June 6, 2024 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ :- ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਪੰਥਕ ਦੀਵਾਨ ਦੌਰਾਨ ਗੁਰਦੁਆਰਾ ਅਟਾਰੀ ਸਾਹਿਬ, ਸੁਲਤਾਨਵਿੰਡ ਵਿੱਚ ਪੰਥਕ ਸਖਸ਼ੀਅਤਾਂ ਵਲੋਂ ਕਿਤਾਬ ‘ਅਮਰਨਾਮਾ (ਧਰਮ ਯੁੱਧ ਦੌਰਾਨ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜਿਲ੍ਹਿਆਂ ਦੇ ਝੂਠੇ ਮੁਕਾਬਲਿਆਂ ਦੀ ਸੰਖੇਪ ਵਾਰਤਾ)’ ਸੰਗਤ ਦੇ ਸਨਮੁਖ ਜਾਰੀ ਕੀਤੀ ਗਈ।
ਪੰਥਕ ਸਖਸ਼ੀਅਤ ਭਾਈ ਦਲਜੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਦੇ ਸੱਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜਾਏ ਦੀਵਾਨਾਂ ਵਿਚ ਗੁਰਬਾਣੀ ਕੀਰਤਨ ਤੋਂ ਉਪਰੰਤ ਪੰਥਕ ਬੁਲਾਰਿਆਂ ਨੇ ਸ਼ਹੀਦਾਂ ਦੀ ਯਾਦ ਵਿੱਚ ਸੰਗਤ ਨਾਲ ਵੀਚਾਰ ਸਾਂਝੇ ਕੀਤੇ। ਉਪਰੰਤ ਪੰਥਕ ਸਖਸ਼ੀਅਤਾਂ ਨੇ ਭਾਈ ਹਰਪ੍ਰੀਤ ਸਿੰਘ ਲੌਂਗੋਵਾਲ ਵਲੋਂ ਲਿਖੀ ਕਿਤਾਬ ‘ਅਮਰਨਾਮਾ’ ਸੰਗਤ ਵਿੱਚ ਜਾਰੀ ਕੀਤੀ।
ਇਹ ਕਿਤਾਬ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜਿਲ੍ਹਿਆਂ ਦੇ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਸੰਖੇਪ ਵਾਰਤਾ ਬਿਆਨ ਕਰਦੀ ਹੈ। 1984 ਤੋਂ 1995 ਤੱਕ ਦੇ ਇੱਕ ਦਹਾਕੇ ਵਿਚ ਮਾਲਵੇ ਦੇ ਬੇਅੰਤ ਸਿੰਘ ਸਿੰਘਣੀਆਂ ਪੁਲਸ ਵਲੋਂ ਹੋਏ ਝੂਠੇ ਮੁਕਾਬਲਿਆਂ ਵਿਚ ਮੁਕਾ ਦਿੱਤੇ ਗਏ ਸਨ। ਕਿਤਾਬ ਬਾਰੇ ਜਾਣਕਾਰੀ ਦਿੰਦਿਆ ਭਾਈ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਚੱਲਦੇ ਸੰਘਰਸ਼ ਦੌਰਾਨ ਅਮਰ ਹੋ ਗਏ ਸਰੀਰਾਂ ਦੀ ਵਾਰਤਾ ਹੈ, ਜਿਨ੍ਹਾਂ ਨੂੰ ਭਾਵੇਂ ਦਿੱਲੀ ਦਰਬਾਰ ਨੇ ਮਾਰ ਮੁਕਾਉਣਾ ਚਾਹਿਆ ਪਰ ਉਹ ਮਿਟਾਏ ਨਹੀਂ ਜਾ ਸਕਦੇ। ਇਸ ਕਿਤਾਬ ਨੂੰ ਨੀਸਾਣਿ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾਇਆ ਜਾ ਸਕਦਾ ਹੈ।
ਇਸ ਦੌਰਾਨ ਪੰਥਕ ਇਕੱਠ ਵਿੱਚ ਬਾਬਾ ਬਖਸੀਸ ਸਿੰਘ, ਭਾਈ ਪਲਵਿੰਦਰ ਸਿੰਘ ਤਲਵਾੜਾ, ਭਾਈ ਪਰਮਜੀਤ ਸਿੰਘ ਗਾਜ਼ੀ, ਮਿਸਲ ਸਤਲੁਜ ਤੋਂ ਸ੍ਰ. ਦਵਿੰਦਰ ਸਿੰਘ ਸੇਖੋਂ, ਭਾਈ ਪ੍ਰਿਤਪਾਲ ਸਿੰਘ ਬਰਗਾੜੀ, ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ), ਸਿੱਖ ਜਥਾ ਮਾਲਵਾ, ਭਾਈ ਪਰਦੀਪ ਸਿੰਘ ਇਆਲੀ, ਭਾਈ ਰਾਮ ਸਿੰਘ ਢਪਾਲੀ, ਭਾਈ ਨਿਸ਼ਾਨ ਸਿੰਘ ਸਿਆਲਕਾ, ਭਾਈ ਜਗਦੀਸ਼ ਸਿੰਘ ਪਟਿਆਲਾ, ਭਾਈ ਸਵਰਨ ਸਿੰਘ ਕੋਟਧਰਮੂ, ਬੀਬੀ ਸਰਤਾਜ ਕੌਰ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰ ਹਾਜ਼ਰ ਸਨ।
⊕ ਹੋਰ ਸਬੰਧਤ ਖਬਰਾਂ ਪੜ੍ਹੋ –
Related Topics: Akal Takhat Sahib, Amarnama, Bhai Harpreet Singh Longowal, new book released, Panth Sewak