ਆਮ ਖਬਰਾਂ

ਲੋਕਾਂ ਦੀ ਸਹੂਲਤ ਲਈ ਬਣਿਆਂ ਪੁਲ ਹੀ ਬਣ ਸਕਦਾ ਹੈ ਉਹਨਾਂ ਲਈ ਮੁਸੀਬਤ

July 20, 2023 | By

ਚੰਡੀਗੜ੍ਹ- ਗੁਰੂ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਗੁਰਪੁਰਬ ਮੌਕੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਕਰੀਬ ੮ ਪਿੰਡਾਂ ਲਈ ਬਿਆਸ ਦਰਿਆ ਤੇ ਪੁਲ ਬਣਾ ਕੇ ਉਹਨਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਸੀ । ਬਿਆਸ ਦੇ ਵਿਚਕਾਰ ਇਸ ਦਰਿਆਈ ਟਾਪੂ ਵਿੱਚ ਬਾਊਪੁਰ, ਸਾਂਗਰਾ, ਬੰਦੂ ਜਦੀਦ ਆਦਿ ਪਿੰਡਾਂ ਦੀ ਲੱਗਭੱਗ ੧੦੦੦ ਦੇ ਕਰੀਬ ਆਬਾਦੀ ਅਤੇ ੧੦੦੦੦ ਏਕੜ ਦੇ ਕਰੀਬ ਵਾਹੀ ਵਾਲ਼ੀ ਜਮੀਨ ਹੈ । ਆਵਾਜਾਈ ਲਈ ਇੱਕ ਪਲਟੂਨ ਪੁਲ ਮੌਜੂਦ ਸੀ ਜੋ ਮੀਹਾਂ ਦੇ ਮੌਸਮ ਵਿੱਚ ਚੁੱਕ ਦਿੱਤਾ ਜਾਂਦਾ ਸੀ ਅਤੇ ਲੋਕ ਪੂਰੀ ਤਰਾਂ ਬੇੜੀਆਂ ਤੇ ਨਿਰਭਰ ਹੋ ਜਾਂਦੇ ਸਨ । ਪਰ ੫੫੦ ਸਾਲਾ ਗੁਰਪੁਰਬ ਸਮੇ ਇਸ ਜਗ੍ਹਾ ਪੱਕਾ ਪੁਲ ਬਣਾ ਕੇ ਲੋਕਾਂ ਨੂੰ ਸਹੂਲਤ ਦੇ ਦਿੱਤੀ ਗਈ ।

ਪਰ ਮੌਜੂਦਾ ਸਾਲ ਵਿੱਚ ਭਾਰੀ ਮੀਂਹ ਦੇ ਚੱਲਦਿਆਂ ਬਿਆਸ ਦਰਿਆ ਵਿੱਚ ਭਾਰੀ ਮਾਤਰਾ ਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸਦੇ ਚੱਲਦਿਆਂ ਇਸ ਪੁਲ ਦਾ ਇੱਕ ਨੁਕਸਾਨ-ਦਾਇਕ ਪੱਖ ਸਾਹਮਣੇ ਆਇਆ ਹੈ । ਪੁਲ ਤੋਂ ਪਹਿਲਾਂ ਇਸਨੂੰ ਧੁੱਸੀ ਬੰਨ੍ਹ ਨਾਲ਼ ਜੋੜਦੀ ਸੜਕ ਬਹੁਤ ਉੱਚੀ ਹੈ ਅਤੇ ਉਸ ਵਿੱਚ ਪਾਣੀ ਦੀ ਨਿਕਾਸੀ ਲਈ ਕੋਈ ਪੁਲ਼ੀਆਂ ਨਹੀਂ ਰੱਖੀਆਂ ਗਈਆਂ ।

ਇਸ ਨਾਲ਼ ਪਾਣੀ ਦੀ ਨਿਕਾਸੀ ਲਈ ਸਿਰਫ ੪੦੦ ਫੁੱਟ ਦੇ ਕਰੀਬ ਚੌੜਾ ਦਰਿਆ ਦਾ ਪਾੜ ਹੀ ਬਚਦਾ ਹੈ ਜੋ ਕਾਫੀ ਨਹੀਂ ਹੈ । ਪਾਣੀ ਰੁਕਣ ਕਾਰਨ ਦਰਿਆ ਦੇ ਦੋਹਾਂ ਪਾਸੇ ਬਣੇ ਅਡਵਾਂਸ ਬੰਨ ਇੱਕ-ਇੱਕ ਕਰਕੇ ਟੁੱਟ ਚੁੱਕੇ ਹਨ ਅਤੇ ਮੁੱਖ ਧੁੱਸੀ ਬੰਨ੍ਹ ਨੂੰ ਵੀ ਖਤਰਾ ਬਣਿਆਂ ਹੋਇਆ ਹੈ । ਇਸ ਤਰਾਂ ਲੋਕਾਂ ਦੀ ਸਹੂਲਤ ਲਈ ਬਣਿਆਂ ਪੁਲ ਹੀ ਉਹਨਾਂ ਲਈ ਆਫਤ ਦਾ ਸਬੱਬ ਬਣ ਰਿਹਾ ਹੈ ।

ਇਸ ਨਾਲ਼ ਸਰਕਾਰ ਅਤੇ ਸਰਕਾਰੀ ਅਦਾਰਿਆਂ ਦੇ ਕੰਮਕਾਜੀ ਤਰੀਕਾਕਾਰ ਤੇ ਸਵਾਲੀਆ ਨਿਸ਼ਾਨ ਲੱਗਦਾ ਹੈ । ਵਿਕਾਸ ਕਾਰਜਾਂ ਦੇ ਨਾਮ ਤੇ ਬਣ ਰਹੀਆਂ ਉੱਚੀਆਂ-ਚੌੜੀਆਂ ਸੜਕਾਂ ਅਤੇ ਹਾਈਵੇ ਵਿੱਚ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ । ਭਾਰੀ ਮੀਂਹ ਵਿੱਚ ਪਾਣੀ ਨਿਕਾਸੀ ਨਾਂ ਹੋਣ ਕਾਰਨ ਲੱਗਭੱਗ ਪੂਰੇ ਪੰਜਾਬ ਵਿੱਚ ਹੜ ਵਰਗੇ ਹਾਲਾਤ ਵਾਰ ਵਾਰ ਪੈਦਾ ਹੋ ਰਹੇ ਹਨ । ਪੰਜਾਬ ਦੀ ਹਿੱਕ ਚੀਰ ਕੇ ਬਣ ਰਹੇ ੮ ਫੁੱਟ ਉੱਚੇ ਹਾਈਵੇ ਆਉਣ ਵਾਲ਼ੇ ਸਮੇਂ ਵਿੱਚ ਹੋਰ ਗੰਭੀਰ ਹਾਲਾਤ ਪੈਦਾ ਕਰਨਗੇ । ਜੇਕਰ ਹੁਣ ਤੋਂ ਚਾਰਾਜੋਈ ਨਾ ਕੀਤੀ ਗਈ ਤਾਂ ਹਰ ਸਾਲ ਹੜ੍ਹਾਂ ਵਰਗੇ ਹਾਲਾਤ ਪੈਦਾ ਹੁੰਦੇ ਰਹਿਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,