ਪੱਤਰ

ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ…

September 30, 2010 | By

ਸਤਿਕਾਰਕਾਰਯੋਗ ਖਾਲਸਾ ਜੀ,

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 28 ਸਤੰਬਰ ਨੂੰ ਹਿੰਦੋਸਤਾਨ ਦੀ ਆਜਾਦੀ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਹੈ। 28 ਸਿਤੰਬਰ 1907 ਨੂੰ ਸਰਦਾਰ ਕਿਸ਼ਨ ਸਿੰਘ ਜੀ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਪਿੰਡ ਖਟਕੜਕਲਾਂ ਵਿਖੇ ਇਸ ਮਹਾਨ ਕਰਾਂਤੀਕਾਰੀ ਦਾ ਜਨਮ ਹੋਇਆ। ਬਚਪਨ ਤੋਂ ਹੀ ਆਪਣੇ ਚਾਚੇ ਅਜੀਤ ਸਿੰਘ ਅਤੇ ਪਿਤਾ ਕਿਸ਼ਨ ਸਿੰਘ ਨੂੰ ਹਿੰਦੋਸਤਾਨ ਦੀ ਆਜਾਦੀ ਲਈ ਯਤਨਸ਼ੀਲ ਵੇਖਦਾ-ਵੇਖਦਾ ਆਪ ਭਗਤ ਸਿੰਘ ਸ਼ਹਾਦਤ ਦੇ ਕਰਕੇ ਹਿੰਦੋਸਤਾਨ ਦੀ ਆਜਾਦੀ ਦਾ ਰਾਸਤਾ ਸੁਖਾਲਾ ਕਰ ਗਿਆ। ਵੈਸੇ ਤਾਂ ਦੇਸ਼ ਭਗਤਾਂ ਅਤੇ ਮੁਲਕ ਲਈ ਸ਼ਹੀਦ ਹੋਣ ਵਾਲਿਆਂ ਦਾ ਸਾਂਝਾ ਧਰਮ ਹੁੰਦਾ ਹੈ, ਪਰ ਕਿਉਂਕਿ ਹਿੰਦੋਸਤਾਨ ਸਰਕਾਰ ਨੇ ਜੋ ਧਾਰਮਿਕ ਵਿਤਕਰਾ 1947 ਤੋਂ ਬਾਅਦ ਸਿੱਖਾਂ ਨਾਲ ਕਰਨਾ ਸ਼ੁਰੂ ਕੀਤਾ ਹੈ ਅਤੇ ਸਿੱਖਾਂ ਨੂੰ ਦਬਾਉਣ, ਮਿਟਾਉਣ ਅਤੇ ਇਹਨਾਂ ਦੀ ਅਸਲ ਹਸਤੀ ਖਤਮ ਕਰਨ ਦਾ ਜੋ ਕੋਝਾ ਯਤਨ ਕੀਤਾ ਹੈ ਉਸ ਨੂੰ ਵੇਖਦੇ ਹੋਏ ਸਾਨੂੰ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਅਤੇ ਹਿੰਦੋਸਤਾਨ ਦੀ ਆਜਾਦੀ ਵਿੱਚ ਪਾਏ ਸਿੱਖਾਂ ਦੇ ਯੋਗਦਾਨ ਨੂੰ ਕੁੱਲ ਦੁਨੀਆ ਸਾਹਮਣੇ ਲਿਆਉਣ ਲਈ ਇਹ ਦੱਸਣਾ ਪੈਣਾ ਹੈ ਕਿ ਭਗਤ ਸਿੰਘ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ। ਵੈਸੇ ਤਾਂ ਜੇਕਰ ਆਂਕੜਿਆਂ ਤੇ ਨਜਰ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਹਿੰਦੋਸਤਾਨ ਨੂੰ ਜੋ ਆਜਾਦੀ ਮਿਲੀ ਹੈ ਉਹ ਸਿਰਫ ਤੇ ਸਿਰਫ ਸਿੱਖ ਕੌਮ ਦੇ ਜੁਝਾਰੂ ਯਧਿਆਂ ਦੀ ਬਦੌਲਤ ਮਿਲੀ ਹੈ। ਆਂਕੜੇ ਦੱਸਦੇ ਹਨ ਕਿ ਅੰਗਰੇਜ ਹਕੂਮਤ ਨੇ ਕੁੱਲ 121 ਕਰਾਂਤੀਕਾਰੀਆਂ ਨੂੰ ਫਾਂਸੀ ਦੀ ਸਜਾ ਸੁਣਾਈ ਜਿਹਨਾਂ ਵਿੱਚੋਂ 93 ਸਿੱਖ ਸਨ। ਹੋਰ ਕਾਲੇ ਪਾਣੀ ਦੀ ਸਜਾ ਵੀ 80% ਤੋਂ ਵੱਧ ਸਿੱਖਾਂ ਨੂੰ ਹੀ ਮਿਲੀ। ਪਰ ਸਾਨੂੰ ਅੱਜ ਜੋ ਇਤਿਹਾਸ ਪੜਾਇਆ ਜਾ ਰਿਹਾ ਹੈ ਉਸ ਵਿੱਚ ਸਿੱਖਾਂ ਵਿੱਚੋਂ ਸਿਰਫ ਭਗਤ ਸਿੰਘ ਦਾ ਹੀ ਜਿਕਰ ਆਉਂਦਾ ਹੈ, ਬਾਕੀ ਸਾਰਾ ਇਤਿਹਾਸ ਗਾਂਧੀ, ਨਹਿਰੂ ਪਰਿਵਾਰ ਨਾਲ ਭਰਿਆ ਪਿਆ ਹੈ। ਇਹੋ ਜਿਹੇ ਚਿੱਟੀਆਂ ਟੋਪੀਆਂ ਵਾਲਿਆਂ ਦੇ ਨਾਂ ਦੇਸ਼ ਭਗਤਾਂ ਵਿੱਚ ਸ਼ਾਮਿਲ ਹਨ ਜਿੰਨ੍ਹਾਂ ਨੇ ਕਦੇ ਅੰਗਰੇਜ ਨਾਲ ‘ਜੀ’ ਕਹੇ ਬਗੈਰ ਗੱਲ ਨਹੀਂ ਸੀ ਕੀਤੀ। ਜਵਾਹਰ ਲਾਲ ਨਹਿਰੂ ਅਤੇ ਉਸ ਦਾ ਖਾਨਦਾਨ, ਮੋਹਨਦਾਸ ਗਾਂਧੀ ਇਸ ਝੂਠੇ ਇਤਿਹਾਸ ਦੀ ਸਭ ਤੋਂ ਵੱਡੀ ਗਵਾਹੀ ਹਨ। ਪਰ ਅੱਜ ਸਾਡੇ ਲਈ ਇਹ ਵਿਚਾਰਨਾ ਬਣਦਾ ਹੈ ਕਿ ਭਗਤ ਸਿੰਘ, ਕਰਤਾਰ ਸਿੰਘ ਅਤੇ ਊਧਮ ਸਿੰਘ ਤੋਂ ਬਿਨਾ ਜੋ ਸਿੱਖ ਹਿੰਦੋਸਤਾਨ ਦੀ ਆਜਾਦੀ ਲਈ ਸ਼ਹੀਦ ਹੋਏ ਜਾਂ ਕਾਲੇ ਪਾਣੀ ਦੀ ਸਜਾ ਭੋਗੀ ਉਹਨਾਂ ਦੇ ਵੇਰਵੇ ਕਿੱਥੇ ਚਲੇ ਗਏ ਅਤੇ ਉਹਨਾਂ ਦੇ ਨਾਮ ਇਤਿਹਾਸ ਵਿਚੋਂ ਕਿਵੇਂ ਗਾਇਬ ਹੋ ਗਏ। ਪੰਜਾਬ ਵਿੱਚ ਕੁੱਝ ਲੋਕ ਊਧਮ ਸਿੰਘ ਅਤੇ ਸਰਾਭੇ ਨੂੰ ਯਾਦ ਕਰਦੇ ਹਨ ਪਰ ਹਿੰਦੋਸਤਾਨ ਦੇ ਇਤਿਹਾਸ ਵਿੱਚ ਸਿਰਫ ਇੱਕੋ ਹੀ ਸਿੱਖ ਸ਼ਹੀਦ ਦਾ ਨਾਮ ਹੈ ਉਹ ਹੈ ਭਗਤ ਸਿੰਘ। ਨਹਿਰੂ ਨੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਭਾਰਤ ਨੂੰ ਆਜਾਦੀ ਦਿਵਾਉਣ ਦਾ ਸਿਹਰਾ ਕਾਂਗਰਸ ਪਾਰਟੀ ਉੱਪਰ ਪਵਾਉਣ ਲਈ ਸਾਰੇ ਸਿੱਖ ਕਰਾਂਤੀਕਾਰੀਆਂ ਦੇ ਨਾਮ ਇਤਿਹਾਸ ਵਿੱਚੋਂ ਖਤਮ ਕਰਵਾ ਦਿੱਤੇ। ਅਜਾਦ ਹਿੰਦੋਸਤਾਨ ਉੱਪਰ 64 ਸਾਲਾਂ ਵਿੱਚੋਂ 50 ਸਾਲਾਂ ਦੇ ਕਰੀਬ ਨਹਿਰੂ ਖਾਨਦਾਨ ਜਾਂ ਕਾਂਗਰਸ ਪਾਰਟੀ ਨੇ ਰਾਜ ਕੀਤਾ ਹੈ ਸੋ ਇਹਨਾਂ ਨੇ ਸਾਰਾ ਇਤਿਹਾਸ ਆਪਣੇ ਮੁਤਾਬਿਕ ਢਾਲ ਲਿਆ ਹੈ। ਪਰ ਇੱਕ ਗੱਲ ਹੋਰ ਵਿਚਾਰਨ ਦੀ ਲੋੜ ਹੈ ਕਿ ਭਗਤ ਸਿੰਘ ਦਾ ਨਾਮ ਇਹਨਾਂ ਦੁਸ਼ਟਾਂ ਤੋਂ ਕਿਵੇਂ ਬਚ ਗਿਆ? ਭਗਤ ਸਿੰਘ ਦੇ ਨਾਮ ਨੂੰ ਇਹ ਲੋਕ ਕਿਉਂ ਨਹੀ ਖਤਮ ਕਰ ਸਕੇ? ਜੇਕਰ ਗੌਰ ਕਰੀਏ ਤਾਂ ਫਾਂਸੀ ਦਾ ਰੱਸਾ ਚੁੰਮਣ ਵਾਲੇ 93 ਸ਼ਹੀਦ ਸਿੱਖਾਂ ਨੂੰ ਇਕੱਲਿਆਂ ਫਾਸੀ ਹੋਈ ਜਾਂ ਫੇਰ ਨਾਲ ਵਾਲੇ ਵੀ ਸਿੱਖ ਸਨ। ਪਰ ਭਗਤ ਸਿੰਘ ਦੀ ਫਾਂਸੀ ਦੇ ਨਾਲ ਰਾਜਗੁਰੂ ਅਤੇ ਸੁਖਦੇਵ ਦਾ ਵੀ ਨਾਮ ਜੁੜਿਆ ਹੋਇਆ ਹੈ। ਰਾਜਗੁਰੂ ਮਹਾਰਾਸ਼ਟਰ ਦੇ ਸ਼ਹਿਰ ਪੁਨੇ ਨੇੜੇ ਪਿੰਡ ਖੇਡ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਜਨਮਿਆ। ਇਸ ਦਾ ਪੂਰਾ ਨਾਮ ਸ਼ਿਵਰਾਮ ਰਾਜਗੁਰੂ ਸੀ। ਬ੍ਰਾਹਮਣ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਬਹੁਤ ਹੀ ਦਲੇਰ ਅਤੇ ਬਹਾਦੁਰ ਕਰਾਂਤੀਕਾਰੀ ਸੀ। ਇਸੇ ਤਰਾਂ ਸੁਖਦੇਵ ਲੁਧਿਆਣੇ ਨੇੜੇ ਪਿੰਡ ‘ਨੌਘਰਾ’ ਵਿਖੇ ਇੱਕ ਖੱਤਰੀ ਪਰਿਵਾਰ ਵਿੱਚ ਜਨਮਿਆ। ਬਹੁਤ ਹੀ ਦਲੇਰ ਅਤੇ ਨਿਡਰ ਨੌਜਵਾਨ ਸੀ। ਭਾਵਂੇ ਉਸ ਵਕਤ ਇਹਨਾਂ ਸ਼ਹੀਦਾਂ ਨੇ ਦੇਸ਼ ਦੀ ਆਜਾਦੀ ਨੂੰ ਹੀ ਆਪਣਾ ਧਰਮ ਮੰਨਿਆ ਅਤੇ ਬਿਨਾ ਕਿਸੇ ਧਾਰਮਿਕ ਵਿਤਕਰੇ ਦੇ ਭਾਰਤ ਨੂੰ ਆਜਾਦ ਕਰਵਾਉਣ ਲਈ ਜਾਨਾਂ ਵਾਰ ਗਏ।  ਪਰ ਗਾਂਧੀ, ਨਹਿਰੂ ਅਤੇ ਪਟੇਲ ਵਰਗੇ ਗੱਦਾਰਾਂ ਨੇ ਇਹਨਾਂ ਸ਼ਹੀਦਾਂ ਨੂੰ ਵੀ ਧਾਰਮਿਕ ਵੰਡੀਆਂ ਵਿੱਚ ਪਾ ਦਿੱਤਾ। ਇਹੋ ਕਾਰਣ ਹੈ ਕਿ ਅੱਜ ਹਿੰਦੋਸਤਾਨ ਦੇ ਇਤਿਹਾਸ ਵਿੱਚੋਂ ਸਿੱਖ ਅਤੇ ਮੁਸਲਮਾਨਾਂ ਦੀਆਂ ਮੁਲਕ ਲਈ ਕੀਤੀਆਂ ਕੁਰਬਾਨੀਆਂ ਨੂੰ ਹੌਲੀ-ਹੌਲੀ ਸਾਫ ਕਰ ਦਿੱਤਾ ਗਿਆ ਅਤੇ ਆਜਾਦੀ ਦਾ ਸਿਹਰਾ ਗਾਂਧੀ ਅਤੇ ਨਹਿਰੂ ਨੇ ਆਪਣੇ ਸਿਰ ਉੱਪਰ ਪਾ ਲਿਆ। ਹੁਣ ਸਵਾਲ ਇਹ ਹੈ ਕਿ ਕਿਤੇ ਭਗਤ ਸਿੰਘ ਦਾ ਨਾਮ ਰਾਜਗੁਰੂ ਅਤੇ ਸੁਖਦੇਵ ਦੇ ਨਾਮ ਨਾਲ ਜੁੜਿਆ ਹੋਣ ਕਰਕੇ ਹੀ ਤਾਂ ਨਹੀਂ ਬਚ ਗਿਆ? ਜੇਕਰ ਭਗਤ ਸਿੰਘ ਨੂੰ ਇਕੱਲੇ ਨੂੰ ਫਾਂਸੀ ਹੋਈ ਹੁੰਦੀ ਕੀ ਤਾਂ ਵੀ ਭਾਰਤੀ ਇਤਿਹਾਸ ਵਿੱਚ ਭਗਤ ਸਿੰਘ ਦਾ ਨਾਮ ਹੁੰਦਾ? ਸਪਸ਼ਟ ਜਵਾਬ ਹੈ ਬਿਲਕੁਲ ਨਹੀਂ। ਜੇਕਰ ਭਗਤ ਸਿੰਘ ਵੀ ਇਕੱਲਾ ਸ਼ਹੀਦ ਹੋਇਆ ਹੁੰਦਾ ਤਾਂ ਸਰਾਭੇ ਅਤੇ ਊਧਮ ਵਾਂਗ ਹੀ ਗੁਆਚ ਗਿਆ ਹੁੰਦਾ।

ਅੰਗਰੇਜਾਂ ਦੇ ਏਜੰਟ ਮੋਹਨਦਾਸ ਗਾਂਧੀ ਦਾ ਵੀ ਜਨਮ ਦਿਨ 2 ਅਕਤੂਬਰ ਨੂੰ ਆ ਰਿਹਾ ਹੈ। ਜਿਨਾਂ ਮਨੁੱਖੀ ਹੱਕਾਂ ਦਾ ਘਾਣ ਗਾਂਧੀ ਨੇ ਭਾਰਤੀ ਲੋਕਾਂ ਦਾ ਕਰਵਾਇਆ ਹੈ ਹੋਰ ਕਿਸੇ ਨੇ ਨਹੀਂ ਕਰਵਾਇਆ। ਹਜਾਰਾਂ ਦੀ ਭੀੜ ਨੂੰ ਲੈ ਕੇ ਤੁਰ ਪੈਂਦਾ ਸੀ ਅਤੇ ਜਦੋਂ ਪੁਲਿਸ ਦੀਆਂ ਡਾਂਗਾਂ ਵਰਨੀਆਂ ਸ਼ੁਰੂ ਹੁੰਦੀਆਂ ਸਨ ਉਦੋਂ ਚੁੱਪ-ਚਾਪ ਅੰਗਰੇਜ ਅਫਸਰਾਂ ਨਾਲ ਜਾ ਕੇ ਉਹਨਾਂ ਦੀ ਗੱਡੀ ਵਿੱਚ ਬੈਠ ਜਾਂਦਾ ਸੀ ਅਤੇ ਆਮ ਲੋਕਾਂ ਨੂੰ ਅੰਗਰੇਜ ਸਿਪਾਹੀ ਕੁੱਟ-ਕੁੱਟ ਅੱਧ ਮੋਇਆ ਕਰ ਦਿੰਦੇ ਸਨ। ਇਤਿਹਾਸ ਵਿੱਚ ਕਿਤੇ ਕੋਈ ਅਜਿਹੀ ਘਟਨਾ ਨਹੀਂ ਹੈ ਜਿੱਥੇ ਗਾਂਧੀ ਦੇ ਕੋਈ ਡੰਡਾ ਲੱਗਿਆ ਹੋਵੇ। ਨੱਥੁਰਾਮ ਗੋਡਸੇ ਜਿਸ ਨੇ ਇਸ ਗੰਦਗੀ ਨੂੰ ਧਰਤੀ ਉੱਪਰੋਂ ਸਾਫ ਕੀਤਾ ਭਾਵੇਂ ਇੱਕ ਕੱਟੜ ਹਿੰਦੂ ਸੀ ਅਤੇ ਹਿੰਦੂਬਾਦ ਦਾ ਹਿਮਾਇਤੀ ਸੀ ਪਰ ਉਹ ਕੰਮ ਬਹੁਤ ਚੰਗਾ ਕਰ ਗਿਆ। ਕੱਟੜ ਹਿੰਦੂ ਹੋਣ ਦੇ ਬਾਵਜੂਦ ਨੱਥੁਰਾਮ ਦੇ ਦਿਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਸੀ ਅਤੇ ਗਾਂਧੀ ਦੁਆਰਾ ਗੁਰੂ ਜੀ ਨੂੰ ਵੀ ਹਿੰਸਕ ਦੱਸਣ ਦਾ ਉਸ ਨੂੰ ਬਹੁਤ ਗੁੱਸਾ ਸੀ, ਇਹ ਗੱਲ ਉਸ ਨੇ ਕਚਹਿਰੀ ਵਿੱਚ ਆਪਣੀ ਆਖਰੀ ਦਲੀਲ ਵਿੱਚ ਮੰਨੀ ਸੀ। ਉਸ ਨੇ ਕਿਹਾ ਸੀ ਕਿ ਗਾਂਧੀ ਅਤੇ ਨਹਿਰੂ ਅੰਗਰੇਜਾਂ ਦੇ ਏਜੰਟ ਸਨ ਅਤੇ ਭਾਰਤ ਦੇ ਬਟਵਾਰੇ ਦੇ ਮੁੱਖ ਦੋਖੀ ਸਨ। ਗੋਡਸੇ ਮੁਤਾਬਿਕ ਗਾਂਧੀ ਆਤਮਿਕ ਤੌਰ ਤੇ ਡਿੱਗਿਆ ਹੋਇਆ ਬੰਦਾ ਸੀ ਜਿਸ ਵਿੱਚ ਦੇਸ਼ ਭਗਤੀ ਰਤੀ ਮਾਤਰ ਵੀ ਨਹੀਂ ਸੀ।ਉਹ ਸਿਰਫ ਇੱਕ ਰਾਜਨੇਤਾ ਸੀ ਅਤੇ ਅੰਗਰੇਜਾਂ ਦੁਆਰਾ ਸਥਾਪਿਤ ਕੀਤੀ ਕਾਂਗਰਸ ਪਾਰਟੀ ਵਿੱਚ ਅੰਗਰੇਜਾਂ ਦੁਆਰਾ ਭਾਰਤੀਆਂ ਦਾ ਪਰਚਾਰਿਆ ਹੋਇਆ ਨੇਤਾ ਸੀ। ਭਾਰਤੀ ਲੋਕਾਂ ਨੂੰ ਭਗਤ ਸਿੰਘ ਵਰਗੇ ਕਰਾਂਤੀਕਾਰੀਆਂ ਦੇ ਪ੍ਰਭਾਵ ਤਂੋ ਬਚਾਉਣ ਲਈ ਅੰਗਰੇਜ ਦੇ ਚਲਾਕ ਦਿਮਾਗ ਦੀ ਉਪਜ ਮੋਹਨਦਾਸ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਸੀ। ਖੈਰ ਮੁੱਖ ਵਿਸ਼ਾ ਇਸ ਲੇਖ ਦਾ ਇਹੋ ਹੈ ਕਿ ਭਾਰਤੀ ਸਰਕਾਰਾਂ ਨੇ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਵੀ ਧਰਮ ਦੇ ਆਧਾਰ ਤੇ ਤੋਲਿਆ ਨਾਕਿ ਉਹਨਾਂ ਦੇ ਦੇਸ਼ ਪਿਆਰ ਦੀ ਭਾਵਨਾ ਦੇ ਅਧਾਰ ਉੱਪਰ।

ਇਸ ਤਰਾਂ ਦੇ ਝੂਠ ਦੀ ਬੁਿਨਆਦ ਉੱਪਰ ਇਹ ਸਰਕਾਰਾਂ ਜਿਆਦਾ ਦੇਰ ਸਿੱਖਾਂ ਦੀਆਂ ਕੀਤੀਆਂ ਲਾਸਾਨੀ ਕੁਰਬਾਨੀਆਂ ਨੂੰ ਜੱਗ ਜਾਹਿਰ ਹੋਣੋਂ ਨਹੀ ਰੋਕ ਸਕਣਗੀਆਂ ਅਤੇ ਨਾ ਹੀ ਖਾਲਸਾ ਰਾਜ ਦੇ ਸੂਰਜ ਨੂੰ ਚੜਨੋਂ ਰੋਕ ਸਕਣਗੀਆਂ। ਖਾਲਸਾ ਰਾਜ ਦੇ ਚੜਦੇ ਸੂਰਜ ਦੀ ਲੋਅ ਵਿੱਚ ਦੂਰੋਂ ਕਿਤੋਂ ਕੇਸਰੀ ਨਿਸ਼ਾਨ ਸਾਹਿਬ ਦੀ ਲਾਲ ਕਿਲੇ ਉੱਪਰ ਝਲਕ ਦਿਖ ਰਹੀ ਹੈ। ਹਰ ਬਾਰ ਦੀ ਤਰਾਂ ਦਾਸ ਬੇਨਤੀ ਕਰਦਾ ਹੈ ਕਿ ਪੰਜਾਬ ਵਿੱਚ ਪੰਜਾਬੀ ਦੇ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਆਪਣੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਅਤੇ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਕਰਵਾਉਣ ਦੀ ਕਿਰਪਾ ਕਰੋ ਅਤੇ ਹੋਰਨਾਂ ਨੂੰ ਵੀ ਕਰਨ ਲਈ ਪ੍ਰੇਰੋ ਤਾਂ ਜੋ ਅਸੀਂ ਆਪਣੀ ਵੱਖਰੀ ਅਤੇ ਨਿਆਰੀ ਬੋਲੀ ਨੂੰ ਹਿੰਦੀ ਅਤੇ ਅੰਗਰੇਜੀ ਦੇ ਪ੍ਰਭਾਵ ਤੋਂ ਆਜਾਦ ਕਰਵਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ।

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਦਾਸ:

ਸੁਖਦੀਪ ਸਿੰਘ

(ਯੁੱਥ ਖਾਲਸਾ ਫੈਡਰੇਸ਼ਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: