ਸਿੱਖ ਖਬਰਾਂ

ਸੈਮੀਨਾਰ ਦੌਰਾਨ ਸਿੱਖ ਵਿਦਵਾਨਾਂ ਨੇ ਕਿਹਾ; ਗੁਰਦੁਆਰਾ ਐਕਟ ਵਿਚ ਲੋੜੀਂਦੀ ਸੋਧ-ਸੁਧਾਈ ਹੋਵੇ

October 16, 2017 | By

ਚੰਡੀਗੜ੍ਹ: ਅੰਗਰੇਜ਼ਾਂ ਨੇ ਮੌਜੂਦਾ ਗੁਰੁਦੁਆਰਾ ਐਕਟ ਨੂੰ ਤਕਰੀਬਨ 100 ਸਾਲ ਪਹਿਲਾਂ 1925 ਵਿਚ ਅਜਿਹੀਆਂ ਮੱਦਾਂ ਰੱਖ ਕੇ ਤਿਆਰ ਕੀਤਾ ਸੀ ਕਿ ਉਸ ਰਾਹੀਂ ਚੁਣੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਰਕਾਰੀ ਬੰਦੋਬਸਤ ਦੇ ਚੌਖਟੇ ਵਿਚ ਹੀ ਕੰਮ ਕਰੇ ਤੇ ਇਕ ਅਜ਼ਾਦਾਨਾ ਸਿੱਖ ਧਾਰਮਿਕ ਹਸਤੀ ਨਾ ਬਣ ਸਕੇ।

ਕੱਲ (15 ਅਕਤੂਬਰ, 2017 ਨੂੰ) ਇਥੇ ਕੇਂਦਰੀ ਸ੍ਰੀ ਗੁਰੁ ਸਿੰਘ ਸਭਾ ਵੱਲੋਂ ਕਰਵਾਏ ਗਏ ਸੈਮੀਨਾਰ ਵਿਚ ਚੋਣਵੀਆਂ ਸਿੱਖ ਹਸਤੀਆਂ ਅਤੇ ਬੁੱਧੀਜੀਵੀਆਂ ਨੇ ਕਿਹਾ ਕਿ ਕਈ ਸਾਲਾਂ ਦੀ ਜਦੋ ਜਹਿਦ ਅਤੇ ਭਾਰੀ ਕੁਰਬਾਨੀਆਂ ਤੋਂ ਪਿਛੋਂ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ 1920 ਵਿਚ ਗੁਰਦੁਆਰਿਆਂ ਨੂੰ ਅੰਗਰੇਜ਼ਾਂ ਦੇ ਪਿਠੂ ਮੰਹਤਾਂ ਤੋਂ ਅਜ਼ਾਦ ਕਰਵਾਕੇ ਧਾਰਮਿਕ ਅਸਥਾਨਾਂ ਦੇ ਬੰਦੋਬਸਤ ਲਈ ਇਕ ਅਜ਼ਾਦ ਕਮੇਟੀ ਖੜੀ ਕਰ ਲਈ ਸੀ। ਪਰ ਅੰਗਰੇਜ਼ਾਂ ਨੇ ਸਾਮ-ਦਾਮ-ਦੰਡ-ਭੇਦ ਦੇ ਦਾਅ ਪੇਜਾਂ ਰਹੀਂ ਸਿੱਖਾਂ ਦੇ ਸਿਰ ਮੌਜੂਦਾ ਗੁਰਦੁਆਰਾ ਐਕਟ ਮੜ੍ਹ ਦਿਤਾ ਸੀ।

ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ

ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ

1947 ਪਿਛੋਂ ਵੀ ਹਿੰਦੂ ਬਹੁਮਤ ਸਰਕਾਰਾਂ ਨੇ ਉਸੇ ਗੁਰਦੁਆਰਾ ਐਕਟ ਨੂੰ ਨਿਰੰਤਰ ਜਾਰੀ ਰੱਖਿਆ, ਜਿਸ ਪਿਛੇ ਸਿੱਖ ਘੱਟਗਿਣਤੀ ਧਰਮ ਨੂੰ ਆਪਣੇ ਕੰਟਰੋਲ ਵਿਚ ਰੱਖਣ ਦੀ ਜਾਹਰਾ ਮਨਸ਼ਾ ਕੰਮ ਕਰਦੀ ਹੈ।

ਪਿਛਲੇ ਕਈ ਦਹਾਕਿਆਂ ਤੋਂ ਖਾਸ ਕਰਕੇ ਅਜ਼ਾਦੀ ਤੋਂ ਬਾਅਦ ਸਿਆਸੀ ਪਾਰਟੀਆਂ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਆਪਣੇ ਨੁਮਾਇੰਦੇ ਖੜ੍ਹੇ ਕਰਦੀਆਂ ਅਤੇ ਜਿਤਦੀਆਂ ਆ ਰਹੀਆਂ ਹਨ। ਇਸ ਪ੍ਰਕ੍ਰਿਆ ਨੇ ਇਸ ਕਮੇਟੀ ਉਤੇ ਨਿਰੋਲ ਰਾਜਨੀਤਕ ਬੰਦਿਆਂ ਦਾ ਕਬਜ਼ਾ ਕਰਵਾ ਦਿਤਾ ਹੈ, ਜਿਨ੍ਹਾਂ ਵਿਚ ਬਹੁਤੇ ਬੰਦੇ ਸੁੱਚਾ ਸਿੰਘ ਲੰਗਾਹ ਵਰਗੇ ਆਚਰਨ ਦੇ ਮਾਲਕ ਹਨ। ਇਸ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸਿਰਫ ਭ੍ਰਿਸ਼ਟਾਚਾਰ ਅਤੇ ਇਖਲਾਕੀ ਗਿਰਾਵਟ ਹੀ ਨਹੀਂ ਆਈ ਬਲਕਿ ਸਿੱਖ ਪੰਥ ਅੰਦਰ ਨਿਸ਼ਕਾਮ ਸੇਵਾ, ਗੁਰੁ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਵੀ ਠੇਸ ਲਗੀ ਹੈ।

 

kendri singh sabha audience

ਸੈਮੀਨਾਰ ਦੌਰਾਨ ਵੱਖ-ਵੱਖ ਬੁਲਾਰਿਆਂ ਦੇ ਵਿਚਾਰ ਸੁਣਦੇ ਸਰੋਤੇ

ਬਦਕਿਸਮਤੀ ਇਹ ਹੈ ਕਿ ਸਿਆਸੀ ਪਾਰਟੀਆਂ ਅਤੇ ਆਗੂ ਸ਼੍ਰੋਮਣੀ ਗੁਰਦੁਆਰਾ ਕਮੇਟੀ ਚੋਣ ਨੂੰ ਸਿਆਸਤ ਦੀ ਪੌੜੀ ਦੇ ਤੌਰ ‘ਤੇ ਵਰਤਦੇ ਆ ਰਹੇ ਹਨ। ਇਸ ਵਿਚ ਜਿੱਤ ਪ੍ਰਾਪਤ ਕਰਨ ਲਈ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਾਲੇ ਸਾਰੇ ਹੱਥ-ਕੰਡੇ ਵਰਤਦੇ ਹਨ।

ਸਿੱਖ ਵਿਦਵਾਨਾਂ ਨੇ ਕਿਹਾ ਕਿ ਬੀਤੇ ਸਮੇਂ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਦੀ ਕੇਂਦਰੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਚੋਣ ਉਸ ਸਮੇਂ ਕਰਵਾਉਂਦੀ ਹੈ ਜਦੋਂ ਉਸ ਨੂੰ ਇਹ ਤਸੱਲੀ ਹੋ ਜਾਵੇ ਕਿ ਰਾਸ਼ਟਰਵਾਦੀ ਅਤੇ ਸਮਝੌਤਾਵਾਦੀ ਸਿੱਖ ਹੀ ਕਮੇਟੀ ਦੀਆਂ ਚੋਣਾਂ ਜਿਤ ਕੇ ਆਉਣਗੇ। ਸਪੱਸ਼ਟ ਹੈ ਕਿ ਸਿੱਖ ਘੱਟਗਿਣਤੀ ਧਰਮ ਅਤੇ ਸਭਿਆਚਾਰ ਬਹੁ-ਗਿਣਤੀ ਹਿੰਦੂ ਪੱਖੀ ਕੇਂਦਰੀ ਸਰਕਾਰਾਂ ਦੇ ਰਹਿਮੋਕਰਮ ‘ਤੇ ਹੈ। ਗੁਰਦੁਆਰਾ ਐਕਟ ਇਸ ਧਰਮ ਵਿਚ ਸਿਧੀ ਅਤੇ ਅਸਿਧੀ ਦਖਲ-ਅੰਦਾਜ਼ੀ ਦੇ ਮੌਕੇ ਪ੍ਰਦਾਨ ਕਰਦਾ ਹੈ।

ਅਜਿਹੇ ਹਾਲਾਤਾਂ ਤੇ ਵਰਤਾਰੇ ਨੂੰ ਵੇਖਦੇ ਹੋਏ ਸਿੱਖ ਵਿਦਵਾਨਾਂ ਨੇ ਆਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਸਿਆਸੀ ਪਾਰਟੀਆਂ ਵਲੋਂ ਖੜ੍ਹੇ ਕੀਤੇ ਜਾਣ ਵਾਲੇ ਨੁਮਾਇੰਦਿਆਂ ਨੂੰ ਵੋਟਾਂ ਨਾ ਪਾਉਣ ਤਾਂ ਜੋ ਸੁਹਿਰਦ ਅਤੇ ਧਾਰਮਿਕ ਬਿਰਤੀ ਦੇ ਧਾਰਨੀ ਸ਼ਖਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਲਿਆਂਦਾ ਜਾ ਸਕੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Gurdwara Act Rarely Elects Religious Persons for SGPC: Sikh Scholars Seek Change [Seminar Report] …

ਸੈਮੀਨਾਰ ਵਿਚ ਇਹ ਮੱਤਾ ਪਾਸ ਕੀਤਾ ਗਿਆ ਕਿ ਨਾਮਵਰ ਨਿਸ਼ਕਾਮ ਸਿੱਖਾਂ ਦਾ ਇਕ ਗੱਰੁਪ ਸ਼੍ਰੋਮਣੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਤੋਂ ਪਹਿਲਾਂ ਖੜ੍ਹਾ ਕੀਤਾ ਜਾਵੇ, ਜੋ ਸਿਆਸੀ ਪਾਰਟੀ ਤੋਂ ਮੁੱਕਤ ਧਾਰਮਿਕ ਬ੍ਰਿਤੀ ਦੇ ਯੋਗ ਵਿਅਕਤੀਆਂ ਦੀ ਨਿਸ਼ਾਨਦੇਈ ਕਰੇ ਅਤੇ ਗੁਰਦੁਆਰਾ ਐਕਟ ਵਿਚ ਲੋੜੀਂਦੀ ਸੁਧਾਈ ਹਿਤ ਮਹੌਲ ਤਿਆਰ ਕਰੇ।

ਗੁਰਤੇਜ ਸਿੰਘ ਆਈ ਐਸ, ਨਿਰਮਲ ਸਿੰਘ ਆਈ.ਐਸ, ਜਸਟਿਸ ਅਵਤਾਰ ਸਿੰਘ ਗਿੱਲ, ਜਸਪਾਲ ਸਿੰਘ ਸਿੱਧੂ, ਚੰਚਲ ਮਨੋਹਰ ਸਿੰਘ, ਕਰਮਜੀਤ ਸਿੰਘ, ਪ੍ਰੋਫੈਸਰ ਅਵਤਾਰ ਸਿੰਘ, ਪ੍ਰੋਫੈਸਰ ਹਰਪਾਲ ਸਿੰਘ, ਡਾ.ਗਰਦਰਸ਼ਨ ਸਿੰਘ ਢਿਲੋਂ, ਦੀਦਾਰ ਸਿੰਘ ਨਲਵੀ, ਬਲਦੇਵ ਸਿੰਘ ਸਿਰਸਾ, ਪ੍ਰਭਜੋਤ ਸਿੰਘ, ਆਰ.ਪੀ. ਸਿੰਘ, ਅਖੰਡ ਕੀਰਤਨੀ ਜੱਥਾ, ਧਰਮਪਾਲ ਸਿੰਘ ਅੰਬਾਲਾ, ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਪ੍ਰਧਾਨ, ਪੰਜਾਬ ਯੂਨੀਵਰਸਿਟੀ ਖੋਜਾਰਥੀ, ਲਖਬੀਰ ਸਿੰਘ, ਮਨਦੀਪ ਸਿੰਘ, ਗਿਆਨ ਸਿੰਘ, ਡਾ.ਹਰਭਜਨ ਸਿੰਘ, ਜਰਨੈਲ ਸਿੰਘ ਚਕਰ ਆਦਿ ਸ਼ਾਮਲ ਹੋਏ।

(ਰਿਪੋਰਟ: ਖੁਸ਼ਹਾਲ ਸਿੰਘ, ਜਨਰਲ ਸਕੱਤਰ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,