ਸਿੱਖ ਖਬਰਾਂ

“ਕਾਰਜਕਾਰੀ ਜਥੇਦਾਰ” ਦਰਬਾਰ ਸਾਹਿਬ ਨਤਮਸਤਕ ਹੋਏ; ਕਿਹਾ ਫੈਸਲੇ ਕੌਮੀ ਭਾਵਨਾਵਾਂ ਅਨੁਸਾਰ ਹੋਣਗੇ

May 15, 2016 | By

ਅੰਮ੍ਰਿਤਸਰ: 10 ਨਵੰਬਰ 2015 ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ “ਸਰਬੱਤ ਖਾਲਸਾ 2015” ਦੇ ਪ੍ਰਬੰਧਕਾਂ ਵੱਲੋਂ ਐਲਾਨੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਮੁਚੀ ਕੌਮ ਦੀ ਚੜ੍ਹਦੀ ਕਲਾ ਅਤੇ ਖਾਲਸਾਈ ਬੋਲਬਾਲੇ ਲਈ ਅਰਦਾਸ ਕੀਤੀ।
ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਨੂੰ ਇੱਕ ਵਾਰ ਫਿਰ ਯਕੀਨ ਦਿਵਾਇਆ ਹੈ ਕਿ ਜੋ ਵੀ ਫੈਸਲੇ ਉਨ੍ਹਾਂ ਵਲੋਂ ਲਏ ਜਾਣਗੇ ਉਹ ਕੌਮੀ ਹਿੱਤ ਅਤੇ ਭਾਵਨਾਵਾਂ ਧਿਆਨ ਵਿੱਚ ਰੱਖਦਿਆਂ ਹੋਣਗੇ।

ਇਸ ਤੋਂ ਪਹਿਲਾਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਅੱਜ ਜਿਉਂ ਹੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਪੁਜੇ ਤਾਂ ਯੂਨਾਈਟਡ ਅਕਾਲੀ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਜਿਜੇਆਣੀ ਅਤੇ ਹੋਰਾਂ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਸਵਾਗਤ ਕੀਤਾ।

ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਹੋਰ

ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਹੋਰ

ਇਸ ਉਪਰੰਤ ਉਹ ਕਾਫਲੇ ਦੇ ਰੂਪ ਵਿਚ “ਸਤਿਨਾਮ ਵਾਹਿਗੁਰੂ” ਦਾ ਜਾਪ ਕਰਦਿਆਂ ਦਰਬਾਰ ਸਾਹਿਬ ਪੁਜੇ ਅਤੇ ਉਨ੍ਹਾਂ ਸਚਖੰਡ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਵਿਖੇ ਮੱਥਾ ਟੇਕਿਆ।

ਇਸ ਮੌਕੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅਕਾਲ ਪੁਰਖ ਦੇ ਸ਼ੁਕਰਾਨੇ, ਕੌਮ ਦੀ ਚੜ੍ਹਦੀ ਕਲਾ ਅਤੇ ਖਾਲਸਾਈ ਬੋਲਬਾਲੇ ਲਈ ਅਰਦਾਸ ਕੀਤੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਰਜਕਾਰੀ ਜਥੇਦਾਰ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਰਜਕਾਰੀ ਜਥੇਦਾਰ

ਯੁਨਾਇਟਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਕਾਰਜਕਾਰੀ ਜਥੇਦਾਰ ਸਾਹਿਬਾਨ ਨੂੰ ਸਿਰੋਪਾਉ ਭੇਂਟ ਕੀਤੇ।

ਇਸ ਉਪਰੰਤ ਕਾਰਜਕਾਰੀ ਜਥੇਦਾਰ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਅਤੇ ਦਰਬਾਰ ਸਾਹਿਬ ਕੰਪਲੈਕਸ ਸਥਿਤ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਯਾਦਗਾਰ ਵਿਖੇ ਵੀ ਨਤਮਸਤਕ ਹੋਏ।

ਉਨ੍ਹਾਂ ਅਕਾਲ ਤਖਤ ਸਾਹਿਬ ਦੇ ਸਨਮੁੱਖ ਗੁਰ ਇਤਿਹਾਸ ਸਰਵਣ ਕਰਾ ਰਹੇ ਢਾਡੀ ਜਥੇ ਪਾਸੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਦਾ ਪ੍ਰਸੰਗ ਸਰਵਣ ਕੀਤਾ।

ਇਸ ਸਮੁਚੇ ਸਮੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੈਂਕੜੇ ਮੁਲਾਜਮਾਂ ਸਹਿਤ ਕਾਰਜਕਾਰੀ ਜਥੇਦਾਰਾਂ ਦੇ ਕਾਫਲੇ ਦੇ ਨਾਲ ਹੀ ਰਹੇ।

ਪੰਜਾਬ ਪੁਲਿਸ ਦੇ ਵੱਡੀ ਗਿਣਤੀ ਸਾਦਾ ਵਰਦੀ ਮੁਲਾਜਮ ਪੂਰੀ ਘਟਨਾ ਤੇ ਪੈਨੀ ਨਿਗਾਹ ਰੱਖ ਰਹੇ ਸਨ।

ਇਸਤੋਂ ਪਹਿਲਾਂ ਕਾਰਜਕਾਰੀ ਜਥੇਦਾਰ ਸਾਹਿਬਾਨ ਨੂੰ ਅੰਮ੍ਰਿਤਸਰ ਤਰਨਤਾਰਨ ਮਾਰਗ ਸਥਿਤ ਪਿੰਡ ਚੱਬਾ ਵਿਖੇ ਪੁਲਿਸ ਦੇ ਵਿਸ਼ੇਸ਼ ਨਾਕੇ ਤੇ ਕੁਝ ਮਿੰਟਾਂ ਲਈ ਰੋਕਿਆ ਗਿਆ, ਅਤੇ ਉਨ੍ਹਾਂ ਦੀ ਗੱਡੀ ਤੇ ਸਰਸਰੀ ਨਿਗਾਹ ਮਾਰ ਕੇ ਹੀ ਅੰਮ੍ਰਿਤਸਰ ਵੱਲ ਵੱਧਣ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,