January 9, 2020 | By ਲੇਖਕ: ਪਰਤਾਪ ਭਾਨੂ ਮਹਿਤਾ
ਲੰਘੀ 5 ਜਨਵਰੀ ਨੂੰ ਜਵਾਹਰ ਲਾਲ ਨਹਿਰੂ (ਜੇ.ਐੱਨ.ਯੂ.) ਵਿਚ ਨਕਾਬਪੋਸ਼ਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਹਮਲਾ ਕਰਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦਿੱਲੀ ਪੁਲਿਸ ਨਾ ਸਿਰਫ ਨਾ ਸਿਰਫ ਮੂਕ ਦਰਸ਼ਕ ਬਣੀ ਰਹੀ ਬਲਕਿ ਇਕ ਤਰ੍ਹਾਂ ਨਾਲ ਹਮਲਾਵਰਾਂ ਦੇ ਹੱਲ ਵਿਚ ਹੀ ਭੁਗਤੀ। ਇਸ ਘਟਨਾਕ੍ਰਮ ਬਾਰੇ ਵਿਚਾਰਕ ਪਰਤਾਪ ਭਾਨੂ ਮਹਿਤਾ ਦੀ ਅਹਿਮ ਲਿਖਤ 7 ਜਨਵਰੀ ਦੀ ਇੰਡੀਅਨ ਐਕਸਪ੍ਰੈਸ ਅਖਬਾਰ ਵਿਚ ਛਪੀ ਸੀ, ਜਿਸ ਦਾ ਪੰਜਾਬ ਉਲੱਥਾ ਹੇਠਾਂ ਸਿੱਖ ਸਿਆਸਤ ਦੇ ਪਾਠਕਾਂ ਲਈ ਛਾਪਿਆ ਜਾ ਰਿਹਾ ਹੈ। ਸਿੱਖ ਸਿਆਸਤ ਵਲੋਂ ਅਸੀਂ ਮੂਲ ਲੇਖਕ, ਛਾਪਕ ਅਤੇ ਪੰਜਾਬੀ ਉਲੱਥਾਕਾਰ ਸ. ਇੰਦਰਪ੍ਰੀਤ ਸਿੰਘ ਦੇ ਸ਼ੁਕਰਗੁਜ਼ਾਰ ਹਾਂ: ਸੰਪਾਦਕ।
ਜੇ.ਐੱਨ.ਯੂ ਹਮਲਾ – ਲਗਾਤਾਰ ਨਵੇਂ ਦੁਸ਼ਮਣਾਂ ਦੀ ਭਾਲ ਚੋਂ ਉਪਜੀ ਦਮਨਕਾਰੀ ਸਿਆਸਤ ਦਾ ਪਰਛਾਵਾਂ
ਲੇਖਕ: ਪਰਤਾਪ ਭਾਨੂ ਮਹਿਤਾ
ਜਵਾਹਰ ਲਾਲ ਨਹਿਰੂ (ਜੇ.ਐੱਨ.ਯੂ.) ਦੀ ਹੈਰਾਨਕੁਨ ਹਿੰਸਾ ਤੁਹਾਨੂੰ ਇਸ ਇੱਕ ਮਾਤਰ ਧਾਰਨਾ ਵੱਲ ਧੂਹ ਕੇ ਲੈ ਜਾਂਦੀ ਹੈ ਕਿ ਭਾਰਤ ਇੱਕ ਅਜਿਹੇ ਰਾਜ ਪ੍ਰਬੰਧ ਅਧੀਨ ਹੈ ਕਿ ਜਿਹਦਾ ਸਭ ਤੋਂ ਵੱਡਾ ਨਿਸ਼ਚਾ ਸਿੱਧਾ ਵਿਰੋਧ ਕਰ ਰਹੀ ਧਿਰ ਨੂੰ ਲੱਭਣਾ ਜਾਂ ਉਕਸਾਉਣਾ, ਤੇ ਫੇਰ ਉਸ ਨੂੰ ਅੰਤਾਂ ਦੇ ਬਲ ਨਾਲ ਨਪੀੜ ਦੇਣਾ ਹੈ। ਜਰਾਇਮ ਪੇਸ਼ਾ, ਡਰਪੋਕ ਟੋਲਿਆਂ ਦਾ ਭਾਰਤ ਦੀਆਂ ਸਭ ਤੋਂ ਮੋਹਰੀ ਯੂਨੀਵਰਸਿਟੀਆਂ ਚ’ ਬੇਲਗਾਮ ਤੁਰੇ ਫਿਰਨ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਿਰ ਫੇਹ ਸੁੱਟਣ ਨੂੰ ਕਿਸੇ ਛੁਟਪੁਟ ਝਗੜੇ ਨਾਲ ਮੇਲ ਕੇ ਨਹੀਂ ਵੇਖਿਆ ਸਮਝਿਆ ਜਾ ਸਕਦਾ। ਖ਼ਤਰੇ ਚ ਕੀ ਹੈ, ਦੀ ਸਹੀ ਸਮਝ ਲਈ ਸਾਨੂੰ ਉਨ੍ਹਾਂ ਸਾਰੀਆਂ ਤਕਰੀਰਾਂ ਨੂੰ ਸੁਣਨਾ ਸਮਝਣਾ ਪਏਗਾ ਜਿਨ੍ਹਾਂ ਨੂੰ ਸਾਡੇ ਮਾਣਯੋਗ, “ਉਹ ਜੀਹਦਾ ਨਾਂ ਨਹੀਂ ਲਿਆ ਜਾਣਾ ਚਾਹੀਦਾ” ਗ੍ਰਹਿ ਮੰਤਰੀ ਦਿੰਦੇ ਹਨ। ਇਹ ਗੱਲ ਸ਼ੀਸ਼ੇ ਵਰਗੀ ਸਾਫ ਹੋ ਜਾਵੇਗੀ ਕਿ ਜਦੋਂ ਤੱਕ ਇਹ ਲਗਾਤਾਰ ਨਵੇਂ ਦੁਸ਼ਮਣਾਂ ਦੀ ਭਾਲ ਨਹੀਂ ਕਰਦਾ, ਮੌਜੂਦਾ ਸਿਆਸੀ ਪ੍ਰਬੰਧ ਨੂੰ ਆਪਣੇ ਆਪ ਨੂੰ ਚਲਦਾ ਬਣਾਈ ਰੱਖਣਾ ਸੰਭਵ ਨਹੀਂ। ਇਹ ਸਿਆਸੀ ਪ੍ਰਬੰਧ ਆਪਣੇ ਆਪ ਨੂੰ ਜਾਇਜ਼ ਠਹਿਰਾ ਰਿਹਾ ਹੈ, ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਜ਼ਾਹਰ ਕਰਕੇ ਨਹੀਂ, ਸਗੋਂ ਇਨ੍ਹਾਂ ਦੁਸ਼ਮਣਾਂ ਨੂੰ, ਖ਼ਲਕਤ ਦੇ ਧਿਆਨ ਭਟਕਾਉਣ ਵਾਲੇ ਸੰਦ ਵਜੋਂ ਵਰਤ ਕੇ। ਘੱਟ ਗਿਣਤੀਆਂ, ਉਦਾਰਵਾਦੀਆਂ, ਧਰਮ ਨਿਰਪੱਖਤਾ, ਖੱਬੇ ਪੱਖੀਆਂ, “ਸ਼ਹਿਰੀ ਨਕਸਲੀਆਂ“, ਬੁੱਧੀਜੀਵੀਆਂ, ਮੁਜ਼ਾਹਰਾਕਾਰੀਆਂ ਆਦਿ ਦੁਸ਼ਮਣਾਂ ਨੂੰ ਨਿਸ਼ਾਨਾ, ਕਿਸੇ ਆਮ ਸਿਆਸੀ ਗਿਣਤੀ ਮਿਣਤੀਆਂ ਦੇ ਸਿੱਟੇ ਵਜੋਂ ਨਹੀਂ ਬਣਾਇਆ ਜਾ ਰਿਹਾ। ਇਹ ਸੋਚੀ ਸਮਝੀ, ਸ਼ੁੱਧ ਤੇ ਸਾਦੀ ਇੱਛਾ, ਵਿਚਾਰਧਾਰਾ ਤੇ ਨਫ਼ਰਤ ਚੋਂ ਉਪਜਾਇਆ ਵਰਤਾਰਾ ਹੈ। ਇਨ੍ਹਾਂ ਦੁਸ਼ਮਣਾਂ ਨੂੰ ਇਜਾਦ ਕਰ ਜਦੋਂ ਤੁਸੀਂ ਆਪਣੇ ਆਪ ਨੂੰ ਪੂਰਨ ਕਾਨੂੰਨੀ ਮਾਨਤਾ ਦੇ ਦਿੰਦੇ ਹੋ ਤਾਂ ਸੱਚ ਇੱਕ ਸ਼ੈਅ ਅੱਗੇ ਗੋਡੇ ਟੇਕ ਦਿੰਦਾ ਹੈ, ਸੱਭਿਅਤਾ ਦੀਆਂ ਸਮਾਜਿਕ ਬੰਦਸ਼ਾਂ ਇੱਕ ਸ਼ੈਅ ਅੱਗੇ ਬੇਬੱਸ ਹੋ ਜਾਂਦੀਆਂ ਹਨ, ਸ਼ਿਸ਼ਟਾਚਾਰ ਇੱਕ ਸ਼ੈਅ ਅੱਗੇ ਪ੍ਰਾਣ ਤਿਆਗ ਦਿੰਦਾ ਹੈ ਤੇ ਆਮ ਸਿਆਸਤ ਦੇ ਦਾਅ ਪੇਚ ਇੱਕ ਸ਼ੈਅ ਅੱਗੇ ਬੇਅਸਰ ਹੋ ਜਾਂਦੇ ਹਨ ਤੇ ਇਹ ਸ਼ੈਅ ਹੈ ਜਿਵੇਂ ਕਿਵੇਂ ਇਨ੍ਹਾਂ ਖਿਆਲੀ ਦੁਸ਼ਮਣਾਂ ਨੂੰ ਨਪੀੜ ਸੁੱਟਣ ਦੇ ਹਰਬੇ।
ਜੇਐਨਯੂ ਦਾ ਘਟਨਾਕ੍ਰਮ ਸਰਕਾਰ ਦੀ ਦਮਨਕਾਰੀ ਸਿਆਸਤ ਦਾ ਚਿੰਨ੍ਹ ਮਾਤਰ ਹੈ। ਇਹ ਦਮਨਕਾਰੀ ਹਮਲਾ ਤਿੰਨ ਕਿਸਮ ਨਾਲ ਹੈ। ਗ੍ਰਹਿ ਮੰਤਰੀ ਵੱਲੋਂ ਘੜੇ, ਤੇ ਬਗੈਰ ਰੀੜ੍ਹ ਦੀ ਹੱਡੀ ਵਾਲੇ ਖ਼ਬਰ ਖਾਨਿਆਂ ਵੱਲੋਂ ਸਥਾਪਤ ਕੀਤੇ, “ਟੁਕੜੇ ਟੁਕੜੇ ਗੈਂਗ” ਜਿਹੇ ਲਕਬ ਸੰਵਾਦ ਦੇ ਪੱਧਰ ਉੱਤੇ ਇਸ ਹਿੰਸਾ ਲਈ ਮੈਦਾਨ ਤਿਆਰ ਕਰਦੇ ਹਨ।
ਇਹਦੇ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਜਿਹੜੇ ‘ਯੋਧੇ’ ਕਾਇਰਤਾ ਭਰਪੂਰ ਤਰੀਕੇ ਨਾਲ ਪਾੜ੍ਹਿਆਂ ਤੇ ਵਿੱਦਿਆ ਦਾਨੀਆਂ ਦੇ ਸਿਰਾਂ ਤੇ ਹਮਲੇ ਕਰਦੇ ਹਨ, ਉਹ ਆਪਣੀਆਂ ਨਜ਼ਰਾਂ ਚ ਆਪਣੇ ਆਪ ਨੂੰ ਕਿਸੇ ਦੇਸ਼ ਭਗਤ ਸੂਰਮੇ ਤੋਂ ਘੱਟ ਨਹੀਂ ਗਿਣਦੇ ਮਿਲਦੇ – ਵਿੱਦਿਆ ਦੇ ਮੰਦਰ ਚ ਦਹਿਸ਼ਤ ਦੀ ਨੰਗੀ ਖੇਡ ਖੇਡ ਕੇ ਕੌਮੀ ਮਾਣ ਖੱਟਣ ਵਾਲੇ। ਪਰ ਉਨ੍ਹਾਂ ਦੀ ਇਹ ਸੋਚ ਕਿਸੇ ਖਾਸ ਵਿਚਾਰਧਾਰਕ ਮਹੌਲ ਚੋਂ ਉਪਜੀ ਹੈ ਓਹ ਮਹੌਲ, ਜਿਸ ਨੂੰ ਬੁਣਨ ਲਈ ਸਰਕਾਰੀ ਤੰਤਰ ਨੇ ਜੀਅ ਤੋੜ ਮਿਹਨਤ ਕੀਤੀ ਹੈ।
ਗ੍ਰਹਿ ਮੰਤਰੀ ਦੀਆਂ ਸਿਆਸੀ ਤਕਰੀਰਾਂ ਤੋਂ ਬਾਅਦ ਕੋਈ ਵਹਿਮ ਨਹੀਂ ਰਹਿ ਜਾਂਦਾ, ਤੇ ਇਸ ਗੱਲ ਚ ਕੋਈ ਚੋਰ ਮੋਰੀ ਨਹੀਂ ਰਹਿ ਜਾਂਦੀ ਕਿ ਆਪਣੇ ਹੀ ਮੁਲਕ ਦੇ ਬਾਸ਼ਿੰਦਿਆਂ ਦਾ ਸ਼ਿਕਾਰ ਇਸ ਸਰਕਾਰ ਦਾ ਵਿਚਾਰਧਾਰਕ ਪੈਂਤੜਾ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉੱਤਰ ਪ੍ਰਦੇਸ਼ ਰਾਜ ਵਿੱਚ, ਪਿਛਲੇ ਕੁਝ ਸਮੇਂ ਵਿੱਚ, ਘੱਟ ਗਿਣਤੀਆਂ ਵਿਰੁੱਧ ਹੋਈਆਂ ਦਹਿਸ਼ਤੀ ਘਟਨਾਵਾਂ ਤੇ ਸਰਕਾਰੀ ਤੰਤਰ ਵੱਲੋਂ ਧਾਰੀ ਬੇਸ਼ਰਮ ਸੁਸਤੀ ਨੇ ਸਮਾਜ ਦੇ ਸਭ ਤੋਂ ਘਟੀਆ ਅਨਸਰਾਂ ਨੂੰ ਕਾਨੂੰਨ ਦੇ ਰਖਵਾਲੇ ਬਣਾ ਕੇ ਰੱਖ ਦਿੱਤਾ ਹੈ। ਸਰਕਾਰ, ਸੁਰ ਚ ਸੁਰ ਨਾ ਮਿਲਾਉਣ ਵਾਲਿਆਂ ਖ਼ਿਲਾਫ਼ ਸਿੱਧੇ ਜਾਂ ਅਸਿੱਧੇ ਤੌਰ ਤੇ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਹਿੰਸਾ ਦਾ ਇੱਕ ਦੂਜਾ ਨੁਕਤਾ ਵੀ ਹੈ। ਇਹਦਾ ਮਕਸਦ ਹੋਰ ਹਿੰਸਾ ਨੂੰ ਉਕਸਾਉਣਾ ਹੈ ਤਾਂ ਜੋ ਦੁਸ਼ਮਣ ਨੂੰ ਨਿਸ਼ਾਨਾ ਬਣਾਉਣਾ ਸੁਖਾਲਾ ਹੋ ਜਾਵੇ। ਤਰੀਕਾ ਕੀ ਹੈ, ਡਰਾਉਣ ਧਮਕਾਉਣ ਲਈ ਜ਼ਬਰ ਜੁਲਮ ਕਰੋ। ਜੇ ਕਾਮਯਾਬ ਹੋ ਗਏ ਤਾਂ ਮਕਸਦ ਪੂਰਾ ਜੇ ਨਹੀਂ ਹੋਏ ਤਾਂ ਦੋ ਤਰੀਕੇ ਫੇਰ ਬਚਦੇ ਨੇ ਮਕਸਦ ਨੂੰ ਦੂਜੇ ਤਰੀਕੇ ਪੂਰਾ ਕਰਨ ਲਈ। ਪਹਿਲਾ ਹੈ ਆਪਣੇ ਵਿਰੋਧੀਆਂ ਨੂੰ ਵਿਚਾਰਧਾਰਕ ਤੌਰ ਤੇ ਕਿਰਦਾਰਕੁਸ਼ੀ ਰਾਹੀਂ ਬਦਨਾਮ ਕਰਨ ਦਾ। ਇਹ ਪੈਂਤੜਾ ਕੁਝ ਜਾਣਿਆ ਪਛਾਣਿਆ ਜਿਹਾ ਹੈ। ਜੇਐੱਨਯੂ ਮਾਮਲੇ ਨੂੰ ਕਿਵੇਂ ਖੱਬੇ ਪੱਖੀ ਉਦਾਰਵਾਦੀਆਂ ਦੀ ਸਾਜ਼ਿਸ਼ ਕਹਿ ਕੇ ਛੁਟਿਆਇਆ ਗਿਆ। ਇਹ ਸੋਸ਼ਲ ਮੀਡੀਆ ਤੇ ਆਮ ਵੇਖਿਆ, ਸੁਣਿਆ, ਭੰਡਿਆ ਜਾ ਰਿਹਾ ਹੈ ਕਿ ਇਹ ਉਦਾਰਵਾਦੀ ਇੰਨੇ ਸਿਰਫਿਰੇ ਨੇ ਕੇ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਆਪਣਾ ਸਿਰ ਤੱਕ ਆਪ ਭੰਨ ਸਕਦੇ ਹਨ। ਦੂਜਾ ਪੈਂਤੜਾ ਹੈ ਇਸ ਹਿੰਸਾ ਦੀ ਓਟ ਲੈ ਕੇ ਹੋਰ ਹਿੰਸਾ ਕਰਕੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨੀ। “ਵੇਖੋ ਇਨ੍ਹਾਂ ਦੇਸ਼ ਧਰੋਹੀਆਂ ਨੂੰ ਇਹ ਸਰਕਾਰੀ ਤੰਤਰ ਸਾਹਮਣੇ ਵੀ ਹਿੰਸਾ ਕਰਦੇ ਨੇ ਸਾਨੂੰ ਹੋਰ ਸਖਤੀ ਦੀ ਲੋੜ ਹੈ”। ਇਹੀ ਪੈਂਤੜਾ ਕਸ਼ਮੀਰ ਚ ਵਰਤਿਆ ਗਿਆ, ਯੂਪੀ ਚ ਅਜ਼ਮਾਇਆ ਗਿਆ ਤੇ ਹੁਣ ਰਾਜਧਾਨੀ ਦੇ ਧੁਰ ਅੰਦਰ ਤਕ ਪੱਕਾ ਕੀਤਾ ਗਿਆ। ਇਹਦੇ ਨਾਲ ਹੀ ਚਲਾਈ ਜਾਂਦੀ ਹੈ ਭਰਪੂਰ ਰੂਪ ਚ ਅਫਵਾਹਾਂ ਦੀ ਲਹਿਰ। ਯਾਦ ਰੱਖੋ, ਸੱਚ ਤੇ ਸ਼ੱਕ ਵਿਚਲੇ ਪਾੜੇ ਦਾ ਸਰਕਾਰ ਪੂਰਾ ਲਾਹਾ ਲੈਂਦੀ ਹੈ। ਬਿਨਾਂ ਸਿਰ ਪੈਰ ਦੀ ਜਾਣਕਾਰੀ ਦੇ ਟੋਟੇ ਵੰਡ ਵੰਡ ਕੇ ਉਹ ਆਪਣੀ ਇਸ ਧਾਰਨਾ ਨੂੰ ਹੋਰ ਪੱਕਿਆਂ ਕਰਦੀ ਹੈ ਕਿ ਇਹ ਇੱਕ ਸਾਜ਼ਿਸ਼ ਹੈ। ਤੇ ਇਸ ਸਾਰੇ ਕਾਸੇ ਚ ਅਸਲੀ ਸਵਾਲ ਅਣਸੁਲਝੇ ਹੀ ਰਹਿ ਜਾਂਦੇ ਹਨ।
ਚਲੋ ਮੰਨ ਵੀ ਲਈਏ ਕਿ ਇਹ ਇੱਕ ਆਮ ਜਿਹਾ ਝਗੜਾ ਸੀ, ਪਾੜ੍ਹਿਆਂ ਦੇ ਦੋ ਧੜਿਆਂ ਵਿਚਕਾਰ। ਇੱਕ ਜੋ ਹੱਕ ਚ’ ਸੀ ਤੇ ਦੂਜਾ ਜੋ ਉਨ੍ਹਾਂ ਦੇ ਵਿਰੋਧ ਚ ਸੀ। ਪਰ ਫੇਰ ਵੀ ਇਹ ਇਸ ਗੱਲ ਦਾ ਹਮੈਤੀ ਨਹੀਂ ਬਣਦਾ ਕਿ ਯੂਨੀਵਰਸਿਟੀ ਤੋਂ ਬਾਹਰਲੇ ਤੇ ਹਥਿਆਰਬੰਦ ਮੁਸ਼ਟੰਡਿਆਂ ਨੂੰ ਬੇਲਗਾਮ ਭੰਨ ਤੋੜ ਲਈ ਯੁਨੀਵਰਸਿਟੀ ਚ’ ਆਜ਼ਾਦ ਘੁੰਮਣ ਦਿੱਤਾ ਜਾਵੇ। ਇਹ ਇਸ ਗੱਲ ਦੀ ਵੀ ਇਜਾਜ਼ਤ ਨਹੀਂ ਦਿੰਦਾ ਕਿ ਪੁਲਿਸ ਨੂੰ, ਜਿਹਨੂੰ ਕਿ ਰੰਚਕ ਮਾਤਰ ਵੀ ਗਿਲਾ ਨਹੀਂ ਕਿ ਉਹ ਧੱਕੇ ਨਾਲ ਦਾਖਲ ਹੋਈ ਤੇ ਬੇਸ਼ਰਮੀ ਨਾਲ ਖੜ੍ਹੀ ਭੰਨ ਤੋੜ ਵੇਖਦੀ ਰਹੀ ਤੇ ਸਗੋਂ ਜੀਅ ਭਰ ਭੰਨ ਤੋੜ ਤੇ ਦਹਿਸ਼ਤ ਤੋਂ ਬਾਅਦ ਅੱਤਵਾਦੀਆਂ ਨੂੰ ਇੱਜਤ ਮਾਣ ਨਾਲ ਬਾਹਰ ਤੱਕ ਸਹੀ ਸਲਾਮਤ ਛੱਡ ਕੇ ਆਵੇ। ਇਹ ਇਸ ਗੱਲ ਨੂੰ ਵੀ ਮਨਜ਼ੂਰੀ ਨਹੀਂ ਦਿੰਦਾ ਕਿ ਵਿਦਿਆਰਥੀਆਂ ਤੇ ਉਸਤਾਦਾਂ ਦੇ ਸਿਰ ਪਾੜ ਦਿੱਤੇ ਜਾਣ। ਅਸਲ, ਸਰਕਾਰ ਇਸ ਗੱਲ ਤੇ ਖੇਡ ਰਹੀ ਹੈ ਕਿ ਅਸੀਂ ਉਹਦੀ ਇਸ ਸੋਚ ਦੇ ਆਧਾਰ ਤੇ ਇਸ ਦੇ ਹੱਕ ਵਿੱਚ ਖੜ੍ਹੇ ਹੋਵਾਂਗੇ। ਉਹ ਸੋਚਦੀ ਹੈ ਕਿ ਇਸ ਭੰਨ ਤੋੜ ਦੀਆਂ ਤਸਵੀਰਾਂ ਖੱਬੇ ਪੱਖੀਆਂ ਤੇ ਘੱਟ ਗਿਣਤੀਆਂ ਦੇ ਦੰਗਿਆਂ ਦੇ ਡਰਾਉਣੇ ਦ੍ਰਿਸ਼ਾਂ ਨਾਲ ਉਸ ਦੀ ਤਾਨਾਸ਼ਾਹੀ ਨੂੰ ਬਲ ਮਿਲੇਗਾ। ਭਾਰਤ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਸਰਕਾਰ ਸੋਚਦੀ ਹੈ ਕਿ ਲੋਕ ਉਸ ਦੀ ਇਸ ਦਮਨਕਾਰੀ ਸੋਚ ਦਾ ਪੱਖ ਪੂਰਨਗੇ।
ਤੀਜਾ ਪੈਂਤੜਾ ਇਸ ਦਮਨਕਾਰੀ ਸੋਚ ਦਾ ਹੈ ਅਜਿਹੀਆਂ ਸੰਸਥਾਵਾਂ ਦੀ ਸਿੱਧੀ ਤਬਾਹੀ। ਇਸ ਲੰਮੀ ਰਾਤ ਦੀ ਸਭ ਤੋਂ ਨਮੋਸ਼ੀ ਭਰੀ ਤੇ ਤਰਸ ਪੂਰਨ ਘੜੀ ਉਹ ਸੀ ਜਦੋਂ ਉਨ੍ਹਾਂ ਦੋਹਾਂ, “ਜਿਨ੍ਹਾਂ ਦਾ ਨਾਂ ਲੈਣਾ ਵੀ ਯੋਗ ਨਹੀਂ ਹੈ” ਮੰਤਰੀਆਂ – ਵਿੱਤ ਮੰਤਰੀ ਤੇ ਬਾਹਰੀ ਮਾਮਲਿਆਂ ਬਾਰੇ ਮੰਤਰੀ – ਨੇ ਆਪਣੇ ਆਪ ਨੂੰ ਸਾਧਾਰਨ ਫੋਕੀਆਂ ਟਿੱਪਣੀਆਂ ਟਵੀਟ ਕਰਨ ਤੱਕ ਮਹਿਦੂਦ ਕਰ ਲਿਆ। ਜਦ ਕਿ ਉਹ ਰੱਖਿਆ ਸਬੰਧੀ ਕੈਬਨਿਟ ਕਮੇਟੀ ਦਾ ਹਿੱਸਾ ਨੇ। ਜਦ ਕਿ ਉਨ੍ਹਾਂ ਆਪਣੇ ਦਿੱਲੀ ਵਿਚਲੇ ਹਮਰੁਤਬਾ ਸਾਥੀਆਂ ਰਾਹੀਂ ਦਿੱਲੀ ਪੁਲਿਸ ਨੂੰ ਲੋੜੀਂਦੀ ਜ਼ਿੰਮੇਵਾਰੀ ਲਈ ਲਾਮਬੰਦ ਕੀਤਾ ਹੁੰਦਾ। ਜੇ ਜੇ ਇੰਨਾ ਕੁਝ ਹੁੰਦਿਆਂ ਸੁੰਦਿਆਂ ਉਹ ਇਸ ਕਦਰ ਤਰਸਯੋਗ ਤੇ ਮਜਬੂਰ ਨੇ ਤਾਂ ਜੇਐੱਨਯੂ ਦੇ ਇੱਕ ਆਮ ਪਾੜ੍ਹੇ ਜਾਂ ਕਸ਼ਮੀਰ ਜਾਂ ਯੂ ਪੀ ਦੇ ਆਮ ਬਸ਼ਿੰਦੇ ਬਾਰੇ ਸੋਚ ਕੇ ਵੇਖੋ। ਸੋਚ ਕੇ ਵੇਖੋ ਉਨ੍ਹਾਂ ਬਾਰੇ, ਜੋ ਇਸ ਆਪ ਮੁਹਾਰੀ ਹਿੰਸਾ ਦਾ ਸ਼ਿਕਾਰ ਹੋਏ ਤੇ ਇਨਸਾਫ਼ ਦੇ ਨੇੜੇ ਤੇੜੇ ਤੱਕ ਵੀ ਊਨ੍ਹਾਂ ਨੂੰ ਰਸਾਈ ਨਸੀਬ ਨਾ ਹੋਈ। ਉਨ੍ਹਾਂ ਬਾਰੇ ਸੋਚ ਕੇ ਵੇਖੋ ਜਿਨ੍ਹਾਂ ਦੇ ਘਰਾਂ ਤੇ ਯੂਪੀ ਪੁਲੀਸ ਨੇ ਛਾਪੇ ਮਾਰੇ ਤੇ ਉਨ੍ਹਾਂ ਕਸ਼ਮੀਰੀਆਂ ਬਾਰੇ ਜੋ ਲਾਪਤਾ ਕੀਤੇ ਗਏ। ਆਪਣੇ ਆਪ ਆਮ ਨਾਗਰਿਕ ਦਾ ਸਿੱਧਾ ਘਾਣ ਸਰਕਾਰ ਦੀ ਮਨਸ਼ਾ ਹੋਵੇ ਜਾਂ ਨਾ ਹੋਵੇ ਪਰ ਸਾਡੀ ਇੱਛਾ, ਸਾਡੇ ਤਰਕ, ਸਾਡੀ ਰੂਹ ਦਾ ਬੀਜ ਨਾਸ਼ ਨਿਸ਼ਚੇ ਹੀ ਉਨ੍ਹਾਂ ਦੇ ਇਸ ਵਿਚਾਰਧਾਰਕ ਤਜਰਬੇ ਦਾ ਨਿਸ਼ਾਨਾ ਹੈ।
ਇਸ ਸਭ ਕਾਸੇ ਦੇ ਬਾਵਜੂਦ ਇਕ ਆਸ ਦੀ ਕਿਰਨ, ਜਿਵੇਂ ਕਿ ਪਿਛਲੀਆਂ ਕੁਝ ਘਟਨਾਵਾਂ ਚ ਦੇਖਿਆ ਹੈ, ਇਹ ਹੈ ਕਿ, ਕਾਬਿਲੇ ਤਾਰੀਫ਼ ਗਿਣਤੀ ਚ ਭਾਰਤੀ ਲੋਕ ਇਸ ਦੇ ਮੂਹਰੇ ਗੋਡੇ ਟੇਕਣ ਤੋਂ ਬਾਗੀ ਹੋਏ ਨੇ। ਸਰਕਾਰ ਤੇ ਉਹਦੇ ਪਿੱਠੂ ਇਸ ਗੱਲ ਤੋਂ ਭਰੇ ਪੀਤੇ ਤੇ ਕੰਬੇ ਬੈਠੇ ਹਨ। ਥੋੜ੍ਹੇ ਚਿਰ ਲਈ ਸਾਨੂੰ ਤਿੰਨ ਗੱਲਾਂ ਦੀ ਲੋੜ ਹੈ। ਜੋ ਕੋਈ ਵੀ ਇਸ “ਟੁਕੜੇ ਟੁਕੜੇ ਗੈਂਗ” ਮਾਨਸਿਕਤਾ, ਜੋ ਕਿ ਘਰੇਲੂ ਸਿਆਸਤ ਦਾ ਫ਼ੌਜੀਕਰਨ ਕਰ ਰਹੀ ਹੈ, ਤੋਂ ਪੀੜਤ ਹੈ, ਉਸ ਦੀ ਸਿੱਧੀ ਤੇ ਸਪੱਸ਼ਟ ਖ਼ਿਲਾਫ਼। ਇਸ ਸਭ ਕਾਸੇ ਦੀ ਸੰਸਥਾਗਤ ਜ਼ਿੰਮੇਵਾਰੀ – ਜੇਐੱਨਯੂ ਦੇ ਵੀ ਸੀ ਤੋਂ ਲੈ ਕੇ ਗ੍ਰਹਿ ਮੰਤਰੀ ਤੱਕ। ਪਰ ਇਸ ਲਈ ਉਨ੍ਹਾਂ ਤਾਕਤਾਂ ਦਾ ਡਟੇ ਰਹਿਣਾ ਬਹੁਤ ਜ਼ਰੂਰੀ ਹੈ ਜੋ ਪਿਛਲੇ ਕੁਝ ਸਮੇਂ ਤੋਂ ਇਸ ਸਭ ਕਾਸੇ ਦਾ ਸ਼ਾਂਤੀਪੂਰਨ ਤੇ ਮਾਣਯੋਗ ਤਰੀਕੇ ਨਾਲ ਵਿਰੋਧ ਕਰ ਰਹੀਆਂ ਹਨ। ਸਰਕਾਰ ਦੀ ਨੀਤੀ ਪੁਰਾਣੇ ਮੁੱਦਿਆਂ ਨੂੰ ਹੱਲ ਕਰਨ ਦੀ ਨਹੀਂ ਹੈ ਸਗੋਂ ਨਵੇਂ ਮੁੱਦੇ ਪੈਦਾ ਕਰਕੇ, ਸਾਡਾ ਧਿਆਨ ਭਟਕਾ ਕੇ ਸਾਨੂੰ ਵੰਡੇ ਰੱਖਣ ਦੀ ਹੈ। ਇੱਕ ਕੌੜੀ ਸੱਚਾਈ, ਜੋ ਇਹ ਜੇਐੱਨਯੂ ਦੀ ਹਿੰਸਾ ਸਾਹਮਣੇ ਲੈ ਕੇ ਆਈ ਹੈ – ਸਰਕਾਰ ਦੀਆਂ ਨਜ਼ਰਾਂ ਚ ਕੋਈ ਬੇਦੋਸ਼ਾ ਨਹੀਂ। ਸਾਡੇ ਚੋਂ ਕਿਸੇ ਕੋਲ ਵੀ ਕੋਈ ਹੋਰ ਹੱਲ ਨਹੀਂ, ਹੱਕ ਨਹੀਂ। ਵਿਰੋਧ ਕਰਨ ਦਾ ਵੀ ਨਹੀਂ।
Related Topics: awahar lal Nehru University, BJP, JNU, Narinder Modi Government, Partap Bhanu Mehta