ਸਿੱਖ ਖਬਰਾਂ

ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਸਿੱਖ ਨੌਜਵਾਨਾਂ ਵੱਲੋਂ ਬੰਗਲੌਰ ਵਿਖੇ ਵਿਚਾਰ-ਚਰਚਾ ਕਰਵਾਈ ਗਈ

November 27, 2018 | By

ਬੰਗਲੌਰ: ਸਿੱਖ ਯੂਥ ਵਿੰਗ, ਬੰਗਲੌਰ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ਤੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਿੱਖ ਨਸਲਕੁਸ਼ੀ 1984 ਦੇ ਵਰਤਾਰੇ ਤੇ ਆਪਣੀ ਸਮਝ ਅਤੇ ਨਜ਼ਰੀਆ ਸਾਂਝਾ ਕੀਤਾ। ਸਮਾਗਮ ਦੀ ਸ਼ੁਰੂ ਵਿਚ 1984 ਦੀਆਂ ਕੁਝ ਬੋਲਦੀਆਂ ਮੂਰਤਾਂ (ਵੀਡੀਓ) ਜੋ ਕੌਮਾਂਤਰੀ ਮੀਡਿਆ ਵੱਲੋਂ ਜਾਰੀ ਕੀਤੀਆਂ ਸਨ, ਓਹ ਵਿਖਾਈਆਂ ਗਈਆਂ ਜਿਹਨਾਂ ਵਿੱਚ ਇਸ ਨਸਲਕੁਸ਼ੀ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਵਾਰਾਂ ਨਾਲ ਗੱਲ-ਬਾਤ ਵੀ ਸ਼ਾਮਲ ਸੀ। ਉਸ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਵੱਲੋਂ ਨਸਲਕੁਸ਼ੀ ਦੇ ਵੱਖ-ਵੱਖ ਪੱਖਾਂ ਤੇ ਵਿਚਾਰ ਰੱਖੇ ਗਏ ਜਿਸ ਵਿਚ ਨਸਲਕੁਸ਼ੀ ਦੇ ਪੜਾਵਾਂ ਦੀ ਨਿਸ਼ਾਨਦੇਹੀ ਕਰਦਿਆਂ ਇਹ ਦਰਸਾਇਆ ਗਿਆ ਕਿ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਦੌਰਾਨ ਵੀ ਇਹ ਪੜਾਅ ਆਏ ਸਨ। ਇਸ ਤੋਂ ਇਲਾਵਾ ਭਾਰਤੀ ਉਪਮਹਾਂਦੀਪ ਦੇ ਅਜੋਕੇ ਹਾਲਾਤਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਤੇ ਨਸਲਕੁਸ਼ੀ ਦੇ ਪੜਾਵਾਂ ਨਾਲ ਇਹਨਾਂ ਦਾ ਸੰਬੰਧ ਦਰਸਾਇਆ ਗਿਆ।

ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ ਸਿੱਖ ਨੌਜਵਾਨਾਂ ਵੱਲੋਂ ਬੰਗਲੌਰ ਵਿਖੇ ਵਿਚਾਰ-ਚਰਚਾ ਕਰਵਾਈ ਗਈ

ਇਸ ਵਿਚਾਰ-ਚਰਚਾ ਵਿੱਚ 1984 ਦੀ ਨਸਲਕੁਸ਼ੀ ਦੇ ਮੰਗੇ ਜਾ ਰਹੇ ਇਨਸਾਫ ਅਤੇ ਉਸਦੀ ਪਰਿਭਾਸ਼ਾ ਬਾਰੇ ਵੀ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਰੱਖੇ ਤੇ ਸਾਰਿਆਂ ਨੂੰ ਦਿੱਲੀ ਪੱਖੀ ਭਾਰਤੀ ਮੀਡਿਆ ਵੱਲੋਂ ਮਿੱਥੀ ਤੇ ਪੜ੍ਹਾਈ ਜਾ ਰਹੀ ਇਨਸਾਫ ਦੀ ਪਰਿਭਾਸ਼ਾ ਦੇ ਪਿੱਛੇ ਲੁਕੇ ਧੋਖੇ ਤੋਂ ਸੁਚੇਤ ਹੋਣ ਦੀ ਚੇਤਾਵਨੀ ਵੀ ਦਿੱਤੀ ਗਈ। ਨੋਜੁਆਨਾਂ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਗੱਲ ਉੱਤੇ ਹੋਰ ਵਿਚਾਰ ਕਰਨ ਲਈ ਪ੍ਰੇਰਿਆ ਗਿਆ ਕਿ ਇਨ੍ਹਾਂ ਅਦਾਲਤਾਂ ਵਿਚ ਕੀ ਸਿੱਖਾਂ ਨੂੰ ਇਨਸਾਫ ਮਿਲ ਸਕਦਾ ਹੈ? ਕੀ ਦੋ ਚਾਰ ਲੋਕਾਂ ਨੂੰ ਸਜ਼ਾ ਦੇ ਦੇਣੀ ਇੰਨੇ ਵੱਡੇ ਪੱਧਰ ਤੇ ਹੋਏ ਕਤਲੇਆਮ ਦਾ ਸਹੀ ਇਨਸਾਫ ਹੋਵੇਗਾ? ਨੋਜੁਆਨਾਂ ਨੂੰ ਇਨਸਾਫ ਦੀ ਸਹੀ ਸਮਝ ਅਤੇ ਪਰਿਭਾਸ਼ਾ ਸਿੱਖ ਇਤਿਹਾਸ ਤੇ ਸਿੱਖ ਰਵਾਇਤਾਂ ਚੋਂ ਲੱਭਣ ਦੀ ਤਾਕੀਦ ਕੀਤੀ ਗਈ ਨਾ ਕਿ ਦੁਨਿਆਚੀ ਨਿਜ਼ਾਮਾਂ ਵੱਲੋਂ ਘੜੇ ਸੰਕਲਪਾਂ ਵਿਚੋਂ।

ਕੁਝ ਬੁਲਾਰਿਆਂ ਨੇ ਭਾਰਤ ਦੀ ਜਰਜਰੀ ਤੇ ਅਨਿਆਪੂਰਨ ਬਣਤਰ ਉੱਤੇ ਸਿਰਜੀ ਨਿਆ ਪ੍ਰਣਾਲੀ ਦੀ ਵੀ ਪੜਚੋਲ ਕੀਤੀ ਤੇ ਇਸ ਦੇ ਖੋਖਲੇਪਨ ਨੂੰ ਉਜਾਗਰ ਕੀਤਾ।

ਅਖੀਰ ਵਿਚ ਸਿੱਖ ਯੂਥ ਵਿੰਗ ਵੱਲੋਂ ਡਾ. ਗੁਰਭਗਤ ਸਿੰਘ ਵੱਲੋਂ ਲਿਖੀਆਂ ਇਨ੍ਹਾਂ ਸਤਰਾਂ ਦਾ ਹਵਾਲਾ ਦਿੰਦੇ ਹੋਏ ਨੌਜਵਾਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਤਾਕੀਦ ਕੀਤੀ ਗਈ: “1984 ਵਿਚ ਵਾਪਰੇ ਘੱਲੂਘਾਰੇ ਨੂੰ ਯਾਦ ਕਰਨਾ ਠੀਕ ਹੈ, ਪਰ ਇਕ ਜ਼ਖ਼ਮ ਵਜੋਂ ਨਹੀਂ, ਏਹੋ ਜੇਹਾ ਜ਼ਖ਼ਮ ਕੋਈ ਭੁਲਾ ਨਹੀਂ ਸਕਦਾ ਪਰ ਜੋ ਜਿਉਂਦੀ ਕੌਮ ਹੈ ਉਹ ਆਪਣੇ ਭਵਿੱਖ ਵਿਚ ਵਿਸ਼ਵਾਸ ਰੱਖਦੀ ਹੈ। ਕੌਮ ਵਜੋਂ ਜਿਉਂਦੇ ਰਹਣ ਦੀ ਨਿਸ਼ਾਨੀ ਹਰ ਜੂੰਘੇ ਘਾਵ ਨੂੰ ਚੇਤਨਤਾ ਵਿਚ ਬਦਲਣ ਦੀ ਸ਼ਕਤੀ ਹੈ, ਇਸ ਸਥਿਤੀ ਵਿਚ ਜ਼ਖ਼ਮ ਸ਼ਰੀਰਕ ਯਾ ਭੂਗੋਲਿਕ ਨਹੀਂ ਰਹੰਦਾ ਬਲਕਿ ਇਕ ਪਰਿਪੇਖ ਬਣ ਜਾਂਦਾ ਹੈ ਜਿਸ ਨਾਲ ਆਪਣੇ ਵਾਤਾਵਰਨ ਚ ਮੌਜੂਦ ਦਰਸ਼ਨ, ਰਾਜਨੀਤੀ ਤੇ ਅਮਲ ਦੀ ਨਚੀਂ ਵਿਆਖਿਆ ਕਰਨ ਦੀ ਲੋੜ ਮਹਸੂਸ ਹੁੰਦੀ ਹੈ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,