September 29, 2014 | By ਸਿੱਖ ਸਿਆਸਤ ਬਿਊਰੋ
ਨਾਭਾ (29 ਸਤੰਬਰ): ਪਿੱਛਲੇ ਦੋ ਸਾਲ਼ਾਂ ਤੋਂ ਗੈਰ ਕਾਨੂੰਨੀ ਗਤੀਵਿਧੀਆਂ ਰੋਕੋ ਕਾਨੂੰਨ ਅਧੀਨ ਜੇਲ ਵਿੱਚ ਨਜ਼ਰਬੰਦ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ , ਮੈਂਬਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਆਗੂ ਭਾਈ ਕੁਲਵੀਰ ਸਿੰਘ ਬੜਾਪਿੰਡ ਅੱਜ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿਚੋਂ ਰਿਹਾਅ ਹੋ ਗਏ ਹਨ।
ਅੱਜ ਜਲੰਧਰ ਦੇ ਐਡੀਸਨਲ ਸ਼ੈਸ਼ਨ ਜੱਜ ਮਨਦੀਪ ਸਿੰਘ ਢਿੱਲੋਂ ਦੀ ਅਦਾਲਤ ਨੇ ਫੈਸਲਾ ਸੁਣਾਉਦਿਆਂ ਪੁਲਿਸ ਵੱਲੋਂ ਭਈ ਬੜਾ ਪਿੰਡ ‘ਤੇ ਲਾਏ ਦੋਸ਼ਾਂ ਨੂੰ ਨਕਾਰ ਕੇ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ।
ਉਨ੍ਹਾਂ ਦੀ ਰਿਹਾਈ ਮੌਕੇ ਉਨ੍ਹਾਂ ਦੇ ਪਰਵਾਰਕ ਮੈਂਬਰ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਆਗੂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਇਸੜੂ ਅਤੇ ਭਾਈ ਮਨਧੀਰ ਸਿੰਘ ਮੌਜੂਦ ਸਨ।
ਭਾਈ ਕੁਲਬੀਰ ਸਿੰਘ ਨੂੰ ਸਤੰਬਰ 2012 ਵਿੱਚ ਰਾਜਸੀ ਹਿੱਤਾਂ ਤੋਂ ਪ੍ਰਰਿਤ ਹੋਕੇ ਪੁਲਿਸ ਨੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ।ਕਿਉੁਂਕਿ ਪਿੱਛੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ ਵਿੱਚ ਭਾਈ ਬੜਾ ਪਿੰਡ ਨੇ ਫਿਲੌਰ ਹਲਕੇ ਤੋਂ ਚੋਣ ਲੜੀ ਸੀ ਜਿਸ ਵਿੱਚ ਬਾਦਲ ਦਲ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਿਰਨਾ ਪਿਆ ਸੀ।ਇਸ ਕਰਕੇ ਬਾਦਲ ਸਰਕਾਰ ਨੁੇ ਭਾਈ ਬੜਾ ਪਿੰਡ ਦੇ ਵੱਧਦੇ ਜਨਤਕ ਅਧਾਰ ਤੋਂ ਖੌਫ ਖਾਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ।
ਇੱਥੇ ਇਹ ਵਰਨਣਯੋਗ ਹੈ ਕਿ ਭਾਈ ਕੁਲਬੀਰ ਸਿੰਘ ਨੂੰ ਫਿਲੌਰ ਨੇੜੇ ਉਨ੍ਹਾਂ ਦੇ ਪਿੰਡ ਬੜਾਪਿੰਡ ਵਿੱਚ ਸਥਿਤ ਰਿਹਾਇਸ਼ ਤੋਂ 19-20 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ‘ਤੇ ਧਾਰ 107/151 ਸੀਪੀਸੀ ਅਧੀਨ ਪਰਚਾ ਦਰਜ਼ ਕਰਕੇ ਲਧਿਆਣਾ ਜੇਲ ਭੇਜ ਦਿੱਤਾ ਸੀ।
ਇਸ ਤੋਂ ਅਗਲੇ ਦਿਨ ਗੁਰਾਇਆ ਪੁਲਿਸ ਨੇ ਭਾਈ ਕੁਲਬੀਰ ਸਿੰਘ ‘ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਪਰਚਾ ਦਰਜ਼ ਕਰਕੇ, ਇੱਕ ਪਿਸਤੌਲ, ਇੱਕ ਏਅਰ ਗੰਨ ਅਤੇ ਦੋ ਬੁਲਟ ਪਰੂਫ ਜੈਕਟਾਂ ਦੀ ਬਰਾਮਦਗੀ ਪਾ ਦਿੱਤੀ, ਜਦੋਂਕਿ ਇਸ ਸਮੇਂ ਭਾਈ ਬੜਾਪਿੰਡ ਲੁਧਿਆਣਾ ਜੇਲ ਵਿੱਚ ਬੰਦ ਸਨ।
ਰਿਹਾਈ ਮੌਕੇ ਭਾਈ ਬੜਾਪਿੰਡ ਨੇ ਕਿਹਾ ਕਿ ਉਹ ਸਿੱਖ ਕੌਮ ਦੇ ਹੱਕਾਂ ਦਾ ਸੰਘਰਸ਼ ਲੜ ਰਹੇ ਹਨ ਅਤੇ ਦਿੱਲੀ ਦਰਬਾਰ ਜਾਂ ਉਸ ਦੇ ਇਸ਼ਾਰੇ ਉੱਤੇ ਚੱਲਣ ਵਾਲੀ ਪੰਜਾਬ ਸਰਕਾਰ ਝੂਠੇ ਕੇਸਾਂ ਰਾਹੀਂ ਉਨ੍ਹਾਂ ਦਾ ਮਨੋਬਲ ਨਹੀਂ ਡੇਗ ਸਕਦੀ।
ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਸਿਆਸੀ ਕਾਰਨਾਂ ਕਰਕੇ ਸਤੰਬਰ 2012 ਵਿਚ ਇਸ ਝੂਠੇ ਕੇਸ ਵਿਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਉਨ੍ਹਾਂ ਦੀ ਜਮਾਨਤ ਦੀ ਅਰਜੀ ਉੱਪਰ ਕੋਈ ਫੈਸਲਾ ਨਹੀਂ ਲਿਆ ਗਿਆ ਜਿਸ ਕਾਰਨ ਉਹ ਦੋ ਸਾਲ ਜੇਲ੍ਹ ਵਿਚ ਨਜ਼ਰਬੰਦ ਰਹੇ।
ਐਡਵੋਕੇਟ ਮੰਝਪੁਰ ਨੇ ਕਿਹਾ ਅੱਜ ਬਾਅਦ ਦੁਪਹਿਰ ਜਲੰਧਰ ਦੇ ਜਿਲਾ ਅਤੇ ਵਧੀਕ ਸੈਸ਼ਨ ਜੱਜ ਮਨਦੀਪ ਸਿੰਘ ਢਿੱਲੋਂ ਨੇ ਭਾਈ ਕੁਲਵੀਰ ਸਿੰਘ ਨੂੰ ਬੇਕਸੂਰ ਪਾਉਂਦਿਆਂ ਬਾਇੱਜਤ ਬਰੀ ਕਰ ਦਿੱਤਾ।
ਇਸ ਮੌਕੇ ਭਾਈ ਮਨਜੀਤ ਸਿੰਘ ਬੰਬ, ਦਲਜੀਤ ਸਿੰਘ ਮੌਲਾ, ਗੁਰਮੀਤ ਸਿੰਘ ਗੋਗਾ, ਗੁਰਦੀਪ ਸਿੰਘ ਕਾਲਾਝਾੜ, ਮਨਜੀਤ ਸਿੰਘ ਬੰਬ, ਗੁਰਵਿੰਦਰ ਸਿੰਘ ਬੈਣੀਵਾਲ ਅਤੇ ਸੰਤੋਖ ਸਿੰਘ ਕਾਲਾ ਤੋਂ ਇਲਾਵਾ ਪੰਚ ਪ੍ਰਧਾਨੀ ਦੇ ਹੋਰ ਅਨੇਕਾਂ ਵਰਕਰ ਅਤੇ ਪੰਥ ਦਰਦੀ ਮੌਜੂਦ ਸਨ।
Related Topics: Akali Dal Panch Pardhani, Bhai Kulvir Singh Barapind