June 4, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਸ੍ਰੀ ਹਰਿਮੰਦਰ ਸਾਹਿਬ ‘ਤੇ ਕੇਂਦਰ ਸਰਕਾਰ ਵੱਲੋਂ 34 ਸਾਲ ਪਹਿਲਾਂ ਕੀਤਾ ਗਿਆ ਹਮਲਾ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ। ਇਹ ਸਾਜਿਸ਼ ਸਿੱਖਾਂ ਨੂੰ ਗੁਲਾਮ ਬਣਾਉਣ ਲਈ ਘੜੀ ਗਈ ਸੀ । ਇਹ ਚਰਚਾ ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਿੱਚ ਅਪਰੇਸ਼ਨ ਬਲੂ ਸਟਾਰ ਬਾਰੇ ਕਰਵਾਏ ਸੈਮੀਨਾਰ ਦੌਰਾਨ ਕੀਤੀ ਗਈ । ਸੈਮੀਨਾਰ ਵਿੱਚ ਸਿੱਖ ਵਿਦਵਾਨ ਡਾ ਗੁਰਦਰਸ਼ਨ ਸਿੰਘ ਢਿੱਲੋਂ’ ਸਾਬਕਾ ਆਈ ਏ ਐਸ ਗੁਰਤੇਜ ਸਿੰਘ, ਰਾਜਵਿੰਦਰ ਸਿੰਘ ਰਾਹੀ, ਪੱਤਰਕਾਰ ਜਸਪਾਲ ਸਿੰਘ ਸਿੱਧੂ , ਪ੍ਰਿੰਸੀਪਲ ਖੁਸ਼ਹਾਲ ਸਿੰਘ ਅਤੇ ਗੁਰਪਰੀਤ ਸਿੰਘ ਨੇ ਵਿਚਾਰ ਰੱਖੇ ।
ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਤਮ ਕਰਨ ਲਈ ਜੋ ਕੇਂਦਰ ਸਰਕਾਰ ਨੇ ਫੌਜਾਂ ਚਾੜ੍ਹ ਕੇ ਸ਼੍ਰੀ ਹਰਿਮੰਦਰ ਸਾਹਬ ‘ਤੇ ਹਮਲਾ ਕੀਤਾ ਸੀ। ਉਹ ਇਸ ਕਾਰਨ ਨਹੀਂ ਸੀ ਕੀਤਾ ਗਿਆ ਕਿ ਸਿੱਖ ਖਾੜਕੂਆਂ ਨੇ ਅੰਦਰ ਹਥਿਆਰ ਜਮ੍ਹਾ ਕਰ ਰੱਖੇ ਸਨ। ਕਿਉਂਕਿ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਜਿੱਥੇ ਹਥਿਆਰ ਨਹੀਂ ਵੀ ਸਨ ਉਨ੍ਹਾਂ ‘ਤੇ ਵੀ ਫੌਜਾਂ ਚਾੜ੍ਹੀਆਂ ਗਈਆਂ ਸਨ। ਹੁਣ ਅਕਸਰ ਇਹ ਚਰਚਾ ਚੱਲਦੀ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਹਰਿਮੰਦਰ ਸਾਹਿਬ ਵਿੱਚ ਹਥਿਆਰ ਨਹੀਂ ਸਨ ਰੱਖਣੇ ਚਾਹੀਦੇ । ਪਰ ਸਿੱਖੀ ਇਤਿਹਾਸ ਮੁਤਾਬਕ ਹਰਿਮੰਦਰ ਸਾਹਿਬ ਵਿੱਚ ਹਥਿਆਰ ਲੈ ਕੇ ਜਾਣਾ ਕੋਈ ਗੁਨਾਹ ਨਹੀਂ । ਵਿਦੇਸ਼ੀ ਧਾੜਵੀਆਂ ਦਾ ਹਮਲਾ ਰੋਕਣ ਲਈ ਹਰਿਮੰਦਰ ਸਾਹਿਬ ਤੋਂ ਕਈ ਵਾਰ ਲੜਾਈ ਲੜੀ ਗਈ ਸੀ । ਬਹੁਤ ਸਾਰੇ ਸਿੱਖ ਪਹਿਲਾਂ ਵੀ ਹਰਿਮੰਦਰ ਸਾਹਿਬ ਵਿੱਚ ਸ਼ਹੀਦੀਆਂ ਪਾ ਗਏ ਸਨ । ਅਸਲ ਵਿੱਚ ਸੰਤ ਭਿੰਡਰਾਂਵਾਲਿਆਂ ਨੇ ਕੇਂਦਰੀ ਹਕੂਮਤ ਨੂੰ ਵੰਗਾਰ ਦਿੱਤੀ ਸੀ ਅਤੇ ਸਿੱਖਾਂ ਦੇ ਹੱਕਾਂ ਦੀ ਲੜਾਈ ਉਹ ਲੜ ਰਹੇ ਸਨ । ਉਸ ਲੜਾਈ ਨੂੰ ਦਬਾਉਣ ਲਈ ਅਤੇ ਸਿੱਖਾਂ ਨੂੰ ਮਾਨਸਿਕ ਤੌਰ ‘ਤੇ ਗੁਲਾਮ ਬਣਾਉਣ ਲਈ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਸਾਜ਼ਿਸ਼ ਘੜੀ ਗਈ ਸੀ । ਉਸ ਹਮਲੇ ਵਿੱਚ ਹਜ਼ਾਰਾਂ ਬੇਦੋਸ਼ੇ ਸਿੰਘਾਂ ਤੇ ਸਿੰਘਣੀਆਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ । ਜਿਸ ਕਾਰਨ ਸਿੱਖ ਕੌਮ ਅੱਜ ਵੀ ਕੇਂਦਰੀ ਹਕੂਮਤ ਤੋਂ ਇਹ ਸਵਾਲ ਪੁੱਛ ਰਹੀ ਹੈ ਕਿ ਆਖਰ ਹਮਲਾ ਕਿਉਂ ਕੀਤਾ ਗਿਆ ਸੀ । ਇਸ ਸਵਾਲ ਦਾ ਜਵਾਬ ਕਿਸੇ ਵੀ ਕੇਂਦਰੀ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ । ਜਿਸ ਕਾਰਨ ਇਸ ਹਮਲੇ ਨੂੰ ਸਿੱਖਾਂ ਦੀ ਨਸਲਕੁਸ਼ੀ ਦਾ ਹਮਲਾ ਕਿਹਾ ਜਾਣ ਲੱਗਿਆ ਹੈ ।
ਡਾ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ 60-70 ਸਾਲਾਂ ਤੋਂ ਭਾਰਤ ਵਿੱਚ ਸਿੱਖਾਂ ਨਾਲ ਬੇਗਾਨਿਆਂ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਸਿੱਖਾਂ ਦੇ ਧਾਰਮਿਕ ਸੱਭਿਆਚਾਰਕ ਅਤੇ ਆਰਥਿਕ ਹਮਲੇ ਕੇਂਦਰ ਦੀ ਸਰਕਾਰ ਕਰ ਰਹੀ ਹੈ । ਜੋ ਹੁਣ ਵੀ ਬਾਦਸਤੂਰ ਜਾਰੀ ਹਨ । ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਵੀ ਕੇਂਦਰ ਸਰਕਾਰ ਭੁੱਲ ਗਈ ਹੈ। ਹੁਣ ਵੀ ਕੇਂਦਰ ਦੀ ਮੋਦੀ ਸਰਕਾਰ ਆਰਐਸਐਸ ਦਾ ਏਜੰਡਾ ਲਾਗੂ ਕਰਕੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ । ਇਸ ਸਾਜ਼ਿਸ਼ ਵਿੱਚ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਸਨ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਭਾਈਵਾਲ ਬਣੇ ਹੋਏ ਹਨ ।
ਸਾਬਕਾ ਆਈਏਐਸ ਗੁਰਤੇਜ ਸਿੰਘ ਨੇ ਕਿਹਾ ਕਿ ਇਸ ਦੌਰ ਵਿੱਚ ਵੀ ਕੇਂਦਰ ਦੀ ਮੋਦੀ ਸਰਕਾਰ ਭਗਵੇਂਕਰਨ ਦੇ ਰਾਹ ‘ਤੇ ਚੱਲੀ ਹੋਈ ਹੈ।ਸਿੱਖਾਂ ਦੇ ਇਤਿਹਾਸ ਵਿੱਚ ਵੀ ਫੇਰਬਦਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਰਿਮੰਦਰ ਸਾਹਿਬ ‘ਤੇ ਹਮਲਾ ਵੀ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਇਸ ਕਾਰਨ ਕੀਤਾ ਸੀ ਤਾਂ ਕਿ ਸਿੱਖ ਆਪਣੇ ਹੱਕਾਂ ਦੀ ਮੰਗ ਨਾ ਕਰ ਸਕਣ । ਸਿੱਖਾਂ ‘ਤੇ ਇੰਨੀ ਵੱਡੀ ਸੱਟ ਮਾਰਨ ਦੀ ਕੋਸ਼ਿਸ਼ ਸੀ ਕਿ ਸਿੱਖ ਕਦੇ ਵੀ ਸਿਰ ਉਠਾ ਕੇ ਨਾ ਦੇਖ ਸਕਣ ।ਅੱਜ ਵੀ ਕੇਂਦਰ ਸਰਕਾਰ ਨੇ ਇਸ ਹਮਲੇ ਬਾਰੇ ਖਾਮੋਸ਼ੀ ਧਾਰਨ ਕੀਤੀ ਹੋਈ ਹੈ ਜਦਕਿ ਲੋੜ ਇਸ ਗੱਲ ਦੀ ਹੈ ਕਿ ਕੋਈ ਕਮਿਸ਼ਨ ਬਿਠਾ ਕੇ ਇਸ ਹਮਲੇ ਦੀ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ।
ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬਰੇਰੀ ਹਰਿਮੰਦਰ ਸਾਹਿਬ ਦੇ ਹਮਲੇ ਤੋਂ ਬਾਅਦ ਜਾਣ ਬੁੱਝ ਕੇ ਤਬਾਹ ਕੀਤੀ ਗਈ ਸੀ। ਭਾਰਤੀ ਉਸ ਵੇਲੇ ਸਾਹਿਤਕ ਖ਼ਜ਼ਾਨੇ, ਖਰੜਿਆਂ ਅਤੇ ਗ੍ਰੰਥਾਂ ਦੀਆਂ 190 ਪੰਡਾਂ ਬਣਾ ਕੇ ਲੈ ਗਈ ਸੀ।ਜਿਸ ਬਾਰੇ ਇਹ ਨਹੀਂ ਨਹੀਂ ਦੱਸਿਆ ਜਾ ਰਿਹਾ ਕਿ ਉਹ ਦੁਰਲੱਭ ਖ਼ਜ਼ਾਨਾ ਤੇ ਗ੍ਰੰਥ ਹੁਣ ਕਿੱਥੇ ਹਨ।
Related Topics: Ghallughara June 1984, Gurtej Singh (Former IAS), Jaspal Singh Sidhu (Senior Journalist), Kendri Singh Sabha Chandigarh, Prof. Gurdarshan Singh Dhillon, S. Rajwinder Singh Rahi