May 30, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਲੰਮੇ ਸਮੇਂ ਤੋਂ ਦੁਨੀਆਂ ਚ ਖੇਤੀ ਸਮੱਸਿਆਵਾਂ, ਭੋਜਨ ਸੰਕਟ ਅਤੇ ਹੰਢਣਸਾਰ ਵਿਕਾਸ ਦੀ ਚਰਚਾ ਚੱਲੀ ਹੋਈ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਅਸੀਂ ਆਲਮੀ ਭੋਜਨ ਸੰਕਟ ਦੀ ਝਲਕ ਦੇਖੀ ਹੈ ।
ਯੂਕਰੇਨ – ਰੂਸ ਜੰਗ ਅਤੇ ਦੱਖਣ ਏਸ਼ੀਆ ਦੀ ਸਿਆਸੀ ਅਸਥਿਰਤਾ ਕਰਕੇ ਮੁਲਕਾਂ ਵੱਲੋਂ ਆਪਣੇ ਬਸ਼ਿੰਦਿਆਂ ਲਈ ਅੰਨ ਪੂਰਤੀ ਨੂੰ ਯਕੀਨੀ ਬਣਾਉਣ ਵਾਸਤੇ ਖੇਤੀ ਉਪਜਾਂ ਦੇ ਨਿਰਯਾਤ ਤੇ ਰੋਕ ਲਾਈ ਗਈ। ਕਿਸਾਨੀ ਮੋਰਚਾ ਵਪਾਰੀ ਵਰਗ ਵੱਲੋਂ ਕਿਸਾਨਾਂ ਦੀ ਲੁੱਟ ਦੇ ਵਿਰੁੱਧ ਲੱਗਿਆ। ਅਜਿਹੇ ਹਾਲਾਤਾਂ ਚ ਇਹ ਅਹਿਮ ਹੈ ਕਿ ਖੇਤੀਬਾੜੀ ਦੀ ਹੰਢਣਸਾਰਤਾ ਨੂੰ ਵਿਚਾਰਿਆ ਜਾਵੇ। ਇਸੇ ਅਹਿਮ ਵਿਸ਼ੇ ਤੇ ਸੁਲਤਾਨਪੁਰ ਲੋਧੀ ਵਿਖੇ ,ਇਕਤਰਤਾ ਹਾਲ, ਮਾਰਕੀਟ ਕਮੇਟੀ ਦੇ ਦਫ਼ਤਰ ਚ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਇੱਕ ਵਿਚਾਰ ਚਰਚਾ ਰੱਖੀ ਗਈ।
ਇਸ ਵਿਚਾਰ ਚਰਚਾ ਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕੇਂਦਰ ਦੇ ਬੁਲਾਰੇ ਮਲਕੀਤ ਸਿੰਘ ਨੇ ਜਲਵਾਯੂ ਪਰਿਵਰਤਨ ਦੇ ਹਾਲਾਤ, ਕਾਰਨਾਂ ਅਤੇ ਇਸਦੇ ਖੇਤੀਬਾੜੀ ਤੇ ਪ੍ਰਭਾਵ ਬਾਰੇ ਵਿਸਥਾਰ ਚ ਗੱਲਬਾਤ ਰੱਖੀ।
ਚੰਗੀ ਉਪਜ ਲਈ ਮਿੱਟੀ ਦੀ ਸਿਹਤ, ਇਸਦੇ ਸੁਧਾਰ ਅਤੇ ਜਲਵਾਯੂ ਪਰਿਵਰਤਨ ਦੇ ਨਿਯੰਤਰਣ ਬਾਰੇ ਗੱਲਬਾਤ ਡਾ. ਜਸਪਾਲ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ) ਅਤੇ ਕੁਦਰਤੀ ਖੇਤੀ ਮਾਹਿਰ ਗੁਰਪ੍ਰੀਤ ਸਿੰਘ ਦਬੜੀਖਾਨਾ ਨੇ ਕੀਤੀ। ਪ੍ਰਚੱਲਿਤ ਵਿਧੀਆਂ ਨਾਲ ਕੀਤੀ ਜਾਂਦੀ ਖੇਤੀ ਦੇ ਨੁਕਸਾਂ ਬਾਰੇ ਚੇਤਾਵਨੀ ਦਿੰਦਿਆਂ ਮਾਹਿਰਾਂ ਨੇ ਆਖਿਆ ਕਿ ਜੇਕਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਇਸੇ ਤਰੀਕੇ ਵਰਤੋਂ ਕੀਤੀ ਜਾਂਦੀ ਰਹੀ ਤਾਂ ਕੁਝ ਸਾਲਾਂ ਬਾਅਦ ਧਰਤੀ ਦੇ ਬੰਜਰ ਹੋਣ ਦਾ ਵੱਡਾ ਖਦਸ਼ਾ ਹੈ। ਅਜਿਹਾ ਮਿੱਟੀ ਚੋਂ ਜੈਵਿਕ ਮਾਦੇ ਦੇ ਮੁੱਕਣ ਕਰਕੇ ਹੁੰਦਾ ਹੈ।
ਕੁਦਰਤੀ ਤਰੀਕੇ ਨਾਲ ਗੈਰ ਕੁਦਰਤੀ ਖੇਤੀ ਨਾਲੋਂ ਝਾੜ ਵੱਧ ਹੋਣ ਬਾਰੇ ਵਿਸਥਾਰ ਚ ਗੱਲਬਾਤ ਹੋਈ। ਖੇਤੀ ਲਈ ਲੋੜੀਂਦੇ ਵਸੀਲੇ ਪਾਣੀ ਦੇ ਸੋਮਿਆਂ ਬਾਰੇ ਗੱਲਬਾਤ ਕਰਦਿਆਂ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਭਾਰਤ ਦੇ 28 ਸੂਬਿਆਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲੋਂ ਵੱਧ ਪਾਣੀ ਧਰਤੀ ਹੇਠੋਂ ਕੱਢ ਰਿਹਾ ਹੈ। ਇਸੇ ਨੂੰ ਵਿਚਾਰਦਿਆਂ ਕਿਸਾਨਾਂ ਵੱਲੋਂ ਖੇਤੀ ਲਈ ਲੋੜੀਂਦਾ ਨਹਿਰੀ ਪਾਣੀ ਮੁੱਹਈਆ ਕਰਵਾਉਣ ਬਾਰੇ ਵੀ ਵਿਚਾਰਾਂ ਹੋਈਆਂ। ਜ਼ਮੀਨੀ ਪਾਣੀ ਦੇ ਮਾਮਲੇ ਵਿੱਚ ਕਪੂਰਥਲੇ ਜਿਲ੍ਹੇ ਦੇ ਸਾਰੇ ਬਲਾਕ ਅਤਿ ਸ਼ੋਸ਼ਿਤ ਹਨ, ਭਾਵ ਖ਼ਤਰਨਾਕ ਹੱਦ ਤੱਕ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਇਲਾਕੇ ਚ ਸਿੰਜਾਈ ਲਈ ਇਹ ਸੁਝਾਅ ਵੀ ਆਇਆ ਕਿ ਕਾਲੀ ਵੇਈਂ ਨੂੰ ਨਹਿਰ ਵਾਂਗ ਵਰਤਣ ਲਈ ਉੱਦਮ ਕਰਨੇ ਚਾਹੀਦੇ ਹਨ। ਖੇਤੀ ਉਪਜਾਂ ਬਾਰੇ ਉੱਦਮ ਕਰਨ ਅਤੇ ਇਸਨੂੰ ਪ੍ਰਫੁੱਲਿਤ ਕਰਨ ਬਾਰੇ ਏਕਮ ਕਿਸਾਨ ਤੋਂ ਕੁਲਦੀਪ ਸਿੰਘ ਵੱਲੋਂ ਵਿਸਥਾਰ ਚ ਗੱਲਬਾਤ ਕੀਤੀ ਗਈ।
ਕਿਸਾਨਾਂ ਵੱਲੋਂ ਝੋਨੇ ਹੇਠ ਰਕਬਾ ਘਟਾਉਣ, ਖੇਤੀ ਦੀ ਹੰਢਣਸਾਰਤਾ ਦੇ ਤਰੀਕੇ ਵਰਤਣ ਅਤੇ ਰੁੱਖਾਂ ਹੇਠ ਰਕਬਾ ਵਧਾਉਣ ਦੇ ਵਾਅਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਕੇਂਦਰ ਵੱਲੋਂ ਬੁਲਾਰਿਆਂ ਅਤੇ ਉੱਦਮੀ ਕਿਸਾਨ ਹੁਕਮ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
Related Topics: Agriculture, Agriculture And Environment Awareness Center