ਬੋਲਦੀਆਂ ਲਿਖਤਾਂ » ਲੇਖ

‘ਪੰਜਾਬ ਦੀ ਹਸਤੀ’ ਦਾ ਪੁਨਰਪਾਠ

September 7, 2024 | By

ਚਮਕੌਰ ਸਿੰਘ ਡਾ.

-1-

ਡਾ. ਗੁਰਭਗਤ ਸਿੰਘ ਵੱਲੋਂ ਰਚਿਤ ਦੂਰਦਰਸ਼ੀ ਦਿਸ਼ਾ-ਸੇਧ ਨਾਲ ਸੰਬੰਧਤ ਕਈ ਲਿਖਤਾਂ ਪੜ੍ਹਨ ਦਾ ਮੌਕਾ ਮਿਲਿਆ ਹੈ; ਪਰੰਤੂ ‘ਪੰਜਾਬ ਦੀ ਹਸਤੀ‘ ਸਿਰਲੇਖ ਹੇਠ ਲਿਖਿਆ ਇਕ ਛੋਟਾ ਜਿਹਾ ਲੇਖ ਪੰਜਾਬ ਦੇ ਸਰਬਪੱਖੀ ਵਿਕਾਸ ਦੀ ਸੁਪਨਸਾਜ਼ੀ ਦੇ ਵਿਭਿੰਨ ਪਾਸਾਰਾਂ ਨੂੰ ਸਮਝਣ ਦੇ ਸੰਦਰਭ ਵਿਚ ਉਨ੍ਹਾਂ ਦੀ ਬੇਹੱਦ ਪ੍ਰਭਾਵਸ਼ਾਲੀ ਅਤੇ ਉਪਯੋਗੀ ਰਚਨਾ ਹੈ। 3 ਸਤੰਬਰ 2006 ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪੇ ਇਸ ਲੇਖ ਨਾਲ ਸੰਵਾਦ ਰਚਾਉਂਦਿਆਂ ਮੇਰੇ ਵੱਲੋਂ ਭੇਜਿਆ ਸੰਖੇਪ ਤੇ ਉਤਸ਼ਾਹੀ ਪ੍ਰਤੀਕਰਮ ‘ਰਾਜਸੀ ਧਿਰਾਂ ਤੋਂ ਆਸ ਨਾ ਰੱਖੋ’, ਉਦੋਂ 15 ਅਕਤੂਬਰ 2006 ਨੂੰ ਇਸੇ ਅਖ਼ਬਾਰ ਵਿਚ ‘ਲਿਖਤ ਦੀ ਗੂੰਜ’ ਦੇ ਕਾਲਮੀ-ਸਿਰਲੇਖ ਦੇ ਅੰਤਰਗਤ ‘ਮਿਡਲ’ ਦੇ ਰੂਪ ਵਿਚ ਛਪਿਆ ਸੀ। ਕੁਝ ਸਮੇਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਇਕ ਸੈਮੀਨਾਰ ਵਿਚ ਡਾ. ਗੁਰਭਗਤ ਸਿੰਘ ਜੀ ਨਾਲ ਪਹਿਲੀ ਵਾਰ ਮੇਲ ਹੋਇਆ। ਮੈਂ ਉਸੇ ਉਤਸ਼ਾਹ ਨਾਲ ‘ਲਿਖਤ ਦੀ ਗੂੰਜ’ ਵਾਲੇ ਸੁਝਾਅ ਨੂੰ ਦੁਹਰਾਉਂਦਿਆਂ ਕਹਿ ਬੈਠਾ, “ਡਾ. ਸਾਹਿਬ! ਪੰਜਾਬ ਨੂੰ ਤੁਹਾਡੀ ਦੂਰਦਰਸ਼ੀ ਅਗਵਾਈ ਦੀ ਲੋੜ ਹੈ; ਨਵੀਂ ਵਿਚਾਰਧਾਰਕ ਲਹਿਰ ਉਸਾਰਨੀ ਹੈ ਤਾਂ ਨਵੀਂ ਪਨੀਰੀ ਤਿਆਰ ਕਰਨ ਵਾਸਤੇ ਸਾਡੀ ਪੀੜ੍ਹੀ ਦੀ ਅਗਵਾਈ ਕਰੋ!” ਜਵਾਬ ਮਿਲਿਆ, ” ਪਹਿਲੀ ਲੋੜ ਸਿਧਾਂਤਕ ਬੁਨਿਆਦ ਬੰਨ੍ਹਣ ਦੀ ਹੈ, ਏਸ ਬਾਰੇ ਕੁਝ ਕਰਨਾ ਚਾਹੀਦੈ।…ਮੈਂ ਜੋ ਕਰ ਸਕਦਾਂ, ਉਹ ਕਰ ਰਿਹਾਂ ਆਂ; ਮੇਰਾ ਕੰਮ ਲਿਖਣਾ ਹੈ।…ਅਗਵਾਈ ਕਰਨ ਵਾਲੇ ਵੀ ਪੈਦਾ ਹੋ ਜਾਣਗੇ।…” ਉਨ੍ਹਾਂ ਵੱਲੋਂ ਆਪਣੀ ਕਾਰਜਸ਼ੈਲੀ ਦੀ ਸੀਮਾ-ਰੇਖਾ ਬਾਰੇ ਦਿੱਤੇ ਸਪਸ਼ਟ ਅਤੇ ਬੇਬਾਕ ੳੁੱਤਰ ਅੱਗੇ ਮੈਂ ਨਿਰੁੱਤਰ ਸਾਂ।

ਹੁਣ ਕੁਝ ਸਾਲਾਂ ਦੇ ਵਕਫੇ ਬਾਅਦ ‘ਪੰਜਾਬ ਦੀ ਹਸਤੀ’ ਦੇ ਪੁਨਰਪਾਠ ਨੇ ਮੇਰੇ ਮਨ ਅੰਦਰ ਇਸ ਦੀ ਸ  ਮਕਾਲੀ ਅਤੇ ਭਵਿਖਮੁਖੀ ਸਾਰਥਕਤਾ ਨੂੰ ਨਵੇਂ ਸਿਰਿਓਂ ਸਮਝਣ ਅਤੇ ਸੰਬਾਦ ਰਚਾਉਣ ਦੀ ਚੇਸ਼ਟਾ ਨੂੰ ਮੁੜ ਜਗਾਇਆ ਹੈ। ਇਹ ਸਟੀਕ-ਰਚਨਾ ‘ਕੁੱਜੇ ਵਿਚ ਸਮੁੰਦਰ’ ਦੀ ਨਿਆਈਂ ਪੰਜਾਬ ਦੇ ਪੁਨਰ-ਨਿਰਮਾਣ ਅਤੇ ਵਿਕਾਸ-ਵਿਉਂਤਬੰਦੀ ਨੂੰ ਨਿਰਦੇਸ਼ਤ ਕਰਨ ਵਾਲੀਆਂ ਬਹੁਪੱਖੀ ਤੇ ਬਹੁਪਰਤੀ ਕਾਰਜ-ਦਿਸ਼ਾਵਾਂ, ਸੰਭਾਵਨਾਵਾਂ ਅਤੇ ਵਿਸਮਾਦੀ ਰਮਜ਼ਾਂ ਨੂੰ ਸਮੋਈ ਬੈਠੀ ਹੈ। ਇਸ ਲਿਖਤ ਨੂੰ ਭਵਿੱਖ ਵਿਚ ਵਿੱਢੀ ਜਾਣ ਵਾਲੀ ਬਦਲ ਅਤੇ ਬਦਲਾਓ ਦੀ ਕਿਸੇ ਵਿਕਾਸਮੁਖ ਲਹਿਰ ਦੀ ਬੁਨਿਆਦੀ ਅਤੇ ਦਿਸ਼ਾਸੂਚਕ ਭੂਮਿਕਾ ਦੇ ਰੂਪ ਵਿਚ ਵਿਚਾਰਨਾ ਅਤੇ ਗ੍ਰਹਿਣ ਕਰਨਾ ਇਕ ਸਾਰਥਕ ਅਭਿਆਸ ਹੋ ਸਕਦਾ ਹੈ। ਡਾ. ਸਾਹਿਬ ਦੀਆਂ ਹੋਰਨਾਂ ਰਚਨਾਵਾਂ, ਵਿਸ਼ੇਸ਼ ਕਰ ‘ਵਿਸਮਾਦੀ ਪੂੰਜੀ’ ਨਾਲ ਮੇਲ-ਤੁਲਨਾਅ ਕੇ ‘ਪੰਜਾਬ ਦੀ ਹਸਤੀ’ ਹੋਰ ਵੀ ਵਧੇਰੇ ਸਾਰਥਕ ਤਰੀਕੇ ਨਾਲ ਸਮਝੀ ਜਾ ਸਕਦੀ ਹੈ।

-2-

ਪੰਜਾਬ ਦੀ ਹਸਤੀ ਦੀ ਬੁਨਿਆਦ ਵਿਚ ਕਾਰਜਸ਼ੀਲ, ਲੁਪਤ ਤੱਤਾਂ ਦੀ ਤਲਾਸ਼ ਅਤੇ ਪੇਸ਼ਕਾਰੀ ਦੀ ਕਵਾਇਦ ਪਿੱਛੇ ਡਾ. ਗੁਰਭਗਤ ਸਿੰਘ ਦੇ ਮਨਮੰਦਰ ਵਿਚ ਵਿਸ਼ਵ ਪੱਧਰ ਉਤੇ ਪੰਜਾਬ ਨੂੰ ਭਰਪੂਰ ਵਿਕਸਤ ਰੂਪ ਵਿਚ ਜੇਤੂ ਦੇਖਣ ਦੀ ਤੀਬਰ ਤੇ ਪ੍ਰਬਲ ਖ਼ਾਹਿਸ਼, ਪ੍ਰਤੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ। ਪੰਜਾਬ ਦੀ ਜਿੱਤ ਅਤੇ ਇਸ ਦੇ ਭਰਪੂਰ ਵਿਕਾਸ ਦੇ ਵਿਭਿੰਨ ਪਾਸਾਰਾਂ ਨੂੰ ਸਿਧਾਂਤਬੱਧ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਇਸ ਲਿਖਤ ਵਿਚ ਜਿੱਤ ਅਤੇ ਵਿਕਾਸ ਦੀਆਂ ਧਾਰਨਾਵਾਂ ਨੂੰ ਪਰਿਭਾਸ਼ਤ ਕੀਤਾ ਹੈ:

“ਜੇਤੂ ਹੋਣ ਦਾ ਅਰਥ ਆਪਣੇ ਭਰਪੂਰ ਵਿਕਾਸ ਵੱਲ ਅੱਗੇ ਵਧਣਾ ਹੈ। ਭਰਪੂਰ ਵਿਕਾਸ ਦਾ ਮਤਲਬ ਆਪਣੀ ਹਸਤੀ ਨੂੰ ਨਿਖਾਰਨਾ ਅਤੇ ਵਿਲੱਖਣਤਾ ਕਾਇਮ ਰੱਖਣਾ ਹੈ।”

ਵਿਚਾਰਾਧੀਨ ਲਿਖਤ ਵਿਚ ਪੰਜਾਬ ਨੂੰ ਮਾਡਲ ਵਜੋਂ ਬਣਦਾ ਰੋਲ ਅਦਾ ਕਰਨ ਵੱਲ ਅੱਗੇ ਵਧਣ ਲਈ ਪਹਿਲਾਂ ਆਪਣੀ ਸਿਧਾਂਤਕ ਹਸਤੀ ਨੂੰ ਸੁਚੇਤ ਹੋ ਕੇ ਪਛਾਣਨ ਉਤੇ ਜ਼ੋਰ ਦਿੱਤਾ ਗਿਆ ਹੈ। ਹਸਤੀ ਦੀ ਪਛਾਣ, ਆਪਣੇ ਨਿੱਜੀ ਅਤੇ ਸਮੂਹਿਕ-ਸੱਭਿਆਚਾਰਕ ਆਪੇ, ਦੋਵੇਂ ਪਾਸਾਰਾਂ ਦੀ ਪਛਾਣ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਨਜ਼ਰੀਏ ਤੋਂ ਇਹ ਆਪਣੇ ਮੂਲ ਦੀ ਪਛਾਣ ਹੈ:

– ਮਨ ਤੂ ਜੋਤਿ ਸਰੂਪ ਹੈ ਅਪਣਾ ਮੂਲ ਪਛਾਣ॥
– ਆਪੁ ਪਛਾਣੈ ਸੋ ਸਭਿ ਗੁਣ ਜਾਣੈ॥

ਵਿਕਾਸ ਦਾ ਪਹਿਲਾ ਕਦਮ ਆਪਣੀ ਹਸਤੀ ਜਾਂ ਸਵੈ ਦੀ ਪਛਾਣ ਨੂੰ ਪਰਵਾਨ ਕੀਤਾ ਗਿਆ ਹੈ। ਸੋ ਪਹਿਲਾਂ ਇਹ ਸਮਝਣਾ ਪਏਗਾ ਕਿ ਸਵੈ-ਪਛਾਣ ਕੀ ਹੈ? ਜੀਵਨ ਅਤੇ ਜਗਤ/ਸਮਾਜ ਦੇ ਅਭਿਆਸ-ਵਰਤਾਰੇ ਵਿਚ ਸਾਡੀ ਹੋਂਦ ਦੇ ਨਿਰਧਾਰਕ ਤੱਤਾਂ, ਜਿਵੇਂ ਜੈਵਿਕ ਤੇ ਸੱਭਿਆਚਾਰਕ ਵਿਰਾਸਤ, ਮੌਜੂਦਾ ਸਮੇਂ ਦੇ ਸਥਾਨਕ ਅਤੇ ਵਿਸ਼ਵੀ ਜਾਂ ਬ੍ਰਹਿਮੰਡੀ ਵਾਤਾਵਰਨ ਵਿਚ ਕਾਰਜਸ਼ੀਲ ਤਮਾਮ ਬੁਨਿਆਦੀ ਢਾਂਚਿਆਂ/ਪ੍ਰਬੰਧਾਂ ਦੇ ਬਹੁਪਰਤੀ ਤੇ ਬਹੁਪਾਸਾਰੀ ਰੋਲ ਜਾਂ ਯੋਗਦਾਨ ਦੀ ਸਮਝ ਹੀ ਸਵੈ-ਪਛਾਣ ਹੈ। ਕਿਸੇ ਕੌਮ, ਸਟੇਟ ਜਾਂ ਸੱਭਿਆਚਾਰਕ ਵਰਗ ਦੀ ਹਸਤੀ ਜਾਂ ਪਛਾਣ ਦੇ ਸੰਦਰਭ ਵਿਚ ਉਸ ਦੀਆਂ ਆਪਣੀਆਂ ਵਿਸ਼ੇਸ਼ ਅਤੇ ਸਮੂਹਿਕ ਖੂਬੀਆਂ, ਸਮਰੱਥਾਵਾਂ ਤੇ ਸੰਭਾਵਨਾਵਾਂ ਦੀ ਸਮਝ ਦੇ ਨਾਲ ਨਾਲ ਖਾਮੀਆਂ ਤੇ ਚੁਣੌਤੀਆਂ ਦੀ ਸਮਝ ਵੀ ਸ਼ਾਮਲ ਹੈ। ਹਸਤੀ ਦੀ ਵਿਲੱਖਣਤਾ ਨੂੰ ਪਛਾਣ ਕੇ ਆਪਣੀਆਂ ਖੂਬੀਆਂ ਤੇ ਸਮਰੱਥਾਵਾਂ ਨੂੰ ਸਸ਼ਕਤ ਬਣਾਉਣਾ ਅਤੇ ਖਾਮੀਆਂ ਨੂੰ ਦੂਰ ਕਰਕੇ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਹੋਣਾ, ਵਿਕਾਸ ਪ੍ਰਕਿਰਿਆ ਨੂੰ ਗਤੀ ਦੇਣ ਵਾਲਾ ਗੁਰ-ਸੂਤਰ ਹੈ। ਇਹੀ ਆਪਣੀ ਵਿਲੱਖਣ ਹਸਤੀ ਨੂੰ ਨਿਖਾਰਨਾ ਅਤੇ ਭਰਪੂਰ ਵਿਕਾਸ ਵੱਲ ਅੱਗੇ ਵਧਣਾ ਜਾਂ ਕਿਰਿਆਸ਼ੀਲ ਹੋਣਾ ਹੈ।

‘ਪੰਜਾਬ ਦੀ ਹਸਤੀ’ ਰਚਨਾ, ਇਕ ਬੁਨਿਆਦੀ ਸਵਾਲ ਨੂੰ ਨਜਿੱਠਣ ਵੱਲ ਸੇਧਤ ਮਾਲੂਮ ਪੈਂਦੀ ਹੈ ਕਿ ਪੰਜਾਬ ਦੀ ਹਸਤੀ ਨੂੰ ਦ੍ਰਿਸ਼ਟਮਾਨ ਕਰਨ ਦੇ ਸਮਰੱਥ ਸਾਂਝਾ ਸੁਪਨਾ ਜਾਂ ਯੂਟੋਪੀਆ ਕੀ ਹੋ ਸਕਦਾ ਹੈ? ਇਸ ਰਚਨਾ ਦੇ ਪੁਨਰਪਾਠ ਤੋਂ ਮਿਲਦੇ ਗਿਆਨਵਰ ਸੰਕੇਤਾਂ ਤੋਂ ਉਜਾਗਰ ਹੁੰਦਾ ਹੈ ਕਿ ਪੰਜਾਬ ਦਾ ਸਾਂਝਾ ਸੁਪਨਾ ਇਥੋਂ ਦੀ ਵਿਲੱਖਣ ਸਿਧਾਂਤਕ ਵਿਰਾਸਤ, ਅਰਥਾਤ ਵਿਸਮਾਦੀ ਵਿਰਾਸਤ ਤੋਂ ਦਿਸ਼ਾ/ਅਗਵਾਈ ਲੈ ਕੇ ਸਵੈ-ਪ੍ਰਫੁੱਲਤ ਹੋਣਾ ਅਤੇ ਭਾਰਤ ਸਮੇਤ ਵਿਸ਼ਵ ਭਰ ਦੇ ਮਾਨਵੀ ਜੀਵਨ ਅਤੇ ਚਿੰਤਨ ਨਾਲ ਸੰਬੰਧਤ ਸਰਬੱਤ ਬੁਨਿਆਦੀ ਢਾਂਚਿਆਂ/ਪ੍ਰਬੰਧਾਂ ਦੇ ਨੈੱਟਵਰਕ (ਜਿਵੇਂ ਜੀਵਨ-ਅਭਿਆਸ, ਚਿੰਤਨ, ਸਮਾਜਕ-ਸੱਭਿਆਚਾਰਕ-ਆਰਥਿਕ-ਰਾਜਸੀ ਸ਼ਕਤੀਆਂ, ਪੂੰਜੀ, ਮੰਡੀ ਆਦਿ) ਨੂੰ ਵਿਸਮਾਦੀ ਚਿੰਤਨ ਅਨੁਸਾਰ ਉਸਾਰਨਾ ਹੈ। ਇਸ ਅੰਤਰਸੱਭਿਆਚਾਰਕ ਸੰਬਾਦੀ ਵਿਸਮਾਦੀ ਚਿੰਤਨ ਦੇ ਅਭਿਆਸ ਰਾਹੀਂ ਪੰਜਾਬ ਨੇ ਸਰਬੱਤ ਮਾਨਵੀ ਸੱਭਿਅਤਾ ਦੀ ਪ੍ਰਫੁੱਲਤਾ ਵਿਚ ਮੋਹਰੀ ਭੂਮਿਕਾ ਨਿਭਾਉਣ ਦੇ ਸਮਰੱਥ ਵੀ ਹੋਣਾ ਹੈ ਅਤੇ ਸ਼ਰੀਕ ਵੀ। ਵਿਸ਼ਵ ਮੰਡੀ ਵਿਚ ਸ਼ਰੀਕ ਹੋ ਕੇ ਆਪਣੀ ਹਸਤੀ ਬਾਰੇ ਸਵੈ-ਚੇਤਨਤਾ ਨੂੰ ਕਾਇਮ ਰੱਖਦੇ ਹੋਏ ਸਵੈ-ਪ੍ਰਫੁੱਲਿਤ ਵੀ ਹੋਣਾ ਹੈ ਅਤੇ ਵਿਸ਼ਵ ਆਰਥਿਕਤਾ ਨੂੰ ਦਿਸ਼ਾ ਦੇਣ ਲਈ ਅਗਵਾਈ ਵੀ ਕਰਨੀ ਹੈ। ਇਸ ਅਭਿਆਸ ਵਿਚ ਅੰਤਰਰਾਸ਼ਟਰੀ ਜਾਂ ਵਿਸ਼ਵੀ ਸ਼ਕਤੀਆਂ ਨਾਲ ਤਾਲਮੇਲੀ ਰਿਸ਼ਤੇ ਗੰਢ ਕੇ ਪੂੰਜੀ ਵਧਾਉਣਾ ਵੀ ਸ਼ਾਮਲ ਹੈ।

ਡਾ. ਸਾਹਿਬ ਦਾ ਮੰਨਣਾ ਹੈ ਕਿ ਪੂੂੰਜੀ ਦਾ ਅਰਥ ਕੇਵਲ ਧਨ ਨਹੀਂ।… ਪੂੰਜੀ ਵਿਚ ਉਹ ਸਾਰਾ ‘ਨੈੱਟਵਰਕ’ ਸ਼ਾਮਲ ਹੈ ਜਿਸ ਰਾਹੀਂ ਪੂੰਜੀ ਵਧਦੀ ਹੈ। ‘ਵਿਸਮਾਦੀ ਪੂੰਜੀ’ ਵਿਚ ਲਿਖਦੇ ਹਨ ਕਿ ਪੰਜਾਬ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਇਸ ਦੇ ਸਿੱਖ ਵਿਰਸੇ ਨੇ ਵਿਸਮਾਦੀ ਜੀਵਨ ਅਤੇ ਸਮਾਜ ਦਾ ਸੰਕਲਪ ਦਿੱਤਾ ਹੈ। ਅਜੋਕੀ ਸੂਦ ਲਈ ਸੰਚਾਲਤ/ਲੋਟੂ ਪੂੰਜੀ ਦੀ ਥਾਂ ਵਿਸਮਾਦੀ ਪੂੰਜੀ ਬਾਰੇ ਸੋਚਣ ਦੀ ਸੰਭਾਵਨਾ ਬਣਾਈ ਹੈ। ਅੱਜ ਤਕ ਅਸੀਂ ਸੂਦ ਲਈ ਸੰਚਾਲਤ/ਲੋਟੂ ਪੂੰਜੀ ਤੋਂ ਅੱਗੇ ਨਿਆਂਪੂਰਕ ਪੂੰਜੀ ਤਕ ਹੀ ਪਹੁੰਚੇ ਹਾਂ। ਇਸ ਤੋਂ ਅਗਲੇਰਾ ਪੜਾਅ ਵਿਸਮਾਦੀ ਪੂੰਜੀ ਦੇ ਚਿੰਤਨ ਅਤੇ ਅਭਿਆਸ ਦਾ ਹੋਵੇਗਾ।… ਵਿਸਮਾਦੀ ਪੂੰਜੀ ਉਹੀ ਹੋਵੇਗੀ ਜਿਸ ਦਾ ਵਿਸਥਾਰ ਵਚਿੱਤਰਤਾ ਨਾਲ ਜੁੜਿਆ ਹੋਵੇ। ਇਸ ਮੰਤਵ ਲਈ ਦਾਰਸ਼ਨਿਕ ਅਤੇ ਰਾਜਨੀਤਕ ਚਿੰਤਨ ਵੀ ਬਦਲਣਾ ਪਵੇਗਾ। ਵਿਸਮਾਦੀ ਪੂੰਜੀ ਹੀ ਵਰਗਾਂ ਦਾ ਭੇੜ ਜਾਂ ਸੱਭਿਆਤਾਵਾਂ ਦਾ ਭੇੜ ਖਤਮ ਕਰ ਸਕਦੀ ਹੈ।

ਪਰੰਤੂ ਵਿਸਮਾਦੀ ਚਿੰਤਨ ਅਨੁਸਾਰ ਪੂੰਜੀ, ਤਾਂ ਹੀ ਪਰਮਾਣੀਕ ਹੈ ਜੇ ਇਹ ਵਿਸਮਾਦੀ ਹੈ। ‘ਪੰਜਾਬ ਦੀ ਹਸਤੀ’ ਦੇ ਸੰਦਰਭ ਵਿਚ “ਵਿਸਮਾਦੀ ਪੂੰਜੀ ਦਾ ਅਰਥ ਇਸ ਦਾ ਬਹੁਪੱਖੀ ਸਿਰਜਨਾ ਦੇ ਨਾਲ ਅਤੇ ਇਸ ਦੇ ਕਰਤਾਰ ਨਾਲ ਇਕਸੁਰ ਹੋਣਾ ਹੈ। ਸਾਰੇ ਨੈੱਟਵਰਕ ਇਸ ਤਰ੍ਹਾਂ ਸਥਾਪਤ ਕੀਤੇ ਜਾਣ ਕਿ ਵਿਸਮਾਦ ਝਰਦਾ ਰਹੇ। ਪੂੰਜੀ ਨੂੰ ਪਾਵਨ ਪੂੰਜੀ ਵਜੋਂ ਪ੍ਰਾਪਤ (ਗ੍ਰਹਿਣ) ਕਰਨਾ ਅਤੇ ਅੱਗੋਂ ਵਿਕਸਿਤ ਕਰਨਾ ਤਦ ਹੀ ਸੰਭਵ ਹੈ, ਜੇ ਪੂੰਜੀ ਵਿਚ ਨਿਆਂ ਦਾ ਮੁੱਦਾ ਅਤੇ ਕਾਇਨਾਤੀ ਸ਼ਾਇਰੀ ਦਾ ਮੁੱਦਾ ਕਾਇਮ ਰਹਿਣ।”

ਇਸ ਤਰ੍ਹਾਂ ਵਿਸਮਾਦੀ ਪੂੰਜੀ ਦੇ ਚਿੰਤਨ ਦੁਆਰਾ ਪੰਜਾਬ ਦੇ ਭਰਪੂਰ ਵਿਕਾਸ ਜਾਂ ਇਸ ਨੂੰ ਜੇਤੂ ਦੇਖਣ ਦੀ ਸ਼ਿੱਦਤ-ਭਰਪੂਰ ਖਾਹਿਸ਼ ਰੱਖਣ ਵਾਲੇ ਡਾ. ਗੁਰਭਗਤ ਸਿੰਘ ਪੰਜਾਬ ਦੇ ਸੁਪਨਸਾਜ਼-ਚਿੰਤਕਾਂ ਵਿਚ ਸ਼ੁਮਾਰ ਹੁੰਦੇ ਹਨ।

-3-

ਪੰਜਾਬ ਦੀ ਸਿਧਾਂਤਕ ਵਿਰਾਸਤ, ਜੀਵਨ ਅਤੇ ਸਮਾਜ ਦੇ ਭਰਪੂਰ ਵਿਕਾਸ ਸੰਬੰਧੀ ਕੇਵਲ ਇਸ ਖਿੱਤੇ ਲਈ ਹੀ ਨਹੀਂ ਬਲਕਿ ਵਿਸ਼ਵ-ਪੱਧਰ ਦੇ ਇਕ ਵਿਵਹਾਰਕ ਮਾਡਲ ਨੂੰ ਸਾਕਾਰ ਕਰਨ ਦੇ ਹਰ ਤਰ੍ਹਾਂ ਸਮਰੱਥ ਹੈ। ਪੰਜਾਬ ਦੇ ਅਵਚੇਤਨ ਵਿਚ ਸਾਂਭੀਆਂ ਹੋਈਆਂ ਇਤਿਹਾਸਕ, ਭੂਗੋਲਿਕ ਤੇ ਧਰਮੋ-ਸਭਿਆਚਾਰਕ ਵਿਸ਼ੇਸ਼ਤਾਈਆਂ ਅਤੇ ਸਿਮਰਤੀਆਂ, ਸਭ ਇਸ ਦੀ ਸਿਧਾਂਤਕ ਵਿਰਾਸਤ ਹੈ। ਇਨ੍ਹਾਂ ਸਿਮਰਤੀਆਂ ਨੇ ਹੀ ਪੰਜਾਬੀ ਮਾਨਸਿਕਤਾ ਦੀ ਸਿਰਜਨਾਤਮਿਕ ਬਣਤਰ ਵਿਚ ਬਹੁਧਰਮੀ ਅਤੇ ਬਹੁਸੱਭਿਆਚਾਰਕ ਵਿਲੱਖਣਤਾਵਾਂ ਨੂੰ ਸਮੋ ਕੇ ਪੰਜਾਬ ਦੀ ਵਿਰਾਸਤੀ ਪਛਾਣ ਜਾਂ ਹਸਤੀ ਨੂੰ ਘੜਿਆ  ਹੈ। ਡਾ. ਸਾਹਿਬ ਨੇ ਪੰਜਾਬੀ ਮਾਨਸਿਕਤਾ ਵੱਲੋਂ ਆਪਣੀ ਵਿਰਾਸਤ ਨੂੰ ਭੁੱਲ ਜਾਣ ਜਾਂ ਭੁਲਾ ਦੇਣ ਦੀ ਪ੍ਰਵਿਰਤੀ ਤੋਂ ਹਰ ਤਰ੍ਹਾਂ ਸਾਵਧਾਨ ਕਰਦੇ ਹੋਇਆਂ, ਨਿਰਸੰਕੋਚ ਵਿਰਸੇ ਦੀਆਂ ਖੂਬੀਆਂ ਅਤੇ ਖਾਮੀਆਂ, ਦੋਹਾਂ ਦੀ ਸ਼ਨਾਖਤ ਕਰਵਾਈ ਹੈ।

ਉਨ੍ਹਾਂ ਪੰਜਾਬ ਦੀ ਹਸਤੀ ਨੂੰ ਘੜਣਹਾਰ ਨਿਰਧਾਰਕ ਤੱਤਾਂ ਵਿਚ ਭਾਰਤੀ ਉਪਮਹਾਂਦੀਪ ਦੇ ਧਰਮਪੰਥਾਂ ਅਤੇ ਧਰਮਗ੍ਰੰਥਾਂ ਦੇ ਇਤਿਹਾਸਕ ਯੋਗਦਾਨ ਅਤੇ ਵਿਰਾਸਤੀ ਸਾਰਥਿਕਤਾ ਨੂੰ ਪ੍ਰਮਾਣਿਕ ਰੂਪ ਵਿਚ ਪ੍ਰਵਾਨ ਕੀਤਾ ਹੈ; ਬੇਸ਼ੱਕ ਇਹ ਪ੍ਰਵਾਨਗੀ ਇਕ ਉਸਾਰੂ ਮੁਲਾਂਕਣੀ ਪ੍ਰਕਿਰਿਆ ਵਿਚੋਂ ਲੰਘ ਕੇ ਹਾਸਲ ਹੁੰਦੀ ਹੈ। ਪੰਜਾਬ ਦੀ ਹਸਤੀ ਦੇ ਸਿਧਾਂਤਕ ਅਧਾਰ-ਤੱਤਾਂ ਦੀ ਸ਼ਨਾਖਤ ਕਰਦਿਆਂ ਡਾ. ਗੁਰਭਗਤ ਸਿੰਘ ਨੇ ਚਿੰਤਨ ਦੇ ਪੱਧਰ ਉਤੇ ਇੱਥੇ ਵਾਪਰੀਆਂ ਦੋ ਕ੍ਰਾਂਤੀਆਂ ਦੇ ਭਰਪੂਰ ਯੋਗਦਾਨ ਦੀ ਨਿਸ਼ਾਨਦੇਹੀ ਕੀਤੀ ਹੈ। ਪਹਿਲੀ ਰਿਗਵੇਦਿਕ ਕ੍ਰਾਂਤੀ, ਜੋ ਰਿਗਵੇਦ ਅਤੇ ਇਸ ਨਾਲ ਸੰਬੰਧਤ ਰਚਨਾਵਾਂ ਨੇ ਲਿਆਂਦੀ। ਦੂਜੀ, ਸਿੱਖ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਵਿਸਮਾਦੀ ਕ੍ਰਾਂਤੀ, ਜਿਸ ਨੂੰ ਉਨ੍ਹਾਂ ਵੇਦਾਂਤ ਦੀ ਇਕਾਤਮਕ ਸੋਚ ਤੇ ਅਭਿਆਸ ਦੇ ਵਿਰੋਧ ਵਜੋਂ ਸਥਾਪਤ ਮੱਤ, ਬੋਧੀ ਸਹਜਯਾਨ ਦੇ ਵਿਲੱਖਣਵਾਦ ਦੀ ਦਿਸ਼ਾ ਵਿਚ ਉਠਾਏ ਗਏ ਕਦਮਾਂ ਦੀ ਨਿਰੰਤਰਤਾ ਵਿਚ ਸਹਜਯਾਨੀ ਜਗਤ-ਦ੍ਰਿਸ਼ਟੀ ਦੀ ਪੂਰਨਤਾ ਸਵੀਕਾਰਿਆ ਹੈ। ਉਪਰੋਕਤ ਅਸਪਸ਼ਟ ਨੁਕਤੇ, ਸ਼ੰਕਾਗ੍ਰਸਤ ਹਨ, ਜੋ ਡੂੰਘੀ ਪੜਚੋਲ ਅਤੇ ਵਧੇਰੇ ਵਿਆਖਿਆ ਦੀ ਮੰਗ ਕਰਦੇ ਹਨ।

ਦੂਜੀ ਕ੍ਰਾਂਤੀ ਦਾ ਵਿਸਮਾਦੀ ਚਿੰਤਨ ਅਤੇ ਅਭਿਆਸ, ਪੰਜਾਬ ਦੀ ਹਸਤੀ ਨੂੰ ਨਿਰਧਾਰਤ ਕਰਨਹਾਰ ਇਥੋਂ ਦੀ ਚਿੰਤਨਸ਼ੀਲ ਅਤੇ ਗਤੀਸ਼ੀਲ ਵਿਰਾਸਤ ਦੀ ਸਿਖਰ ਹੈ ਜਿਸ ਨੂੰ ਉਨ੍ਹਾਂ ‘ਪੰਜਾਬ ਦੀ ਬਹੁਤ ਵੱਡੀ ਪ੍ਰਾਪਤੀ’ ਦੱਸਿਆ ਹੈ। ਮੌਜੂਦਾ ਸਮੇਂ ਇਸ ਵਿਸਮਾਦੀ ਪਰਿਪੇਖ ਦਾ ਸਿਧਾਂਤਕ ਸਰੋਤ ਗੁਰੂ ਗ੍ਰੰਥ ਸਾਹਿਬ ਹੈ ਜਿਸ ਦਾ ਪ੍ਰਵਚਨ ਬ੍ਰਹਿਮੰਡੀ ਅਤੇ ਜੀਵਨ ਅਭਿਆਸ ਨਾਲ ਸੰਬੰਧਤ ਤਮਾਮ ਸੰਰਚਨਾਵਾਂ ਅਤੇ ਪ੍ਰਬੰਧਾਂ ਨੂੰ ਵਿਸਮਾਦੀ ਚਿੰਤਨ ਅਨੁਸਾਰ ਸਮਝਣ ਤੇ ਉਸਾਰਨ ਲਈ ਪ੍ਰੇਰਨਾਤਮਕ ਤੇ ਪ੍ਰੇਮਾਤਮਕ ਜੁਗਤਕਾਰੀ ਪੇਸ਼ ਕਰਦਾ ਹੈ। ‘ਵਿਸਮਾਦੀ ਪੂੰਜੀ’ ਵਿਚ ਵੀ ਡਾ. ਗੁਰਭਗਤ ਸਿੰਘ ਪੰਜਾਬ ਦੇ ਵਿਸਮਾਦੀ ਚਿੰਤਨ ਅਤੇ ਅਭਿਆਸ ਨੂੰ ਸਮਕਾਲੀ ਗੌਰਵ ਨਾਲ ਪਛਾਣਦੇ ਹੋਇਆਂ ਜਿਥੇ ਗੁਰੂ ਗ੍ਰੰਥ ਸਾਹਿਬ ਨੂੰ ਇਸ ਦਾ ਮੂਲ ਸਰੋਤ ਪਰਵਾਨ ਕਰਕੇ ਤੁਰਦੇ ਹਨ, ਉਥੇ  ਆਸਵੰਦ ਨਜ਼ਰੀਏ ਤੋਂ ਇਸ ਵਿਸਮਾਦੀ ਵਿਰਸੇ ਨੂੰ ਸਮਕਾਲੀ ਵਿਸ਼ਵ ਲਈ ਇਕ ਬਦਲ ਵਜੋਂ ਵਿਚਾਰਨ ਉਤੇ ਬਲ ਦਿੰਦੇ ਹਨ।4 ਨਿਰਸੰਦੇਹ ਗੁਰੂ ਗ੍ਰੰਥ ਸਾਹਿਬ ਦਾ ਵਿਸਮਾਦੀ ਚਿੰਤਨ, ਪੰਜਾਬ ਦੀ ਸਿਧਾਂਤਕ ਵਿਰਾਸਤ ਹੈ। ਇਸ ਸੱਚ ਨੂੰ ਸੰਕੀਰਨਤਾਵਾਂ ਅਤੇ ਕੱਟੜ ਮਾਨਸਿਕਤਾ ਤੋਂ ਉਪਰ ਉਠ ਕੇ ਗ੍ਰਹਿਣ ਕਰਨਾ, ਪੂਰੇ ਪੰਜਾਬੀ ਭਾਈਚਾਰੇ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ।

ਡਾ. ਗੁਰਭਗਤ ਸਿੰਘ ਨੂੰ ਇਥੋਂ ਦੇ ਰਾਜਨੀਤਕਾਂ ਵੱਲੋਂ ਸੈਕੂਲਰ ਦਿੱਖ ਕਾਇਮ ਕਰਨ ਦੇ ਭਰਮ ਵਿਚ ਪੰਜਾਬ ਦੀ ਇਸ ਅਸਲ ਅਤੇ ਵਿਲੱਖਣ ਸਿਧਾਂਤਕ ਵਿਰਾਸਤ ਨੂੰ ਅਣਗੌਲਿਆਂ ਕਰਕੇ ਨਿਰਅਭਿਆਸੀ ਰੱਖਣ ਦਾ ਡਾਢਾ ਮਲਾਲ ਹੈ। ਉਹ ਸਮਝਦੇ ਹਨ ਕਿ ਵਰਤਮਾਨ ਸਮੇਂ ਰਾਜਸੀ ਧਿਰਾਂ (ਅਤੇ ਚਿੰਤਕਾਂ ਦੇ ਇਕ ਵਰਗ) ਵੱਲੋਂ ਆਪਣੇ ਅਕਸ ਨੂੰ ‘ਸੈਕੂਲਰ’ ਬਣਾਈ ਰੱਖਣ ਦੀ ਪ੍ਰਵਿਰਤੀ ਅਧੀਨ ਵਿਸਮਾਦੀ ਵਿਰਾਸਤ ਦੇ ਸਮਾਜਕ-ਆਰਥਕ-ਰਾਜਨੀਤਕ ਅਭਿਆਸ ਨੂੰ ਪਿੱਛੇ ਪਾ ਦਿੱਤਾ ਹੈ। ਇਸ ਨਾਕਾਰਾਤਮਿਕ ਸੋਚ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਜਿਸ ਲਈ ਪੰਜਾਬ ਦੀਆਂ ਸਭ ਰਾਜਸੀ ਧਿਰਾਂ ਬਰਾਬਰ ਦੋਸ਼ੀ ਹਨ। ਦੂਜੇ ਪਾਸੇ, ਉਹ ਪੰਜਾਬੀ ਲੋਕਾਂ ਦੀ ਗਤੀਸ਼ੀਲ ਮਾਨਸਿਕਤਾ ਤੋਂ ਡਾਢੇ ਆਸਵੰਦ ਹੋਏ ਨਵੇਂ ਗਿਆਨ ਨਾਲ ਦਿਸ਼ਾਵੰਤ ਹੋਣ ਦੀ ਤਵੱਕੋ ਕਰਦੇ ਹਨ। ਆਪਣੀ ਪੁਸਤਕ ‘ਵਿਸ਼ਵ ਚਿੰਤਨ ਅਤੇ ਪੰਜਾਬੀ ਸਾਹਿਤ’ ਵਿਚ ਇਕ ਥਾਂ ਲਿਖਦੇ ਹਨ ਕਿ ਪੰਜਾਬੀ ਮਨ ਸੰਜੋਗੀ, ਸੰਗਠਨਾਤਮਕ ਅਤੇ ਜੀਵਨਮੁਖੀ ਹੈ, ਇਸ ਲਈ ਪਰਿਵਰਤਨ ਅਤੇ ਸਰਬਾਂਗਿਤ ਵੱਲ ਆਕਰਸ਼ਿਤ ਹੈ। ਇਸ ਦੇ ਸੰਸਕਾਰ, ਅਣਆਰਿਆਈ ਵਿਰਸੇ ਨਾਲ ਵਧੇਰੇ ਸੰਬੰਧਤ ਹਨ। ਨਵੇਂ ਗਿਆਨ ਅਤੇ ਨਵੀਆਂ ਇਤਿਹਾਸਕ ਸਥਿਤੀਆਂ ਵਿਚ ਇਹ ਬਦਲ ਕੇ ਹੋਰ ਤੀਖਣ ਅਤੇ ਸਸ਼ਕਤ ਵੀ ਹੋ ਸਕਦੇ ਹਨ ਅਤੇ ਯੋਗ ਦਿਸ਼ਾ ਤੋਂ ਬਿਨਾਂ ਕੇਵਲ ਅਣਆਰਿਆਈ ਮੱਧਸ਼੍ਰੇਣਿਕ ਇਕਾਂਗਤਾ ਵਿਚ ਵੀ ਬਦਲ ਸਕਦੇ ਹਨ।

ਇਸ ਤਰ੍ਹਾਂ ਪੰਜਾਬ ਦਾ ਹਸਤੀ-ਸਿਧਾਂਤ ਆਪਣੀ ਅਮੀਰ ਸਿਧਾਂਤਕ ਵਿਰਾਸਤ ਵਿਚ ਕਾਰਜਸ਼ੀਲ ਰਹੇ ਆਰੀਆਈ, ਗੈਰਆਰੀਆਈ ਧਰਮੋ-ਸੱਭਿਆਚਾਰਕ ਅਨੇਕਾਂ ਐਸੇ ਤੱਤਾਂ ਨੂੰ ਸਮੋਂਦਾ ਹੋਇਆ ਨਵੇਂ ਪ੍ਰਸੰਗਾਂ ਅਤੇ ਨਵੇਂ ਅਰਥਾਂ ਨੂੰ ਗ੍ਰਹਿਣ ਕਰਕੇ ਰੂਪਮਾਨ ਹੁੰਦਾ ਹੈ ਜਿਨ੍ਹਾਂ ਨੂੰ ਸਮਕਾਲੀ ਚਿੰਤਨ ਦੀ ਭਾਸ਼ਾ ਵਿਚ ‘ਸੁਰਾਗ’ (ਟਰੳਚੲਸ) ਅਤੇ ‘ਪੁਰਾਲੇਖ’ (ੳਰਚਹਵਿੲਸ) ਕਿਹਾ ਗਿਆ ਹੈ। ਪੰਜਾਬ ਨੇ ਆਪਣੇ ਅਵਚੇਤਨ ਵਿਚ ਰਿਗਵੇਦਿਕ, ਬੋਧੀ ਸਹਜਯਾਨ ਅਤੇ ਗੁਰਬਾਣੀ ਦੇ ਵਿਸਮਾਦੀ ਚਿੰਤਨ ਦੀਆਂ ਅਨੇਕ ਕ੍ਰਾਂਤੀਕਾਰੀ ਸਿਮਰਤੀਆਂ ਨੂੰ ਸਾਂਭਿਆ ਹੋਇਆ ਹੈ। ਜਿਵੇਂ ਡਾ. ਗੁਰਭਗਤ ਸਿੰਘ ਨੇ ‘ਪੰਜਾਬ ਦੀ ਹਸਤੀ’ ਵਿਚ ਵੀ ਦੱਸਿਆ ਹੈ ਕਿ ਕੁੱਲ ਸ੍ਰਿਸ਼ਟੀ ਦੈਵੀ ਹੈ; ਵਾਹਿਗੁਰੂ ਅਤੇ ਉਸ ਦੀ ਸਿਰਜਨਾ ਬਹੁਰੰਗੀ ਹੈ। ਇਸ ਦੇ ਵੱਖੋ ਵੱਖ ਰੰਗ ਸਮਾਪਤ ਨਹੀਂ ਕੀਤੇ ਨਹੀਂ ਜਾ ਸਕਦੇ। ਇਸ ਤਰ੍ਹਾਂ ਪੰਜਾਬ ਦੀ ਹਸਤੀ ਬਹੁਰੰਗੀ, ਬਹੁਸੰਵਾਦੀ ਅਤੇ ਵਿਸਮਾਦੀ ਤੱਤਾਂ ਨੂੰ ਸਮੋ ਕੇ ਰੂਪਮਾਨ ਹੋਈ ਹੈ।

‘ਪੰਜਾਬ ਦੀ ਹਸਤੀ’ ਦਾ ਪੁਨਰਪਾਠ ਡਾ. ਗੁਰਭਗਤ ਸਿੰਘ ਦੀ ਵਿਸ਼ਵਦ੍ਰਿਸ਼ਟੀ, ਦੂਰਦਰਸ਼ਤਾ ਅਤੇ ਦੂਜੇ ਮਾਨਵੀ ਭਾਈਚਾਰਿਆਂ ਨਾਲ ਪ੍ਰੇਮਪੂਰਵਕ, ਅਪਣੱਤਮਈ ਅਤੇ ਨਿੱਘਾ ਸੰਬਾਦ ਰਚਾਉਣ ਵਾਲੀ ਵਿਗਾਸਮੁਖ, ਪਰਗਾਸਮੁਖ ਅਤੇ ਵਿਸਮਾਦੀ ਪਹੁੰਚ ਦੇ ਪ੍ਰਤੱਖ ਦਰਸ਼ਨ ਕਰਾਉਂਦਾ ਹੈ। ਉਨ੍ਹਾਂ ਦੀ ਸੰਬਾਦੀ ਪਹੁੰਚ ਬਹੁਮੁਖੀ ਅਤੇ ਬਹੁਪਾਸਾਰੀ ਹੈ ਜੋ ਭੂਤ, ਭਵਿੱਖ ਅਤੇ ਵਰਤਮਾਨ ਦੇ ਸਾਰੇ ਮਾਨਵੀ ਭਾਈਚਾਰਿਆਂ ਨਾਲ ਸਾਂਝ-ਸੰਬਾਦ ਦੇ ਰਿਸ਼ਤੇ ਗੰਢਣ ਵਾਲੀ ਸਰਗਰਮ ਲੋਚਾ ਨਾਲ ਸਰਸ਼ਾਰ ਹੈ।

ਇਹ ਸੰਬਾਦੀ ਸੁਰ ਗੁਰੂ ਗ੍ਰੰਥ ਸਾਹਿਬ ਦੇ ਉਸ ਵਿਸਮਾਦੀ ਚਿੰਤਨ ਦੀ ਮੂਲ ਭਾਵਨਾ ਦੇ ਅਨੁਰੂਪ ਹੈ ਜੋ ਮਾਨਵੀ ਵਿਭਿੰਨਤਾਵਾਂ ਅਤੇ ਵੰਨਸੁਵੰਨਤਾਵਾਂ ਨੂੰ ਕੁਦਰਤ ਦਾ ਬਹੁਰੰਗਾ ਵਰਤਾਰਾ ਤਸਲੀਮ ਕਰਦਾ ਹੋਇਆ ‘ਏਕ ਜੋਤਿ’ ਦੇ ਹਵਾਲੇ ਨਾਲ ਇਨ੍ਹਾਂ ਵਿਚਕਾਰ ਸਾਂਝ-ਸੰਬਾਦ ਅਤੇ ਇਕਸੁਰਤਾ ਵਾਲਾ ਤਾਲਮੇਲੀ ਰਿਸ਼ਤਾ ਸਿਰਜਣ ਵੱਲ ਨਿਰੰਤਰ ਅਹੁਲਦਾ ਹੈ। ਇਸ ਪਵਿੱਤਰ ਧਰਮਗ੍ਰੰਥ ਵਿਚ ਵੇਦਾਂ, ਉਪਨਿਸ਼ਦਾਂ, ਬੋਧੀ ਚਿੰਤਨਧਾਰਾਵਾਂ ਦੇ ਨਾਲ ਨਾਲ ਸਾਮੀ-ਇਸਲਾਮੀ ਧਰਮ-ਪਰੰਪਰਾਵਾਂ ਅਤੇ ਅਰਬੀ-ਫਾਰਸੀ ਸੱਭਿਆਚਾਰ ਨਾਲ ਸੰਬੰਧਤ ਬਹੁਭਾਸ਼ਾਈ ਅਤੇ ਬਹੁਧਰਮੀ ਚਿਹਨ, ਪ੍ਰਤੀਕ ਤੇ ਅਭਿਆਸ, ਆਪੋ ਆਪਣੀਆਂ ਮੌਲਿਕ ਪਛਾਣਾਂ ਸਹਿਤ ਨਵੇਂ ਅਰਥਾਂ ਅਤੇ ਨਵੇਂ ਸੰਦਰਭ ਵਿਚ ਸਾਂਝ-ਸੰਬਾਦ ਦੀ ਸੰਵੇਦਨਾ ਅਤੇ ਪਾਰਸੰਪਰਦਾਇਕ ਦ੍ਰਿਸ਼ਟੀ ਸਿਰਜਣ ਹਿਤ ਹਾਜ਼ਰ ਹੋਏ ਹਨ। ਇਸ ਸੰਬਾਦੀ ਅਮਲ ਨੂੰ ਉਸਾਰੂ ਦ੍ਰਿਸ਼ਟੀ ਤੋਂ ਸਮਝਣਾ ਅਤੇ ਗ੍ਰਹਿਣ ਕਰਨਾ, ਵਿਸਮਾਦੀ ਚਿੰਤਨ ਦੀਆਂ ਸਰਬੱਤ ਦੇ ਭਲੇ ਨਾਲ ਸੰਜੋਈਆਂ ਦੂਰਦਰਸ਼ੀ ਅੰਤਰਦ੍ਰਿਸ਼ਟੀਆਂ ਨੂੰ ਬਣਦਾ ਗੌਰਵ ਪ੍ਰਦਾਨ ਕਰਨਾ ਅਤੇ ਸਵੈ-ਪ੍ਰਫੁੱਲਤਾ ਸਹਿਤ  ਪੰਜਾਬ ਦੇ ਸਰਬਾਂਗੀ ਵਿਕਾਸ ਵੱਲ ਅਗਰਸਰ ਹੋਣਾ ਹੈ। ਗਿਆਨ ਤੇ ਬੌਧਿਕਤਾ ਦੇ ਆਦਾਨ-ਪ੍ਰਦਾਨ ਦੀ ਇਸ ਵਿਸਮਾਦੀ ਪਰੰਪਰਾ ਨੂੰ ਨਿਰੰਤਰਤਾ ਤੇ ਸਰਗਰਮ ਗਤੀਸ਼ੀਲਤਾ ਬਖਸ਼ ਕੇ ਪੂਰਬੀ ਅਤੇ ਪੱਛਮੀ ਗਿਆਨਧਾਰਾਵਾਂ ਸਮੇਤ ਵਿਸ਼ਵ ਦੀਆਂ ਪੂਰਬਲੀਆਂ ਅਤੇ ਨਵੀਨ ਸਰਬੱਤ ਗਿਆਨ-ਪਰੰਪਰਾਵਾਂ ਨਾਲ ਸੰਬਾਦ ਰਚਾਉਣਾ, ਪੰਜਾਬ ਅਤੇ ਵਿਸ਼ਵ ਦੋਨੋਂ ਸੰਦਰਭਾਂ ਵਿਚ ਮਨੁੱਖ ਦੇ ਸਰਬਾਂਗੀ ਵਿਕਾਸ ਦਾ ਕਲਿਆਣਕਾਰੀ ਅਭਿਆਸ ਹੈ।

ਡਾ. ਗੁਰਭਗਤ ਸਿੰਘ ਨੇ ਆਪਣੀ ਪੁਸਤਕ ‘ਵਿਸਮਾਦੀ ਪੂੰਜੀ’ ਵਿਚ ਲਿਖਿਆ ਹੈ ਕਿ ਪੰਜਾਬ ਦਾ ਚਿੰਤਨ ਨਿਰੰਤਰ ਕਿਰਿਆਸ਼ੀਲ ਅਤੇ ਪਰਿਵਰਤਨਸ਼ੀਲ ਰਿਹਾ ਹੈ। ਕੋਈ ਇਕਹਿਰਾ ਪਰਿਪੇਖ ਪੰਜਾਬ ਦੇ ਮਨ ਨੂੰ ਸਦਾ ਲਈ ਹਥਿਆ ਨਹੀਂ ਸਕਿਆ। ਜੇ ਕਿਸੇ ਨੇ ਅਜਿਹਾ ਕਰਨ ਦਾ ਜਤਨ ਕੀਤਾ ਤਾਂ ਉਸ ਨੂੰ ਹਾਰ ਹੋਈ।6

-4-

ਪੰਜਾਬ ਦੇ ਭਰਪੂਰ ਵਿਕਾਸ ਲਈ ਸੱਭਿਆਚਾਰਕ, ਆਰਥਕ, ਰਾਜਨੀਤਕ ਤਬਦੀਲੀ ਦੀਆਂ ਸਿਧਾਂਤਕ ਜੜ੍ਹਾਂ ਪੰਜਾਬ ਦੀ ਜਰਖੇਜ਼ ਲੋਕ ਮਾਨਸਿਕਤਾ ਵਿਚ ਮੌਜੂਦ ਹਨ; ਰੂਹਾਨੀ ਦਸਤਾਵੇਜ਼ ਵੀ ਮੌਜੂਦ ਹਨ। ਪਰੰਤੂ ਪੰਜਾਬ ਦੇ ਅਕਾਂਖੇ ਜਾ ਰਹੇ ਭਰਪੂਰ ਵਿਕਾਸ ਨੂੰ ਸਿਰੇ ਚੜ੍ਹਾਉਣ ਦੀ ਸੋਚ ਅਤੇ ਸਮਰੱਥਾ ਵਾਲੀ ਪ੍ਰਤਿਭਾਵਾਨ ਲੀਡਰਸ਼ਿਪ ਦੀ ਤਲਾਸ਼, ਸ਼ਨਾਖਤੀ ਮੁਹਿੰਮ ਅਤੇ ਟ੍ਰੇਨਿੰਗ ਦਾ ਮੁੱਦਾ ਦਰਪੇਸ਼ ਹੈ। ਡਾ. ਗੁਰਭਗਤ ਸਿੰਘ ਦੀ ਨਜ਼ਰ ਵਿਚ ਜ਼ਿਮੇਵਾਰੀਆਂ ਤੋਂ ਭੱਜਣ ਵਾਲੀਆਂ ਰਾਜਨੀਤਕ ਧਿਰਾਂ ਨੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ। ਇਸ ਦੇ ਬਾਵਜੂਦ, ‘ਪੰਜਾਬ ਦੀ ਹਸਤੀ’ ਰਚਨਾ ਵਿਚ ਉਨ੍ਹਾਂ ਪੰਜਾਬ ਦੀ ਸਥਾਪਤ ਲੀਡਰਸ਼ਿਪ ਤੋਂ ਜਿਸ ਸਿਧਾਂਤਕ ਚੇਤਨਾ ਅਤੇ ਜ਼ਿਮੇਵਾਰੀਆਂ ਪ੍ਰਤੀ ਸੁਹਿਰਦ ਪਹੁੰਚ ਅਤੇ ਸੰਜੀਦਗੀ ਦੀ ਤਵੱਕੋ ਕੀਤੀ ਹੈ, ਉਸ ਨਾਲ ਇਕ ਪ੍ਰਸ਼ਨਚਿੰਨ੍ਹ ਵੀ ਲਗਦਾ ਹੈ ਕਿ ਅਜਿਹੀ ਤਵੱਕੋ ਕਿੱਥੋਂ ਤਕ ਵਿਵਹਾਰਕ ਹੈ?

ਡਾ. ਸਾਹਿਬ ਦੀ ਤਵੱਕੋ ਦੀ ਪ੍ਰਤੀਕੀ ਸੁਰ, ਪੰਜਾਬ ਨੂੰ ਦੂਰਦਰਸ਼ਤਾ ਵਾਲੀ ਵਿਸਮਾਦੀ ਅਗਵਾਈ ਦੀ ਜ਼ਰੂਰਤ ਵੱਲ ਸੰਕੇਤ ਕਰਦੀ ਹੈ ਜੋ ਬ੍ਰਹਿਮੰਡੀ ਸੋਚ ਦੀ ਧਾਰਨੀ ਹੋਣ ਦੇ ਨਾਲ ਨਾਲ ਜ਼ਮੀਨੀ ਪੱਧਰ ਉਤੇ ਦਰਪੇਸ਼ ਸਥਾਨਕ ਅਤੇ ਵਿਸ਼ਵੀ ਚੁਣੌਤੀਆਂ ਦੀ ਜਾਣਕਾਰੀ ਅਤੇ ਉਨ੍ਹਾਂ ਨੂੰ ਨਜਿੱਠਣ ਦੀ ਸਮਰੱਥਾ ਅਤੇ ਮੁਹਾਰਤ ਨਾਲ ਸੰਚਿਤ ਹੋਵੇ। ਰਾਜਸੀ ਧਿਰਾਂ ਦੀ ਬੇਰੁਖੀ ਕਾਰਨ ਅਮਲ ਦੇ ਪੱਧਰ ‘ਤੇ ਨਜ਼ਰਅੰਦਾਜ਼ ਹੋਈ ਪਈ ਪੰਜਾਬ ਦੀ ਬਹੁਮੁੱਲੀ ਵਿਸਮਾਦੀ ਵਿਰਾਸਤ ਨੂੰ ਸੰਭਾਲਣ ਅਤੇ ਵਿਗਸਾਉਣ ਦੀ ਜ਼ਿਮੇਵਾਰੀ ਨਵੀਂ ਪੀੜ੍ਹੀ ਸਿਰ ਆਇਦ ਹੁੰਦੀ ਹੈ। ਮੌਜੂਦਾ ਸਮੇਂ ਇਸ ਨਵੀਂ ਪੀੜ੍ਹੀ ਦੀ ਬੌਧਿਕ ਪਰਵਰਿਸ਼, ਵਿਦਿਅਕ ਅਤੇ ਅਕਾਦਮਿਕ ਅਦਾਰਿਆਂ ਦੀ ਕਾਰਗੁਜ਼ਾਰੀ ਉਤੇ ਮੁਨੱਸਰ ਹੈ। ਰਾਜਨੀਤਕਾਂ ਦੀ ਨਵੀਂ ਪਨੀਰੀ ਵੀ ਇਨ੍ਹਾਂ ਅਦਾਰਿਆਂ ਵਿਚੋਂ ਹੀ ਪੈਦਾ ਹੋਣੀ ਹੈ। ਇਸ ਲਈ ਵਿਦਿਅਕ ਅਤੇ ਅਕਾਦਮਿਕ ਅਦਾਰਿਆਂ ਦੀ ਉਸਾਰੂ ਤੇ ਸੁਚਾਰੂ ਭੂਮਿਕਾ ਅਤੇ ਜ਼ਿਮੇਵਾਰੀ ਦੇ ਮੱਦੇਨਜ਼ਰ ਇਨ੍ਹਾਂ ਨੂੰ ਆਪਣੀ ਅਗਲੀ ਪੀੜ੍ਹੀ ਦੀ ਅਗਵਾਈ, ਸਿਖਲਾਈ ਅਤੇ ਵਿਉਂਤਬੰਦੀ ਲਈ ਠੋਸ ਭੂਮਿਕਾ ਨਿਭਾਉਣ ਦੇ ਸਮਰੱਥ ਬਣਾਉਣਾ ਪਵੇਗਾ। ਅਕਾਦਮਿਕ ਸਰਗਰਮੀਆਂ ਨੂੰ ਪੰਜਾਬ ਦੇ ਭਵਿੱਖੀ ਵਿਕਾਸ ਨਾਲ ਜੋੜ ਕੇ ਉਲੀਕਣ ਅਤੇ ਵਿਉਂਤਬੱਧ ਕਰਨ ਦੇ ਵਡੇਰੇ ਕਾਰਜ ਨੂੰ ਸਾਡੀਆਂ ਵਿਦਿਅਕ ਸੰਸਥਾਵਾਂ ਵੱਲੋਂ ਇਕ ਵੱਡੀ ਚੁਣੌਤੀ ਵਜੋਂ ਸਵੀਕਾਰਨਾ ਹੀ ਆਸ ਦੀ ਇਕੋ ਇਕ ਕਿਰਨ ਨਜ਼ਰ ਆਉਂਦੀ ਹੈ।

ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਹੋ ਰਹੀ ਖੋਜ ਨੂੰ ਪੰਜਾਬ ਦੇ ਬਹੁਪੱਖੀ ਵਿਕਾਸ ਦੀ ਦਿਸ਼ਾ ਵਿਚ ਤੋਰਨ ਲਈ ਦੂਰਦਰਸ਼ੀ ਅਤੇ ਸਿਲਸਿਲੇਬੱਧ ਵਿਉਂਤਬੰਦੀ ਦੀ ਬੇਹੱਦ ਜ਼ਰੂਰਤ ਹੈ। ਡਾ. ਗੁਰਭਗਤ ਸਿੰਘ ਦੀ ਨਜ਼ਰ ਵਿਚ ਰਾਜਸੀ ਧਿਰਾਂ ਦੇ ਨਾਲ ਨਾਲ ਪੰਜਾਬ ਦੀ ਸਿਧਾਂਤਕ ਵਿਰਾਸਤ ਬਾਰੇ ਸਿਰਜਨਾਤਮਕ ਕੰਮ ਕਰਨ ਦੀ ਵੱਡੀ ਜ਼ਿਮੇਵਾਰੀ ਯੂਨੀਵਰਸਿਟੀਆਂ ਦੇ ਜ਼ਿਮੇ ਹੈ। ਇਸ ਵਿਰਾਸਤ ਨੂੰ ਸਾਂਭਣ ਅਤੇ ਅੱਗੇ ਤੋਰਨ ਲਈ ਅਕਾਦਮਿਕ ਖੋਜ ਵਾਸਤੇ ਯੂਨੀਵਰਸਿਟੀਆਂ ਵਿਚ ਵਿਸ਼ੇਸ਼ ਵਿਭਾਗ, ਚੇਅਰਾਂ ਅਤੇ ਪ੍ਰੋਜੈਕਟ ਸਥਾਪਤ ਕਰਨਾ ਦਰਕਾਰ ਹੈ। ਨਿਰਸੰਦੇਹ ਪੰਜਾਬ ਦੀ ਵਿਲੱਖਣ ਹਸਤੀ ਨੂੰ ਕਾਇਮ ਕਰਨ/ਰੱਖਣ ਵਾਲੇ ਸਿਧਾਂਤਕ ਤੱਤਾਂ ਦੀ ਉਸਾਰੂ ਤੇ ਸੁਚਾਰੂ ਵਿਆਖਿਆ ਅਤੇ ਉਨ੍ਹਾਂ ਦੀ ਬਹੁਪਾਸਾਰੀ ਪ੍ਰਫੁੱਲਤਾ ਨੂੰ ਜਰਖੇਜ਼ ਧਰਾਤਲ ਦੇਣ ਵਾਲੀ ਕਰਮਭੂਮੀ ਅਤੇ ਅਨੁਕੂਲ ਵਿਕਾਸਸ਼ੀਲ ਵਾਤਾਵਰਨ ਤਿਆਰ ਕਰਨ ਵਾਸਤੇ ਅਕਾਦਮਿਕ ਅਦਾਰਿਆਂ ਦੀ ਭੂਮਿਕਾ ਬੇਹੱਦ ਅਹਿਮ ਹੈ।

-5-

ਡਾ. ਗੁਰਭਗਤ ਸਿੰਘ ਦੀ ਖੂਬੀ/ਖਾਸੀਅਤ ਅਤੇ ਯੋਗਦਾਨ ਇਹ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਹਸਤੀ ਦੀ ਨਿਰਮਾਣਕਾਰ ਸਿਧਾਂਤਕ ਵਿਰਾਸਤ ਤੇ ਵਿਸਮਾਦੀ ਚਿੰਤਨ ਨੂੰ ਵਿਸ਼ਵ-ਪੱਧਰੀ ਚਿੰਤਨ ਅਤੇ ਅਕਾਦਮਿਕ ਖੇਤਰ ਦੇ ਭਾਸ਼ਾਈ ਮੁਹਾਵਰੇ ਵਿਚ ਸਿਧਾਂਤਬੱਧ ਤੇ ਪ੍ਰਮਾਣਿਤ ਕਰਨ ਲਈ ਆਪਣੀ ਕਿਸਮ ਦਾ ਪਹਿਲਾ ਵਿਲੱਖਣ ਸ਼ੁਰੂਆਤੀ  ਕਦਮ ਚੁੱਕਿਆ ਹੈ। ਉਨ੍ਹਾਂ ਆਪਣੀਆਂ ਰਚਨਾਵਾਂ ਵਿਚ ਥਾਂ ਥਾਂ ਪੰਜਾਬ ਦੀ ਵਿਸਮਾਦੀ ਵਿਰਾਸਤ ਨੂੰ ਵਿਸ਼ਵ ਚਿੰਤਨ ਵਿਚ ਪ੍ਰਵਾਨਯੋਗ ਅਤੇ ਪ੍ਰਸੰਗਿਕ ਬਣਾ ਕੇ, ਮੌਜੂਦਾ ਮਾਨਵੀ-ਸਮਾਜ ਦੇ ਵਿਭਿੰਨ ਪ੍ਰਬੰਧਾਂ ਦੇ ਬਦਲ ਵਜੋਂ ਪੇਸ਼ ਕਰਨ ਲਈ ਬੁੱਧੀਜੀਵੀ ਵਰਗ ਨੂੰ ਵੰਗਾਰਿਆ ਹੈ। ਸਿਰਫ ਦੋ ਮਿਸਾਲਾਂ ਹੀ ਕਾਫੀ ਹਨ:

(ੳ) ਵਿਸਮਾਦੀ ਚਿੰਤਨ ਨੇ ਵਿਸਮਾਦੀ ਪੂੰਜੀ ਦਾ ਸੰਕਲਪ ਉਭਾਰਿਆ ਹੈ। ਪੂੰਜੀ ਦੇ ਇਸ ਨਵੇਂ ਸੰਕਲਪ ਨਾਲ ਸਰਬਪੱਖੀ ਪ੍ਰਫੁੱਲਤਾ (ਵਿਗਾਸ) ਨਾਲ ਸੁਜੀਵਤ ਰਾਜਨੀਤੀ, ਆਰਥਿਕਤਾ ਅਤੇ ਸਮਾਜਕ ਸੰਗਠਨਾਂ ਨੂੰ ਨਵੇਂ ਸਿਰਿਓਂ ਉਸਾਰਨ ਦੀ ਆਸ ਬੱਝਦੀ ਹੈ। ਸਾਡੇ ਵਿਦਵਾਨਾਂ ਨੂੰ ਅੰਤਰਰਾਸ਼ਟਰੀ ਵਚਨਬੱਧਤਾ ਨਾਲ ਇਸ ਆਸ ਨੂੰ ਪੂਰਾ ਕਰਨਾ ਚਾਹੀਦਾ ਹੈ। ਹੁਣ ਸਮਾਂ ਹੈ ਕਿ ਅਸੀਂ ਆਪਣੇ ਯੋਗਦਾਨ ਨਾਲ ਗਲੋਬਲ ਜਤਨਾਂ ਵਿਚ ਸ਼ਰੀਕ ਹੋਈਏ।7

(ਅ) ਪੰਜਾਬ ਦੇ ਸਿੱਖ ਵਿਰਸੇ ਵਿਚ ਵਿਸਮਾਦੀ ਯਥਾਰਥ ਨਾਲ ਜੁੜਿਆ ਹੋਇਆ ਵਿਸਮਾਦੀ ਪੂੰਜੀ ਅਤੇ ਵਿਸਮਾਦੀ ਉਤਪਾਦਨ ਪ੍ਰਬੰਧ ਸਾਜਣ ਬਾਰੇ ਜੋ ਗੌਰਵਸ਼ੀਲ ਸੁਝਾਅ ਮੌਜੂਦ ਹੈ, ਉਸ ਨੂੰ ਵਿਕਸਤ ਕਰਕੇ ਸਾਡੇ ਪ੍ਰਭੁਤੱਵੀ ਪਰ ਸੰਕਟਗ੍ਰਸਤ ਗਲੋਬਲ ਸਮਾਜਾਂ ਲਈ ਬਦਲ ਦਾ ਮਾਡਲ ਬਣਾ ਕੇ ਪੇਸ਼ ਕਰਨ ਦੀ ਲੋੜ ਹੈ। ਸਾਡੇ ਬੁੱਧੀਜੀਵੀਆਂ ਨੂੰ ਇਹ ਵੰਗਾਰ ਸਵੀਕਾਰ ਕਰਨੀ ਚਾਹੀਦੀ ਹੈ। ਅਜਿਹੇ ਉੱਦਮ ਨਾਲ ਹੀ ਪੂਰਬੀ ਵਿਰਸੇ ਦੀ ਨਵੀਂ ਪ੍ਰਸੰਗਿਕਤਾ ਸਥਾਪਤ ਕੀਤੀ ਜਾ ਸਕਦੀ ਹੈ।8

ਪੰਜਾਬ ਦੀ ਵਿਲੱਖਣ ਹਸਤੀ ਨੂੰ ਵਿਸ਼ਵੀ ਸ਼ਕਤੀਆਂ ਨਾਲ ਜੋੜ ਕੇ ਵਿਸਮਾਦੀ ਚਿੰਤਨ ਅਤੇ ਅਭਿਆਸ ਦੇ ਨਜ਼ਰੀਏ ਤੋਂ ਸਮਝਣ ਅਤੇ ਪੁਨਰ ਨਿਸਚਿਤ ਕਰਨ ਲਈ ਸਿਧਾਂਤਕ ਖਾਕਾ ਅਤੇ ਅਮਲੀ ਕਾਰਜ-ਵਿਉਂਤ ਉਲੀਕਣ ਦੇ ਸੰਬੰਧ ਵਿਚ ਡਾ. ਗੁਰਭਗਤ ਸਿੰਘ ਦੇ ਸੁਪਨਸਾਜ਼ ਯੋਗਦਾਨ ਨੂੰ ਆਂਕਣਾ, ਭਵਿੱਖ ਦੀ ਅਭਿਆਸੀ ਕੁੱਖ ਵਿਚ ਹੈ।

ਹਵਾਲੇ

1. ਗੁਰੂ ਗ੍ਰੰਥ ਸਾਹਿਬ, ਆਸਾ ਮਹਲਾ 3, ਪੰਨਾ 441.
2. ਗੁਰੂ ਗ੍ਰੰਥ ਸਾਹਿਬ, ਮਾਰੂ ਮਹਲਾ 3, ਪੰਨਾ 1056.
3. ਡਾ.ਗੁਰਭਗਤ ਸਿੰਘ, ਵਿਸਮਾਦੀ ਪੂੰਜੀ, (2010) ਸਿੰਘ ਬ੍ਰਦਰਜ਼, ਅੰਮ੍ਰਿਤਸਰ, ਪੰਨਾ 19.
4. ਉਹੀ, ਪੰਨਾ 9.
5. ਡਾ.ਗੁਰਭਗਤ ਸਿੰਘ, ਵਿਸ਼ਵ ਚਿੰਤਨ ਅਤੇ ਪੰਜਾਬੀ ਸਾਹਿਤ, (2003) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਨਾ 59.
6. ਵਿਸਮਾਦੀ ਪੂੰਜੀ, ਪੰਨਾ 11.
7. ਉਹੀ, ਪੰਨਾ 9.
8. ਉਹੀ, ਪੰਨਾ 41.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: