨਾਂ ਹਾਲਾਤਾਂ ਲਈ ਜਿੱਥੇ ਭਾਰੀ ਮੀਂਹ ਜਿੰਮੇਵਾਰ ਹੈ, ਉਸ ਦੇ ਨਾਲ਼ ਡੈਮਾਂ ਅਤੇ ਦਰਿਆਵਾਂ ਦਾ ਮਾੜਾ ਪ੍ਰਬੰਧ ਵੀ ਬਰਾਬਰ ਦਾ ਜਿੰਮੇਵਾਰ ਹੈ । ਸਤਲੁਜ ਦਰਿਆ ਤੇ ਬਣਿਆਂ ਭਾਖੜਾ-ਨੰਗਲ ਡੈਮ ਅਤੇ ਬਿਆਸ ਦਰਿਆ ਤੇ ਬਣਿਆਂ ਪੌਂਗ ਡੈਂਮ ਸਮਰੱਥਾ ਵਜੋਂ ਬਹੁਤ ਵੱਡੇ ਹਨ । ਸਾਲ ਭਰ ਭਾਖੜਾ ਡੈਮ ਅਤੇ ਪੌਂਗ ਡੈਂਮ ਤੋਂ ਸਿਰਫ ਇੰਨਾਂ ਕੁ ਪਾਣੀ ਹੀ ਛੱਡਿਆ ਜਾਂਦਾ ਜੋ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀ ਨਹਿਰੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਜਰੂਰੀ ਹੈ। ਸਤਲੁਜ ਦਰਿਆ ਰੋਪੜ ਤੋਂ ਅੱਗੇ ਸਾਰਾ ਸਾਲ ਸੁੱਕਾ ਰਹਿੰਦਾ ਹੈ ਜਾਂ ਇਸ ਵਿੱਚ ਬੁੱਢੇ ਦਰਿਆ ਦਾ ਗੰਦਾ ਪਾਣੀ ਹੀ ਵਗਦਾ ਹੈ। ਬਿਆਸ ਦਰਿਆ ਵੀ ਇਸ ਕਰਕੇ ਵਗਦਾ ਹੈ ਕਿਉਂਕਿ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ ਹਰੀਕੇ ਤੋਂ ਕੱਢੀਆਂ ਗਈਆਂ ਹਨ।
ਕਿਸੇ ਵੀ ਦਰਿਆ ਨੂੰ ਜਿਉਂਦਾ ਰੱਖਣ ਲਈ ਉਸਦੀ ਸਮਰੱਥਾ ਦਾ ੨੫% ਪਾਣੀ ਸਾਰਾ ਸਾਲ ਵੱਗਣਾ ਲਾਜਮੀ ਹੁੰਦਾ ਹੈ ਤਾਂ ਹੀ ਉਸਦੇ ਜਲ -ਜੀਵਨ ਅਤੇ ਆਸੇ-ਪਾਸੇ ਦੇ ਜੀਵਨ ਨੂੰ ਬਣਾਈਂ ਰੱਖਿਆ ਜਾ ਸਕਦਾ ਹੈ। ਪਰ ਸਤਲੁਜ ਦਰਿਆ ਵਰਗੇ ਵੱਡੇ ਦਰਿਆ ਦੇ ਸਾਰਾ ਸਾਲ ਸੁੱਕਾ ਰਹਿਣ ਕਾਰਨ ਇਸਦਾ ਜਲ-ਜੀਵਨ ਪੂਰੀ ਤਾਂ ਤਬਾਹ ਹੋ ਚੁੱਕਾ ਹੈ। ਡੈਮਾਂ ਵਿੱਚ ਪਾਣੀ ਪਹਿਲਾਂ ਤੋਂ ਜਮਾਂ ਹੋਣ ਕਾਰਨ ਮੀਂਹ ਦੇ ਮੌਸਮ ਇੱਕ ਭਾਰੀ ਬਾਰਸ਼ ਹੜ੍ਹ ਵਰਗੇ ਹਲਾਤ ਬਣਾਂ ਦਿੰਦੀ ਹੈ। ਜਿਸ ਦਾ ਸਾਰੇ ਦਾ ਸਾਰਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੁੰਦਾ ਹੈ ।
ਜੇਕਰ ਸਾਰਾ ਸਾਲ ਦਰਿਆਂਵਾਂ ਵਿੱਚ ਪਾਣੀ ਵਗਦਾ ਰਹੇ ਤਾਂ ਜਿੱਥੇ ਆਸ ਪਾਸ ਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਅਤੇ ਦਰਿਆਵਾਂ ਤੇ ਨਿਰਭਰ ਹੋਰ ਜੀਵਨ ਬਣਿਆਂ ਰਹਿ ਸਕਦਾ ਹੈ , ਉੱਥੇ ਇੱਕਾ-ਦੁੱਕਾ ਭਾਰੀ ਮੀਹਾਂ ਦਾ ਪਾਣੀ ਡੈਮਾਂ ਵਿੱਚ ਰੋਕ ਕੇ ਹੜਾਂ ਦਾ ਬਚਾਅ ਕਾਫੀ ਹੱਦ ਤੱਕ ਕੀਤਾ ਜਾ ਸਕਦਾ ਹੈ। ਹੜ੍ਹਾਂ ਦੇ ਹਾਲਾਤਾਂ ਤੋਂ ਬਚਣ ਲਈ ਘੱਟੋ ਘੱਟ ਇਹ ਜ਼ਰੂਰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮੌਨਸੂਨ ਤੋਂ ਪਹਿਲਾਂ ਡੈਮਾਂ ਨੂੰ ਭਾਰੀ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਤਿਆਰ ਕੀਤਾ ਜਾਵੇ ਤਾਂ ਜੋ ਅਸੀਂ ਕੁਦਰਤ ਨੂੰ ਗੈਰ ਕੁਦਰਤੀ ਤਰੀਕੇ ਨਾਲ ਕਾਬੂ ਕਰਨ ਵੱਲ ਤੁਰ ਪਏ ਹਾਂ, ਉਸ ਵਿੱਚ ਘੱਟ ਤੋਂ ਘੱਟ ਨੁਕਸਾਨ ਹੋਵੇ ।
Related Topics: Agriculture And Environment Awareness Center, Floods in Punjab