January 6, 2019 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉਪਰ ਭਾਰਤੀ ਫੌਜ ਨੂੰ ਹਮਲੇ ਦਾ ਹੁਕਮ ਦੇਣ ਵਾਲੀ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦਾ 30ਵਾਂ ਸ਼ਹੀਦੀ ਦਿਹਾੜਾ ਅੱਜ ਇਥੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਅਕਾਲ ਤਖਤ ਸਾਹਿਬ ਨੇੜੇ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਪਰਸੋਂ ਤੋਂ ਆਰੰਭ ਕਰਵਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਸ਼ਹੀਦੀ ਸਮਾਗਮ ਵਿੱਚ ਹਾਜਰੀ ਭਰਨ ਲਈ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੈਂਬਰ ਭਗਵੰਤ ਸਿੰਘ ਸਿਆਲਕਾ ਤੇ ਦਰਬਾਰ ਸਾਹਿਬ ਦੇ ਪ੍ਰਬੰਧਕ (ਮੈਨੇਜਰ) ਜਸਵਿੰਦਰ ਸਿੰਘ ਦੀਨਪੁਰ ਹਾਜਰ ਸਨ, ਓਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਵਲੋਂ ਸ. ਕੰਵਰਪਾਲ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਪੁਜੇ ਹੋਏ ਸਨ।
ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੀ ਮਾਤਾ ਪਿਆਰ ਕੌਰ ਅਤੇ ਭਰਾਤਾ ਵਰਿਆਮ ਸਿੰਘ ਨੂੰ ਗੁਰੂ ਬਖਸ਼ਿਸ਼ ਸਿਰੋਪਾਉ ਭੇਟ ਕੀਤਾ।
Related Topics: Dal Khalsa, Kanwar Pal Singh Bittu, Karnail Singh Peer Mohammad, Paramjit Singh Mand, SGPC, Shaheed Beant Singh, Shaheed Bhai Kehar Singh, Shiromani Akali Dal Amritsar (Mann), Sikh Youth of Punjab, Simranjit Singh Mann