ਆਮ ਖਬਰਾਂ » ਸਿਆਸੀ ਖਬਰਾਂ

ਕਿਸਾਨਾਂ ਨੇ ਬਠਿੰਡਾ ਥਰਮਲ ਨੂੰ ਦਿੱਤੀ ਜ਼ਮੀਨ ਵਾਪਸ ਮੰਗੀ

December 24, 2017 | By

ਚੰਡੀਗੜ: ਮੀਡੀਏ ਤੋਂ ਮਿਲੀ ਜਾਣਕਾਰੀ ਅਨੂਸਾਰ ਬਠਿੰਡਾ ਥਰਮਲ ਨੂੰ ਬੰਦ ਕਰਨ ਤੋਂ ਦਰਜਨਾਂ ਬਜ਼ੁਰਗ ਕਿਸਾਨ ਭੜਕ ਉੱਠੇ ਹਨ। ਇਨ੍ਹਾਂ ਬਜ਼ੁਰਗਾਂ ਨੇ ਕਈ ਦਹਾਕੇ ਪਹਿਲਾਂ ਆਪਣੇ ਖੇਤ ਥਰਮਲ ਖਾਤਰ ਦੇ ਦਿੱਤੇ ਸਨ। ਪੰਜਾਬ ਸਰਕਾਰ ਨੇ ਉਦੋਂ ਮਾਮੂਲੀ ਮੁਆਵਜ਼ਾ ਦੇ ਕੇ ਇਨ੍ਹਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਸਨ। ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫ਼ੈਸਲੇ ਮਗਰੋਂ ਕਿਸਾਨਾਂ ਵਿੱਚ ਰੋਹ ਹੈ। ਉਧਰ ਸਰਕਾਰ ਦਾ ਤਰਕ ਹੈ ਕਿ ਥਰਮਲ ਵਾਲੀ ਥਾਂ ’ਤੇ ਸੋਲਰ ਪਲਾਂਟ ਲਗਾਇਆ ਜਾਵੇਗਾ। ਥਰਮਲ ਮੁਲਾਜ਼ਮ ਹਾਲਾਂਕਿ ਇਸ ਨੂੰ ਲਾਲੀਪਾਪ ਦੱਸ ਰਹੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਅਸਲ ਮਕਸਦ ਜ਼ਮੀਨ ਵੇਚਣਾ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਥਰਮਲ ਤੇ ਰਿਹਾਇਸ਼ੀ ਕਲੋਨੀ ਲਈ ਸਾਲ 1968-69 ਵਿੱਚ ਕਈ ਪੜਾਵਾਂ ’ਚ ਪਿੰਡ ਸਿਵੀਆ, ਜੋਗਾਨੰਦ ਤੋਂ ਇਲਾਵਾ ਬਠਿੰਡਾ ਦੇ ਕੋਠੇ ਅਮਰਪੁਰਾ, ਕੋਠੇ ਸੁੱਚਾ ਸਿੰਘ ਤੇ ਕੋਠੇ ਕਾਮੇਕੇ ਦੇ ਸੈਂਕੜੇ ਕਿਸਾਨਾਂ ਦੀ ਕਰੀਬ 2200 ਏਕੜ ਜ਼ਮੀਨ ਐਕੁਆਇਰ ਹੋਈ ਸੀ। ਪਿੰਡ ਸਿਵੀਆਂ ਦੇ ਦਰਜਨਾਂ ਕਿਸਾਨਾਂ ਨੇ ਅੱਜ ਆਪਣੀ ਦਾਸਤਾਨ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਜ਼ਮੀਨ ਐਕੁਆਇਰ ਹੋਈ ਅਤੇ ਮਾਮੂਲੀ ਮੁਆਵਜ਼ੇ ਦਿੱਤੇ ਗਏ।

ਪਿੰਡ ਸਿਵੀਆ ਦੇ ਕਿਸਾਨ ਥਰਮਲ ਲਈ ਦਿੱਤੀ ਜ਼ਮੀਨ ਬਾਰੇ ਦੱਸਦੇ ਹੋਏ।

ਪਿੰਡ ਸਿਵੀਆ ਦੇ ਕਿਸਾਨ ਥਰਮਲ ਲਈ ਦਿੱਤੀ ਜ਼ਮੀਨ ਬਾਰੇ ਦੱਸਦੇ ਹੋਏ।

ਬਜ਼ੁਰਗ ਕਿਸਾਨ ਕਰਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤਿੰਨ ਭਰਾਵਾਂ ਦੀ ਰੇਲ ਲਾਈਨ ਦੇ ਦੋਵੇਂ ਪਾਸੇ 10 ਏਕੜ ਜ਼ਮੀਨ ਸੀ, ਜੋ ਪੂਰੀ ਐਕੁਆਇਰ ਕਰ ਲਈ ਸੀ। ਮੁਆਵਜ਼ਾ ਵੀ ਸਿਰਫ਼ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਦਿੱਤਾ ਗਿਆ। ਕਿਸਾਨ ਦਰਸ਼ਨ ਸਿੰਘ ਤੇ ਕਰਤਾਰ ਸਿੰਘ ਨੇ ਰੋਸ ਜਤਾਉਂਦਿਆਂ ਮੰੰਗ ਕੀਤੀ ਕਿ ਥਰਮਲ ਬੰਦ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਮੋੜੀਆਂ ਜਾਣ। ਤਿੰਨ ਕਿਸਾਨ ਭਰਾਵਾਂ ਸੁਖਦੇਵ ਸਿੰਘ, ਬਲਦੇਵ ਸਿੰਘ ਤੇ ਜਗਦੇਵ ਦੀ ਅੱਠ ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਸੁਖਦੇਵ ਸਿੰਘ ਦੇ ਲੜਕੇ ਕਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਉਦੋਂ ਪ੍ਰਭਾਵਿਤ ਕਿਸਾਨਾਂ ਦੇ ਪਰਿਵਾਰ ਦੇ ਕਿਸੇ ਜੀਅ ਨੂੰ ਨੌਕਰੀ ਵੀ ਨਹੀਂ ਦਿੱਤੀ ਸੀ।

ਕੋਠੇ ਅਮਰਪੁਰਾ ਤੇ ਕੋਠਾ ਸੁੱਚਾ ਸਿੰਘ ਦੇ ਦਰਜਨਾਂ ਪਰਿਵਾਰਾਂ ਦੇ ਮੁਆਵਜ਼ੇ ਦੇ ਕੇਸ ਅਜੇ ਵੀ ਸੁਪਰੀਮ ਕੋਰਟ ਵਿੱਚ ਚੱਲ ਰਹੇ ਹਨ। ਨਗਰ ਕੌਂਸਲਰ ਮਲਕੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਕਰੀਬ 100 ਏਕੜ ਜ਼ਮੀਨ ਐਕੁਆਇਰ ਹੋਈ ਸੀ ਅਤੇ ਮੁਆਵਜ਼ਾ ਘੱਟ ਮਿਲਣ ਕਰਕੇ ਹਾਲੇ ਵੀ ਕੇਸ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਪਿੰਡ ਜੋਗਾਨੰਦ ਵਾਲੀ ਸਾਈਡ ’ਤੇ ਥਰਮਲ ਕਲੋਨੀ ਬਣੀ ਹੋਈ ਹੈ ਜਿਸ ਵਿੱਚ 1400 ਦੇ ਕਰੀਬ ਕੋਠੀਆਂ ਅਤੇ ਕੁਆਰਟਰ ਹਨ। ਕਾਫ਼ੀ ਜਗ੍ਹਾ ਖਾਲੀ ਵੀ ਪਈ ਹੈ। ਇਸੇ ਤਰ੍ਹਾਂ ਕਰੀਬ 250 ਏਕੜ ਰਕਬੇ ਵਿੱਚ ਝੀਲਾਂ ਬਣੀਆਂ ਹੋਈਆਂ ਹਨ। ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਰਕਾਰ ਥਰਮਲ ਦੀ ਜ਼ਮੀਨ ਵੇਚ ਕੇ ਖਾਲੀ ਖਜ਼ਾਨਾ ਭਰਨਾ ਚਾਹੁੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,