April 6, 2011 | By ਸਿੱਖ ਸਿਆਸਤ ਬਿਊਰੋ
ਹੇਠਾਂ ਛਾਪੀ ਜਾ ਰਹੀ ਲਿਖਤ ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ (ਕੈਨੇਡਾ) ਵਿਚੋਂ ਲਈ ਗਈ ਹੈ।
ਨਸਲਕੁਸ਼ੀ, ਨਸਲਘਾਤ, ਐਥਨਿਕ ਕਲੈਨਜ਼ਿੰਗ, ਜੈਨੋਸਾਈਡ, ਹੋਲੋਕਾਸਟ ਆਦਿਕ ਸ਼ਬਦ 20ਵੀਂ ਸਦੀ ਵਿੱਚ ਜ਼ਿਆਦਾ ਵਰਤੋਂ ਵਿੱਚ ਆਏ ਹਨ ਪਰ ਆਪਣੀ ਹੋਂਦ ਕਾਇਮ ਰੱਖਣ ਲਈ ਆਪਣੇ ਜਨਮ ਵੇਲੇ ਤੋਂ ਹੀ ਲੜਾਈ ਲੜ ਰਹੀ ਸਿੱਖ ਕੌਮ ਨੇ, ‘ਘੱਲੂਘਾਰਾ’ ਸ਼ਬਦ 18ਵੀਂ ਸਦੀ ਵਿੱਚ ਘੜਿਆ ਸੀ ਜਦੋਂਕਿ ਮੁਗਲਾਂ ਤੇ ਅਫਗਾਨਾਂ ਦੋਹਾਂ ਨੇ ਹੀ, ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਨੀਤੀ ਦੇ ਤਹਿਤ ਛੋਟਾ ਤੇ ਵੱਡਾ ਘੱਲੂਘਾਰਾ ਵਰਗੇ ਕਹਿਰ ਵਰਤਾਏ ਸਨ। ਪਿਛਲੇ 64 ਸਾਲਾਂ ਤੋਂ ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖ ਕੌਮ, ਅੱਜ ਮੁਗਲਾਂ ਅਤੇ ਅਫਗਾਨਾਂ ਤੋਂ ਵੱਧ ਜ਼ਾਲਮ ਅਤੇ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਉਸ ਦੁਸ਼ਮਣ ਦਾ ਸਾਹਮਣਾ ਕਰ ਰਹੀ ਹੈ, ਜਿਸ ਨੇ ਸਿੱਖਾਂ ਦਾ ਸਰਬਨਾਸ਼ ਕਰਨ ਲਈ, ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ-ਦਾਮ-ਦੰਡ-ਭੇਦ ਝੋਕੇ ਹੋਏ ਹਨ। ਜੂਨ-1984 ਤੇ ਨਵੰਬਰ-1984 ਦੇ ਸਿੱਖ ਘੱਲੂਘਾਰਿਆਂ ਦੌਰਾਨ, ਪੰਜਾਬ ਅਤੇ ਭਾਰਤ ਭਰ ਦੇ ਸੂਬਿਆਂ ਵਿੱਚ (ਸਮੇਤ ਰਾਜਧਾਨੀ ਦਿੱਲੀ ਦੇ) ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰ ਜੰਮੂ-ਕਸ਼ਮੀਰ ਦੇ ਸੂਬੇ ਵਿੱਚ ਵਸਦੇ ਸਿੱਖ (ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ) ਸੁਰੱਖਿਅਤ ਰਹੇ। 1984 ਤੋਂ 1994 ਤੱਕ ਖਾਲਿਸਤਾਨ ਲਈ ਹਥਿਆਰਬੰਦ ਸੰਘਰਸ਼ ਦੌਰਾਨ, ਜੰਮੂ-ਕਸ਼ਮੀਰ ਦੇ ਸਿੱਖਾਂ ਨੇ ਵੀ ਆਪਣੇ ਪੰਜਾਬੀ ਸਿੱਖ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਬਣਦਾ ਹਿੱਸਾ ਪਾਇਆ। ਪੰਜਾਬ ਵਿੱਚ ਇਸ ਦੌਰ ਵਿੱਚ ਬੜੇ ਵੱਡੇ ਪੈਮਾਨੇ ’ਤੇ ਸਿੱਖ ਨਸਲਕੁਸ਼ੀ ਹੋਈ, ਕੁਝ ਸਿੱਖ ਨੌਜਵਾਨ ਜੰਮੂ-ਕਸ਼ਮੀਰ ਵਿੱਚ ਵੀ ਪੁਲਿਸ (ਜਾਂ ਕੈਟਾਂ) ਰਾਹੀਂ ਗਾਇਬ ਕੀਤੇ ਗਏ ਪਰ ਵੱਡੀ ਗਿਣਤੀ ਵਿੱਚ ਸਿੱਖ ਮਹਿਫੂਜ਼ ਹੀ ਰਹੇ। 1989 ਵਿੱਚ ਕਸ਼ਮੀਰ ਵਾਦੀ ਵਿੱਚ ਕਸ਼ਮੀਰੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਤਾਂ ਵਾਦੀ ਦੇ ਸਿੱਖਾਂ ਨੇ, ਕਸ਼ਮੀਰੀ ਖਾੜਕੂਆਂ ਅਤੇ ਭਾਰਤੀ ਸੁਰੱਖਿਆ ਦਸਤਿਆਂ ਦੀ ਲੜਾਈ ਵਿੱਚ ਨਿਰਪੱਖ (ਨੀਊਟਰਲ) ਰਹਿਣ ਦਾ ਫੈਸਲਾ ਕੀਤਾ। ਕਸਮੀਰੀ ਖਾੜਕੂਆਂ ਨੇ, ਸਿੱਖਾਂ ਦੀ ਇਸ ਪੁਜ਼ੀਸ਼ਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਿਫਾਜ਼ਤ ਵੀ ਦਿੱਤੀ। ਕਸਮੀਰੀ ਪੰਡਤਾਂ ਨੇ ਖੁੱਲ੍ਹ ਕੇ ਸਰਕਾਰੀ ਦਸਤਿਆਂ ਦਾ ਸਾਥ ਦਿੱਤਾ ਅਤੇ ਫਿਰ ਸਰਕਾਰੀ ਨੀਤੀ ਤਹਿਤ ਉਨ੍ਹਾਂ ਨੇ ਹਿਜ਼ਰਤ ਦਾ ਡਰਾਮਾ ਰਚਿਆ। ਅੱਜ ਉਹ ਹੀ ਹਿਜ਼ਰਤੀ ਕਸ਼ਮੀਰੀ ਪੰਡਤ, ਭਾਰਤ ਅਤੇ ਵਿਦੇਸ਼ਾਂ ਵਿੱਚ ਕਸ਼ਮੀਰੀ ਅਜ਼ਾਦੀ ਪਸੰਦਾਂ ਦੇ ਖਿਲਾਫ ਲਾਮਬੰਦੀ ਵਿੱਚ, ਭਾਰਤ ਸਰਕਾਰ ਦੇ ਮੋਹਰੇ ਬਣੇ ਹੋਏ ਹਨ। ਵਾਦੀ ਦੇ ਸਿੱਖਾਂ ਨੇ, ਆਪਣੀ ਨਿਰਪੱਖਤਾ ਦੀ ਨੀਤੀ ਦਾ ਦਾਮਨ ਨਹੀਂ ਛੱਡਿਆ, ਇਸ ਲਈ ਉਹ ਭਾਰਤੀ ਖੁਫੀਆ ਏਜੰਸੀਆਂ ਦੀਆਂ ਅੱਖਾਂ ਵਿੱਚ ਰੜਕਣ ਲੱਗੇ। ਇਨ੍ਹਾਂ ਕੇਂਦਰੀ ਏਜੰਸੀਆਂ ਨੇ, ਕਸ਼ਮੀਰੀ ਸਿੱਖਾਂ ਨੂੰ ਵੀ ਸਿੱਖ ਨਸਲਕੁਸ਼ੀ ਦੇ ਚੌਖਟੇ ਵਿੱਚ ਲੈ ਆਂਦਾ।
20 ਮਾਰਚ, 2000 ਨੂੰ ਅਮਰੀਕੀ ਪ੍ਰਧਾਨ ਬਿੱਲ ਕ¦ਿਟਨ ਦੇ ਭਾਰਤ ਦੌਰੇ ਦੇ ਪਹਿਲੇ ਦਿਨ ਹੀ, ਖੁਫੀਆ ਏਜੰਸੀਆਂ ਨੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਇੱਕ ਖੌਫਨਾਕ ਤੇ ਹੌਲਨਾਕ ਕਾਰਾ ਕੀਤਾ, ਜਿਸ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ। ਪਿੰਡ ਦੇ ਘਰਾਂ ’ਚੋਂ, ਮਰਦ ਸਿੱਖਾਂ ਨੂੰ ਬਾਹਰ ਕੱਢ ਕੇ, ਗੁਰਦੁਆਰੇ ਦੀ ਕੰਧ ਨਾਲ ਖੜ੍ਹਾ ਕਰਕੇ, 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਏਜੰਸੀਆਂ ਨੇ ਫੌਰੀ ਤੌਰ ’ਤੇ ਇਸ ਕਤਲੇਆਮ ਲਈ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਦੋਸ਼ੀ ਦੱਸਿਆ। ਅਗਲੇ ਕੁਝ ਦਿਨਾਂ ਵਿੱਚ ਏਜੰਸੀਆਂ ਨੇ ਪੰਜ ਮੁਸਲਮਾਨ ਨੌਜਵਾਨਾਂ ਨੂੰ ਵਿਦੇਸ਼ੀ ਅਤੇ ਲਸ਼ਕਰ-ਏ-ਤੋਇਬਾ ਦੇ ਮੈਂਬਰ ਦੱਸ ਕੇ ਪੁਲਿਸ ਮੁਕਾਬਲੇ ਵਿੱਚ ਮਰਿਆ ਦਿਖਾ ਦਿੱਤਾ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਨੇ ਹੀ, ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਸੀ। ਲੋਕ ਰੋਹ ਦੇ ਸਾਹਮਣੇ ਜਦੋਂ ਇਸ ਦੀ ਜਾਂਚ ਹੋਈ ਤਾਂ ਹਕੀਕਤ ਸਾਹਮਣੇ ਆਈ ਕਿ ਇਹ ਕੋਈ ਵਿਦੇਸ਼ੀ-ਅੱਤਵਾਦੀ ਨਾ ਹੋ ਕੇ ਸਥਾਨਕ ਲੋਕ ਹੀ ਸਨ। ਉਸ ਵੇਲੇ ਦਿੱਲੀ ਵਿੱਚ ਵਾਜਪਾਈ ਦੀ ਸਰਕਾਰ ਸੀ, ਜਿਸ ਦਾ ਗ੍ਰਹਿ ਮੰਤਰੀ, ਫਿਰਕੂ ਹਿੰਦੂ ਅਡਵਾਨੀ ਸੀ। ਜੰਮੂ-ਕਸ਼ਮੀਰ ਵਿੱਚ, ਏਜੰਸੀਆਂ ਦਾ ਹੱਥਠੋਕਾ ਫਾਰੂਖ ਅਬਦੁੱਲਾ (ਮੌਜੂਦਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪਿਓ) ਮੁੱਖ ਮੰਤਰੀ ਸੀ। ਇਸ ਸਿੱਖ ਨਸਲਕੁਸ਼ੀ ਨੂੰ ਵਾਪਰਿਆਂ 11 ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਇਸ ਦੀ ਅੱਗੋਂ ਪੜਤਾਲ ਜਾਂ ਠੀਕ ਦੋਸ਼ੀ ਦੀ ਨਿਸ਼ਾਨਦੇਹੀ ਵੱਲ ਕੋਈ ਪੇਸ਼-ਕਦਮੀਂ ਨਹੀਂ ਹੋਈ। ਕਿੱਸਾ ਉਹ ਹੀ ਹੈ, ਜੋ ਜੂਨ-84, ਨਵੰਬਰ-84 ਅਤੇ 1984 ਤੋਂ 1994 ਤੱਕ ਦੇ ਸਿੱਖ ਕਾਤਲਾਂ ਦਾ ਹੈ। ਪ੍ਰਧਾਨ ਕ¦ਿਟਨ ਨੇ ਆਪਣੀ ਵਿਦੇਸ਼ ਮੰਤਰੀ ਮੈਡਲਾਈਨ ਅਲਬਰਾਈਟ ਵਲੋਂ ਲਿਖੀ ਪੁਸਤਕ – ‘ਮਾਈਟੀ ਐਂਡ ਅਲਮਾਈਟੀ’ ਦੇ ਮੁੱਖਬੰਧ ਵਿੱਚ, ਇਸ ਸਿੱਖ ਕਤਲੇਆਮ ਲਈ ਹਿੰਦੂ ਦਹਿਸ਼ਤਗਰਦਾਂ ਨੂੰ ਦੋਸ਼ੀ ਗਰਦਾਨਿਆ ਸੀ। ਹੁਣ ਜਦੋਂਕਿ ਭਾਰਤੀ ਫੌਜ ਦੇ ਖੁਫੀਆ ਵਿਭਾਗ ਵਿੱਚ ਲੱਗੇ, ਕਰਨਲ ਪੁਰੋਹਿਤ ਵਰਗਿਆਂ ਦਾ ਹਿੰਦੂ ਦਹਿਸ਼ਤਗਰਦੀ ਵਿੱਚ ਰੋਲ ਸਾਹਮਣੇ ਆ ਚੁੱਕਾ ਹੈ (ਸਾਧਵੀ ਪ੍ਰਗਿੱਆ ਸਮੇਤ ਜਿਸ ਨੂੰ ਬਚਾਉਣ ਲਈ ਅਡਵਾਨੀ ਅਤੇ ਬੀ. ਜੇ. ਪੀ. ਨੇ ਟਿੱਲ ਲਾਇਆ ਹੈ) ਸੋ ਜ਼ਾਹਰ ਹੈ ਕਿ ਪ੍ਰਧਾਨ ਕ¦ਿਟਨ ਵਲੋਂ ‘ਹਿੰਦੂ ਦਹਿਸ਼ਤਗਰਦ’ ਦੇ ਵਰਤੇ ਗਏ ਸ਼ਬਦ ਦਾ ਮਤਲਬ ਕੀ ਹੈ।
ਵਰ੍ਹਾ 2010 ਦੀ ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਦੌਰਾਨ ਵੀ, ਭਾਰਤੀ ਏਜੰਸੀਆਂ ਦਾ, ਇਹੋ ਜਿਹਾ ਕਾਰਾ ਕਰਨ ਦਾ ਇਰਾਦਾ ਸੀ ਪਰ ਇਸ ਵਾਰ ਕਸ਼ਮੀਰੀ ਮੁਸਲਮਾਨਾਂ ਅਤੇ ਸਿੱਖਾਂ ਦੇ ਚੌਕੰਨੇਪਣ ਨੇ, ਬਚਾਅ ਕਰ ਦਿੱਤਾ। ਕੁਝ ਵਰਦੀਧਾਰੀ ਫੌਜੀਆਂ ਨੂੰ, ਸਿੱਖ ਪੇਂਡੂਆਂ ਨੇ ਕਾਬੂ ਵੀ ਕੀਤਾ ਪਰ ਵੱਡੀ ਫੌਜੀ ਫੋਰਸ, ਉਨ੍ਹਾਂ ਨੂੰ ਛੁਡਾ ਕੇ ਲੈ ਗਈ, ਜਿਸ ਬਾਰੇ ਅਜੇ ਤੱਕ ਕੋਈ ਤਫਤੀਸ਼ ਸਾਹਮਣੇ ਨਹੀਂ ਲਿਆਂਦੀ ਗਈ।
ਚਿੱਠੀ ਸਿੰਘਪੁਰਾ ਵਿੱਚ, ਯੋਜਨਾਬੱਧ ਅਤੇ ਜ਼ਾਲਮਾਨਾ ਢੰਗ ਨਾਲ ਮਾਰੇ ਗਏ 35 ਸਿੱਖਾਂ ਵਾਸਤੇ ਇਨਸਾਫ ਲੈਣ ਲਈ (ਅਤੇ ਕਸ਼ਮੀਰੀ ਸਿੱਖਾਂ ਦੇ ਹੋਰ ਮਸਲਿਆਂ ਦੇ ਹੱਲ ਲਈ) ਇੱਕ ‘ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ’ ਹੋਂਦ ਵਿੱਚ ਆਈ ਹੈ, ਜਿਨ੍ਹਾਂ ਨੇ ਇਸ ਸਬੰਧੀ 4 ਅਪ੍ਰੈਲ ਨੂੰ, ਸ੍ਰੀਨਗਰ ਵਿੱਚ ਇੱਕ ਪ੍ਰੈ¤ਸ-ਕਾਨਫਰੰਸ ਵੀ ਕੀਤੀ ਹੈ। ਇਸ ਪ੍ਰੈ¤ਸ-ਕਾਨਫਰੰਸ ਦੀ ਰਿਪੋਰਟਿੰਗ, ਭਾਰਤ ਦੀ ਪ੍ਰਮੁੱਖ ਸਰਕਾਰੀ ਨਿਊਜ਼ ਏਜੰਸੀ – ਪੀ. ਟੀ. ਆਈ. ਨੇ ਵੀ ਕੀਤੀ ਹੈ। ਕਸ਼ਮੀਰੀ ਸਿੱਖ ਲੀਡਰਾਂ ਵਲੋਂ, ਚਿੱਠੀ ਸਿੰਘਪੁਰਾ ਸਿੱਖ ਕਤਲੇਆਮ ਦੀ ਮੁੜ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਕਮੇਟੀ ਦੇ ਚੇਅਰਮੈਨ ਅਨੁਸਾਰ, ‘ਅਸੀਂ ਪਿਛਲੇ 11 ਸਾਲਾਂ ਤੋਂ ਉਕਤ ਕਤਲੇਆਮ ਦੀ ਉ¤ਚ ਪੱਧਰੀ ਜਾਂਚ ਦੀ ਮੰਗ ਕਰਦੇ ਆ ਰਹੇ ਹਾਂ ਪਰ ਹੁਣ ਤੱਕ ਇਸ ਬਾਰੇ ਸਰਕਾਰ ਨੇ ਕੋਈ ਹੁਕਮ ਜਾਰੀ ਨਹੀਂ ਕੀਤੇ….।’ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ, ਜੰਮੂ-ਕਸ਼ਮੀਰ ਦੀ ਉਮਰ ਅਬਦੁੱਲਾ ਸਰਕਾਰ ਨੂੰ 15 ਦਿਨਾਂ ਦਾ ਮੰਗਾਂ ਮੰਨਣ ਦਾ ਅਲਟੀਮੇਟਮ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਮੰਗਾਂ ਨੂੰ ਕੌਮੀ ਮੰਚ ’ਤੇ ਉਭਾਰਨ ਦੀ ਗੱਲ ਕਹੀ ਹੈ। ਅਕਾਲੀ ਦਲ (ਪੰਚ ਪ੍ਰਧਾਨੀ) ਨੇ, ਆਪਣੀ ਪ੍ਰੈ¤ਸ ਸਟੇਟਮੈਂਟ ਵਿੱਚ ਕਸ਼ਮੀਰੀ ਸਿੱਖਾਂ ਦੀ ਕੋਆਰਡੀਨੇਟਰ ਕਮੇਟੀ ਦਾ ਪੂਰਨ ਸਮਰੱਥਨ ਕਰਦਿਆਂ, ਅੰਤਰਰਾਸ਼ਟਰੀ ਸਿੱਖ ਜਥੇਬੰਦੀਆਂ ਨੂੰ, ਇਸ ਸਬੰਧੀ ਕਾਰਜਸ਼ੀਲ ਹੋਣ ਦੀ ਬੇਨਤੀ ਵੀ ਕੀਤੀ ਹੈ।
ਅਸੀਂ ਚਿੱਠੀ ਸਿੰਘਪੁਰਾ ਵਿੱਚ ਭਾਰਤੀ ਏਜੰਸੀਆਂ ਵਲੋਂ ਮਾਰੇ ਗਏ 35 ਸਿੱਖਾਂ ਨੂੰ ਸਿੱਖ ਨਸਲਕੁਸ਼ੀ ਦੀ ਲਗਾਤਾਰਤਾ ਮੰਨਦੇ ਹਾਂ ਅਤੇ ਇਸ ਲਈ ਇਨਸਾਫ ਲੈਣ ਵਾਸਤੇ ਕੀਤੇ ਜਾਣ ਵਾਲੇ ਕਿਸੇ ਵੀ ਕੌਮੀ ਯਤਨ ਦੀ ਭਰਪੂਰ ਹਮਾਇਤ ਕਰਦੇ ਹਾਂ।
Related Topics: Chittisinghpura Massacre, Human Rights Violations, Indian Army, ਸਿੱਖ ਨਸਲਕੁਸ਼ੀ 1984 (Sikh Genocide 1984)