ਸਿਆਸੀ ਖਬਰਾਂ » ਸਿੱਖ ਖਬਰਾਂ

ਬਹਿਬਲ ਕਲਾਂ ਗੋਲੀਕਾਂਡ: ਸ਼ਾਂਤਮਈ ਸੰਗਤਾਂ ‘ਤੇ ਗੋਲੀਬਾਰੀ ਕੇਸ ਵਿਚ ਅਦਾਲਤ ਨੇ ਮੰਗੀ ਸਟੇਟਸ ਰਿਪੋਰਟ

August 30, 2017 | By

ਫ਼ਰੀਦਕੋਟ: ਕਰੀਬ ਦੋ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ “ਅਣਪਛਾਤੇ” ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਥਾਣਾ ਬਾਜਾਖਾਨਾ ਵਿੱਚ ਦਰਜ ਹੋਏ ਕਤਲ ਅਤੇ ਇਰਾਦਾ ਕਤਲ ਕੇਸ ਸਬੰਧੀ ਅਦਾਲਤ ਨੇ ਮੌਜੂਦਾ ਸਥਿਤੀ ਬਾਰੇ ਰਿਪੋਰਟ ਮੰਗੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਲੋਂ ਸ਼ਾਂਤਮਈ ਸੰਗਤਾਂ ਦੇ ਇਕੱਠ 'ਤੇ ਬਹਿਬਲ ਕਲਾਂ ਵਿੱਚ ਪੁਲਿਸ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨਾਂ ਦੀ ਫਾਈਲ ਫੋਟੋ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਲੋਂ ਸ਼ਾਂਤਮਈ ਸੰਗਤਾਂ ਦੇ ਇਕੱਠ ‘ਤੇ ਬਹਿਬਲ ਕਲਾਂ ਵਿੱਚ ਪੁਲਿਸ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨਾਂ ਦੀ ਫਾਈਲ ਫੋਟੋ

ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਪਰ ਇਸ ਸਬੰਧੀ ਦਰਜ ਐਫਆਈਆਰ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਦਾ ਨਾਮ ਦਰਜ ਨਹੀਂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਤੋਂ ਬਾਅਦ ਰੋਸ ਵਜੋਂ ਬਠਿੰਡਾ ਰੋਡ ’ਤੇ ਪਿੰਡ ਬਹਿਬਲ ਕਲਾਂ ਨੇੜੇ ਸ਼ਾਂਤਮਈ ਬੈਠੀਆਂ ਸਿੱਖ ਸੰਗਤਾਂ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੀ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸਨ। ਪੁਲਿਸ ਦੀ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਵਿਅਕਤੀ ਨੂੰ ਐਫਆਈਆਰ ਵਿੱਚ ਦੋਸ਼ੀ ਠਹਿਰਾਇਆ ਸਗੋਂ ਇਹ ਐਫਆਈਆਰ ‘ਚ “ਅਣਪਛਾਤੇ” ਸ਼ਬਦ ਵੀ ਜੋੜ ਦਿੱਤਾ ਗਿਆ। ਵਿਸ਼ੇਸ਼ ਜਾਂਚ ਟੀਮ ਦੇ ਡਾਇਰੈਕਟਰ ਨੇ ਜਾਂਚ ਤੋਂ ਬਾਅਦ ਅਣਪਛਾਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 307, 120 ਬੀ/34 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਮਿਤੀ 21.10.2015 ਨੂੰ ਮੁਕੱਦਮਾ ਦਰਜ ਕੀਤਾ ਸੀ।

ਸਬੰਧਤ ਖ਼ਬਰ:

ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੁਲਿਸ ਕਸੂਰਵਾਰ ਜਿਸਨੇ ਬਿਨਾਂ ਕਾਰਣ ਬੇਦੋਸ਼ੇ ਲੋਕਾਂ ‘ਤੇ ਗੋਲੀ ਚਲਾਈ -ਜਸਟਿਸ ਕਾਟਜੂ …

ਸਰਕਾਰ ਅਤੇ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਲੰਮਾ ਸਮਾਂ ਕਾਰਵਾਈ ਨਾ ਕੀਤੇ ਜਾਣ ਕਾਰਨ ਪੀੜਤ ਪਰਿਵਾਰਾਂ ਨੇ ਅਦਾਲਤ ਵਿੱਚ ਇਸਤਗਾਸਾ ਦਾਇਰ ਕਰ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪੀੜਤਾਂ ਦੇ ਵਕੀਲ ਅਮਿਤ ਕੁਮਾਰ ਨੇ ਮੋਗਾ ਦੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਐੱਸਪੀ ਬਿਕਰਮ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਖ਼ਿਲਾਫ਼ ਅਦਾਲਤ ਵਿੱਚ ਇਸਤਗਾਸਾ ਦਾਇਰ ਕੀਤਾ ਹੈ। ਇਸ ਕੇਸ ਵਿੱਚ ਹੁਣ ਤੱਕ ਕਰੀਬ ਅੱਧੀ ਦਰਜਨ ਗਵਾਹ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਸਿੱਖ ਸੰਗਤਾਂ ਅਤੇ ਮੌਕੇ ਦੇ ਗਵਾਹਾਂ ਨੇ ਆਪਣੇ ਬਿਆਨਾਂ ਵਿੱਚ ਆਈਜੀ ਪੱਧਰ ਦੇ ਆਈਪੀਐੱਸ ਅਧਿਕਾਰੀ ਨੂੰ ਵੀ ਗੋਲੀ ਕਾਂਡ ਲਈ ਜ਼ਿੰਮੇਵਾਰ ਮੰਨਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,