November 30, 2020 | By ਸਿੱਖ ਸਿਆਸਤ ਬਿਊਰੋ
ਕਿਸਾਨ ਜੱਦੋਜਹਿਦ ਹੁਣ ਜਿਸ ਮੁਕਾਮ ‘ਤੇ ਪਹੁੰਚ ਗਈ ਹੈ ਇਕ ਲਹਿਰ ਵਜੋਂ ਇਸ ਦੀ ਸਫਲਤਾ ਇਨਕਲਾਬੀ ਲਹਿਰ ਦੇ ਰੂਪ ਵਜੋਂ ਸਥਾਪਤ ਹੋ ਗਈ ਹੈ। ਲੋਕਾਂ ਦੀ ਭਾਵਨਾ ਅਤੇ ਨਿਭਾਅ ਬਹੁਤ ਸ਼ਾਂਤ, ਢਾਂਚਾਬੱਧ ਅਤੇ ਜਾਗੇ ਹੋਏ ਲੋਕਾਂ ਵਾਲਾ ਹੈ ਪਰ ਕਿਸਾਨ ਆਗੂਆਂ ਦੀ ਭੂਮਿਕਾ ਉਸ ਪੱਧਰ ਦੀ ਨਹੀਂ ਉੱਭਰ ਕੇ ਆ ਰਹੀ ਜਿਸ ਪੱਧਰ ਦੀ ਅਗਵਾਈ ਦੀ ਲੋੜ ਹੈ। ਇਹ ਜੱਦੋਜਹਿਦ ਕਿਸ ਲਈ ਲੜੀ ਜਾ ਰਹੀ ਹੈ ਕਿਸਾਨ ਆਗੂ ਉਸ ਨੂੰ ਪੂਰਾ ਨਹੀਂ ਸਮਝ ਰਹੇ। 29 ਨਵੰਬਰ ਦੀ ਪ੍ਰੈੱਸ ਮਿਲਣੀ ਵਿਚ ਕਿਸਾਨ ਆਗੂ ਪੱਤਰਕਾਰਾਂ ਦੇ ਹਮਲੇ ਅਤੇ ਸਰਕਾਰ ਵਲੋਂ ਲਾਏ ਜਾ ਰਹੇ ਦੂਸ਼ਣਾਂ ਵਿਰੁੱਧ ਆਪਣਾ ਪੱਖ ਤਾਂ ਸਫਲਤਾ ਨਾਲ ਰੱਖ ਗਏ ਹਨ ਜੋ ਚੰਗੀ ਪ੍ਰਾਪਤੀ ਹੈ ਪਰ ਇਸ ਜੱਦੋਜਹਿਦ ਦੇ ਕਾਰਨ, ਖਾਸੇ ਅਤੇ ਮੰਗ ਨੂੰ ਸਮਝਣ ਵਿਚ ਆਗੂਆਂ ਦੀ ਕਚਿਆਈ ਪਰਗਟ ਹੋਈ ਹੈ। ਉਹ ਬੜੀ ਦੇਰ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਬਣੇ ਹੋਏ ਹਨ ਪਰ ਲਹਿਰਾਂ ਬਣਦੀਆਂ ਕਿਵੇਂ ਹਨ ਇਸ ਬਾਰੇ ਉਨ੍ਹਾਂ ਦੀ ਪਹੁੰਚ ਦੀ ਊਣੀ ਜਾਪਦੀ ਹੈ।
ਇਸ ਲਹਿਰ ਨੂੰ ਉਹ ਜੂਨ, 2020 ਵਿਚ ਪਾਸ ਹੋਏ ਤਿੰਨ ਕਾਨੂੰਨਾਂ ਅਤੇ ਉਸ ਤੋਂ ਬਾਅਦ ਆਏ ਪ੍ਰਦੂਸ਼ਣ ਕਾਨੂੰਨ ਆਦਿ ਦੁਆਲੇ ਹੀ ਵਲ ਰਹੇ ਹਨ। ਇਹ ਸਮਝਣ ਦੀ ਲੋੜ ਹੈ ਕਿ ਜੱਦੋਜਹਿਦਾਂ ਉੱਠਦੀਆਂ ਤਾਂ ਕਿਸੇ ਨਾ ਕਿਸੇ ਤਤਕਾਲੀ ਕਾਰਨ ਕਰ ਕੇ ਹੀ ਹੁੰਦੀਆਂ ਹਨ ਪਰ ਉਨ੍ਹਾਂ ਦੀਆਂ ਜੜ੍ਹਾਂ ਵਿਚ ਬੀਤੇ ਦੀ ਲੰਮੀ ਬੇਇਨਸਾਫੀ, ਦੁਰਕਾਰ, ਲੁੱਟ ਆਦਿ ਪਈ ਹੁੰਦੀ ਹੈ ਜੋ ਲੰਮੇ ਸਮੇਂ ਤੋਂ ਜਰੀ ਜਾ ਰਹੀ ਹੁੰਦੀ ਹੈ। ਤਤਕਾਲੀ ਕਾਰਨ ਕੇਵਲ ਉਸ ਦੀ ਚਿਣਗ ਬਣਦਾ ਹੈ ਬਾਲਣ ਨਹੀਂ। ਇਸ ਲਈ ਲਹਿਰਾਂ ਕੇਵਲ ਤਤਕਾਲੀ ਕਾਰਨ ਨੂੰ ਹੱਲ ਕਰਨ ਲਈ ਨਹੀਂ ਹੁੰਦੀਆਂ ਸਗੋਂ ਤਤਕਾਲੀ ਕਾਰਨ ਤੋਂ ਪਹਿਲਾਂ ਦੀ ਬੇਇਨਸਾਫੀ, ਦੁਰਕਾਰ ਅਤੇ ਲੁੱਟ ਆਦਿ ਨੂੰ ਸਾਫ ਕਰਨ ਲਈ ਆਈਆਂ ਹਨੇਰੀਆਂ ਹੁੰਦੀਆਂ ਹਨ। ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਲੋਕਾਂ ਦੇ ਜਾਗਣ ਦੇ ਤਤਕਾਲੀ ਕਾਰਨ ਤੋਂ ਤਾਂ ਹਕੂਮਤ, ਬਸਤੀਕਾਰ ਜਾਂ ਕੋਈ ਵੀ ਤਾਕਤ ਵੀ ਪਿੱਛੇ ਹਟਣਾ ਚਾਹੁੰਦੀ ਹੁੰਦੀ ਹੀ ਹੈ ਕਿਉਂਕਿ ਆਖਰਕਾਰ ਉਸ ਨੇ ਪ੍ਰਬੰਧ ਚਲਾਉਣਾ ਹੈ। ਜੇ ਇਸ ਜੱਦੋਜਹਿਦ ਨੂੰ ਤਤਕਾਲੀ ਕਾਰਨ ਬਣੇ ਤਿੰਨ ਕਾਨੂੰਨਾਂ ਜਾਂ ਉਨ੍ਹਾਂ ਦੇ ਨੇੜੇ ਤੇੜੇ ਹੀ ਰੱਖਣਾ ਹੈ ਤਾਂ ਇਹ ਭਾਰਤ ਸਰਕਾਰ ਦੇ ਲਹਿਰ ਦੇ ਲਹਿਰ ਬਾਰੇ ਸੋਚਣ ਨਾਲੋਂ ਕੋਈ ਬਹੁਤਾ ਵੱਖਰਾ ਖਿਆਲ ਨਹੀਂ ਕਿਹਾ ਜਾ ਸਕਦਾ । ਇਸ ਨੂੰ ਲੱਖਾਂ ਕਿਸਾਨਾਂ ਦੀ ਲਹਿਰ ਦੀ ਅਗਵਾਈ ਨਹੀਂ ਕਿਹਾ ਜਾ ਸਕਦਾ।
ਇਸ ਲਈ ਕਿਸਾਨ ਆਗੂਆਂ ਨੂੰ ਆਪਣਾ ਅੱਗਾ ਵਿਚਾਰਨਾ ਬਹੁਤ ਜਰੂਰੀ ਹੈ ਕਿਉਂਕਿ ਇਹ ਲਹਿਰ ਦਾ ਹਰ ਬੰਦਾ ਜਿਸ ਪੱਧਰ ਤੱਕ ਸ਼ਾਂਤ ਹੈ, ਜਿਸ ਪੱਧਰ ‘ਤੇ ਆਮ ਬੰਦੇ ਜਮਹੂਰੀ ਤਰੀਕੇ ਨਾਲ ਗੱਲ ਰੱਖ ਰਹੇ ਹਨ ਅਤੇ ਸਰਕਾਰ ਦੀ ਹਰ ਗੱਲ ਦਾ ਸਹੀ ਮੋੜਾ ਦੇ ਰਹੇ ਹਨ ਇਸ ਤੋਂ ਜਾਪਦਾ ਹੈ ਕਿ ਇਹ ਨੀਂਦ ‘ਚੋਂ ਕੁਝ ਸਮੇਂ ਲਈ ਉੱਠੇ ਲੋਕ ਨਹੀਂ ਹਨ ਸਗੋਂ ਇਹ ਅੰਗਰੇਜਾਂ ਦੇ ਜਾਣ ਤੋਂ ਬਾਅਦ ਪਿਛਲੇ ਸੱਤ ਦਹਾਕਿਆਂ ਦੀਆਂ ਦੁਸ਼ਵਾਰੀਆਂ ਅਤੇ ਭਾਰਤੀ ਹਕੂਮਤ ਦੇ ਬਿਪਰਵਾਦੀ ਰਵੱਈਏ ਖਿਲਾਫ ਜਾਗੇ ਜੋਏ ਲੋਕ ਹਨ। ਇਸ ਲਈ ਕਿਸਾਨਾਂ ਦੀਆਂ ਸਾਰੀਆਂ ਦੁਸ਼ਵਾਰੀਆਂ ਖੁਦਕੁਸ਼ੀਆਂ, ਕਰਜੇ, ਮਿੱਟੀ-ਪਾਣੀ ਦੇ ਘਾਣ ਅਤੇ ਲੁੱਟ ਦੀ ਗੱਲ ਰੱਖੇ ਬਿਨ੍ਹਾ ਕਿਸੇ ਆਗੂ ਦੀ ਗੱਲ ਪਰਵਾਨ ਨਹੀਂ ਕਰਨਗੇ। ਇਸ ਲਹਿਰ ਵਿਚ ਇੰਨੀ ਊਰਜਾ ਹੈ ਕਿ ਇਸ ਨੇ ਉਨ੍ਹਾਂ ਦੇ ਪੱਧਰ ਤੋਂ ਹੇਠਲਾ ਹਰ ਆਗੂ ‘ਬਲਬਾਂ ਵਾਂਗ ਫਿਊਜ ਕਰ ਦੇਣਾ ਹੈ’। ਇਸ ਲਹਿਰ ਦੀ ਸਹੀ ਅਗਵਾਈ ਕੋਈ ਸਮਰੱਥ ਚਾਨਣ ਮੁਨਾਰਾ ਹੀ ਕਰ ਸਕੇਗਾ।
ਇਹ ਕਿਸਾਨ ਆਗੂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਕਾਰਪੋਰੇਟਾਂ ਦੀ ਲੁੱਟ ਦੀ ਹੀ ਰਟ ਲਾਈ ਜਾ ਰਹੇ ਹਨ ਉਹ ਬਿਪਰਵਾਦੀ ਦਿੱਲੀ ਹਕੂਮਤ ਦਾ ਜਾਬਰ, ਲੋਟੂ ਅਤੇ ਅਨਿਆਂਕਾਰੀ ਖਾਸਾ ਨਹੀਂ ਪਰਗਟ ਕਰ ਰਹੇ ਜਦਕਿ ਲੋਕ ਦਿੱਲੀ ਹਕੂਮਤ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਕਿਸਾਨ ਦੀ ਹਰੇਕ ਦੁਸ਼ਵਾਰੀ ਨੂੰ ਖਤਮ ਕਰਵਾ ਕੇ ਵਾਪਸ ਆਉਣ। ਗੱਲ ਕਰਨ ਦਾ ਘੱਟੋ-ਘੱਟ ਮਾਪਦੰਡ ਕਾਨੂੰਨਾਂ ਦੇ ਖਾਤਮੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਇਨਕਲਾਬੀ ਲਹਿਰਾਂ ਵਿਚ ਸੁਹਿਰਦ ਆਗੂ ਸਦਾ ਏਦਾਂ ਹੀ ਕਰਦੇ ਹੁੰਦੇ ਹਨ ਕਿ ਤਤਕਾਲੀ ਕਾਰਨ ਬਣੇ ਪੈਂਤੜੇ ਤੋਂ ਤਾਕਤ ਦੇ ਪਿੱਛੇ ਹਟਣ ‘ਤੇ ਹੀ ਉਹ ਗੱਲ ਲਈ ਤੁਰਦੇ ਹੁੰਦੇ ਹਨ। ਜਿਹੜੇ ਤਤਕਾਲੀ ਕਾਰਨ ਬਣੇ ਪੈਂਤੜੇ ਤੋਂ ਵੀ ਹੇਠਾਂ ਜਾਂ ਬਿਨ੍ਹਾ ਸ਼ਰਤ ਤਾਕਤ ਨਾਲ ਗੱਲ ਕਰਨ ਤੁਰਦੇ ਹਨ ਉਨ੍ਹਾਂ ਆਗੂਆਂ ਬਾਰੇ ਸ਼ੱਕ ਪੈਦਾ ਹੁੰਦੀ ਕਿ ਉਹ ਲੋਕਾਂ ਦੇ ਆਗੂ ਹਨ ਜਾਂ ਨਹੀਂ?
ਲਹਿਰਾਂ ਸਦਾ ਖੁਦ-ਬ-ਖੁਦ ਨਹੀਂ ਚੱਲਦੀਆਂ ਹੁੰਦੀਆਂ ਸਗੋਂ ਇਹ ਚਲਾਉਣੀਆਂ ਪੈਂਦੀਆਂ ਹਨ। ਲਹਿਰਾਂ ਦੇ ਸੁਹਿਰਦ ਆਗੂ ਤਾਂ ਜੱਦੋਜਹਿਦਾਂ ਖੜ੍ਹੀਆਂ ਕਰਨ ਲਈ ਸਦਾ ਜਤਨਸ਼ੀਲ ਹੁੰਦੇ ਹਨ। ਕਈ ਵਾਰੀ ਆਗੂਆਂ ਦੀ ਸਾਰੀ ਜਿੰਦਗੀ ਲੱਗ ਜਾਂਦੀ ਹੈ ਪਰ ਉਨ੍ਹਾਂ ਦੇ ਜਿਉਂਦਿਆਂ ਲਹਿਰਾਂ ਨਹੀਂ ਉਠਦੀਆਂ। ਉਹ ਤਾਂ ਤਤਕਾਲੀ ਕਾਰਨ ਭਾਲਦੇ ਹੁੰਦੇ ਹਨ ਤਾਂ ਜੋ ਲੋਕ ਜਾਗ ਜਾਣ। ਇਸ ਲਈ ਜੇ ਤਿੰਨ ਕਾਨੂੰਨਾਂ ਦੀ ਵਾਪਸੀ ਦਾ ਤਤਕਾਲੀ ਕਾਰਨ ਹੀ ਹੱਲ ਕਰਨਾ ਹੈ ਤਾਂ ਇਹ ਪੂਰੀ ਠੀਕ ਅਗਵਾਈ ਨਹੀਂ ਮੰਨੀ ਜਾਵੇਗੀ। ਹੋ ਸਕਦਾ ਇਤਿਹਾਸ ਇਸ ਨੂੰ ਪਲਾਇਨ ਕਹਿ ਦੇਵੇ ਜਾਂ ਇਸ ਤੋਂ ਵੀ ਵੱਡੀ ਗੁਨਾਹੀ ਦਾ ਲਕਬ ਦੇ ਦੇਵੇ। ਕਿਸਾਨ ਆਗੂਆਂ ਨੂੰ ਕਿਸਾਨੀ ਦੇ ਉਧਾਰ ਲਈ ਬੱਝਵੇਂ ਟੀਚੇ ਬਣਾਉਣੇ ਚਾਹੀਦੇ ਹਨ ਕਿ ਕਿਸਾਨੀ ਇੰਨੀ ਮਿਹਨਤ ਦੇ ਬਾਵਜੂਦ ਲਗਾਤਾਰ ਹੇਠਾਂ ਨੂੰ ਕਿਉਂ ਜਾ ਰਹੀ ਹੈ? ਕਿਸੇ ਲਹਿਰ ਦਾ ਅੰਤਿਮ ਮਕਸਦ ਤਾਂ ਉਸ ਤਾਕਤ ਨੂੰ ਤੋੜਨਾ ਹੁੰਦਾ ਹੈ ਜੋ ਲੁੱਟ-ਦਮਨ ਦਾ ਮੂਲ ਹੁੰਦੀ ਹੈ। ਇਸ ਲਹਿਰ ਦੇ ਆਗੂ ਜੇ ਉਸ ਲੋਟੂ ਤਾਕਤ ਨੂੰ ਤੋੜਨ ਲਈ ਸਹਿਮਤ ਨਹੀਂ ਤਾਂ ਉਸ ਤੋਂ ਇਕ ਵਾਰ ਕਿਸਾਨਾਂ ਦੀ ਮੁਕਤੀ ਨਾਲ ਜੁੜਿਆ ਹਰ ਮਸਲਾ ਹੱਲ ਕਰਵਾਉਣਾ ਉਨ੍ਹਾਂ ਦੀ ਘੱਟੋ-ਘੱਟ ਨੈਤਿਕਤਾ ਬਣਦਾ ਹੈ। ਏਨੀ ਵੱਡੀ ਲਹਿਰ ਦੀ ਕਦਰ ਕਰਨੀ ਚਾਹੀਦੀ ਹੈ।
Related Topics: Dr Sikandar Singh, Farmers' Issues and Agrarian Crisis in Punjab, Punjab Farmers