ਲੇਖ » ਸਾਹਿਤਕ ਕੋਨਾ

ਕਰੋਨਾ ਸੰਕਟ, ਅਰਥਚਾਰਾ ਅਤੇ ਅਵਾਮ (ਡਾ.ਗਿਆਨ ਸਿੰਘ)

March 27, 2020 | By

ਡਾ. ਗਿਆਨ ਸਿੰਘ

ਵੱਖ ਵੱਖ ਸਮਿਆਂ ਦੌਰਾਨ ਦੁਨੀਆਂ ਉੱਪਰ ਸੰਕਟ ਆਏ ਜਿਨ੍ਹਾਂ ਨੇ ਮਨੁੱਖਾਂ ਦਾ ਬਹੁਤ ਨੁਕਸਾਨ ਕੀਤਾ। ਪਹਿਲੀ ਤੇ ਦੂਜੀ ਸੰਸਾਰ ਜੰਗ ਦੌਰਾਨ ਕੁਝ ਮੁਲਕਾਂ ‘ਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। 1929-34 ਦੀ ਮਹਾਂਮੰਦੀ ਨੇ ਕਈ ਮੁਲਕਾਂ ਦੇ ਅਰਥਚਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਉਸ ਸਮੇਂ ਦੌਰਾਨ ਵੀ ਇਸ ਮਹਾਂਮੰਦੀ ਦਾ ਮਾਰੂ ਅਸਰ ਸਿਰਫ਼ ਸਰਮਾਏਦਾਰ ਮੁਲਕਾਂ ਤੱਕ ਹੀ ਸੀਮਿਤ ਸੀ ਅਤੇ ਉਸ ਸਮੇਂ ਦੇ ਸਮਾਜਵਾਦੀ ਪ੍ਰਬੰਧ ਵਾਲੇ ਮੁਲਕ ਇਸ ਦੀ ਮਾਰ ਤੋਂ ਮੁਕਤ ਸਨ, ਕਿਉਂਕਿ ਇਹ ਮੁਲਕ ਬੇਲਗਾਮ ਮੰਡੀ ਵਿਵਸਥਾ ਤੋਂ ਮੁਕਤ ਹੋਣ ਦੇ ਨਾਲ ਨਾਲ ਬੰਦ ਅਰਥਚਾਰੇ ਸਨ ਜਿਸ ਦਾ ਭਾਵ ਹੈ ਕਿ ਇਨ੍ਹਾਂ ਮੁਲਕਾਂ ਦਾ ਹੋਰ ਮੁਲਕਾਂ ਨਾਲ ਵਪਾਰ ਨਹੀਂ ਸੀ।

ਇਸੇ ਤਰ੍ਹਾਂ ਦੁਨੀਆਂ ਉੱਪਰ ਹੋਰ ਵੀ ਸੰਕਟ ਆਏ ਪਰ ਸਾਰੇ ਸੰਕਟਾਂ ਦੌਰਾਨ ਜਾਨੀ/ਮਾਲੀ ਨੁਕਸਾਨ ਕੁਝ ਮੁਲਕਾਂ ਤੱਕ ਹੀ ਸੀਮਿਤ ਰਿਹਾ। ਅੱਜਕੱਲ੍ਹ ਮਨੁੱਖਤਾ ਕਰੋਨਾਵਾਇਰਸ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦੁਨੀਆਂ ਦਾ ਕੋਈ ਵੀ ਅਜਿਹਾ ਮੁਲਕ ਨਹੀਂ ਜਿਥੇ ਰਹਿਣ ਵਾਲਿਆਂ ਨੂੰ ਇਸ ਸੰਕਟ ਨੇ ਝੰਜੋੜਿਆ ਨਾ ਹੋਵੇ। ਦੁਨੀਆਂ ਦੇ ਵੱਖ ਵੱਖ ਮੁਲਕਾਂ ਦੇ ਵਿਗਿਆਨੀ, ਕਰੋਨਾਵਾਇਰਸ ਦੇ ਸੰਕਟ ਦੇ ਕਾਰਨਾਂ ਦੀ ਨਿਸ਼ਾਨਦੇਹੀ ਅਤੇ ਉਸ ਨੂੰ ਹੱਲ ਕਰਨ ਦੇ ਉਪਾਵਾਂ ਬਾਰੇ ਸੰਜੀਦਗੀ ਨਾਲ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਯਕੀਨਨ, ਆਉਣ ਵਾਲੇ ਕੁਝ ਸਮੇਂ ਦੌਰਾਨ ਉਹ ਜ਼ਰੂਰ ਕਾਮਯਾਬ ਹੋ ਜਾਣਗੇ।

1991 ਦੌਰਾਨ ਭਾਰਤ ਵਿਚ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਅਪਣਾਈਆਂ ਨਵੀਆਂ ਆਰਥਿਕ ਨੀਤੀਆਂ ਤੋਂ ਬਾਅਦ ਕੁਝ ਸਮੇਂ ਦੌਰਾਨ ਮੁਲਕ ਦਾ ਤੇਜ਼ੀ ਨਾਲ ਆਰਥਿਕ ਵਿਕਾਸ ਹੋਇਆ ਜਿਸ ਲਈ ਸਮੇਂ ਸਮੇਂ ਉੱਪਰ ਹੁਕਮਰਾਨਾਂ ਨੇ ਆਪਣੀ ਪਿੱਠ ਆਪ ਥਾਪੜਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਅਤੇ ਵੱਖ ਵੱਖ ਸਮਿਆਂ ਉੱਪਰ ਇਨ੍ਹਾਂ ਹੁਕਮਰਾਨਾਂ ਨੇ ਭਾਰਤ ਦਾ ਨੇੜਲੇ ਭਵਿੱਖ ਵਿਚ ਦੁਨੀਆਂ ਦੀ ਮਹਾਂਸ਼ਕਤੀ ਬਣਨ ਦਾ ਦਾਅਵਾ ਵੀ ਪੇਸ਼ ਕੀਤਾ।

ਪਿਛਲੇ ਕੁਝ ਸਮੇਂ ਤੋਂ ਮੁਲਕ ਦੀ ਆਰਥਿਕ ਵਿਕਾਸ ਦਰ ਤੇਜ਼ੀ ਨਾਲ ਥੱਲੇ ਨੂੰ ਆ ਰਹੀ ਜਿਸ ਦਾ ਮੁੱਖ ਕਾਰਨ ਇਹ ਹੈ ਕਿ ਮੁਲਕ ਵਿਚ ਤੇਜ਼ ਆਰਥਿਕ ਵਿਕਾਸ ਦਰ ਦੇ ਫ਼ਾਇਦੇ ਕੁਝ ਕੁ ਚੰਦੁ ਅਤਿ ਦੇ ਅਮੀਰ ਲੋਕਾਂ ਦੇ ਵੱਡੇ ਖੀਸਿਆਂ ਵਿਚ ਹੀ ਜਮਾਂ ਹੁੰਦੇ ਆ ਰਹੇ ਹਨ। ਇਨ੍ਹਾਂ ਨਵੀਆਂ ਆਰਥਿਕ ਨੀਤੀਆਂ ਨੂੰ ਸ਼ੁਰੂ ਕਰਨ ਮੌਕੇ ਅਤੇ ਉਸ ਤੋਂ ਬਾਅਦ ਲਗਾਤਾਰ ਅੱਜ ਤੱਕ ਆਰਥਿਕ ਵਿਕਾਸ ਦੇ ਫਾਇਦਿਆਂ ਨੂੰ ਹੇਠਾਂ ਵੱਲ ਰਿਸਾਅ ਦੀ ਨੀਤੀ ਦੁਆਰਾ ਅਵਾਮ ਤੱਕ ਪਹੁੰਚਾਉਣ ਦੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਅਸਲੀਅਤ ਵਿਚ ਮੁਲਕ ਦੇ ਆਰਥਿਕ ਵਿਕਾਸ ਦੇ ਫ਼ਾਇਦੇ ‘ਉਪਰ ਵੱਲ ਖਿੱਚ’ ਦੀ ਨੀਤੀ ਦੁਆਰਾ ਮੁਲਕ ਦੇ ਸਰਮਾਏਦਾਰ/ਕਾਰਪੋਰੇਟ ਜਗਤ ਨੂੰ ਦਿੱਤੇ ਜਾ ਰਹੇ ਹਨ ਜਿਸ ਕਾਰਨ ਮੁਲਕ ਵਿਚ ਅਮੀਰਾਂ ਅਤੇ ਗਰੀਬਾਂ ਵਿਚਕਾਰ ਆਰਥਿਕ ਖੱਪਾ ਲਗਾਤਾਰ ਵਧ ਰਿਹਾ ਹੈ।

ਇਸ ਨਿਰਾਸ਼ਾਜਨਕ ਤੱਥ ਦੀ ਪ੍ਰੋੜਤਾ ਔਕਸਫੈਮ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਤੇ ਮੁਲਕ ਵਿਚ ਕੀਤੇ ਜਾਂਦੇ ਖੋਜ ਅਧਿਐਨ ਵੱਖ ਵੱਖ ਸਮਿਆਂ ਉੱਪਰ ਕਰਦੇ ਰਹਿੰਦੇ ਹਨ। ਮੁਲਕ ਵਿਚ ਅਪਣਾਈਆਂ ਗਈਆਂ ਨਵੀਆਂ ਆਰਥਿਕ ਨੀਤੀਆਂ ਕਾਰਨ ਅਤਿ ਦੇ ਅਮੀਰ ਇਕ ਫ਼ੀਸਦ ਅਤੇ ਬਾਕੀ ਦੇ 99 ਫ਼ੀਸਦ ਲੋਕਾਂ ਵਿਚਕਾਰ ਸਿਰਫ਼ ਆਰਥਿਕ ਖੱਪਾ ਹੀ ਨਹੀਂ ਵਧ ਰਿਹਾ ਸਗੋਂ ਮੁਲਕ ਦਾ ਕਿਰਤੀ ਵਰਗ ਅਨੇਕਾਂ ਅਸਹਿ ਸਮੱਸਿਆਵਾਂ ਹੰਢਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਪਿਛਲੇ ਕੁਝ ਸਮੇਂ ਤੋਂ ਮੁਲਕ ਮੱਠੀ ਆਰਥਿਕ ਵਿਕਾਸ ਦਰ ਦੀ ਸਮੱਸਿਆ ਹੁੰਦਾ ਰਿਹਾ ਹੈ। ਕਰੋਨਾਵਾਇਰਸ ਦੇ ਸੰਕਟ ਨੇ ਦੁਨੀਆਂ ਦੇ ਹੋਰ ਮੁਲਕਾਂ ਦੇ ਨਾਲ ਨਾਲ ਭਾਰਤ ਨੂੰ ਵੀ ਬੁਰੀ ਤਰ੍ਹਾਂ ਘੇਰ ਲਿਆ ਹੈ। ਇਨ੍ਹਾਂ ਦਿਨਾਂ ਵਿਚ ਕਰੋਨਾਵਾਇਰਸ ਦੀ ਮਾਰ ਤੋਂ ਬਚਣ ਲਈ ਸਮਾਜਿਕ ਅਲਹਿਦਗੀ ਵਿਚ ਰਹਿਣ ਲਈ 22 ਮਾਰਚ ਨੂੰ ਇਕ ਦਿਨ ਲਈ ਪੂਰੇ ਮੁਲਕ ਵਿਚ ‘ਲੋਕ ਕਰਫਿਊ’ ਲਗਾਇਆ ਗਿਆ ਅਤੇ ਉਸ ਤੋਂ ਬਾਅਦ ਕਈ ਸੂਬਿਆਂ ਨੇ 31 ਮਾਰਚ ਤੱਕ ਸਰਕਾਰੀ ਤੌਰ ਉੱਤੇ ਜੀਵਨ ਬਚਾਉਣ ਵਾਲੇ ਕੁਝ ਕੰਮਾਂ/ਕਾਰੋਬਾਰਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਕੰਮ/ਕਾਰੋਬਾਰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਸਮੇਂ ਵਿਚ ਹੋਰ ਵਾਧਾ ਵੀ ਹੋ ਸਕਦਾ ਹੈ। ਇਸ ਦੇ ਨਤੀਜੇ ਵਜੋਂ ਪਹਿਲਾਂ ਤੋਂ ਚੱਲ ਰਹੀ ਮੱਠੀ ਆਰਥਿਕ ਵਿਕਾਸ ਦਰ ਹੋਰ ਹੇਠਾਂ ਨੂੰ ਆ ਜਾਵੇਗੀ। ਇਸ ਦੇ ਨਤੀਜੇ ਵਜੋਂ ਸਾਡੇ ਅਰਥਚਾਰੇ ਦੇ ਡਗਮਗਾਉਣ ਦੇ ਖ਼ਦਸ਼ੇ ਦਿਖਾਈ ਦਿੰਦੇ ਹਨ ਜਿਨ੍ਹਾਂ ਦਾ ਮਾਰੂ ਅਸਰ ਭਾਵੇਂ ਸਮਾਜ ਦੇ ਸਾਰੇ ਵਰਗਾਂ ਉੱਪਰ ਪਵੇਗਾ ਪਰ ਇਨ੍ਹਾਂ ਦੀ ਸਭ ਤੋਂ ਵੱਡੀ ਮਾਰ ਮੁਲਕ ਦੇ ਕਿਰਤੀ ਲੋਕਾਂ ਉੱਪਰ ਪੈਣੀ ਸ਼ੁਰੂ ਹੋ ਗਈ ਹੈ।

ਮੁਲਕ ਵਿਚ ਅਪਣਾਈਆਂ ਗਈਆਂ ਖੇਤੀਬਾੜੀ ਨੀਤੀਆਂ ਕਾਰਨ, ਖੇਤੀਬਾੜੀ ਨੂੰ ਘਾਟੇ ਵਾਲਾ ਧੰਦਾ ਬਣਾ ਦਿੱਤਾ ਗਿਆ ਹੈ ਜਿਸ ਕਾਰਨ ਵੱਡੀ ਗਿਣਤੀ ਵਿਚ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਖ਼ੁਦਕੁਸ਼ੀਆਂ ਕਰ ਰਹੇ ਹਨ। ਕਰੋਨਾਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ‘ਸਮਾਜਿਕ ਅਹਿਲਦਗੀ’ ਵਿਚ ਰਹਿਣ ਲਈ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਆਪਣੇ ਘਰਾਂ ਝੁੱਗੀਆਂ ਵਿਚ ਰਹਿਣ ਲਈ ਮਜਬੂਰ ਹਨ। ਕਰੋਨਾਵਾਇਰਸ ਦੇ ਡਰ ਕਾਰਨ ਸਾਗ, ਸਬਜ਼ੀਆਂ ਫ਼ਲਾਂ ਅਤੇ ਕੁਝ ਹੋਰ ਖੇਤੀਬਾੜੀ ਜਿਣਸਾਂ ਦੀ ਵਰਤੋਂ ਕਰਨ ਤੋਂ ਆਮ ਖ਼ਪਤਕਾਰ ਭਰ ਵਿਚ ਹਨ ਜਿਸ ਦੀ ਮਾਰ ਸੁਭਾਵਿਕ ਤੌਰ ਉੱਤੇ ਕਿਸਾਨਾਂ ਉੱਪਰ ਪੈਣੀ ਸ਼ੁਰੂ ਹੋ ਗਈ ਹੈ।

ਆਪਣੇ ਘਰਾਂ ਝੁੱਗੀਆਂ ਵਿਚ ਰਹਿਣ ਦੀ ਮਾਰ ਸਭ ਤੋਂ ਵੱਧ ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਉੱਪਰ ਤੇਜ਼ੀ ਨਾਲ ਪੈ ਰਹੀ ਹੈ, ਕਿਉਂਕਿ ਇਨ੍ਹਾਂ ਵਰਗਾਂ ਕੋਲ ਆਪਣੀ ਮਜ਼ਦੂਰੀ ਵੇਚਣ ਤੋਂ ਸਵਾਇ ਹੋਰ ਕੁਝ ਵੀ ਨਹੀਂ ਹੁੰਦਾ। ਮੁਲਕ ਵਿਚ ਅਨਾਜ ਦੀਆਂ ਲੋੜਾਂ ਨੂੰ ਪੂਰਾਂ ਕਰਨ ਲਈ ਮੱਧ-ਸੱਠਵਿਆਂ ਦੌਰਾਨ ਅਪਣਾਈ ਗਈ ਖੇਤੀਬਾੜੀ ਦੀ ਨਵੀਂ ਜੁਗਤ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਜਾਈ, ਰਸਾਇਣਕ ਖਾਦਾਂ, ਕੀਟਨਾਸ਼ਕਾਂ, ਉੱਲੀਨਾਸ਼ਕਾਂ, ਨਦੀਨਨਾਸ਼ਕਾਂ, ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਆਧੁਨਿਕ ਢੰਗਾਂ ਦਾ ਪੁਲੰਦਾ ਹੈ। ਇਸ ਪੁਲੰਦੇ ਵਿਚੋਂ ਮਸ਼ੀਨਰੀ ਅਤੇ ਨਦੀਨਨਾਸ਼ਕਾਂ ਦੀ ਵਧਦੀ ਵਰਤੋਂ ਨੇ ਖੇਤੀਬਾੜੀ ਖੇਤਰ ਵਿਚ ਰੁਜ਼ਗਾਰ ਨੂੰ ਵੱਡੀ ਪੱਧਰ ਉੱਪਰ ਘਟਾਇਆ ਹੈ। ਇਸ ਦੀ ਮਾਰ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਦੇ ਰੁਜ਼ਗਾਰ ਉੱਪਰ ਪਈ ਹੈ ਪਰ ਇਸ ਮਾਰ ਨੇ ਕਿਸਾਨਾਂ ਦੇ ਮੁਕਾਬਲੇ ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਨੂੰ ਜ਼ਿਆਦਾ ਘਚੱਲਿਆ ਹੈ, ਕਿਉਂਕਿ ਉਨ੍ਹਾਂ ਕੋਲ ਆਪਣੀ ਮਜ਼ਦੂਰੀ ਵੇਚਣ ਤੋਂ ਸਿਵਾਇ ਉਤਪਾਦਨ ਦੇ ਕੋਈ ਵੀ ਹੋਰ ਸਾਧਨ ਨਹੀਂ ਹੁੰਦੇ।

ਖੇਤੀਬਾੜੀ ਖੇਤਰ ਵਿਚ ਰੁਜ਼ਗਾਰ ਘਟਣ ਕਾਰਨ ਖੇਤ ਮਜ਼ਦੂਰ ਅਤੇ ਪੇਂਡੂ ਛੋਟੇ ਕਾਰੀਗਰ ਆਪਣੇ ਪਿੰਡਾਂ ਦੇ ਨੇੜਲੇ ਸ਼ਹਿਰਾਂ ਵਿਚ ਆਪਣੀ ਮਜ਼ਦੂਰੀ ਵੇਚਣ ਲਈ ਲੇਬਰ ਚੌਕਾਂ ਵਿਚ ਬੈਠੇ ਦਿਖਾਈ ਦਿੰਦੇ ਹਨ। ਹਰ ਰੋਜ਼ ਤਾਂ ਭਾਵੇਂ ਨਾ ਸਹੀ ਪਰ ਕੁਝ ਦਿਨਾਂ ਲਈ ਇਨ੍ਹਾਂ ਵਰਗਾਂ ਨੂੰ ਸ਼ਹਿਰਾਂ ਵਿਚ ਮਜ਼ਦੂਰੀ ਦਾ ਕੰਮ ਮਿਲ ਜਾਂਦਾ ਹੈ। ਇਸ ਤਰ੍ਹਾਂ ਇਹ ਵਰਗ ਖੇਤੀਬਾੜੀ ਖੇਤਰ ਅਤੇ ਸ਼ਹਿਰਾਂ ਵਿਚ ਮਜ਼ਦੂਰੀ ਕਰਕੇ ਆਪਣੀ ਦੋ ਡੰਗ ਦੀ ਰੋਟੀ ਦੇ ਆਹਰ ਵਿਚ ਲੱਗੇ ਰਹਿੰਦੇ ਹਨ। ਹੁਣ ਕਰੋਨਾਵਾਇਰਸ ਕਾਰਨ ਇਨ੍ਹਾਂ ਵਰਗਾਂ ਦਾ ਹਰ ਤਰ੍ਹਾਂ ਰੁਜ਼ਗਾਰ ਜਾਂਦਾ ਰਿਹਾ ਹੈ ਅਤੇ ਇਹ ਵਰਗ ਬਹੁਤ ਔਖਿਆਈਆਂ ਦਾ ਸਾਹਮਣਾ ਕਰ ਰਹੇ ਹਨ।

ਮੁਲਕ ਦੇ ਸ਼ਹਿਰਾਂ, ਕਸਬਿਆਂ ਵਿਚ ਵੀ ਵੱਡੀ ਗਿਣਤੀ ਵਿਚ ਦਿਹਾੜੀ-ਦੱਪਾ ਕਰਨ ਅਤੇ ਸਮੇਂ ਦੇ ਆਧਾਰ ਉੱਪਰ ਮਜ਼ਦੂਰੀ ਕਰਨ ਵਾਲੇ ਕਿਰਤੀ, ਲੀਰਾਂ/ਕਾਗਜ਼/ਕੱਚ ਆਦਿ ਚੁਗਣ ਵਾਲੇ ਕਿਰਤੀ ਅਤੇ ਹੋਰ ਨਿੱਕੀਆਂ ਨਿੱਕੀਆਂ ਸੇਵਾਵਾਂ ਦੇਣ ਵਾਲੇ ਕਿਰਤੀ ਕਰੋਨਾਵਾਇਰਸ ਕਾਰਨ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਉਹ ਝੰਗ ਦੇ ਝੰਗ ਕਿਰਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਹਨ ਪਰ ਹੁਣ ਉਹ ਕਿਸੇ ਤਰ੍ਹਾਂ ਦੀ ਮਜ਼ਦੂਰੀ ਨਹੀਂ ਕਰ ਸਕਦੇ।

ਕਰੋਨਾ ਦੀ ਮਾਰ ਅਤੇ ਦਹਿਸ਼ਤ ਭਾਵੇਂ ਸਮਾਜ ਦੇ ਸਾਰੇ ਵਰਗਾਂ ਉੱਪਰ ਪੈ ਰਹੀ ਹੈ ਪਰ ਕਿਰਤੀ ਵਰਗਾਂ ਉੱਪਰ ਇਸ ਦੀ ਮਾਰ ਇਸ ਲਈ ਪੈ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਇਹ ਮਜ਼ਦੂਰੀ ਨਹੀਂ ਕਰ ਸਕਦੇ ਅਤੇ ਦੂਜੇ ਪਾਸੇ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ। ਮਜ਼ਦੂਰੀ ਨਾ ਕਰਨ ਕਾਰਨ ਇਨ੍ਹਾਂ ਵਰਗਾਂ ਨੂੰ ਜਿੱਥੇ ਦੋ ਡੰਗ ਦੀ ਰੋਟੀ ਦਾ ਵੀ ਔਖਾ ਹੈ, ਉੱਥੇ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲਾਂ, ਉਨ੍ਹਾਂ ਵਿਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਹੋਰ ਪੈਰਾਮੈਡੀਕਲ ਸਟਾਫ਼ ਦੀ ਭਾਰੀ ਘਾਟ ਕਾਰਨ ਇਹ ਵਰਗ ਨਿਰਾਸ਼ ਹਨ।

ਮੁਲਕ ਵਿਚ ਅਪਣਾਈਆਂ ਨਵੀਆਂ ਆਰਥਿਕ ਨੀਤੀਆਂ ਤੋਂ ਬਾਅਦ ਭਾਵੇਂ ਬਹੁ-ਸਟਾਰਾਂ ਵਾਲੇ ਹਸਪਤਾਲਾਂ ਦੀ ਹੋਂਦ ਨੂੰ ਇਨ੍ਹਾਂ ਦੇ ਮਾਲਕ ਅਤੇ ਮੁਲਕ ਦੇ ਹੁਕਮਰਾਨ ਆਪਣੀਆਂ ਪ੍ਰਾਪਤੀਆ ਵਜੋਂ ਬਹੁਤ ਪ੍ਰਚਾਰਦੇ ਹਨ ਪਰ ਇਨ੍ਹਾਂ ਹਸਪਤਾਲਾਂ ਵਿਚ ਤਾਂ ਮੱਧ ਵਰਗੀ ਲੋਕ ਵੀ ਇਲਾਜ ਨਹੀਂ ਕਰਵਾ ਸਕਦੇ; ਕਿਰਤੀ ਵਰਗ ਤਾਂ ਇੱਥੇ ਇਲਾਜ ਕਰਵਾਉਣ ਦਾ ਸੁਪਨਾ ਵੀ ਨਹੀਂ ਲੈ ਸਕਦੇ। ਕਰੋਨਾਵਾਇਰਸ ਦੇ ਸੰਕਟ ਨੇ ਚਿੱਟੇ ਦਿਨ ਵਾਂਗ ਸਭ ਦੇ ਸਾਹਮਣੇ ਇਹ ਤੱਥ ਲਿਆਂਦਾ ਹੈ ਕਿ ਬਹੁ-ਸਟਾਰਾਂ ਵਾਲੇ ਪ੍ਰਾਈਵੇਟ ਹਸਪਤਾਲ ਕੌਮੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਸਿਹਤ ਸੰਭਾਲ ਸਹੂਲਤਾਂ ਨਹੀਂ ਦੇ ਸਕਦੇ।

ਕਰੋਨਾ ਦੇ ਸੰਤਾਪ ਤੋਂ ਬਚਣ ਲਈ ਸਮਾਜਿਕ ਅਲਹਿਦਗੀ ਸਮੇਂ ਦੀ ਲੋੜ ਹੈ ਜਿਸ ਉੱਤੇ ਸਖ਼ਤੀ ਨਾਲ ਅਮਲ ਕਰਨਾ ਬਣਦਾ ਹੈ। ਇਸ ਬਾਰੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਖ ਵੱਖ ਆਦੇਸ਼ ਜਾਰੀ ਕਰ ਰਹੀਆਂ ਹਨ। ਕਰੋਨਾਵਾਇਰਸ ਦੇ ਸੰਕਟ ਕਾਰਨ ਮੁਲਕ ਦੇ ਵੱਖ ਵੱਖ ਕਿਰਤੀ ਵਰਗਾਂ ਦੀ ਜ਼ਿੰਦਗੀ ਨੂੰ ਚਲਾਉਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਵਰਗਾਂ ਨੂੰ ਲੋੜੀਂਦੀ ਆਰਥਿਕ ਮਦਦ ਕੇਂਦਰ ਅਤੇ ਸੂਬਾ ਸਰਕਾਰਾਂ ਦੇਣ। ਕੁਝ ਸੂਬਾ ਸਰਕਾਰਾਂ ਨੇ ਭਾਵੇਂ ਕੁਝ ਆਰਥਿਕ ਮਦਦ ਦੇਣ ਦਾ ਐਲਾਨ ਵੀ ਕੀਤਾ ਹੈ ਪਰ ਇਹ ਆਰਥਿਕ ਮਦਦ ਇਤਨੀ ਜ਼ਰੂਰ ਹੋਵੇ ਜਿਸ ਨਾਲ ਇਨ੍ਹਾਂ ਵਰਗਾਂ ਦੀਆਂ ਹੋਰ ਰੋਜ਼ ਦੀਆ ਲੋੜਾਂ ਸਹਿਜੇ ਹੀ ਪੂਰੀਆਂ ਹੋ ਸਕਣ। ਮੁਲਕ ਵਿਚ ਵੱਡੀ ਪੱਧਰ ਉੱਪਰ ਕਿਰਤੀ ਵਰਗਾਂ ਦੇ ਜਨ ਧਨ ਖਾਤੇ ਬੈਂਕਾਂ ਵਿਚ ਹਨ। ਇਹ ਆਰਥਿਕ ਮਦਦ ਸਿੱਧੀ ਇਨ੍ਹਾਂ ਕਿਰਤੀ ਵਰਗਾਂ ਦੇ ਬੈਂਕ ਖਾਤਿਆਂ ਵਿਚ ਜਮਾਂ ਕਰਵਾਈ ਜਾਵੇ। ਕਿਰਤੀ ਲੋਕਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।

1929-34 ਦਰਮਿਆਨ ਆਈ ਮਹਾਂਮੰਦੀ ਨਾਲ ਨਜਿੱਠਣ ਲਈ ਜੇਐੱਮ ਕੇਅਨਜ਼ ਦੇ ਸੁਝਾਵਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ। ਕੇਅਨਜ਼ ਨੇ ਮਹਾਂਮੰਦੀ ਨਾਲ ਨਜਿੱਠਣ ਲਈ ਜਨਤਕ ਖੇਤਰ ਦੇ ਅਦਾਰਿਆਂ ਦੀ ਸਥਾਪਨਾ ਅਤੇ ਪ੍ਰਾਈਵੇਟ ਖੇਤਰ ਦੇ ਅਦਾਰਿਆਂ ਦੀ ਸਰਕਾਰ ਦੁਆਰਾ ਨਿਗਰਾਨੀ ਕਰਨ ਦੇ ਉਸ ਸੁਝਾਅ ਦਿੱਤੇ ਸਨ ਜਿਨ੍ਹਾਂ ਸਦਕਾ ਉਸ ਮੰਦੀ ਉੱਪਰ ਕਾਬੂ ਪਾਇਆ ਜਾ ਸਕਿਆ ਸੀ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ 1951 ਤੋਂ ਯੋਜਨਾਬੰਦੀ ਸ਼ੁਰੂ ਕੀਤੀ ਗਈ ਜਿਸ ਦੇ ਸਾਰਥਿਕ ਨਤੀਜੇ ਸਭ ਦੇ ਸਾਹਮਣੇ ਹਨ।

1951-80 ਨੂੰ ਯੋਜਨਾਬੰਦੀ ਦਾ ਸਮਾਂ ਮੰਨਿਆ ਜਾਂਦਾ ਹੈ ਜਿਸ ਸਮੇਂ ਦੌਰਾਨ ਜਨਤਕ ਅਦਾਰੇ ਹੋਂਦ ਵਿਚ ਲਿਆਂਦੇ ਗਏ ਅਤੇ ਪ੍ਰਾਈਵੇਟ ਅਦਾਰਿਆਂ ਉਪਰ ਸਰਕਾਰਾਂ ਵੱਲੋਂ ਨਿਗਰਾਨੀ ਵੀ ਕੀਤੀ ਗਈ ਜਿਸ ਸਦਕਾ ਮੁਲਕ ਵਿਚ ਆਰਥਿਕ ਅਸਮਾਨਤਾਵਾਂ ਘਟੀਆਂ। ਜਦੋਂ ਮੁਲਕ ਦੇ ਹੁਕਮਰਾਨਾਂ ਨੇ ਯੋਜਨਾਬੰਦੀ ਵੱਲ ਪਿੱਠ ਕੀਤੀ ਹੈ, ਉਦੋਂ ਤੋਂ ਆਰਥਿਕ ਅਸਮਾਨਤਾਵਾਂ ਵਧ ਰਹੀਆਂ ਹਨ ਜਿਸ ਦੀ ਕੀਮਤ ਕਿਰਤੀ ਵਰਗਾਂ ਨੂੰ ਚੁਕਾਉਣੀ ਪੈ ਰਹੀ ਹੈ। ਕਰੋਨਾਵਾਇਰਸ ਦੇ ਸੰਕਟ ਨੇ ਇਕ ਵਾਰ ਮੁਲਕ ਦੇ ਹੁਕਮਰਾਨਾਂ ਲਈ ਜਨਤਕ ਖੇਤਰ ਦੇ ਅਦਾਰਿਆਂ ਦੀ ਸਥਾਪਨਾ, ਪਸਾਰ ਅਤੇ ਪ੍ਰਾਈਵੇਟ ਖੇਤਰ ਦੇ ਅਦਾਰਿਆਂ ਉੱਪਰ ਸਰਕਾਰੀ ਨਿਗਰਾਨੀ ਦੀ ਲੋੜ ਅੱਗੇ ਲਿਆਂਦੀ ਹੈ। ਜਨਤਕ ਲੋੜਾਂ ਵਾਲੇ ਕੰਮ/ਸੇਵਾਵਾਂ ਜਿਵੇਂ ਸਿੱਖਿਆ, ਸਿਹਤ ਸੰਭਾਲ ਅਤੇ ਕੁਝ ਹੋਰ ਸੇਵਾਵਾਂ ਸਿਰਫ਼ ਜਨਤਕ ਅਦਾਰਿਆਂ ਵਿਚ ਸਭ ਲਈ ਮੁਫ਼ਤ ਹੋਣ। ਅਜਿਹਾ ਕਰਨ ਲਈ ਅਤਿ ਦੇ ਅਮੀਰ ਲੋਕਾਂ ਉੱਪਰ ਬਣਦੇ ਕਰ ਲਾਉਣੇ ਅਤੇ ਉਗਰਾਹੁਣੇ ਪੈਣਗੇ ਤਾਂ ਹੀ ਕਿਰਤੀ ਵਰਗ ਸੁਖੀ ਵੱਸ ਸਕਣਗੇ ਅਤੇ ਮੁਲਕ ਦਾ ਅਰਥਚਾਰਾ ਬਿਨਾਂ ਡਗਮਗਾਏ ਆਪਣੀ ਚਾਲ ਚੱਲ ਸਕੇਗਾ।

* ਲੇਖਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਰਥ ਵਿਗਿਆਨ ਵਿਭਾਗ ਦਾ ਸਾਬਕਾ ਪ੍ਰੋਫ਼ੈਸਰ ਹੈ। ਲੇਖਕ ਨਾਲ +91-99156-82196 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

** ਇਹ ਲੇਖ ਪਹਿਲਾਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ 27 ਮਾਰਚ, 2020 ਵਾਲੇ ਅੰਕ ਵਿੱਚ ਛਪਿਆ ਹੈ ਤੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਮੁੜ ਛਾਪਿਆ ਗਿਆ ਹੈ। ਅਸੀਂ ਲੇਖਕ ਅਤੇ ਮੂਲ ਛਾਪਕ ਦਾ ਧੰਨਵਾਦ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,