ਚੋਣਵੀਆਂ ਲਿਖਤਾਂ » ਲੇਖ

ਦਿੱਲੀ ਉੱਪਰ ਸਿੰਘਾਂ ਦੇ ਪੰਦਰਾਂ ਹੱਲੇ

January 22, 2024 | By

ਡਾ. ਹਰੀ ਰਾਮ ਗੁਪਤਾ

(1765 ਤੋਂ 1787 ਤੱਕ ਦਲ ਖ਼ਾਲਸਾ ਨੇ ਦਿੱਲੀ ਉੱਪਰ ਪੰਦਰਾਂ ਹਮਲੇ ਕੀਤੇ। ਮੁਗਲਾਂ ਦੀ ਇਸ ਸ਼ਾਨਾਮੱਤੀ ਰਾਜਧਾਨੀ ਦੀ ਕਿਸਮਤ ਵਿੱਚ ਕੁਦਰਤ ਨੇ ਜਿਵੇਂ ਮਿਥ ਕੇ ਲਿਖ ਦਿੱਤਾ ਹੋਵੇ ਕਿ ਵਿਆਪਕ ਤਬਾਹੀ ਅੱਧੀ ਸਦੀ ਲਈ (1737-1788) ਕਰਨੀ ਹੀ ਕਰਨੀ ਹੈ। ਇਸ ਭਿਆਨਕ ਕਤਲੋਗਾਰਤ ਦੀ ਸ਼ੁਰੂਆਤ 1737 ਵਿੱਚ ਬਾਜੀਰਾਓ ਦੇ ਹਮਲੇ ਨਾਲ ਹੋਈ ਤੇ ਸਿੰਘਾਸਨ ਉੱਪਰ ਇੱਕ ਤੋਂ ਬਾਅਦ ਇੱਕ ਕੁੱਲ ਨੌ ਹੁਕਮਰਾਨ ਆਪਣੇ ਆਪਣੇ ਦਾਅਵੇ ਜਤਾ ਕੇ ਤੁਰਦੇ ਹੋਏ। ਮਰਾਠਿਆਂ ਨੇ ਹੱਲੇ ਬੋਲੇ, ਅਹਿਮਦ ਸ਼ਾਹ ਤੇ ਨਾਦਰਸ਼ਾਹ ਨੇ ਲੁੱਟਾਂ ਮਚਾਈਆਂ, ਤੁਰਕ ਆਏ, ਬਲੋਚ ਆਏ, ਜੱਟ, ਗੁੱਜਰ ਤੇ ਸਿੱਖ ਹਮਲਾਵਰ ਆਏ। ਇਸ ਰੰਗਮੰਚ ਉੱਪਰ ਅਖ਼ੀਰਲਾ ਪਾਤਰ 1787 ਈ. ਵਿੱਚ ਗ਼ੁਲਾਮ ਕਾਦਰ ਰੋਹੇਲਾ ਆਪਣਾ ਰੋਲ ਨਿਭਾਕੇ ਗਿਆ। ਤੇਹਰਵੀਂ ਪੰਜਾਬ ਹਿਸਟਰੀ ਕਾਨਫਰੰਸ ਵਾਸਤੇ ਡਾ. ਹਰੀ ਰਾਮ ਗੁਪਤਾ ਇਹ ਖੋਜ ਪੱਤਰ ਤਿਆਰ ਕਰਕੇ ਲਿਆਏ ਤੇ ਪੰਜਾਬੀ ਯੂਨੀਵਰਸਿਟੀ ਦੇ ਸੈਨਿਟ ਹਾਲ ਵਿੱਚ ਨਾਮਵਰ ਇਤਿਹਾਸਕਾਰਾਂ ਨੂੰ 28 ਮਈ, 1979 ਪੜ੍ਹ ਕੇ ਸੁਣਾਇਆ ਗਿਆ। ਇਸ ਲੇਖਕ ਨੇ ਇੱਕ ਇੱਕ ਘਟਨਾ ਅਤੇ ਤਰੀਕ ਵਾਸਤੇ ਦਰਜਣਾ ਭਰੋਸੇਯੋਗ ਹਵਾਲੇ ਦਿੱਤੇ। ਆਓ ਦੇਖੀਏ ਇਸ ਸ਼ਹਿਰ ਨੇ ਕੀ ਕੁਝ ਦੇਖਿਆ –  ਅਨੁਵਾਦਕ ਪ੍ਰੋ. ਹਰਪਾਲ ਸਿੰਘ ਪੰਨੂ)

1) ਸ਼ਾਹੀ ਪਰਿਵਾਰ: ਦੋ ਬਾਦਸ਼ਾਹ ਕਤਲ ਕੀਤੇ ਗਏ ਤੇ ਇੱਕ ਦੀ ਕੁੱਟਮਾਰ ਕਰਨ ਪਿੱਛੋਂ ਉਸਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਬਾਦਸ਼ਾਹ ਦੀ ਪਤਨੀ ਜੋ ਦੂਜੇ ਬਾਦਸ਼ਾਹ ਦੀ ਮਾਂ ਵੀ ਸੀ ਫੜ ਲਈ ਗਈ। ਪਹਿਲੋਂ ਇਸ ਮਹਾਰਾਣੀ ਦੀਆਂ ਅੱਖਾਂ ਕੱਢੀਆਂ ਫਿਰ ਕਤਲ ਕੀਤੀ। ਲਗਾਤਾਰ ਕਈ ਕਈ ਦਿਨ ਭੁਖਣ ਭਾਣੀਆਂ ਰੱਖੀਆਂ ਗਈਆਂ ਰਾਣੀਆਂ ਬਚੀ ਖੁਚੀ ਬਾਸੀ ਰੋਟੀ ਮੰਗਣ ਵਾਸਤੇ ਦਾਨੀਆਂ ਦੀਆਂ ਮਿੰਨਤਾਂ ਕਰਦੀਆਂ ਦੇਖੀਆਂ ਗਈਆਂ। ਭੁੱਖੇ ਸ਼ਾਹਜ਼ਾਦੇ ਤੇ ਸ਼ਾਹਜ਼ਾਦੀਆਂ ਨਜ਼ਰਬੰਦੀ ਵਿੱਚੋਂ ਭੱਜ ਕੇ ਗਲੀਆਂ ਵਿੱਚ ਰੋਟੀ ਮੰਗਦੇ ਵੇਖੇ। ਝਿਊਰੀਆਂ ਤੋਂ ਕੱਪੜੇ ਮੰਗਕੇ ਪਹਿਨਦੇ। ਛੁਪਦੀਆਂ ਹੋਈਆਂ ਦੋ ਰਾਣੀਆਂ ਦਿੱਲੀ ਵਿੱਚੋਂ ਜਾਨ ਬਚਾ ਕੇ ਭੱਜੀਆਂ। ਤਿੰਨ ਸੌ ਪੰਜਾਹ ਰਾਣੀਆਂ, ਰਾਜਕੁਮਾਰੀਆਂ ਅਤੇ ਹਜ਼ਾਰਾਂ ਹੋਰ ਔਰਤਾਂ ਨੂੰ ਅਲਫ਼ ਨੰਗੀਆਂ ਕਰਕੇ ਮਰਾਠਾ ਸਿਪਾਹੀਆਂ ਨੇ ਸ਼ਰੇਆਮ ਬਲਾਤਕਾਰ ਕੀਤੇ।

2) ਪ੍ਰਧਾਨ-ਮੰਤਰੀਆਂ ਦੀ ਹਾਲਤ: ਪੰਦਰਾਂ ਸਾਲਾਂ ਤੱਕ ਪ੍ਰਧਾਨ-ਮੰਤਰੀ ਦੇ ਰੁਤਬੇ ਉੱਪਰ ਕੰਮ ਕਰਨ ਵਾਲੇ ਸ਼ਖ਼ਸ ਮਹੱਤਵਪੂਰਨ ਢੰਗ ਨਾਲ ਉਦੋਂ ਤੱਕ ਧੁੱਪ ਵਿੱਚ ਖੜ੍ਹਾ ਕਰਕੇ ਰੱਖਿਆ ਗਿਆ ਜਦੋਂ ਤੱਕ ਉਸ ਪਾਸੋਂ ਇੱਕ ਕਰੋੜ ਰੁਪਏ ਵਸੂਲ ਨਹੀਂ ਹੋਏ। ਇੱਕ ਹੋਰ ਪ੍ਰਧਾਨ-ਮੰਤਰੀ ਗਲ ਘੁਟ ਕੇ ਮਾਰਨ ਪਿੱਛੋਂ ਭਾਰੇ ਪੱਥਰ ਨਾਲ ਬੰਨ੍ਹ ਕੇ ਜਮਨਾ ਵਿੱਚ ਸੁੱਟਿਆ। ਇੱਕ ਹੋਰ ਪ੍ਰਧਾਨ-ਮੰਤਰੀ ਗੁਸਲਖ਼ਾਨੇ ਵਿੱਚੋਂ ਧੂਹ ਕੇ ਜਦੋਂ ਬਾਹਰ ਖਿੱਚਿਆ ਤਾਂ ਉਸਦੇ ਲੱਕ ਦੁਆਲੇ ਕੇਵਲ ਇੱਕ ਪਰਨਾ ਸੀ। ਨੰਗੇ ਧੜ ਨੰਗੇ ਪੈਰ ਉਸ ਦਿੱਲੀ ਦੀਆਂ ਗਲੀਆਂ ਵਿੱਚ ਸਾਢੇ ਤਿੰਨ ਕਿਲੋਮੀਟਰ ਪੈਦਲ ਤੋਰ ਕੇ ਲਿਜਾਇਆ ਗਿਆ ਤਾਂ ਹੋਰ ਹੱਤਿਆ ਕਰਨ ਦੇ ਨਾਲ ਨਾਲ ਮਾਰ ਕੁੱਟ ਕੀਤੀ ਜਾਂਦੀ ਰਹੀ। ਇੱਕ ਹੋਰ ਸਾਬਕ ਪ੍ਰਧਾਨ-ਮੰਤਰੀ ਦੇ ਘਰ ਵਿੱਚੋਂ ਅਹਿਮਦਸ਼ਾਹ ਅਬਦਾਲੀ ਨੇ ਬਹੁਤ ਸੁਹਣੀਆਂ ਔਰਤਾਂ ਫੜੀਆਂ। ਇੱਕ ਹੋਰ ਪ੍ਰਧਾਨ-ਮੰਤਰੀ ਦੀ ਮਾਂ, ਭੈਣਾਂ ਅਤੇ ਪਤਨੀਆਂ ਨਾਲ ਰੋਹੇਲਿਆਂ ਨੇ ਜ਼ਬਰਜਨਾਹ ਕੀਤਾ।

3) ਹੋਰ ਉੱਚ ਅਧਿਕਾਰੀ: ਮੀਰ ਬਖ਼ਸ਼ੀ (ਰੱਖਿਆ ਮੰਤਰੀ ਅਤੇ ਫ਼ੌਜਾਂ ਦਾ ਕਮਾਂਡਰ- ਇਨ-ਚੀਫ਼) ਦੀਆਂ ਸੁੰਦਰ ਔਰਤਾਂ ਅਤੇ ਕੁਆਰੀਆਂ ਬੇਟੀਆਂ  ਧੂਹ ਕੇ ਨਾਦਿਰ ਸ਼ਾਹ ਆਪਣੇ ਹਰਮ ਵਿੱਚ ਜ਼ਬਰਦਸਤੀ ਲੈ ਗਿਆ। ਉੱਚ ਅਧਿਕਾਰੀਆਂ ਤੋਂ ਅਜਿਹਾ ਪੈਸਾ ਪੈਸਾ ਨਚੋੜਿਆ ਕਿ ਉਰਦੂ ਸ਼ਾਇਰ ਸਉਦਾ ਜਿਹੜਾ ਉਦੋਂ ਦਿੱਲੀ ਵਿੱਚ ਰਹਿ ਰਿਹਾ ਸੀ ਲਿਖਦਾ ਹੈ, ‘ਗੋਦ ਵਿੱਚ ਗੁਲਾਬੀ ਗੱਲ੍ਹਾਂ ਵਾਲੇ ਬੱਚੇ ਚੁੱਕੀ, ਘੁੰਢ ਕੱਢੀ ਅਫ਼ਸਰਾਂ ਦੀਆਂ ਧੀਆਂ ਆਪਣੀ ਜੁਆਨੀ ਅਤੇ ਸੁੰਦਰਤਾ ਵੇਚਣ ਲਈ ਦਿੱਲੀ ਦੀਆਂ ਗਲੀਆਂ ਵਿੱਚ ਨਿਕਲ ਤੁਰੀਆਂ ਸਨ।’

4) ਆਮ ਲੋਕ: ਅਫ਼ਗਾਨ, ਤੁਰਕ, ਕੁਰਦ ਅਤੇ ਮੁਗ਼ਲ ਹਮਲਾਵਰ ਆਉਂਦੇ। ਮਹੀਨਿਆਂ ਬੱਧੀ ਲੋਕਾਂ ਦੇ ਘਰਾਂ ਵਿੱਚ ਵੜੇ ਰਹਿੰਦੇ। ਗ੍ਰਹਿਸਥੀਆਂ ਦੀ ਹੱਤਕ ਕਰਦੇ। ਆਮ ਪਬਲਿਕ ਨੂੰ ਹਰੇਕ ਹਮਲਾਵਾਰ ਦੋਹੀਂ ਹੱਥੀਂ ਲੁਟਦਾ।

ਸਿੱਖਾਂ ਦਾ ਦਿੱਲੀ ਨਾਲ ਵਾਹ

ਜਨਵਰੀ, 1765: 14 ਜਨਵਰੀ, 1764 ਨੂੰ ਸਿੱਖਾਂ ਨੇ ਸਰਹੰਦ ਫੇਰ ਜਿੱਤ ਲਿਆ। ਹੁਣ ਉਨ੍ਹਾਂ ਅਧੀਨ ਰਕਬੇ ਦੀਆਂ ਹੱਦਾਂ ਕਰਨਾਲ ਤੋਂ ਵੀ ਅੱਗੇ ਪਾਣੀਪੱਤ ਨੂੰ ਜਾ ਲੱਗੀਆਂ। ਉਨ੍ਹਾਂ ਲਈ ਦਿੱਲੀ ਦੂਰ ਨਾ ਰਹੀ। ਦਸੰਬਰ 1763 ਨੂੰ ਭਰਤਪੁਰ ਦਾ ਬਹਾਦਰ ਜਾਟ ਰਾਜਾ ਸੂਰਜ ਮੱਲ, ਨਜੀਬ-ਉਦ-ਦੌਲਾ ਨਾਲ ਦਿੱਲੀ ਵਿੱਚ ਲੜਦਾ ਹੋਇਆ ਮਾਰਿਆ ਗਿਆ ਸੀ। ਉਸਦੇ ਪੁੱਤਰ ਜਵਾਹਰ ਮੱਲ (ਪਿੱਛੋਂ ਜਵਾਹਰ ਸਿੰਘ ਅਖਵਾਇਆ) ਨੇ ਪਿਤਾ ਦੀ ਮੌਤ ਦਾ ਬਦਲਾ ਲੈਣ ਦਾ ਨਿਸ਼ਚਾ ਕੀਤਾ। ਜਾਟਾਂ ਤੋਂ ਇਲਾਵਾ ਸੈਨਾ ਵਿੱਚ ਮਰਾਠੇ ਵੀ ਭਰਤੀ ਕੀਤੇ। ਉਸਦੀ ਇੱਛਾ ਸੀ ਕਿ ਸਿੱਖ ਵੀ ਉਸਦੀ ਸੈਨਾ ਵਿੱਚ ਹੋਣ। ਜਨਵਰੀ 1765 ਦੇ ਆਰੰਭ ਵਿੱਚ ਸਿੱਖਾਂ ਦੀ ਇੱਕ ਤਕੜੀ ਸੈਨਿਕ ਟੁਕੜੀ ਦਿੱਲੀ ਦੇ ਉੱਤਰ ਵੱਲ 16 ਮੀਲ ਦੇ ਫਾਸਲੇ ਤੇ ਬਰਾੜੀ ਦਰਵਾਜ਼ੇ ਪਾਸ ਬੈਠੀ ਸੀ। ਜਵਾਹਰ ਮੱਲ ਨੇ ਇਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤੇ ਹਾਥੀ ਉੱਪਰ ਜਮਨਾ ਪਾਰ ਕਰਕੇ ਸਿੱਖਾਂ ਨੂੰ ਮਿਲਣ ਆਇਆ। ਨਜ਼ਦੀਕ ਪੁੱਜਣ ਤੇ ਸਿੱਖਾਂ ਨੇ ਮਹਾਵਤ ਨੂੰ ਕਿਹਾ- ‘ਹਾਥੀ ਰੋਕ।’ ਜਵਾਹਰ ਮੱਲ ਦੇ ਪਿੱਛੇ-ਪਿੱਛੇ ਉਸਦਾ ਇੱਕ ਦਰਬਾਨ ਹੁੱਕਾ ਚੁਕੀ ਤੁਰਿਆ ਆਉਂਦਾ ਦੇਖਕੇ ਸਿੱਖ ਖਿਝ ਗਏ ਸਨ ਇਸ ਲਈ ਇਸ ਮੁਲਾਜ਼ਮ ਦੀ ਬੇਇੱਜ਼ਤੀ ਕਰਕੇ ਭਜਾ ਦਿੱਤਾ। ਹਾਥੀ ਤੋਂ ਉਤਾਰ ਕੇ ਜਵਾਹਰ ਮੱਲ ਨੂੰ ਉੱਥੇ ਪੈਦਲ ਤੋਰ ਕੇ ਲਿਜਾਇਆ ਗਿਆ ਜਿੱਥੇ ਸੌ ਸਰਦਾਰਾਂ ਦੀ ਸਭਾ ਜੁੜੀ ਹੋਈ ਸੀ। ਜਵਾਹਰ ਮੱਲ ਨਾਲ ਗੱਲਬਾਤ ਤੈਅ ਕਰਨ ਤੋਂ ਪਹਿਲੋਂ ਸਿੰਘਾਂ ਨੇ ਇਹ ਅਰਦਾਸ ਕੀਤੀ, ‘ਸੂਰਜ ਮੱਲ ਦਾ ਪੁੱਤਰ ਜਵਾਹਰ ਸਿੰਘ ਖ਼ਾਲਸਾ ਜੀਉ ਦੀ ਸ਼ਰਣ ਵਿੱਚ ਆਇਆ ਹੈ ਤੇ ਗੁਰੂ ਨਾਨਕ ਸਾਹਬ ਦਾ ਸਿੱਖ ਬਣ ਗਿਆ ਹੈ। ਉਹ ਆਪਣੇ ਪਿਤਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਹੈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਮੱਦਦ ਕਰ।’

ਜਵਾਹਰ ਸਿੰਘ ਬਾਰਾਂ ਹਜ਼ਾਰ ਸਿੱਖ ਸੈਨਿਕ ਲੈ ਗਿਆ। ਉਨ੍ਹਾਂ ਨੇ ਦਿੱਲੀ ਉੱਪਰ ਉੱਤਰ ਵਾਲੇ ਪਾਸਿਉਂ ਹਮਲਾ ਕਰਨਾ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਪੱਛਮ ਵਾਲੇ ਪਾਸੇ ਨਜੀਬ-ਉਦ-ਦੌਲਾ ਦੇ ਸਭ ਜ਼ਿਲ੍ਹੇ ਉਜਾੜ ਦਿਉ ਤਾਂ ਕਿ ਉਸ ਪਾਸਿਉਂ ਸ਼ਹਿਰ ਵਿੱਚ ਰਾਸ਼ਣ ਨਾ ਪੁੱਜ ਸਕੇ। ਪਰ ਬਾਬਾ ਆਲਾ ਸਿੰਘ ਨੇ ਭੋਲਾ ਸਿੰਘ ਦੀ ਕਮਾਨ ਹੇਠ ਇੱਕ ਹਜ਼ਾਰ ਸਿਪਾਹੀ ਨਜੀਬ ਦੀ ਮੱਦਦ ਵਾਸਤੇ ਘੱਲੇ।  9 ਜਨਵਰੀ, 1765  ਇਹ ਖ਼ਬਰ ਫੈਲ ਗਈ ਕਿ ਜਵਾਹਰ ਸਿੰਘ ਪਾਸੋਂ ਨਜੀਬ-ਉਦ-ਦੌਲਾ ਹਾਰ ਗਿਆ ਹੈ। ਨਜੀਬ ਲਾਲ ਕਿਲ੍ਹੇ ਵਿੱਚ ਜਾ ਵੜਿਆ ਤੇ ਜਵਾਹਰ ਸਿੰਘ ਨੇ ਸ਼ਹਿਰ ਤੇ ਕਬਜ਼ਾ ਕਰ ਲਿਆ। ਪੁਰਾਣੀ ਸਬਜ਼ੀ-ਮੰਡੀ ਲਾਗੇ ਨਖ਼ਾਸ਼ ਮੰਡੀ (ਘੋੜਿਆਂ ਦੀ ਮੰਡੀ) ਹੋਇਆ ਕਰਦੀ ਸੀ। ਇੱਥੇ ਸਿੱਖਾਂ ਨੇ ਬੜੀ ਜ਼ਬਰਦਸਤ ਜੰਗ ਲੜੀ।

ਘੋੜਿਆ ਤੇ ਸਵਾਰ ਹੋ ਕੇ ਹਰ ਸਵੇਰ ਦਰਿਆ ਕਿਨਾਰੇ ਯਾਕੂਬ ਅਲੀ ਖਾਂ ਦੇ ਦਰਵਾਜ਼ੇ ਲਾਗਲੇ ਘਰਾਂ ਉੱਪਰ ਸਿੱਖ ਹੱਲਾ ਕਰਦੇ। ਜਿਨ੍ਹਾਂ ਇਲਾਕਿਆਂ ਉੱਪਰ ਬਾਰ ਬਾਰ ਹੱਲੇ ਹੋਏ ਉਨ੍ਹਾਂ ਵਿੱਚ ਹਫੀਜ਼-ਉਦ-ਦੀਨ ਖਾਨ ਤੇ ਨਮਕੀਨ ਦੀਆਂ ਇਮਾਰਤਾਂ, ਬਾਦਲਪੁਰਾ ਅਤੇ ਇਸ ਦੇ ਨਾਲ ਲੱਗਦੇ ਮੁਹੱਲੇ ਸਨ। ਉਨ੍ਹਾਂ ਦੀ ਇੱਛਾ ਦਿੱਲੀ ਦੀਆਂ ਕੰਧਾਂ ਤੱਕ ਪੁੱਜਣ ਦੀ ਸੀ। ਨਜੀਬ ਨੇ ਵੱਖ ਵੱਖ ਟਿਕਾਣਿਆਂ ਤੇ ਆਪਣੇ ਸੈਨਿਕ ਤੈਨਾਤ ਕੀਤੇ। ਰੋਹੇਲਿਆਂ ਨੇ ਤੋੜੇਦਾਰ ਬੰਦੂਕਾਂ ਨਾਲ ਸਿੱਖਾਂ ਤੇ ਹਮਲੇ ਕੀਤੇ। ਨਜੀਬ ਦਾ ਹੁਕਮ ਸੀ ਕਿ ਜਿੱਥੇ ਕਿਤੇ ਸਿੱਖ ਟੁਕੜੀ ਦੇਖੋ- ਤੋਪਾਂ ਦੇ ਗੋਲੇ ਦਾਗ਼ੋ।

ਅਪ੍ਰੈਲ 1766 – ਪਾਣੀਪੱਤ ਤੋਂ ਨਜੀਬ ਦੀਆਂ ਜਗੀਰਾਂ ਉਜਾੜਦੇ ਸਿੱਖ ਦਿੱਲੀ ਤੱਕ ਪੁੱਜ ਗਏ। 15 ਅਪ੍ਰੈਲ, 1766 ਨੂੰ ਰਾਜਧਾਨੀ ਦੇ ਅਫ਼ਸਰ ਇਨਚਾਰਜ ਅਫ਼ਜ਼ਲ ਖ਼ਾਨ ਨੇ ਢੋਲ ਵਜਾਕੇ ਖ਼ਤਰੇ ਦਾ ਐਲਾਨ ਕਰਦਿਆਂ ਫੁਰਮਾਨ ਜਾਰੀ ਕੀਤਾ ਕਿ ਕਾਲਕਾ ਦੇਵੀ ਦੀ ਯਾਤਰਾ ਵਾਸਤੇ ਦਿੱਲੀ ਵਿੱਚੋਂ ਕੋਈ ਬੰਦਾ ਬਾਹਰ ਨਾ ਨਿਕਲੇ। ਓਖਲਾ-ਘਾਟ ਤੋਂ 17 ਅਪ੍ਰੈਲ ਨੂੰ ਸਿੱਖਾਂ ਨੇ ਕੂਚ ਕੀਤਾ ਤੇ ਪਟਪੜਗੰਜ ਬਾਜ਼ਾਰ ਵਿੱਚੋਂ ਚਾਵਲ ਤੇ ਖੰਡ ਲੁੱਟ ਲਈ। ਸ਼ੇਖ ਮੁਹੰਮਦ ਪਾਸੋਂ ਊਠ ਅਤੇ ਬਲਦ ਖੋਹ ਲਏ। ਅਫ਼ਜ਼ਲ ਨੇ ਇੱਕ ਸਿੱਖ ਕਤਲ ਕਰ ਦਿੱਤਾ।

ਜਨਵਰੀ 1770: ਪਾਣੀਪਤ ਵੱਲੋਂ ਹੱਲੇ ਬੋਲਦੇ ਸਿੱਖ ਉਜਾੜਾ ਕਰਦੇ 10 ਜਨਵਰੀ, 1770 ਨੂੰ ਦਿੱਲੀ ਪੁੱਜੇ ਪਰ ਇਸ ਵਾਰ ਜ਼ਾਬਿਤਾ ਖ਼ਾਨ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਆਗਰੇ ਵਿਚਲਾ ਫਰਾਂਸੀਸੀ ਮਿਸ਼ਨਰੀ ਫਾਦਰ ਪੀਅਰੀ ਵੇਂਦਲ ਲਿਖਦਾ ਹੈ, ‘ਦਿੱਲੀ ਦਾ ਆਲਾ ਦੁਆਲਾ ਹਥਿਆਰਾਂ ਦੀ ਲਪੇਟ ਵਿੱਚ ਹੈ। ਸਿੱਖ ਦਿੱਲੀ ਲਾਗਲੇ ਇਲਾਕਿਆਂ ਨੂੰ ਲੁੱਟਣ ਵਿੱਚ ਮਗਨ ਹਨ।’

ਜਨਵਰੀ 1774: ਅੱਪਰ ਬਾਰੀ ਦੁਆਬ ਦੇ ਇਲਾਕਿਆਂ ਨੂੰ ਲੁਟਦੇ ਹੋਏ ਸਿੱਖ ਜਨਵਰੀ 1774 ਨੂੰ ਫਿਰ ਦਿੱਲੀ ਜਾ ਪੁੱਜੇ। 18 ਜਨਵਰੀ, 1774 ਨੂੰ ਅੱਧੀ ਰਾਤ ਤੱਕ ਉਹ ਸ਼ਾਹਦਰਾ ਲੁੱਟਦੇ ਰਹੇ। ਪੰਜਾਹ ਮੁੰਡਿਆਂ ਨੂੰ ਬੰਦੀ ਬਣਾਇਆ। ਦਿਨ ਚੜ੍ਹਨ ਵਿੱਚ ਅੱਧ ਪਹਿਰ ਬਾਕੀ ਸੀ ਜਦੋਂ ਚਲੇ ਗਏ।

ਅਕਤੂਬਰ 1774: ਸ਼ਾਹ ਜਹਾਨਾਬਾਦ ਦੇ ਪੜੋਸ ਵਿੱਚ ਸਿੱਖ ਸੈਨਾਵਾਂ ਲਗਾਤਾਰ ਗੂੰਜਦੀਆਂ ਰਹੀਆਂ।

ਜੁਲਾਈ 1775: 15 ਜੁਲਾਈ, 1775 ਨੂੰ ਸਿੱਖਾਂ ਨੇ ਪਹਾੜਗੰਜ ਅਤੇ ਜੈਸਿੰਘਪੁਰੇ ਦਾ ਇਲਾਕਾ ਅੱਗ ਲਾ ਕੇ ਤਬਾਹ ਕਰ ਦਿੱਤਾ। ਸ਼ਾਹੀ ਫ਼ੌਜਾਂ ਨੇ ਕੁਝ ਮੁਕਾਬਲਾ ਕੀਤਾ। ਦੋਵਾਂ ਪਾਸਿਆਂ ਦੇ ਸੱਠ ਬੰਦੇ ਮਾਰੇ ਗਏ।

ਅਕਤੂਬਰ-ਨਵੰਬਰ 1776: ਇਸ ਮਹੀਨੇ ਮੁਗਲ ਸਲਤਨਤ ਦੇ ਪ੍ਰਧਾਨਮੰਤਰੀ ਨਵਾਜ਼ ਖ਼ਾਨ ਨੇ ਮੇਜਰ ਤਾਉਨੇ ਨੂੰ ਲਿਖਿਆ, ‘ਸਿੱਖ ਦਿੱਲੀ ਦੇ ਅੰਦਰ ਅਤੇ ਆਲੇ ਦੁਆਲੇ ਲਗਾਤਾਰ ਗੜਬੜ ਮਚਾ ਰਹੇ ਹਨ।’

ਮਾਰਚ-ਅਪ੍ਰੈਲ 1778: ਤਹਿਮਸ ਖ਼ਾਨ ਮਿਸਕੀਨ 200 ਤੁਰਕ ਘੋੜ ਸਵਾਰਾਂ ਦਾ ਕਾਫਲਾ ਲੈ ਕੇ ਸਿੱਖਾਂ ਨੂੰ ਭਜਾਉਣ ਗਿਆ ਕਿਉਂਕਿ ਖ਼ਬਰ ਪੁੱਜੀ ਸੀ ਕਿ ਸਿੱਖ ਹਮਲਾਵਾਰ ਡਾਕੇ ਮਾਰ ਰਹੇ ਹਨ ਮਿਸਕੀਨ ਲਿਖਦਾ ਹੈ, ‘ਦੱਸੀ ਗਈ ਵਾਰਦਾਤ ਵਾਲੀ ਥਾਂ ਸ਼ਾਹ ਜਹਾਨਾਬਾਦ ਤੋਂ 12 ਕਿਲੋਮੀਟਰ ਦੂਰ ਹੈ। ਜਦੋਂ ਮੈਂ ਫੋਰਸ ਲੈ ਕੇ ਪੁੱਜਾ ਤਾਂ ਦੇਖਿਆ ਕਿ ਕੇਵਲ ਦੋ ਸਿੱਖ ਪਿੰਡ ਵਿੱਚੋਂ ਉਗਰਾਹੀ ਕਰ ਰਹੇ ਸਨ। ਮੇਰੇ ਪੁੱਜਣ ਉਪਰੰਤ ਨੱਠ ਗਏ।’

ਸਤੰਬਰ-ਅਕਤੂਬਰ 1778: ਸਤੰਬਰ ਦੇ ਮਹੀਨੇ ਵਿੱਚ ਫਿਰ ਦਿੱਲੀ ਵਿੱਚ ਘੁਸ ਗਏ ਤੇ ਨਵੰਬਰ ਤੱਕ ਗ਼ੈਰ ਕਾਨੂੰਨੀ ਕਾਰਵਾਈਆਂ ਵਿੱਚ ਲੱਗੇ ਰਹੇ। ਇਹ ਤੱਥ ਸ਼ਾਹੀ ਰਿਕਾਰਡ ਦੇ ਡਾਇਰੀ ਨਵੀਸ ਦਾ ਅੰਕਿਤ ਕੀਤਾ ਹੋਇਆ ਹੈ।

23 ਸਤੰਬਰ, 1778: ਸਾਹਿਬ ਸਿੰਘ ਅਤੇ ਹੋਰ ਸਿੱਖ ਸਰਦਾਰ ਸ਼ਾਲੀਮਾਰ ਬਾਗ ਵਿੱਚ ਆ ਗਏ ਸਨ। ਅਬਦੁਲ ਅਹਿਦ ਦੇ ਲਫਟੈਣ ਬਹਿਰਾਮ ਕੁਲੀ ਖ਼ਾਨ ਨੇ ਉਨ੍ਹਾਂ ਦੀ ਲੰਗਰ ਪ੍ਰਸ਼ਾਦੇ ਛਕਾ ਕੇ ਸੇਵਾ ਕੀਤੀ। ਨਜੀਬ ਉਦਦੌਲਾ ਦਾ ਬੇਟਾ ਮੱਲੂ ਖ਼ਾਨ ਸਿੱਖਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਅੰਦਰ ਆਇਆ।

26 ਸਤੰਬਰ, 1778: ਯਾਕੂਬ ਅਲੀ ਖ਼ਾਨ ਦੇ ਬਾਗ਼ ਵਿੱਚ ਅਬਦੁਲ ਅਹਿਦ ਖ਼ਾਨ ਸਿੱਖਾਂ ਨਾਲ ਮੁਲਾਕਾਤ ਕਰਨ ਲਈ ਆਇਆ। ਸਿੱਖਾਂ ਨੇ ਉਸਨੂੰ ਤੀਰ ਅਤੇ ਘੋੜੇ ਭੇਟ ਕੀਤੇ ਜਿਸਦੇ ਬਦਲੇ ਅਬਦੁਲ ਅਹਿਦ ਖ਼ਾਨ ਨੇ ਉਨ੍ਹਾਂ ਦਾ ਭਾਰੀ ਮਾਣ ਸਨਮਾਨ ਕੀਤਾ।

1 ਅਕਤੂਬਰ, 1778: ਇਹ ਦੁਸਹਿਰੇ ਦਾ ਦਿਨ ਸੀ। ਘੋੜਿਆਂ ਤੇ ਸਵਾਰ ਹੋ ਕੇ ਸਿੱਖ ਰਕਾਬਗੰਜ ਨਜ਼ਦੀਕ ਗੁਰੂ ਕੇ ਬੰਗਲੇ ਚਲੇ ਗਏ। ਉੱਥੇ ਉਨ੍ਹਾਂ ਨੇ ਪਹਿਲਾਂ ਇੱਕ ਮਸਜਿਦ ਢਾਹੀ ਫਿਰ ਖੇਤ ਉਜਾੜ ਦਿੱਤੇ। ਇਹੀ ਰੋਜ਼ਨਾਮਚਾ ਲਿਖਣ ਵਾਲਾ ਅੱਗੇ ਜਾ ਕੇ ਲਿਖਦਾ ਹੈ, ‘ਅੱਲਾਹ ਦੇ ਨਾਮ ਜੱਹਾਦ ਤੋਂ ਇਹ ਲੋਕ ਗੁਰੂ ਦੇ ਨਾਮ ਜੱਹਾਦ ਕਰਨਾ ਸਿੱਖ ਗਏ ਹਨ।’ ਅਬਦੁਲ ਅਹਿਦ ਖ਼ਾਨ ਦੇ ਖਰਚੇ ਤੇ ਸਿੱਖ ਇੱਕ ਮਹੀਨਾ ਦਿੱਲੀ ਵਿੱਚ ਰਹੇ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਉਸਾਰੀ ਕੀਤੀ।

ਜਨਵਰੀ-ਅਪ੍ਰੈਲ 1779: ਜਨਵਰੀ 1779 ਵਿੱਚ ਦਿੱਲੀ ਦੇ ਚੁਗਿਰਦੇ ਵਿੱਚ ਉਹ ਫਿਰ ਦਿਸਣ ਲੱਗ ਪਏ। ਬਾਦਸ਼ਾਹ ਘਬਰਾ ਗਿਆ। ਉਸਦਾ ਪ੍ਰਧਾਨ-ਮੰਤਰੀ ਨਜ਼ਫ਼ ਖ਼ਾਨ, ਅਲਵਰ ਗਿਆ ਹੋਇਆ ਸੀ। ਤੁਰੰਤ ਉਸਨੂੰ ਵਾਪਸ ਆਉਣ ਦਾ ਹੁਕਮ ਦਿੱਤਾ। ਨਜ਼ਫ਼ ਖ਼ਾਨ ਨੇ ਰਾਜੇ ਨਾਲ ਅੱਠ ਲੱਖ ਰੁਪਿਆ ਦੇ ਕੇ ਗੱਲ ਮੁਕਾਉਣੀ ਚਾਹੀ। ਤਿੰਨ ਲੱਖ ਤਾਂ ਉਸੇ ਵਕਤ ਦੇ ਦਿੱਤੇ ਗਏ। ਸਿੱਖਾਂ ਨਾਲ ਅਮਨ ਦੀ ਸੰਧੀ ਬਾਬਤ ਵਿਚਾਰ ਵਟਾਂਦਰਾ ਹੋਇਆ। ਸਿੱਖ ਮੰਨ ਗਏ ਕਿ ਉਹ ਮੇਰਠ ਜ਼ਿਲ੍ਹੇ ਉੱਪਰ ਹਮਲੇ ਨਹੀਂ ਕਰਨਗੇ।

ਅਪ੍ਰੈਲ 1781: ਬਾਰਾਂ ਅਪ੍ਰੈਲ 1781 ਨੂੰ ਸਿੱਖਾਂ ਨੇ ਦਿੱਲੀ ਤੋਂ 32 ਕਿਲੋਮੀਟਰ ਉੱਤਰ ਵੱਲ ਬਾਗ਼ਪਤ ਨੂੰ ਥੇਹ ਕਰ ਦਿੱਤਾ। ਫਿਰ ਦਿੱਲੀ ਤੋਂ 21 ਕਿਲੋਮੀਟਰ ਉੱਤਰ ਵੱਲ ਦੇ ਇਲਾਕੇ ਖੰਡਰ ਕਰ ਦਿੱਤੇ। ਦਿੱਲੀ ਸ਼ਹਿਰ ਵਿੱਚ ਇਹ ਘਟਨਾਵਾਂ ਸੁਣ ਕੇ ਹਾਹਾਕਾਰ ਮੱਚ ਗਈ। ਨਜ਼ਫ਼ ਖ਼ਾਨ ਨੇ ਰਾਮ ਰਤਨ ਨੂੰ ਵੱਡੀਆਂ ਤੋਪਾਂ ਵਿੱਚ ਗੋਲੇ ਫਿੱਟ ਕਰਨ ਨੂੰ ਕਿਹਾ। 16 ਅਪ੍ਰੈਲ ਨੂੰ ਸਿੱਖਾਂ ਨੇ ਸ਼ਾਹਦਰੇ ਅਤੇ ਪਟਪੜਗੰਜ ਉੱਪਰ ਹੱਲਾ ਬੋਲ ਦਿੱਤਾ। ਇੱਥੋਂ ਦੇ ਵਸਨੀਕ ਘਰੋਂ ਬੇਘਰ ਹੋ ਕੇ ਭੱਜ ਗਏ। ਦਿੱਲੀ ਤੋਂ ਰੇਵਾੜੀ 30 ਕਿਲੋਮੀਟਰ ਦੀ ਦੂਰੀ ਤੱਕ ਲੋਕ ਦਹਿਲੇ ਫਿਰਦੇ ਸਨ।

ਬਾਦਸ਼ਾਹ ਨੇ ਆਪਣੇ ਸੇਵਾਦਾਰ ਕੱਲੂ ਰਾਹੀਂ ਨਜ਼ਫ਼ਖ਼ਾਨ ਪਾਸ ਫੁੱਲਾਂ ਦੀ ਟੋਕਰੀ ਭੇਜੀ ਅਤੇ ਇਸ ਵਜ਼ੀਰ ਨੂੰ ਕਿਹਾ ਕਿ ਸਿੱਖਾਂ ਨੂੰ ਕਾਬੂ ਕਰੇ। ਨਜ਼ਫ਼ਖ਼ਾਨ ਨੇ ਮੁਰਤਜ਼ਾ ਖ਼ਾਨ ਅਤੇ ਗ਼ਾਜ਼ੀ ਖ਼ਾਨ ਦੀਆਂ ਫ਼ੌਜਾਂ ਦਾ ਮੁਆਇਨਾ ਕੀਤਾ ਜਿਹੜੀਆਂ ਜਮਨਾ ਕਿਨਾਰੇ ਦਿੱਲੀ ਦੀ ਰੱਖਿਆ ਹਿਤ ਤੈਨਾਤ ਸਨ। ਗ਼ਾਜ਼ੀਖ਼ਾਨ ਪਾਸ 2500 ਘੋੜ ਸਵਾਰ ਸਨ ਤੇ ਮੁਰਤਜ਼ਾ ਖ਼ਾਨ ਪਾਸ 600 ਘੋੜ ਸਵਾਰ ਤੇ ਇੱਕ ਹਜ਼ਾਰ ਪੈਦਲ ਸਨ। ਇਹ ਸਾਰੇ ਸਿੱਖਾਂ ਉੱਪਰ ਝਪਟਣ ਲਈ ਤਿਆਰ ਬਰ ਤਿਆਰ ਸਨ। ਸੂਰਜ ਛਿਪਣ ਵਿੱਚ ਘੰਟਾ ਕੁ ਰਹਿੰਦਾ ਸੀ ਕਿ ਨਜ਼ਫ਼ ਖ਼ਾਨ ਹਾਥੀ ਤੇ ਸਵਾਰ ਹੋ ਕੇ ਦਰਿਆ ਦੇ ਕਿਨਾਰੇ ਘੁੰਮਦਾ ਫਿਰਦਾ ਰਿਹਾ ਜਿਵੇਂ ਕੋਈ ਸ਼ਾਮ ਦੀ ਸੈਰ ਕਰਦਾ ਹੋਵੇ।

ਮਾਰਚ 1783: 8 ਮਾਰਚ, 1783 ਨੂੰ 40 ਹਜ਼ਾਰ ਸਿੱਖ ਸੈਨਿਕ ਜਮਨਾ ਦੇ ਬਰਾੜੀਘਾਟ ਉੱਪਰ ਪੁੱਜ ਗਏ ਜੋ ਦਿੱਲੀ ਦੇ ਉੱਤਰ ਵੱਲ 16 ਕਿਲੋਮੀਟਰ ਦੂਰ ਹੈ। ਇਸ ਥਾਂ ਨੂੰ ਆਪਣਾ ਬੇਸ ਬਣਾ ਕੇ ਉਨ੍ਹਾਂ ਨੇ ਸਬਜ਼ੀ ਮੰਡੀ ਦੇ ਮਲਕਾਗੰਜ ਇਲਾਕੇ ਉੱਪਰ ਹੱਲਾ ਬੋਲ ਦਿੱਤਾ। ਇਹ ਇਲਾਕੇ ਉਜਾੜ ਕੇ ਅੱਗਾਂ ਲਾ ਦਿੱਤੀਆਂ। ਮੁਗਲਪੁਰੇ ਦੇ ਬੜੇ ਲੋਕ ਮਰੇ। ਕਿਲ੍ਹਾ ਮਾਹਤਾਬਪੁਰ ਨੇੜੇ ਸ਼ਾਹਜ਼ਾਦਾ ਮਿਰਜ਼ਾ ਸ਼ਿਕੋਰ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਸਨੂੰ ਹਾਰ ਹੋਈ ਤੇ ਭੱਜ ਗਿਆ। ਸਿੱਖਾਂ ਨੇ ਅਜਮੇਰੀ ਗੇਟ ਤੋੜ ਲਿਆ ਤੇ 9 ਮਾਰਚ ਨੂੰ ਹੌਜ਼ਗ਼ਾਜ਼ੀ ਲੁੱਟ ਲਿਆ। ਸ਼ਹਿਰ ਦੇ ਲੋਕਾਂ ਨੇ ਲਾਲ ਕਿਲ੍ਹੇ ਅੰਦਰ ਘੁਸ ਕੇ ਪਨਾਹ ਲਈ। ਸਿੱਖਾਂ ਨੇ ਕਿਲ੍ਹੇ ਉੱਪਰ ਹਮਲਾ ਕਰ ਦਿੱਤਾ ਤੇ 11 ਮਾਰਚ ਨੂੰ ਕਿਲ੍ਹੇ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ਉੱਪਰ ਬਿਰਾਜਮਾਨ ਕਰਕੇ ਉਸਨੂੰ ਬਾਦਸ਼ਾਹ ਸਿੰਘ ਦਾ ਖ਼ਿਤਾਬ ਦਿੱਤਾ। ਜੱਸਾ ਸਿੰਘ ਰਾਮਗੜ੍ਹੀਏ ਨੇ ਉਸਨੂੰ ਵੰਗਾਰਿਆ ਤਦ ਉਹ ਪਿੱਛੇ ਹਟ ਗਿਆ ਅਤੇ ਬਾਦਸ਼ਾਹ ਵਜੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਰਾਮਗੜ੍ਹੀਏ ਨੇ ਚਾਰ ਤੋਪਾਂ ਉੱਪਰ ਕਬਜ਼ਾ ਕੀਤਾ ਤੇ ਇੱਕ ਪੱਥਰ ਦੀ ਵੱਡੀ ਸਾਰੀ ਸਲੈਬ ਉੱਪਰ ਮੱਲ ਮਾਰ ਲਈ। ਬਾਦਸ਼ਾਹ ਨੇ ਸਿੱਖਾਂ ਨਾਲ ਸੰਧੀ ਕਰ ਲਈ ਜਿਸ ਤਹਿਤ ਜਥੇਦਾਰ ਬਘੇਲ ਸਿੰਘ ਨੂੰ ਸੱਤ ਇਤਿਹਾਸਕ ਗੁਰਦੁਆਰੇ ਉਸਾਰਨ ਦੀ ਆਗਿਆ ਮਿਲੀ। ਦਿੱਲੀ ਵਿਖੇ ਸਿੱਖਾਂ ਨੇ ਆਪਣੇ ਨੁਮਾਇੰਦੇ ਚੁੰਗੀ ਉਗਰਾਹੁਣ ਲਈ ਅਤੇ ਸਰਕਾਰ ਦੀਆਂ ਜ਼ਮੀਨਾਂ ਤੋਂ ਮਾਲੀਆ ਉਗਰਾਹੁਣ ਲਈ ਨਿਯੁਕਤ ਕਰ ਦਿੱਤੇ।

ਜੁਲਾਈ 1787: ਤੇਈ ਜੁਲਾਈ ਨੂੰ ਸਿੱਖਾਂ ਨੇ ਫਿਰ ਸ਼ਾਹਦਰੇ ਹੱਲਾ ਬੋਲ ਦਿੱਤਾ।

ਅਗਸਤ 1787: 23 ਅਗਸਤ, 1787 ਨੂੰ ਗ਼ੁਲਾਮ ਕਾਦਰ ਅਤੇ ਸਿੱਖਾਂ ਨੇ ਸ਼ਾਹੀ ਸੈਨਾ ਤੇ ਹਮਲਾ ਕਰਕੇ ਹਰਾ ਦਿੱਤਾ। ਮਰਾਠਾ ਸਰਦਾਰ ਮਾਧੋ ਰਾਓ ਫਾਲਕੇ ਨੂੰ ਸ਼ਾਹਦਰੇ ਇਨ੍ਹਾਂ ਸਿੱਖਾਂ ਨੂੰ ਰੋਕਣ ਲਈ ਭੇਜਿਆ ਗਿਆ। ਇਸ ਜੰਗ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੈਨਿਕ ਦਰਿਆ ਵਿੱਚ ਡੁੱਬ ਮਰੇ। ਕਾਫ਼ੀ ਮਰੇ ਤੇ ਜ਼ਖ਼ਮੀ ਹੋਏ। ਸ਼ਾਹ ਨਿਜ਼ਾਮ-ਉਦ-ਦੀਨ ਅਤੇ ਦੇਸ਼ਮੁਖ, ਦੀਵਾਨਿ-ਖਾਸ ਵਿੱਚੋਂ ਇਹ ਦ੍ਰਿਸ਼ ਦੇਖ ਰਹੇ ਸਨ। ਉਹ ਦੋਵੇਂ ਦਰਿਆ ਦੇ ਕਿਨਾਰੇ ਤੇ ਆਏ ਤੇ ਦੋ ਘੰਟੇ ਬੰਦੂਕਾਂ ਅਤੇ ਤੋਪਾਂ ਦੇ ਗੋਲਿਆਂ ਦੀ ਬੌਛਾੜ ਸਿੱਖਾਂ ਉੱਪਰ ਕੀਤੀ। ਸਿੱਖ ਜਦੋਂ ਉਹਨਾਂ ਦੇ ਆਹਮੋ ਸਾਹਮਣੇ ਆ ਗਏ ਤਾਂ
ਸ਼ਾਹੀ ਫ਼ੌਜਾਂ ਅਮਨੀਸ਼ਨ ਅਤੇ ਧਨ ਦੇ ਗੱਡੇ ਲੱਦੇ ਲਦਾਏ ਛੱਡ ਕੇ ਭੱਜ ਗਈਆਂ। ਇਹ ਸਾਰਾ ਸਾਮਾਨ ਲੁੱਟ ਲਿਆ ਗਿਆ। ਫਾਲਕੇ ਨੇ ਆਪਣੇ ਆਪ ਨੂੰ ਸ਼ਾਹਦਰੇ ਦੇ ਕਿਲ੍ਹੇ ਵਿੱਚ ਬੰਦ ਕਰਕੇ ਆਪਣੇ ਆਦਮੀ ਸਿੱਖਾਂ ਪਾਸ ਭੇਜ ਕੇ ਆਤਮ ਸਮਰਪਣ ਕਰ ਦਿੱਤਾ। ਰਾਤੋ ਰਾਤ 500 ਮਰਾਠਾ ਘੋੜ ਸਵਾਰਾਂ ਨੂੰ ਨਾਲ ਲੈ ਕੇ ਦਿੱਲੀ ਵਿੱਚੋਂ ਭੱਜ ਨਿਕਲਿਆ ਅਤੇ ਬਲਭਗੜ੍ਹ ਦੇ ਰਾਹ ਪੈ ਗਿਆ। ਜਾਨ ਬਚਾਉਣ ਵਾਸਤੇ ਸ਼ਾਹ ਨਿਜ਼ਾਮ-ਉਦ-ਦੀਨ ਵੀ ਸ਼ਹਿਰ ਛੱਡ ਕੇ ਨੱਠਿਆ ਪਰ ਇਨ੍ਹਾਂ ਸਭਨਾਂ ਦਾ ਲਕਾ ਤੁਕਾ, ਸਾਜੋ-ਸਮਾਨ ਰਸਤੇ ਵਿੱਚ ਹੀ ਲੁੱਟ ਲਿਆ ਗਿਆ।

ਸਮਕਾਲੀ ਹਾਲਾਤ ਉੱਪਰ ਟਿੱਪਣੀ: ਪਾਠਕ ਸਹਿਮਤ ਹੋਣਗੇ ਕਿ ਉੱਪਰ ਲਿਖਿਤ ਵੇਰਵਿਆਂ ਵਿੱਚੋਂ ਸਿੱਖਾਂ ਦਾ ਰਿਕਾਰਡ ਦੋ ਪੱਖਾਂ ਤੋਂ ਉੱਤਮ ਰਿਹਾ। ਪਹਿਲੀ ਗੱਲ ਤਾਂ ਇਹ ਕਿ ਉਨ੍ਹਾਂ ਨੇ ਆਪਣੇ ਫੜੇ ਹੋਏ ਬੰਦੀ ਦੁਸ਼ਮਣਾਂ ਨੂੰ ਤਸੀਹੇ ਦੇ ਦੇ ਕੇ ਇਹ ਨਹੀਂ ਪੁੱਛਿਆ ਕਿ ਖ਼ਜ਼ਾਨੇ ਦੱਸੋ ਕਿੱਥੇ ਦੱਬੇ ਹੋਏ ਹਨ। ਦੂਜਾ ਉਨ੍ਹਾਂ ਨੇ ਔਰਤਾਂ ਨਾਲ ਬਦਸਲੂਕੀ ਨਹੀਂ ਕੀਤੀ। ਉਹਨਾਂ ਨੇ ਮਰਦਾਂ ਵਾਂਗ ਹਮਲੇ ਕੀਤੇ ਦੈਂਤਾਂ ਵਾਂਗ ਨਹੀਂ। ਸਾਡੇ ਪਾਸ ਉਸ ਵੇਲੇ ਦੇ ਫਾਰਸੀ ਰਿਕਾਰਡ ਮੌਜੂਦ ਹਨ ਜਿਹੜੇ ਮੁਸਲਮਾਨਾਂ ਨੇ ਲਿਖੇ। ਮਰਾਠਿਆਂ ਦੀਆਂ ਲਿਖਤਾਂ ਮਿਲਦੀਆਂ ਹਨ। ਦਿੱਲੀ ਜਾਂ ਕਿਸੇ ਵੀ ਹੋਰ ਥਾਂ ਤੇ ਇੱਕ ਉਦਾਹਰਣ ਅਜਿਹੀ ਨਹੀਂ ਲੱਭੀ ਕਿ ਸਿੱਖਾਂ ਨੇ ਕਿਸੇ ਔਰਤ ਵੱਲ ਉਂਗਲ ਚੁਕੀ ਹੋਵੇ।

ਕਵੀ ਸਾਉਦਾ ਦੇ ਬਿਰਤਾਂਤ: ਪ੍ਰਸਿੱਧ ਉਰਦੂ ਸ਼ਾਇਰ ਮੁਹੰਮਦ ਰਫੀ ਅਹਿਮਦ ਸਾਉਦਾ ਦਿੱਲੀ ਵਿੱਚ ਜੰਮਿਆ ਪਲਿਆ। ਉਹ 1760 ਤੱਕ ਦਿੱਲੀ ਵਿੱਚ ਰਹਿੰਦਾ ਰਿਹਾ ਪਰ ਫਿਰ ਸੁਰੱਖਿਆ ਕਾਰਨਾਂ ਕਰਕੇ ਲਖਨਊ ਜਾ ਵਸਿਆ। ਉਸਦੀਆਂ ਰਚਨਾਵਾਂ ਵਿੱਚੋਂ ਸਾਨੂੰ ਉਸ ਵਕਤ ਦੇ ਸਿਆਸੀ, ਪ੍ਰਸ਼ਾਸਨਿਕ ਤੇ ਆਮ ਸਮਾਜਕ ਹਾਲਾਤ ਦਾ ਪਤਾ ਲਗਦਾ ਹੈ। ਉਸਦੀ ਲੰਮੀ ਨਜ਼ਮ ਸ਼ਹਿਰੇ ਆਸ਼ੋਬ (ਦੁਖ-ਗ੍ਰਸਤ ਸ਼ਹਿਰ) ਤਾਂ ਦਿੱਲੀ ਦੀ ਸ਼ਾਹੀ ਜ਼ਿੰਦਗੀ ਬਾਰੇ ਹੀ ਹੈ। ਲਿਖਦਾ ਹੈ:

ਜੇ ਕੋਈ ਮੁਲਾਕਾਤੀ ਇਨ੍ਹਾਂ ਨੂੰ ਮਿਲਣ ਜਾਵੇ ਤਾਂ ਉਹ ਤਦ ਮਿਲਣਗੇ ਜੇ
ਉਨ੍ਹਾਂ ਦਾ ਮਿਲਣ ਦਾ ਮੂਡ ਹੋਵੇਗਾ। ਆਉਣ ਵਾਲਾ ਬੰਦਾ ਜੇ ਸਿਆਸਤ
ਬਾਰੇ ਕੁਝ ਕਹੇ ਜਾਂ ਪੁੱਛੇ ਤਾਂ ਉਹ ਪਿੱਠ ਕਰਕੇ ਖਲੋ ਜਾਂਦੇ ਹਨ ਤੇ ਆਖਦੇ
ਹਨ ਕਿ ਕੋਈ ਹੋਰ ਗੱਲ ਕਰੋ:

ਖ਼ੁਦਾ ਕੇ ਵਾਸਤੇ ਭਾਈ ਕੁੱਛ ਔਰ ਬਾਤੇਂ ਬੋਲ॥

ਅਮੀਰ ਤਬਕਾ: ਅਮੀਰ ਤਬਕੇ ਦੀ ਹਾਲਤ ਕਵੀ ਨੇ ਇਉਂ ਦਰਸਾਈ ਹੈ:

ਹਥਿਆਰਬੰਦ ਹੋਕੇ ਸ਼ਾਨ ਨਾਲ ਉਹ ਘਰੋਂ ਬਾਹਰ ਨਹੀਂ ਨਿਕਲਦੇ। ਉਨ੍ਹਾਂ
ਦੀ ਇੱਕ ਕੱਛ ਵਿੱਚ ਡੰਡਾ ਹੁੰਦਾ ਹੈ ਤੇ ਦੂਜੇ ਹੱਥ ਵਿੱਚ ਮੰਗਣ ਵਾਲਾ
ਠੂਠਾ ਫੜਿਆ ਹੁੰਦਾ ਹੈ:

ਬਗਲ ਬੀਚ ਤੋ ਸੋਟਾ ਹੈ
ਹਾਥ ਮੇਂ ਕਚਕੋਲ॥

ਚੋਰ: ਸ਼ਾਇਰ ਦਸਦਾ ਹੈ ਕਿ ਰਾਜਧਾਨੀ ਵਿੱਚ ਚੋਰੀ ਆਮ ਸੀ। ਗਲੀਆਂ ਤੇ ਸ਼ਾਹਰਾਹ ਚੋਰਾਂ ਨਾਲ ਭਰੇ ਪਏ ਹਨ। ਬਸ ਦਿਨ ਛਿਪਦਿਆਂ ਹੀ ਉਹ ਆ ਦਰਸ਼ਨ ਦਿੰਦੇ ਹਨ ਤੇ ਸਵੇਰ ਹੋਣ ਤੱਕ ਆਪਣਾ ਖ਼ੂਬ ਕਾਰੋਬਾਰ ਕਰਦੇ ਹਨ:

ਸ਼ਾਮ ਸੇ ਸੁਬਹ ਤੱਕ ਯਹੀ ਹੈ ਸ਼ੋਰ।
ਦੌੜੀਓ ਗਠੜੀ ਲੇ ਉਠਾ ਹੈ ਚੋਰ॥
ਆਂਖ ਤੋ ਕਿਸ ਬਸ਼ਰ ਕੀ ਲਗੇ ਹੈ।
ਚੋਰੋਂ ਕੇ ਡਰ ਸੇ ਫਿਤਨਾ ਜਗੇ ਹੈ॥

ਫ਼ੌਲਾਦ ਖ਼ਾਨ ਸ਼ਹਿਰ ਦਾ ਕੋਤਵਾਲ ਸੀ। ਕੋਤਵਾਲ ਦਾ ਰੁਤਬਾ ਸੁਪਰਡੰਟ ਪੁਲੀਸ ਅਤੇ ਸਿਟੀ ਮੈਜਿਸਟ੍ਰੇਟ ਦੋਵਾਂ ਦਾ ਹੁੰਦਾ ਸੀ। ਉਹ ਪੱਚੀ ਸਾਲ ਕੋਤਵਾਲ ਰਿਹਾ। ਲੋਕ ਜਦੋਂ ਆਪਣੇ ਆਪਣੇ ਨੁਕਸਾਨ ਦੀ ਰਪਟ ਲਿਖਵਾਉਣ ਉਸ ਪਾਸ ਜਾਂਦੇ ਤਦ ਉਹ ਆਖਦਾ:

ਕਿਸਕੋ ਮਾਰੂੰ ਮੈਂ ਕਿਸਕੋ ਦੂੰ ਗਾਲੀ।
ਚੋਰੀ ਕਰਨੇ ਸੇ ਕੌਨ ਹੈ ਖਾਲੀ॥

ਸਿਪਾਹੀਆਂ ਦੇ ਘੋੜੇ: ਸਾਉਦਾ ਨੇ ਲੰਮੀ ਨਜ਼ਮ ਘੋੜਿਆਂ ਦੀ ਹਾਲਤ ਬਾਬਤ ਲਿਖ ਰੱਖੀ ਹੈ। ਗੱਲ ਮੁਕਾਉਂਦਾ ਹੋਇਆ ਕਵੀ ਕਹਿੰਦਾ ਹੈ ਕਿ ਆਮ ਲੋਕ ਤਾਂ ਸ਼ਾਹੀ ਫ਼ੌਜੀਆਂ ਦੇ ਘੋੜਿਆਂ ਨੂੰ ਦੇਖ ਕੇ ਰਾਜ਼ੀ ਨਹੀਂ, ਹਾਂ ਚਮਾਰ ਜ਼ਰੂਰ ਉਨ੍ਹਾਂ ਵੱਲ ਅਕਸਰ ਧਿਆਨ ਮਾਰਦੇ ਹਨ:

ਕਸਬ ਪੂਛਤਾ ਹੈ ਮੁਝੇ, ਕਬ ਮਰੋਗੇ ਯਾਰ।
ਉਮੀਦਵਾਰ ਹਮ ਭੀ ਹੈ ਕਹਿਤੇ ਹੈਂ ਯੂੰ ਚਮਾਰ॥

(ਘੋੜੇ ਨੇ ਕਿਸੇ ਨੂੰ ਆਪਣੇ ਵੱਲ ਪ੍ਰਸ਼ੰਸਾ ਭਰੀਆਂ ਅੱਖਾਂ ਨਾਲ ਦੇਖਦਿਆਂ ਪੁੱਛ ਲਿਆ ਕਿ ਭਾਈ ਸਾਹਿਬ ਕੀ ਕਾਰੋਬਾਰ ਕਰਦੇ ਹੁੰਦੇ ਹੋ। ਉਤਰ ਮਿਲਿਆ ਕਿ ਹੁਣ ਤੇਰਾ ਕਦਰਦਾਨ ਕੇਵਲ ਮੈਂ ਚਮਾਰ ਹੀ ਬਚਿਆ ਹਾਂ, ਲੋਕ ਮੈਨੂੰ ਜੋ ਮਰਜ਼ੀ ਕਹਿੰਦੇ ਰਹਿਣ।)

ਉਪਰੋਕਤ ਪੇਪਰ ਪੜ੍ਹੇ ਜਾਣ ਪਿੱਛੋਂ ਜਦੋਂ ਪ੍ਰਸ਼ਨ-ਉੱਤਰ ਸੈਸ਼ਨ ਚਾਲੂ ਹੋਇਆ ਤਾਂ ਡਾ. ਐਸ.ਕੇ. ਬਜਾਜ ਨੇ ਪੁੱਛਿਆ, ‘ਜਿਹੋ ਜਿਹੀ ਤਸਵੀਰ ਗੁਪਤਾ ਜੀ ਤੁਸੀਂ ਸਿੱਖਾਂ ਦੀ ਖਿੱਚੀ ਹੈ ਇਹ ਮੰਨਣਯੋਗ ਨਹੀਂ। ਕਹਾਵਤ ਹੈ ਜੰਗ ਅਤੇ ਪਿਆਰ ਵਿੱਚ ਸਭ ਜਾਇਜ਼ ਹੁੰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਸਿੱਖਾਂ ਨੇ ਔਰਤਾਂ ਵੱਲ ਆਪਣੀ ਨਜ਼ਰ ਮੈਲੀ ਨਹੀਂ ਕੀਤੀ ਜਾਂ ਬੱਚੇ ਥੁੱਢੇ ਨਾ ਮਾਰੇ ਹੋਣ।’ ਡਾ. ਗੁਪਤਾ ਨੇ ਕਿਹਾ, ‘ਮੈਂ ਇਹ ਉਨ੍ਹਾਂ ਸਿੱਖਾਂ ਦੇ ਬਿਰਤਾਂਤ ਲਿਖੇ ਹਨ ਜਿਹੜੇ ਦਸਮ ਪਾਤਸ਼ਾਹ ਹਜ਼ੂਰ ਨੂੰ ਜਾਣ ਗਏ ਸਨ, ਸਮਝ ਗਏ ਸਨ। ਇਹ ਉਹਨਾਂ ਸਿੱਖਾਂ ਦਾ ਇਤਿਹਾਸ ਹੈ ਜਿਹੜੇ ਗੁਰੂ ਜੀ ਦੀ ਮਨਸ਼ਾ ਅਨੁਸਾਰ ਉੱਚੇ ਮੰਡਲਾਂ ਵਿੱਚ ਵਿਚਰੇ ਸਨ। ਉਹਨਾਂ ਨੇ ਇੱਕ ਵੀ ਅਨੈਤਕ ਹਰਕਤ ਨਹੀਂ ਕੀਤੀ। ਜਿੰਨੇ ਹਵਾਲੇ ਪ੍ਰਾਪਤ ਹੋਏ ਉਹ ਸਿੱਖਾਂ ਦੇ ਲਿਖੇ ਹੋਏ ਨਹੀਂ, ਮੁਸਲਮਾਨਾਂ ਦੇ ਹਨ ਜਾਂ ਅੰਗਰੇਜ਼ਾਂ ਦੇ ਜਾਂ ਮਰਾਠਿਆਂ ਆਦਿ ਦੇ ਜੋ ਸਿੱਖਾਂ ਦੇ ਨਾ ਮਿੱਤਰ ਸਨ ਨਾ ਹਮਦਰਦ। ਫਿਰ ਕਿਵੇਂ ਆਖੀਏ ਕਿ ਉਹ ਯੋਧੇ ਉੱਚ ਇਖ਼ਲਾਕ ਦੇ ਨਹੀਂ ਸਨ?’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: