ਸਿਆਸੀ ਖਬਰਾਂ » ਸਿੱਖ ਖਬਰਾਂ

ਸੌਦਾ ਸਾਧ ਦੀ ਮਾਫੀ: ਬਡੂੰਗਰ ਦਾ ਵਤੀਰਾ ਤਖਤ ਸਾਹਿਬ ਦੇ ਮਾਣ ਨੂੰ ਢਾਹ ਲਾਉਣ ਵਾਲਾ: ਭਾਈ ਨਰੈਣ ਸਿੰਘ ਚੌੜਾ

October 4, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਬੰਦ ਸਿਆਸੀ ਸਿੱਖ ਕੈਦੀ ਭਾਈ ਨਰੈਣ ਸਿੰਘ ਚੌੜਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਲੋਚਨਾ ਕੀਤੀ ਹੈ। ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਜਿਹੜੇ ਦਸਤਾਵੇਜਾਂ ਸਮੇਤ ਜਾਂਚ ‘ਚ ਸ਼ਾਮਲ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਨ ਲਈ ਬੁਲਾਇਆ ਹੈ, ਉਹ ਮੁਆਫੀਨਾਮਾ, ਵਾਪਸੀਨਾਮਾ ਅਤੇ ਇਸ਼ਤਿਹਾਰਬਾਜ਼ੀ ਦੇ ਦਸਤਾਵੇਜ਼ ਅਕਾਲ ਤਖ਼ਤ ਸਾਹਿਬ ਦੇ ਨਹੀਂ ਹਿੰਦੂਤਵੀ ਸੋਚ ਦੇ ਮੋਹਰੇ ਅਤੇ ਦੇਹਧਾਰੀ ਗੁਰੂ ਦੰਭ ਦੇ ਪੈਰੋਕਾਰ ਬਾਦਲ ਪਰਿਵਾਰ ਦੇ ਹਨ।

ਭਾਈ ਨਰੈਣ ਸਿੰਘ ਚੌੜਾ ਪੁਲਿਸ ਹਿਰਾਸਤ 'ਚ (ਫਾਈਲ ਫੋਟੋ)

ਭਾਈ ਨਰੈਣ ਸਿੰਘ ਚੌੜਾ ਪੁਲਿਸ ਹਿਰਾਸਤ ‘ਚ (ਫਾਈਲ ਫੋਟੋ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਅਤੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਕਮਿਸ਼ਨ ਦੀ ਜਾਂਚ ਪ੍ਰਕਿਆ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਅਤੇ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਮਾਣ ਮਰਯਾਦਾ ਨੂੰ ਚਨੌਤੀ ਦੇਣ ਵਾਲਾ ਕਦਮ ਦਸ ਕੇ ਸਿੱਖ ਜਗਤ ਨੂੰ ਗੁੰਮਰਾਹ ਕਰ ਰਿਹਾ ਹੈ। ਭਾਈ ਚੌੜਾ ਨੇ ਕਿਹਾ ਹੈ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦੀ ਸਮੇਲਤਾ ਦਾ ਪ੍ਰਤੀਕ ਖ਼ਾਲਸਾ ਪੰਥ ਦਾ ਸਰਵਉੱਚ ਅਸਥਾਨ ਹੈ ਅਤੇ ਇਸ ਨੂੰ ਚੁਣੌਤੀ ਦੇਣ ਵਾਲੀ ਵੱਡੀ ਤੋਂ ਵੱਡੀ ਸਲਤਨਤ ਨੂੰ ਹਮੇਸਾਂ ਖ਼ਾਲਸਾ ਪੰਥ ਹੱਥੋਂ ਮੂੰਹ ਦੀ ਖਾਣੀ ਪਈ ਹੈ। ਪਰ ਇਸ ਸਮੇਂ ਇਹ ਚੁਣੌਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਹੀਂ ਦੇ ਰਿਹਾ ਸਗੋਂ ਬਾਦਲ ਸਰਕਾਰ, ਬਾਦਲ ਦਲ ਅਤੇ ਬਾਦਲ ਪਰਿਵਾਰ ਨੇ ਦਿੱਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸਭ ਕਰਤੂਤਾਂ ਦੇਹਧਾਰੀ ਗੁਰੂਦੰਭ ਦੀਆਂ ਹਨ ਅਤੇ ਬਹਿਬਲ ਕਲਾਂ  ‘ਚ ਸਿੱਖਾਂ ਦੇ ਕਤਲ ਬਾਦਲ ਸਰਕਾਰ ਦੀ ਕਾਰਵਾਈ ਸੀ। ਭਾਈ ਚੌੜਾ ਨੇ ਕਿਹਾ ਹੈ ਕਿ ‘ਡੇਰਾ ਸਿਰਸਾ ਨੂੰ ਮੁਆਫੀਨਾਮਾ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਬਾਦਲ ਪਰਿਵਾਰ ਦੇ ਹੁਕਮ ਦੀ ਤਮੀਲ ਸੀ ਅਤੇ ਵਾਪਸੀਨਾਮਾ ਸਿੱਖ ਜਗਤ ਦੇ ਰੋਹ ਅੱਗੇ ਹੋਈ ਹਾਰ ਸੀ।

ਸਬੰਧਤ ਖ਼ਬਰ:

ਸ਼੍ਰੋਮਣੀ ਕਮੇਟੀ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰਨਾ ਬਿਲਕੁਲ ਸਹੀ ਕਦਮ: ਬਾਬਾ ਧੁੰਮਾ …

ਸਿੱਖ ਜਗਤ ਗਿਆਨੀ ਗੁਰਬਚਨ ਅਤੇ ਉਸ ਦੇ ਹਮਸਲਾਹ ਜਥੇਦਾਰਾਂ ਨੂੰ ਤਖ਼ਤਾਂ ਦੇ ਜਥੇਦਾਰ ਦੀ ਪਦਵੀ ਤੋਂ ਖਾਰਜ ਕਰ ਚੁੱਕਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਿੱਖ ਗੁਰਦੁਆਰਾ ਐਕਟ ਤਹਿਤ ਹੋਂਦ ਵਿੱਚ ਆਈ ਕਾਨੂੰਨੀ ਸੰਸਥਾ ਹੈ। ਇਹ ਭਾਰਤੀ ਅਦਾਲਤਾਂ ਵਿੱਚ ਖ਼ੁਦ ਵੀ ਕੇਸ ਕਰਦੀ ਹੈ ਅਤੇ ਆਪਣੇ ਵਿਰੁੱਧ ਚਲਦੇ ਕੇਸਾਂ ਵਿੱਚ ਪੇਸ਼ ਵੀ ਹੁੰਦੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਅਜਿਹੀ ਕਾਨੂੰਨੀ ਅਦਾਲਤ ਹੈ ਪਰ ਉਸ ਦੀ ਹੋਂਦ ਨੂੰ ਮੰਨਣ ਤੋਂ ਆਕੀ ਹੋਣਾ ਅਤੇ ਬੇਅਦਬੀ ਦੀਆਂ ਵਾਰਦਾਤਾਂ ਅਤੇ ਬਹਿਬਲ ਕਲਾਂ ਕਤਲੇਆਮ ਦੀ ਜਾਂਚ ਵਿੱਚ ਸਹਿਯੋਗ ਦੇਣ ਤੋਂ ਨਾਂਹ ਕਰਨੀ ਬਾਦਲ ਸਰਕਾਰ, ਬਾਦਲ ਦਲ ਅਤੇ ਬਾਦਲ ਪਰਿਵਾਰ ਦੇ ਜੁਰਮਾਂ ਅਤੇ ਜ਼ੁਲਮਾਂ ‘ਤੇ ਪਰਦਾ ਪਾ ਕੇ ਗੁਰੂ ਤੋਂ ਬੇਮੁੱਖ ਅਤੇ ਖ਼ਾਲਸਾ ਪੰਥ ਨੂੰ ਬੇਦਾਵਾ ਦੇਣ ਵਾਲੀ ਕਾਰਵਾਈ ਹੈ ਤੇ ਅਜਿਹਾ ਕਰਕੇ ਕਿਰਪਾਲ ਸਿੰਘ ਬਡੂੰਗਰ ਤੇ ਸ਼ੋਮਣੀ ਕਮੇਟੀ ਦੀ ਕਾਰਜਕਾਰਣੀ ਸਿੱਖ ਇਤਿਹਾਸ ਵਿੱਚ ਆਪਣੇ ਆਪ ਨੂੰ ਕਲੰਕਤ ਕਰ ਰਹੇ ਹਨ।

ਸਬੰਧਤ ਖ਼ਬਰ:

ਸੌਦਾ ਸਾਧ ਨੂੰ ਮਾਫੀ ਦਾ ਰਿਕਾਰਡ ਮੰਗ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਾਂਗਰਸੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ: ਸ਼੍ਰੋਮਣੀ ਕਮੇਟੀ …

ਜਾਰੀ ਬਿਆਨ ‘ਚ ਭਾਈ ਚੌੜਾ ਨੇ ਕਿਹਾ ਜੂਨ 1984 ਦਾ ਭਾਰਤੀ ਫੌਜ ਦਾ ਹਮਲਾ ਇੰਦਰਾ ਕਾਂਗਰਸ ਪਾਰਟੀ ਅਕਾਲੀ ਦਲ ਵਿਰੋਧੀ ਪਾਰਟੀਆਂ ਅਤੇ ਯੂ.ਕੇ. ਅਤੇ ਸੋਵੀਅਤ ਯੂਨੀਅਨ ਦਾ ਦਰਬਾਰ ਸਾਹਿਬ ‘ਤੇ ਸਾਂਝਾ ਹਮਲਾ ਸੀ ਅਤੇ ਇਹ ਤੱਥ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਪ੍ਰਕਿਰਿਆ ਨੂੰ ਅਕਾਲ ਤਖ਼ਤ ਸਾਹਿਬ ‘ਤੇ ਕਾਂਗਰਸ ਪਾਰਟੀ ਦਾ ਮੁੜ ਹਮਲਾ ਕਰਾਰ ਦੇਣਾ ਅਤੇ ਸਿੱਖ ਸੰਸਥਾਵਾਂ ਅਤੇ ਸਿਧਾਤਾਂ ਨੂੰ ਵੰਗਾਰਨ ਵਾਲੀ ਕਾਰਵਾਈ ਦੱਸਣਾ ਹਾਸੋਹੀਣੀ ਗੱਲ ਹੈ। ਅਜਿਹਾ ਕਰਕੇ ਬੰਡੂਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਅਤੇ ਪੰਥਕ ਸੰਸਥਾ ‘ਤੇ ਦਾਗ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਸੁੱਚਾ ਸਿੰਘ ਲੰਗਾਹ ਬੱਜਰ ਕੁਰਹਿਤੀਆ ਹੈ ਅਤੇ ਬੱਜਰ ਕੁਰਹਿਤੀਆ ਪਤਿਤ ਹੋਣ ਕਰਕੇ ਆਪਣੇ ਆਪ ਹੀ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ ਅਤੇ ਲੰਗਾਹ ਵਰਗੇ ਹੋਰ ਕੁਕਰਮੀਆਂ ਦੀ ਸ਼ਨਾਖਤ ਕਰਨ ਲਈ ਵੀ ਕਦਮ ਚੁੱਕਣੇ ਚਾਹੀਦੇ ਹਨ’।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,