January 6, 2018 | By ਹਮੀਰ ਸਿੰਘ
ਚੰਡੀਗੜ੍ਹ: ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਤਹਿਤ ਲਗਾਤਾਰ ਕਰਜ਼ਾ ਮੋੜਨ ਵਾਲੇ ਢਾਈ ਏਕੜ ਜ਼ਮੀਨ ਦੇ ਮਾਲਕਾਂ ਨੂੰ ਵੀ ਮੁਆਫ਼ੀ ਦਾ ਲਾਭ ਨਹੀਂ ਮਿਲੇਗਾ। ਐਲਾਨ ਮੁਤਾਬਕ 31 ਮਾਰਚ, 2017 ਤੱਕ ਬਕਾਇਆ ਕਰਜ਼ੇ ’ਤੇ ਹੀ ਲੀਕ ਮਾਰੀ ਜਾਣੀ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਕਰਜ਼ੇ ਦੀ ਰਾਸ਼ੀ ਮੋੜ ਕੇ ਖਾਤਾ ਨਿੱਲ ਕਰਵਾ ਲਿਆ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ ਦਾ ਕੋਈ ਲਾਭ ਨਹੀਂ ਮਿਲੇਗਾ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੇ 30 ਜਾਂ 31 ਮਾਰਚ ਨੂੰ ਵੀ ਬੈਂਕਾਂ ਦਾ ਪੈਸਾ ਮੋੜਿਆ ਹੈ, ਪਰ ਉਹ ਕਰਜ਼ਾ ਮੁਆਫ਼ੀ ਸਕੀਮ ਦੇ ਦਾਇਰੇ ਵਿੱਚ ਨਹੀਂ ਆਉਣਗੇ। ਜਿਨ੍ਹਾਂ ਕਿਸਾਨਾਂ ਨੇ ਪਹਿਲੀ ਅਪਰੈਲ ਜਾਂ ਇਸ ਮਗਰੋਂ ਪੈਸਾ ਭਰਿਆ ਹੈ, ਉਹ ਸਾਰੇ ਕਰਜ਼ਾ ਮੁਆਫ਼ੀ ਦੇ ਹੱਕਦਾਰ ਬਣ ਗਏ ਹਨ। ਇੱਕ ਕਿਸਾਨ ਨੇ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਹ ਤਰਲਾ ਵੀ ਕੀਤਾ ਕਿ 31 ਮਾਰਚ ਦਾ ਸਮਾਂ ਸ਼ਾਮ ਪੰਜ ਵਜੇ ਰੱਖਣ ਦੀ ਥਾਂ ਸਵੇਰ ਦਾ ਰੱਖ ਲਓ ਤਾਂ ਕਿ ਉਹ ਮੁਆਫ਼ੀ ਦੇ ਦਾਇਰੇ ਵਿੱਚ ਆ ਸਕੇ। ਪੰਜਾਬ ਦੇ ਸਹਿਕਾਰਤਾ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੀ ਅੱਜ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਅਜਿਹੇ ਬਹੁਤ ਸਾਰੇ ਮਸਲਿਆਂ ਨੂੰ ਹੱਲ ਕਰਨ ਉੱਤੇ ਚਰਚਾ ਕੀਤੀ ਗਈ।
ਸੂਬੇ ਵਿੱਚ 11 ਹਜ਼ਾਰ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ 31 ਮਾਰਚ ਜਾਂ ਇਸ ਤੋਂ ਬਾਅਦ ਮੌਤ ਹੋ ਚੁੱਕੀ ਹੈ। ਇਨ੍ਹਾਂ ਫ਼ੌਤ ਹੋਏ ਕਿਸਾਨਾਂ ਦੇ ਕਰਜ਼ੇ ਦਾ ਲਾਭ ਕਾਨੂੰਨੀ ਵਾਰਸਾਂ ਨੂੰ ਮਿਲੇਗਾ ਜਾਂ ਨਹੀਂ, ਇਹ ਫ਼ੈਸਲਾ ਮੁੱਖ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਹੋਣ ਦੀ ਸੰਭਾਵਨਾ ਹੈ। ਕਈ ਅਜਿਹੇ ਕਿਸਾਨ ਹਨ ਜਿਨ੍ਹਾਂ ਦੀ ਦੋ ਪਿੰਡਾਂ ਵਿੱਚ ਜ਼ਮੀਨ ਹੈ। ਖਾਤੇ ਬੇਸ਼ੱਕ ਇੱਕ ਹੀ ਸਹਿਕਾਰੀ ਬੈਂਕ ਵਿੱਚ ਹਨ, ਪਰ ਦੋ ਪਿੰਡਾਂ ਵਿੱਚ ਜ਼ਮੀਨ ਢਾਈ ਏਕੜ ਤੋਂ ਵੱਧ ਹੈ ਤਾਂ ਅਜਿਹੇ ਕੇਸਾਂ ਦੀ ਜਾਣਕਾਰੀ ਕਿਸ ਤਰ੍ਹਾਂ ਜੁਟਾਈ ਜਾਵੇ। ਪੰਜ ਹਜ਼ਾਰ ਦੇ ਕਰੀਬ ਕਿਸਾਨ ਅਜਿਹੇ ਵੀ ਹਨ, ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ। ਆਧਾਰ ਕਾਰਡ ਦੀ ਗੈਰਮੌਜੂਦਗੀ ਵਿੱਚ ਕੀ ਉਹ ਕਰਜ਼ਾ ਮੁਆਫ਼ੀ ਤੋਂ ਵਾਂਝੇ ਰਹਿ ਜਾਣਗੇ, ਇਹ ਸਵਾਲ ਵੀ ਅਜੇ ਤੱਕ ਅਣਸੁਲਝਿਆ ਹੈ।
ਆਧਾਰ ਕਾਰਡ ਨਾਲ ਖਾਤੇ ਜੋੜਨ ਦੇ ਮਾਮਲੇ ਵਿੱਚ ਰਹੀਆਂ ਊਣਤਾਈਆਂ ਨੂੰ ਹੱਲ ਕਰਦਿਆਂ ਸਰਕਾਰ ਨੇ ਕਈ ਕਦਮ ਵੀ ਚੁੱਕੇ ਹਨ। ਹੁਣ ਤੱਕ ਸਹਿਕਾਰੀ ਸੰਸਥਾਵਾਂ ਵਿੱਚ 5.63 ਲੱਖ ਖਾਤੇ ਹਨ। ਢਾਈ ਏਕੜ ਤੋਂ ਘੱਟ ਵਾਲੇ ਕਰੀਬ 1.61 ਲੱਖ ਕਿਸਾਨਾਂ ਦੇ ਨਾਮ ਸਾਫਟਵੇਅਰ ਉੱਤੇ ਅਪਲੋਡ ਹੋ ਚੁੱਕੇ ਹਨ, ਪਰ 7 ਜਨਵਰੀ ਨੂੰ ਮਾਨਸਾ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਅਜੇ ਪੰਜ ਜ਼ਿਿਲ੍ਹਆਂ ਦੇ 46 ਹਜ਼ਾਰ ਕਿਸਾਨਾਂ ਨੂੰ ਹੀ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਮਿਲਣਗੇ। ਮੁੱਖ ਮੰਤਰੀ ਖੁਦ 25 ਕਿਸਾਨਾਂ ਨੂੰ ਪ੍ਰਮਾਣ ਪੱਤਰ ਦੇਣਗੇ ਜਦਕਿ ਰਹਿੰਦੇ ਸਰਟੀਫਿਕੇਟ ਸਬੰਧਿਤ ਸਹਿਕਾਰੀ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਸੌਂਪ ਦਿੱਤੇ ਜਾਣਗੇ। ਜਿਨ੍ਹਾਂ ਕਿਸਾਨਾਂ ਦੇ ਖਾਤੇ ਦਰੁਸਤ ਹੋ ਗਏ ਹਨ, ਉਨ੍ਹਾਂ ਨੂੰ ਅਗਲੇ ਪੜਾਅ ਤੱਕ ਉਡੀਕ ਕਰਨੀ ਹੋਵੇਗੀ।
ਅਗਲੇ ਪੜਾਅ ਵਿੱਚ ਦੋ ਲੱਖ ਰੁਪਏ ਤੱਕ ਦੇ ਪੰਜ ਏਕੜ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ। ਕਰਜ਼ੇ ਸਮੁੱਚੀਆਂ 37 ਬੈਂਕਾਂ ਦੇ ਖਾਤਿਆਂ ਦੇ ਮਿਲਾਣ ਤੋਂ ਬਾਅਦ ਹੀ ਮੁਆਫ਼ ਹੋਣਗੇ। ਅਜਿਹੇ ਕੰਮ ਲਈ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਮਾਂ ਜ਼ਰੂਰ ਲੱਗ ਸਕਦਾ ਹੈ, ਪਰ ਲਾਭਪਾਤਰੀਆਂ ਦੇ ਕਰਜ਼ੇ ਹਰ ਹਾਲ ਮੁਆਫ਼ ਕੀਤੇ ਜਾਣਗੇ। ਅਧਿਕਾਰੀ ਨੇ ਸਾਫ਼ ਕਰ ਦਿੱਤਾ ਕਿ ਖੇਤ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਲੀਕ ਮਾਰਨ ਬਾਰੇ ਫਿਲਹਾਲ ਕੋਈ ਵਿਚਾਰ ਨਹੀਂ। ਵਿਧਾਨ ਸਭਾ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਹੀ ਵਿਚਾਰ ਹੋਣ ਦੀ ਸੰਭਾਵਨਾ ਹੈ।
Related Topics: Farmers' Issues and Agrarian Crisis in Punjab, Hamir Singh, Punjab Government