ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫੇ ਦੀ ਪੇਸ਼ਕਸ਼; ਕਿਹਾ ਜਾਣੇ-ਅਣਜਾਣੇ ਵਿੱਚ ਹੋਈਆਂ ਗਲਤੀਆਂ ਲਈ ਖਾਲਸਾ ਪੰਥ ਮਾਫ ਕਰੇ

October 19, 2018 | By

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗ.ਪ੍ਰ.ਕ.) ਵੱਲੋਂ ਲਾਏ ਗਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋ.ਗ.ਪ੍ਰ.ਕ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਚਿੱਠੀ ਲਿਖ ਜਥੇਦਾਰੀ ਦੇ ਅਹੁਤੋਂ ਤੋਂ ਅਸਤੀਫਾ ਦੇਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਗਿਆਨੀ ਗੁਰਬਚਨ ਸਿੰਘ ਦੀ ਪੁਰਾਣੀ ਤਸਵੀਰ

ਆਪਣੀ ਚਿੱਠੀ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਵਧ ਰਹੀ ਉਮਰ ਅਤੇ ਸਿਹਤ ਦਿੱਕਤਾਂ ਦਾ ਹਵਾਲਾ ਦੇਂਦਿਆਂ ਅਸਤੀਫਾ ਦੇਣ ਦੀ ਗੱਲ ਕਹੀ ਹੈ। ਉਸਨੇ ਡੇਰਾ ਸਿਰਸਾ ਮੁਖੀ ਬਾਰੇ ਲਏ ਫੈਸਲੇ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਆਪਣੇ ਕਾਰਜਕਾਲ ਦੌਰਾਨ “ਜਾਣੇ-ਅਣਜਾਣੇ” ਵਿੱਚ ਹੋਈਆਂ ਗਲਤੀਆਂ ਲਈ ਮਾਫੀ ਮੰਗਣ ਦੀ ਗੱਲ ਵੀ ਕਹੀ ਹੈ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਡੇਰਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਤੋਂ ਬਾਅਦ ਪੰਥਕ ਧਿਰਾਂ ਅਤੇ ਸਿੱਖ ਸੰਗਤ ਦੇ ਵੱਡੇ ਹਿੱਸੇ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਵਜੋਂ ਨਕਾਰ ਦਿੱਤਾ ਸੀ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਇਸ ਦੇ ਪ੍ਰਬੰਧ ਹੇਠਲੇ ਸਿੱਖ ਅਦਾਰੇ, ਸਮੇਤ ਸ਼੍ਰੋ.ਗ.ਪ੍ਰ.ਕ. ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ, ਜਥੇਦਾਰ ਵਜੋਂ ਗਿਆਨੀ ਗੁਰਬਚਨ ਸਿੰਘ ਦਾ ਪੱਖ ਪੂਰਦੇ ਆ ਰਹੇ ਹਨ।

ਪਿਛਲੇ ਦੋ ਕੁ ਮਹੀਨਿਆਂ ਤੋਂ, ਖਾਸ ਕਰਕੇ ਜਦੋਂ ਤੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਲੇਖਾ ਸਾਹਮਣੇ ਆਇਆ ਹੈ, ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਮੁੜ ਜ਼ੋਰ ਫੜ ਗਿਆ ਸੀ। ਬਰਗਾੜੀ ਮੋਰਚੇ ਦੇ ਚੱਲਦਿਆਂ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਵਿੱਚ ਸਾਹਮਣੇ ਆਏ ਤੱਥਾਂ ਦੇ ਮੱਦੇਨਜ਼ਰ ਇਸ ਵਾਰ ਸ਼੍ਰੋ.ਅ.ਦ. (ਬਾਦਲ) ਵਿਚੋਂ ਹੀ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕਰਨ ਦੀ ਆਵਾਜ਼ ਉੱਠ ਰਹੀ ਸੀ। ਹਾਲਾਂਕਿ ਸਿੱਖ ਹਲਕਿਆਂ ਵਿੱਚ ਇਹ ਚਰਚਾ ਆਮ ਹੈ ਕਿ ਸਿਰਫ ਗਿਆਨੀ ਗੁਰਬਚਨ ਸਿੰਘ ਹਟਾਉਣ ਨਾਲ ਜਥੇਦਾਰੀ ਦੇ ਅਹੁਦੇ ਦਾ ਖੁੱਸਿਆ ਵਕਾਰ ਵਾਪਸ ਨਹੀਂ ਆ ਸਕਦਾ ਕਿਉਂਕਿ ਸ਼੍ਰੋ.ਗੁ.ਪ੍ਰ.ਕ. ਵੱਲੋਂ ਨਵਾਂ ਜਥੇਦਾਰ ਲਾਉਣ ਦਾ ਫੈਸਲਾ ਤਾਂ ਮੁੜ ਸਿਰੇ ਦੇ ਭ੍ਰਿਸ਼ਟ ਅਤੇ ਸਿੱਖ ਸਰੋਕਾਰਾਂ ਨੂੰ ਰਾਜਨੀਤੀ ਦੀ ਭੱਠੀ ਦਾ ਬਾਲਣ ਬਣਾਉਣ ਵਾਲੇ ਬਾਦਲ ਪਰਵਾਰ ਨੇ ਹੀ ਕਰਨਾ ਹੈ।


ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ ਲਿਖਤੀ ਪ੍ਰੈਸ ਬਿਆਨ ਹੇਠਾਂ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਂਝਾ ਕੀਤਾ ਜਾ ਰਿਹਾ ਹੈ:

ਪ੍ਰੈਸ ਨੋਟ

ਨੰਬਰ:- ਸਪੈਸ਼ਲ

ਮਿਤੀ:- 18-10-2018

ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਮੂਚੇ ਖਾਲਸਾ ਪੰਥ ਨੂੰ ਬਖਸ਼ੇ ਸਿਰਮੋਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸਮੁੱਚੀਆਂ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸਮੁੱਚੀ ਸਾਧਸੰਗਤ ਦੇ ਸਹਿਯੋਗ ਨਾਲ ਦਾਸ ਨੂੰ ਲਗਾਤਾਰ 10 ਸਾਲ ਤੋਂ ਇਸ ਮਹਾਨ ਤਖ਼ਤ ਦਾ ਕੂਕਰ ਬਣ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਦਾਸ ਰੋਮ-ਰੋਮ ਕਰਕੇ ਸਮੁੱਚੇ ਖਾਲਸਾ ਪੰਥ ਦਾ ਰਿਣੀ ਹੈ ਜਿਸ ਨੇ ਸਮੇਂ-ਸਮੇਂ ਸਿਰ ਪੰਥ ਵਿਚ ਆਈਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਦਾਸ ਨੂੰ ਸਹਿਯੋਗ ਬਖਸ਼ਿਆ।ਸਮੁੱਚੇ ਖਾਲਸਾ ਪੰਥ ਨੇ ਏਕਤਾ ਦਾ ਸਬੂਤ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਥ ਦੇ ਮਹਾਨ ਕੌਮੀ ਜੂਝਾਰੂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣ ਲਈ ਸੰਘਰਸ਼ ਕੀਤਾ ਹੈ।ਦਸਮ ਗ੍ਰੰਥ ਅਤੇ ਬਾਣੀਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਠੱਲ ਪਾਈ।ਜੂਨ 1984 ਨੂੰ ਸ਼ਹੀਦ ਹੋਏ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਯਾਦਗਾਰ ਉਸਾਰਨ ਵਿਚ ਵੀ ਦਮਦਮੀ ਟਕਸਾਲ ਨੂੰ ਪੂਰਨ ਸਹਿਯੋਗ ਦਿੱਤਾ।ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਵਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਉਥੇ ਹੀ ਪੰਥ ਦੇ ਮਹਾਨ ਵਿਦਵਾਨਾਂ, ਸੰਤ ਮਹਾਪੁਰਖਾਂ, ਧਾਰਮਿਕ ਜਥੇਬੰਦੀਆਂ ਦੇ ਮੁੱਖੀਆਂ ਅਤੇ ਗੁਰੂ ਘਰ ਦੇ ਕੀਰਤਨੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਨਮਾਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਇਸ ਲੰਮੇ ਸਮੇਂ ਦੋਰਾਨ ਬਹੁਤ ਸਾਰੇ ਕੌਮੀ ਮਸਲੇ ਅਤੇ ਗੁਰੂ ਗ੍ਰੰਥ ਅਤੇ ਪੰਥ ਨੂੰ ਗੰਭੀਰ ਚੁਣੋਤੀਆਂ ਦੇਣ ਵਾਲੇ ਮੁਆਮਲੇ ਵੀ ਸ੍ਰੀ ਅਕਾਲ ਤਖ਼ਫ਼ੳਮਪ;ਤ ਸਾਹਿਬ ਜੀ ਦੇ ਸਨਮੁੱਖ ਆਏ ਜਿੰਨ੍ਹਾ ਦਾ ਨਿਪਟਾਰਾ ਗੁਰੂ ਦੇ ਭੈਅ ਵਿਚ ਰਹਿ ਕੇ ਸਹਿਯੋਗੀ ਸਿੰਘ ਸਾਹਿਬਾਨਾਂ, ਪੰਥਕ ਸੰਸਥਾਵਾਂ ਅਤੇ ਸੰਗਤ ਦੇ ਸਹਿਯੋਗ ਨਾਲ ਪੰਥਕ ਰੁਹ-ਰੀਤਾਂ ਅਨੁਸਾਰ ਕੀਤਾ ਗਿਆ।ਮੈਨੂੰ ਮਾਨ ਹੈ ਕਿ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਖਾਲਸਾ ਪੰਥ ਨੇ ਗੁਰੂ ਤਖ਼ਤ ਤੋਂ ਜਾਰੀ ਸਿੰਘ ਸਾਹਿਬਾਨਾਂ ਦੇ ਫੈਸਲੇ ਖਿੜੇ ਮੱਥੇ ਪ੍ਰਵਾਨ ਕੀਤੇ ਅਤੇ ਇਹਨਾਂ ਉੱਪਰ ਡੱਟ ਕੇ ਪਹਿਰਾ ਦਿੱਤਾ।

ਸਰਸੇ ਵਾਲੇ ਅਖੌਤੀ ਅਸਾਧ ਦੇ ਸਬੰਧੀ ਲਏ ਗਏ ਫੈਸਲੇ ਪ੍ਰਤੀ ਕਿੰਤੂ-ਪ੍ਰੰਤੂ ਵੀ ਹੋਇਆ।ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਿੰਘ ਸਾਹਿਬਾਨਾਂ ਦੀ ਰਾਏ ਨਾਲ ਦਿੱਤਾ ਫੈਸਲਾ ਵਾਪਸ ਲੈ ਲਿਆ ਗਿਆ।ਦਾਸ ਹਮੇਸ਼ਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿੱਤ ਹੈ ਅਤੇ ਅੰਤਮ ਸੁਵਾਸਾਂ ਤੱਕ ਰਹੇਗਾ।ਗੁਰਬਾਣੀ ਦਾ ਫੁਰਮਾਨ ਹੈ “ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥” ਦੇ ਅਨੁਸਾਰ ਜੀਵ ਭੁਲਣਹਾਰ ਹੈ, ਆਪਣੇ ਸੇਵਾ ਕਾਲ ਦੋਰਾਨ ਜਾਣੇ-ਅਣਜਾਨੇ ਵਿਚ ਹੋਈਆਂ ਭੁੱਲਾਂ ਆਪਣੀ ਝੋਲੀ ਪਾਉਂਦਾ ਹੋਇਆ ਦਾਸ ਸਮੂਚੇ ਖਾਲਸਾ ਪੰਥ ਕੋਲੋਂ ਖਿਮ੍ਹਾਂ ਯਾਚਨਾ ਕਰਦਾ ਹਾਂ।

ਕੁਦਰਤ ਦੇ ਨਿਯਮ ਅਨੁਸਾਰ ਵੱਡੇਰੀ ਉਮਰ ਅਤੇ ਇਸ ਨਾਲ ਜੁੜ ਰਹੀਆਂ ਸਿਹਤ ਦੀਆਂ ਕੁਝ ਦਿੱਕਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਬਹੁਤ ਹੀ ਜਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਦਾਸ ਅਸਮਰੱਥ ਹੈ।ਖਾਲਸਾ ਪੰਥ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਸਮੂਚੇ ਅਗਜ਼ੈਕਟੀਵ ਨੂੰ ਇਸ ਅਹਿਮ ਪੱਦਵੀ ਤੇ ਯੋਗ ਵਿਅਕਤੀ ਨੂੰ ਨਿਯਤ ਕਰਦਿਆਂ ਦਾਸ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇ।ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਪੰਥ ਦੀ ਚੜਦੀ ਕਲ੍ਹਾਂ ਦੀ ਅਰਦਾਸ ਕਰਦਾ ਹਾਂ।ਦਾਸ ਹਮੇਸ਼ਾ ਖਾਲਸਾ ਪੰਥ ਦਾ ਸੇਵਾਦਾਰ ਰਹਾਂਗਾ।ਸਹਿਯੋਗ ਲਈ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ।

ਸਤਿੰਦਰਪਾਲ ਸਿੰਘ
ਨਿੱਜੀ ਸਹਾਇਕ


Download (PDF, 103KB)


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,