ਪੰਜਾਬ ਸਿਰ ਚੜ੍ਹਿਆ ਕਰਜਾ
November 15, 2010 | By ਸਿੱਖ ਸਿਆਸਤ ਬਿਊਰੋ
ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਅਸੀਂ ਜਿਸ ਦੇਸ਼ ਵਿੱਚ ਗੈਰ ਕਨੂੰਨੀ ਢੰਗ ਨਾਲ ਰਹਿ ਰਹੇ ਹਾਂ (ਸਿੱਖ ਹਿੰਦੋਸਤਾਨ ਦੇ ਕਨੂੰਨੀ ਦਾਇਰੇ ਵਿੱਚ ਨਹੀਂ ਆਉਂਦੇ, ਕਿਉਂਕਿ ਭਾਰਤੀ ਸੰਵੀਧਾਨ ਸਿੱਖ ਧਰਮ ਦੀ ਨਿਆਰੀ ਅਤੇ ਵੱਖਰੀ ਹੋਂਦ ਤੋਂ ਮੁਨਕਰ ਹੈ, ਇਸ ਦੇ ਅਨੁਸਾਰ ਜੇਕਰ ਕੋਈ ਆਪਣੇ ਆਪ ਨੂੰ ਸਿੱਖ ਸਮਝਣ ਦੀ ਗੱਲ ਕਰਦਾ ਹੈ ਤਾਂ ਉਹ ਗੈਰ ਸੰਵੀਧਾਨਿਕ ਗੱਲ ਕਰ ਰਿਹਾ ਹੈ।ਇਹੋ ਕਾਰਣ ਹੈ ਕਿ ਜਾਗਦੀ ਜਮੀਰ ਵਾਲੇ ਸਿੱਖ ਨੌਜਵਾਨਾਂ ਨੂੰ ਥਾਂ ਥਾਂ ਤੋਂ ਪੁਲਿਸ ਦੁਆਰਾ ਫੜਕੇ ਅੱਤਵਾਦੀ ਹੋਣ ਦਾ ਦੋਸ਼ ਮੜਿਆ ਜਾ ਰਿਹਾ ਹੈ। ਇਹ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਜਾਣਬੁੱਝ ਕੇ ਅਨਜਾਣ ਬਣੇ ਹੋਏ ਹਾਂ) ਉਹ ਦੇਸ਼ ਦੁਨੀਆਂ ਅੰਦਰ ਬੇਈਮਾਨੀ ਦੀਆਂ ਨਵੀਆਂ ਮਿਸਾਲਾਂ ਕਾਇਮ ਕਰ ਰਿਹਾ ਹੈ। ਬੇਈਮਾਨੀ ਗਾਂਧੀ ਅਤੇ ਨਹਿਰੂ ਦੇ ਸਮੇਂ ਤੋਂ ਹੀ ਇੱਥੇ ਦੇ ਰਾਜਨੇਤਾਵਾਂ ਅਤੇ ਅਫਸਰਸ਼ਾਹੀ ਦੇ ਹੱਡੀਂ ਵਸ ਚੁੱਕੀ ਹੈ। ਕਾਮਨਵੈਲਥ ਖੇਡਾਂ ਵਿੱਚ ਇਹਨਾਂ ਬੇਸ਼ਰਮਾਂ ਨੇ ਇੰਨੀ ਲੁੱਟ ਖਸੁੱਟ ਮਚਾਈ ਕਿ ਭਾਰਤ ਪਾਰਦਰਸ਼ਤਾ (ਇਮਾਨਦਾਰੀ) ਵਿੱਚ 84ਵੇਂ ਨੰਬਰ ਤੋਂ 87ਵੇਂ ਨੰਬਰ ਤੇ ਆ ਗਿਆ।ਦੇਸ਼ ਦੇ ਲੋਕਾਂ ਨੇ ਅਤੇ ਮੀਡੀਏ ਨੇ ਬਥੇਰਾ ਰੌਲਾ ਪਾਇਆ ਪਰ ਜਾਂਚ ਕਮੇਟੀ ਤੋਂ ਵੱਧ ਕੁੱਝ ਨਾ ਪ੍ਰਾਪਤ ਹੋਇਆ। ਸਾਲਾਂ ਤੀਕ ਜਾਂਚ ਚੱਲੇਗੀ ਅਤੇ ਬਾਅਦ ਵਿੱਚ ਸਾਰੇ ਦੋਸ਼ ਮੁਕਤ ਕਰ ਦਿੱਤੇ ਜਾਣਗੇ।ਪੰਜਾਬ ਤੇ ਚੜੇ ਕਰਜੇ ਵਾਰੇ ਪਿਛਲੇ ਕਈ ਦਿਨਾਂ ਤੋਂ ਬਹੁਤ ਚਰਚਾ ਹੋ ਰਹੀ ਹੈ। 70,000 ਕਰੋੜ ਰੁਪਏ ਦਾ ਕਰਜਾ ਪੰਜਾਬ ਉੱਪਰ ਦੱਸਿਆ ਜਾ ਰਿਹਾ ਹੈ। ਇਹ ਕਰਜਾ ਸਰਕਾਰਾਂ ਮੁਤਾਬਿਕ ਸਰਕਾਰੀ ਅੱਤਬਾਦ ਸਮੇਂ ਪੰਜਾਬ ਉੱਪਰ ਚੜਿਆ ਜਦੋਂ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਪਿੰਡਾਂ ਸ਼ਹਿਰਾਂ ਵਿੱਚੋਂ ਕੋਹ-ਕੋਹ ਕੇ ਝੂਠੇ ਮੁਕਾਬਲੇ ਬਣਾ ਕੇ ਖਤਮ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਇਹ ਕਰਜਾ ਚੜਿਆ ਹੈ। ਜੋ ਹਥਿਆਰ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਭਾਰਤੀ ਫੌਜ ਨੇ ਵਰਤੇ ਉਹਨਾਂ ਦਾ ਖਰਚਾ ਹੈ ਇਹ ਕਰਜਾ। ਜਿਹੜੀ ਦਰਬਾਰ ਸਾਹਿਬ ਅੰਦਰ ਵੜਨ ਤੋਂ ਪਹਿਲਾਂ ਫੌਜੀਆਂ ਨੂੰ ਸ਼ਰਾਬ ਪਿਆਈ ਗਈ ਉਹਨਾਂ ਖਰਚਿਆਂ ਦਾ ਹੈ ਇਹ ਕਰਜਾ। ਇਹ ਸੱਚ-ਮੁੱਚ ਸਾਡੇ ਉੱਪਰ ਇੱਕ ਕਰਜਾ ਹੈ। ਜੋ ਪੈਸਾ ਸਿੱਖੀ ਦੇ ਖਾਤਮੇ ਲਈ ਵਰਤਿਆ ਗਿਆ ਉਸੇ ਨੂੰ ਸਾਡੇ ਉੱਪਰ ਕਰਜਾ ਦੱਸਦੇ ਹਨ। ਸਾਡੇ ਲੀਡਰਾਂ ਦੀ ਵੀ ਸ਼ਰਮ ਮਰੀ ਹੋਈ ਹੈ ਕਿ ਪੰਜਾਬ ਦੀਆਂ ਸਰਕਾਰਾਂ ਇਹ ਕਰਜਾ ਮੁਆਫ ਕਰਵਾਉਣ ਦੀਆਂ ਗੱਲਾਂ ਕਰਦੀਆਂ ਹਨ।ਇਹਨਾਂ ਨੂੰ ਸਮਝ ਨਹੀਂ ਆਉਂਦਾ ਜਾਂ ਇਹ ਲੋਕ ਸਮਝਣਾ ਨਹੀਂ ਚਾਹੁੰਦੇ ਕਿ ਸਾਡੇ ਸਿਰਾਂ ਉੱਪਰ ਸਾਡੀਆਂ ਹੀ ਜੁੱਤੀਆਂ ਭਿਔਂ-ਭਿਔਂ ਕੇ ਮਾਰੀਆਂ ਜਾ ਰਹੀਆਂ ਹਨ ਅਤੇ ਅਸੀਂ ਫਿਰ ਵੀ ਦਿੱਲੀ ਸਰਕਾਰ ਦੀਆਂ ਕਰਜਾ ਮੁਆਫ ਕਰਨ ਲਈ ਮਿੰਨਤਾਂ ਕਰ ਰਹੇ ਹਾਂ। ਕਰਜੇ ਦੀ ਗੱਲ ਤਾਂ ਬਾਅਦ ਵਿੱਚ ਆਉਂਦੀ ਹੈ ਪਹਿਲਾਂ ਸਰਕਾਰੀ ਅੱਤਬਾਦ ਦੌਰਾਨ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਅਤੇ ਉਹਨਾਂ ਦੇ ਘਰ ਪਰਿਵਾਰ ਵਾਲਿਆਂ ਨੂੰ ਮੁਆਵਜੇ ਦੀ ਗੱਲ ਕਰਨੀ ਚਾਹੀਦੀ ਹੈ। ਪਿਛਲੇ 60 ਸਾਲਾਂ ਤੋਂ ਪੰਜਾਬ ਨੂੰ ਲੁੱਟ ਕੇ ਦਿੱਲੀ ਸਰਕਾਰ ਖਾ ਗਈ ਅਤੇ ਕਰਜਾ ਹਾਲੇ ਵੀ ਪੰਜਾਬ ਸਿਰ ਹੀ ਹੈ। ਪੀਣ ਜੋਗਾ ਪਾਣੀ ਪੰਜਾਬ ਕੋਲ ਨਹੀਂ ਛੱਡਿਆ, ਧਰਤੀ ਸਾਡੀ ਬੰਜਰ ਕਰ ਦਿੱਤੀ, ਨੌਜਵਾਨੀ ਸਾਡੀ ਮਾਰ ਦਿੱਤੀ, ਬਚੀ – ਖੁਚੀ ਨਸ਼ਿਆਂ ਦੇ ਜਾਲ ਵਿੱਚ ਫਸਾ ਦਿੱਤੀ, ਜੱਟ ਸਾਡਾ ਭੁੱਖਾ ਮਰਦਾ ਹੈ, ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਪਿਆ ਹੈ, ਇੰਡਸਟਰੀ ਪੰਜਾਬ ਦੀ ਹਿਮਾਚਲ ਵਿੱਚ ਪਹੁੰਚਾ ਦਿੱਤੀ ਅਤੇ ਕਰਜਾ ਹਾਲੇ ਵੀ ਪੰਜਾਬ ਉੱਪਰ ਹੈ। ਪਿਛਲੇ 60 ਸਾਲਾਂ ਤੋਂ ਲਗਭਗ ਮੁਫਤ ਵਿੱਚ ਸਾਰੇ ਹਿੰਦੋਸਤਾਨ ਨੂੰ ਰੋਟੀ ਖੁਆ ਰਹੇ ਹਾਂ ਕਰਜਾ ਫੇਰ ਵੀ ਪੰਜਾਬ ਦੇ ਸਿਰ ਹੈ। ਬੇਸ਼ਰਮੀ ਦੀ ਇਸ ਤੋਂ ਵੱਡੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀ ਮਿਲੇਗੀ। ਸਾਡੇ ਵਿੱਚ ਇੱਕਜੁੱਟਤਾ ਦੀ ਘਾਟ ਹੈ ਨਹੀਂ ਇਹਨਾਂ ਦਿੱਲੀ ਵਾਲਿਆਂ ਦੀ ਜੁਰਅਤ ਨਹੀ ਹੈ ਪੰਜਾਬ ਵੱਲ ਅੱਖ ਚੁੱਕ ਕੇ ਵੇਖ ਜਾਣ। ਅਸੀਂ ਕਿਉਂ ਨਹੀ ਸਿੱਧੀ ਗੱਲ ਕਹਿੰਦੇ ਕਿ ਪੰਜਾਬ ਤੇ ਕੋਈ ਕਰਜਾ ਨਹੀ ਹੈ, ਹਿੰਦੋਸਤਾਨ ਵੱਲ ਜੋ ਪੰਜਾਬ ਦਾ ਬਕਾਇਆ ਬਾਕੀ ਹੈ ਉਹ ਸਾਨੂੰ ਦੇਵੇ ਅਤੇ ਸਾਡੀ ਧਰਤੀ ਉੱਪਰ ਬੇਲੋੜੀ ਦਖਲ-ਅੰਦਾਜੀ ਬੰਦ ਕਰੇ। ਕੇਂਦਰ ਦੀ ਕਾਂਗਰਸ ਸਰਕਾਰ ਦਾ ਟੈਲੀਕਮਨੀਕੇਸ਼ਨ ਮੰਤਰੀ ਏ. ਰਾਜਾ ਇਕੱਲਾ ਹੀ 70,000 ਕਰੋੜ ਰੁਪਏ ਦਾ ਘੋਟਾਲਾ ਕਰ ਗਿਆ ਉਸ ਵਾਰੇ ਤਾਂ ਇਹਨਾਂ ਦੀ ਜੁਬਾਨ ਨਹੀਂ ਖੁੱਲਦੀ ਅਤੇ ਪੰਜਾਬ ਦੇ ਕਰਜੇ ਨੂੰ ਰੋ ਰਹੇ ਹਨ। ਭਾਰਤ ਦੀ ਬੇਈਮਾਨ ਫੌਜ ਅਤੇ ਮੰਤਰੀਆਂ ਦੀ ਮਿਲੀ ਭੁਗਤ ਮੁੰਬਈ ਦੇ ਆਦਰਸ਼ ਸੁਸਾਈਟੀ ਘੋਟਾਲੇ ਵਿੱਚ ਸਾਬਿਤ ਹੋ ਚੁੱਕੀ ਹੈ। ਆਖਿਰ ਵਿੱਚ ਦਾਸ ਸਿਰਫ ਇੰਨਾਂ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਐਂਵੇ ਦਿੱਲੀ ਸਰਕਾਰ ਅੱਗੇ ਗੋਡੇ ਟੇਕਣ ਵਾਲੇ ਅਤੇ ਭਾਰਤੀ ਸੰਵੀਧਾਨ ਨੂੰ ਆਪਣੇ ਸਭ ਕੁੱਝ ਮੰਨਣ ਵਾਲੇ, ਗਾਂਧੀ ਨੂੰ ਬਾਪੂ ਅਤੇ ਨਹਿਰੂ ਨੂੰ ਚਾਚਾ ਮੰਨਣ ਵਾਲੇ ਸਿੱਖ ਲੀਡਰਾਂ ਦੀ ਹੋਰ ਲੋੜ ਨਹੀਂ ਹੈ। ਜੇਕਰ ਪੰਜਾਬ ਨੂੰ ਅਤੇ ਸਿੱਖੀ ਨੂੰ ਬਚਾਉਣਾ ਹੈ ਤਾਂ ਸਾਨੂੰ ਸਿੱਖ ਵੀਰਾਂ ਨੂੰ ਇੱਕਜੁੱਟ ਹੋਕੇ ਸਟੈਂਡ ਲੈਣਾ ਪਵੇਗਾ ਅਤੇ ਇਹੋ ਹੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਹੋਈਆਂ ਭੁੱਲਾਂ ਦੀ ਖਿਮਾਂ ਕਰਨਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
ਸੁਖਦੀਪ ਸਿੰਘ
(ਯੁੱਥ ਖਾਲਸਾ ਫੈਡਰੇਸ਼ਨ)
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Youth Khalsa Federation