April 17, 2020 | By ਅਵਤਾਰ ਸਿੰਘ
ਕੁਝ ਸ਼ਖਸ਼ੀਅਤਾਂ ਸ਼ਬਦਾਂ ਦੀਆਂ ਮੁਥਾਜ ਨਹੀ ਹੁੰਦੀਆਂ। ਸ਼ਬਦ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ। ਕਿਉਂਕਿ ਅਜਿਹੀਆਂ ਸ਼ਖਸ਼ੀਅਤਾਂ ਆਪਣੇ ਆਲੇ ਦੁਆਲੇ ਪਸਰੇ ਸਮਾਜਕ, ਧਾਰਮਕ ਅਤੇ ਸਿਆਸੀ ਚਿੱਕੜ ਦੇ ਵਿਚਕਾਰ ਰਹਿੰਦੀਆਂ ਹੋਈਆਂ ਵੀ ਨਿਆਰੀਆਂ ਅਤੇ ਨਿਰਮਲ ਰਹਿੰਦੀਆਂ ਹਨ। ਜਦੋਂ ਕੋਈ ਓਪਰੀ ਨਜ਼ਰੇ ਅਜਿਹੀਆਂ ਸ਼ਖਸ਼ੀਅਤਾਂ ਦੇ ਜੀਵਨ ਪੰਧ ਨੂੰ ਨਾਪਣ ਦਾ ਯਤਨ ਕਰੇ ਤਾਂ ਬਹੁਤ ਸਾਰੇ ਭੁਲੇਖੇ ਪੈ ਜਾਂਦੇ ਹਨ ਪਰ ਸ਼ਬਦਾਂ ਦੀ ਵਿਆਖਿਆ ਤੋਂ ਪਰ੍ਹੇ ਹੋਣ ਕਾਰਨ, ਹਰ ਹਾਲਤ ਵਿੱਚ ਅਜਿਹੀਆਂ ਸ਼ਖਸ਼ੀਅਤਾਂ ਆਪਣੇ ਕਿਰਦਾਰ ਦੀ ਬੁਲੰਦੀ ਨੂੰ ਜੀਵੰਤ ਰੱਖਦੀਆਂ ਹਨ।
ਵੀਰ ਮਨਦੀਪ ਸਿੰਘ ਵੀ ਸਾਡੇ ਦੁਆਲੇ ਰਹਿਣ ਵਾਲੀ ਅਜਿਹੀ ਹੀ ਸ਼ਖਸ਼ੀਅਤ ਸੀ ਜੋ ਸ਼ਬਦਾਂ ਦੀ ਪਕੜ ਵਿੱਚ ਆਉਣ ਵਾਲੀ ਨਹੀ ਸੀ। ਉਸ ਨਾਲ ਵਿਚਰਦਿਆਂ ਅਤੇ ਗੱਲਬਾਤ ਕਰਦਿਆਂ ਕਦੇ ਮਹਿਸੂਸ ਹੀ ਨਹੀ ਸੀ ਹੁੰਦਾ ਕਿ ਅਸੀਂ ਏਨੀ ਖੂਬਸੂਰਤ ਸ਼ਖਸ਼ੀਅਤ ਦੇ ਰੂ-ਬ-ਰੂ ਹੋ ਰਹੇ ਹਾਂ। ਵਕਤ ਦੇ ਬਦਲਣ ਨਾਲ ਜਦੋਂ ਪੰਥਕ ਰਾਹ ਦੇ ਬਹੁਤ ਸਾਰੇ ਪਾਂਧੀਆਂ ਦੇ ਜੀਵਨ ਨੂੰ ਬਹੁਤ ਕਿਸਮ ਦੇ ਘੁਣਾਂ ਨੇ ਖਾ ਲਿਆ ਸੀ ਉਸ ਸਮੇਂ ਵੀ ਭਾਈ ਮਨਦੀਪ ਸਿੰਘ ਸਾਡੇ ਸਮਾਜ ਲਈ ਰੌਸ਼ਨੀ ਦੀ ਕਿਰਣ ਵਾਂਗ ਚਮਕਦਾ ਰਿਹਾ।
ਕਦੇ ਧਾਰਮਕ ਤੌਰ ਤੇ ਕੋਈ ਦੁਬਿਧਾ ਨਹੀ, ਸਮਾਜਕ ਤੌਰ ਤੇ ਕੋਈ ਖਿੱਚੋਤਾਣ ਨਹੀ ਅਤੇ ਰਾਜਨੀਤਿਕ ਤੌਰ ਤੇ ਕੋਈ ਭੁਲੇਖਾ ਨਹੀ। ਯਾਰ ਸੀ ਤਾਂ ਯਾਰਾਂ ਦਾ ਯਾਰ ਸੀ। ਹਰ ਮਿੱਤਰ ਸਨੇਹੀ ਦੇ ਦੁਖ ਸੁਖ ਵਿੱਚ ਸ਼ਰੀਕ ਹੋਣਾਂ ਤਾਂ ਉਸਨੂੰ ਵਾਹਿਗੁਰੂ ਨੇ ਦਾਤ ਵਾਂਗ ਬਖਸ਼ਿਆ ਸੀ। ਉਹ ਇੱਕ ਸ਼ਾਂਤ ਵਗਦੇ ਦਰਿਆ ਵਰਗਾ ਸੀ ਜੋ ਨਾ ਖੌਰੂ ਪਾਉਂਦਾ ਸੀ ਅਤੇ ਨਾ ਹੀ ਆਪਣੀ ਚਾਲ ਦੀ ਮੜਕ ਨੂੰ ਕਮਜ਼ੋਰ ਪੈਣ ਦੇਂਦਾ ਸੀ।
ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਜੀਵਨ ਦੌਰਾਨ ਉਸਨੇ ਪੰਥਕ ਕਾਫਲੇ ਦਾ ਲੜ ਫੜਿਆ ਅਤੇ ਅੰਤ ਤੱਕ ਉਸ ਕਾਫਲੇ ਦੀ ਸੱਚੀ ਸੁੱਚੀ ਜੀਵਣ ਸ਼ੈਲੀ ਦੇ ਰਾਹੀਆਂ ਅਤੇ ਪਾਂਧੀਆਂ ਨਾਲ ਵਿਚਰਦਾ ਰਿਹਾ। ਵੀਰ ਮਨਦੀਪ ਸਿੰਘ ਨੂੰ ਕਦੇ ਵੀ ਸਟੇਜਾਂ ਤੇ ਖੜ੍ਹਕੇ ਖੌਰੂ ਪਾਉਣ ਦੀ ਚਾਹਤ ਨੇ ਨਹੀ ਸੀ ਡੰਗਿਆ। ਉਹ ਸ਼ਬਦਾਂ ਦਾ ਮੁਥਾਜ ਨਹੀ ਸੀ। ਉਹ ਸ਼ਬਦ ਲਿਖਦਾ ਨਹੀ ਸੀ ਬਲਕਿ ਗੁਰੂ ਸਾਹਿਬ ਵੱਲੋਂ ਲਿਖੇ ਹੋਏ ਸੱਚੇ ਸ਼ਬਦਾਂ ਦਾ ਪਾਂਧੀ ਸੀ। ਜਿਸ ਵੇਲੇ ਸਿੱਖ ਸਮਾਜ ਧਾਰਮਕ ਅਤੇ ਰਾਜਨੀਤਿਕ ਤੌਰ ਤੇ ਇੱਕ ਵੱਡੇ ਖੋਰੇ ਦਾ ਸ਼ਿਕਾਰ ਹੋ ਰਿਹਾ ਹੈ ਉਸ ਦੌਰ ਵਿੱਚ ਵੀ ਮਨਦੀਪ ਸਿੰਘ ਨੂੰ ਆਪਣੇ ਮਿਸ਼ਨ ਅਤੇ ਨਿਸ਼ਾਨੇ ਬਾਰੇ ਕੋਈ ਭੁਲੇਖਾ ਨਹੀ ਸੀ।
ਪੰਥਕ ਕਾਫਲੇ ਦੇ ਗਹਿਰ ਗੰਭੀਰ ਪਾਂਧੀਆਂ ਨਾਲ ਉਸਦਾ ਰਿਸ਼ਤਾ ਇਹ ਦਰਸਾਉਂਦਾ ਸੀ ਕਿ ਵੀਰ ਮਨਦੀਪ ਸਿੰਘ ਕਿਸੇ ਵੁੀ ਪੱਖ ਤੋਂ ਕਿਸੇ ਭੁਲੇਖੇ ਦਾ ਸ਼ਿਕਾਰ ਨਹੀ ਸੀ ਬਲਕਿ ਪੰਥ ਦੀ ਸੁਨਹਿਰੀ ਸਵੇਰ ਦਾ ਸੁਪਨਾ ਉਸਦੇ ਮਨ-ਮਸਤਕ ਵਿੱਚ ਦਗ-ਦਗ ਕਰ ਰਿਹਾ ਸੀ। ਆਪਣੀ ਜਥੇਬੰਦਕ ਯੋਗਤਾ ਦਾ ਲੋਹਾ ਉਹ ਹਰ ਨਵੇਂ ਦਿਨ ਮਨਾ ਲੈਂਦਾ ਸੀ। ਸਹਿਜ ਅਤੇ ਠਰੰ੍ਹਮਾਂ ਮਨਦੀਪ ਸਿੰਘ ਦੀ ਸ਼ਖਸ਼ੀਅਤ ਦਾ ਹੋਰ ਵੱਡਾ ਗੁਣ ਸੀ। ਜਥੇਬੰਦਕ ਕਾਰਜਾਂ ਦੇ ਦੌਰਾਨ ਵੀ ਉਸਨੇ ਠਰੰ੍ਹਮੇ ਦਾ ਸਾਥ ਨਹੀ ਛੱਡਿਆ।
ਹੁਣ ਜਦੋਂ ਅਸੀਂ ਉਸਦੇ ਜੀਵਨ ਦੇ ਪੱਖਾਂ ਤੇ ਝਾਤ ਪਾ ਰਹੇ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਵਾਹਿਗੁਰੂ ਜੀ ਨੇ ਉਸਨੂੰ ਬਹੁਤ ਸਾਰੀਆਂ ਦਾਤਾਂ ਨਾਲ ਨਿਵਾਜਿਆ ਹੋਇਆ ਸੀ। ਉਹ ਇੱਕ ਛੋਟਾ ਜਿਹਾ ਇਤਿਹਾਸ ਸਿਰਜ ਰਿਹਾ ਸੀ। ਸਿਰਜਣਾਂ ਦੀ ਇਸ ਪਰਕਿਰਿਆ ਵਿੱਚ ਉਹ ਮਮਤਾਵਾਨ ਮਾਂ ਦੀਆਂ ਛਾਵਾਂ ਆਪਣੇ ਹਰ ਸਨੇਹੀ ਤੇ ਬਿਖੇਰ ਜਾਂਦਾ ਸੀ। ਇੱਕ ਵਾਰ ਉਸ ਨਾਲ ਮਿਲ ਬੈਠ ਕੇ ਬੰਦਾ ਫਿਰ ਉਸਦਾ ਹੀ ਹੋ ਜਾਂਦਾ ਸੀ।
ਰੱਬ ਦੇ ਰੰਗ ਵਿੱਚ ਰੰਗੇ ਹੋਏ ਮਾਤਾ ਪਿਤਾ ਦੇ ਘਰ ਉਹ ਸਹਿਜ ਵਿੱਚ ਜਨਮਿਆ, ਸਹਿਜ ਵਿੱਚ ਪਲਿਆ-ਵਿਚਰਿਆ ਅਤੇ ਅੰਤ ਨੂੰ ਸਾਡਾ ਇਹ ਰਾਂਗਲਾ ਸੱਜਣ ਸਹਿਜ ਵਿੱਚ ਹੀ ਸਾਨੂੰ ਵਿਛੋੜਾ ਦੇ ਗਿਆ। ਸ਼ਬਦਾਂ ਤੋਂ ਪਰ੍ਹੇ ਰਹਿੰਦਾ ਰਹਿੰਦਾ ਵੀ ਉਹ ਸ਼ਬਦਾਂ ਨੂੰ ਮਾਤ ਦੇ ਗਿਆ। ਮਨਦੀਪ ਸਿੰਘ ਸਾਡੇ ਸਮੇਂ ਦਾ ਉਹ ਸੂਰਮਾਂ ਸੀ ਜੋ ਕਿਸੇ ਹਉਮੈਂ ਤੋਂ ਪਰ੍ਹੇ ਰਹਿਕੇ ਗੁਰੂ ਦੇ ਚਰਨਾਂ ਵਿੱਚ ਆਪਣੇ ਨਿੱਗਰ ਕਿਰਦਾਰ ਵਾਲੀਆਂ ਚਾਹਤਾਂ ਅਤੇ ਸਰਗਰਮੀਆਂ ਭੇਟਾ ਕਰ ਗਿਆ।
ਨਹੀਓ ਲੱਭਣੇ ਲਾਲ ਗੁਆਚੇ
ਮਿੱਟੀ ਨਾ ਫਰਲ ਜੋਗੀਆ
ਵਾਹਿਗੁਰੂ ਜੀ ਉਸ ਨਿੱਗਰ ਇਖਲਾਕ ਵਾਲੇ ਸੱਜਣ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ। ਪਿੱਛੋਂ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾਂ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣ।
– ਅਵਤਾਰ ਸਿੰਘ (ਯੂ.ਕੇ.)
Related Topics: Avtar Singh UK, Bhai Mandeep Singh Leicester, Sikh News UK, Sikhs in United Kingdom