ਲੇਖ

ਕਿਵੇਂ ਭੁੱਲੀਏ..?

June 28, 2011 | By

– ਜਸਪਾਲ ਸਿੰਘ ਹੇਰਾਂ

1984ਦੇਸ਼ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਇੱਕ ਵਾਰ ਫਿਰ ਭਾਰਤੀ ਫਿਰਕੂ ਹਿੰਦੂ ਤਾਕਤਾਂ ਦਾ ਰਟਿਆ-ਰਟਾਇਆ ਵਾਕ ਸਿੱਖਾਂ ਦੇ ਵਿਹੜੇ ‘ਚ ਰੋੜ੍ਹ ਦਿੱਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਸਿੱਖਾਂ ਨੂੰ 1984 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਣ ਤੇ ਦੋਸ਼ੀਆਂ ਨੂੰ ਮਾਫ਼ ਕਰ ਦੇਣ ਦੀ ਵਕਾਲਤ ਕੀਤੀ ਹੈ, ਇਸ ਤੋਂ ਪਹਿਲਾਂ ਕਿ ਅਸੀਂ ਚਿਦੰਬਰਮ ਦੇ ਇਸ ਬਿਆਨ ਦਾ ਲੇਖਾ-ਜੋਖਾ ਕਰੀਏ, ਪਹਿਲਾ ਪਿਛਲੇ ਵਰ੍ਹੇ 17 ਫਰਵਰੀ 2010 ਨੂੰ ਇਸੇ ਸਖ਼ਸ ਦੇ ਜੰਮੂ ਸ਼ਹਿਰ ‘ਚ ਇੱਕ ਪ੍ਰੈਸ ਕਾਨਫਰੰਸ ‘ਚ ਸਿੱਖਾਂ ਬਾਰੇ ਕੀਤੀ ਟਿੱਪਣੀ ਨੂੰ ਯਾਦ ਕਰਨਾ ਚਾਹੁੰਦੇ ਹਾਂ ਤਾਂ ਕਿ ਇਸ ਆਗੂ ਦਾ ਸਿੱਖਾਂ ਪ੍ਰਤੀ ਕੀ ਨਜ਼ਰੀਆ ਹੈ, ਉਹ ਸਾਫ਼ ਹੋ ਸਕੇ। ਚਿੰਦਬਰਮ ਨੇ ਜੰਮੂ ‘ਚ ਖਾੜਕੂਆਂ ਨੂੰ ਕਥਿੱਤ ਮੁੱਖ ਧਾਰਾ ‘ਚ ਵਾਪਸ ਆਉਣ ਦੀ ਅਪੀਲ ਕਰਦਿਆਂ ਇੱਕ ਮੁਆਫ਼ੀ ਨੀਤੀ ਦਾ ਐਲਾਨ ਕੀਤਾ ਅਤੇ ਨਾਲ ਹੀ ਇਹ ਸਾਫ਼ ਕਰ ਦਿੱਤਾ, ”ਜਿਹੜੀ ਆਤਮ ਸਮਰਪਣ ਤੇ ਆਮ ਮਾਫ਼ੀ ਦੀ ਨੀਤੀ ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ, ਉਹ ਸਿਰਫ਼ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਹੈ, ਪੰਜਾਬ ਦੇ ‘ਸਿੱਖ ਬਾਗੀਆ’ ਤੇ ਇਹ ਲਾਗੂ ਨਹੀਂ ਹੁੰਦੀ।” ਚਿੰਦਬਰਮ ਇੱਕ ਬੜਾ ਘਾਗ, ਇੰਦਰਾ ਪ੍ਰਸਤ ਸਿਆਸਤਦਾਨ ਹੈ, ਉਹ ਸਿੱਖਾਂ ਬਾਰੇ ਜੋ ਸੋਚਦਾ ਹੈ, ਉਸ ਪਿੱਛੇ ਉਹ ਸਾਰੀਆਂ ਨੀਤੀਆਂ ਦਾ ਨਿਚੋੜ ਹੈ, ਜਿਹੜੀਆਂ ਨੀਤੀਆਂ ਨੂੰ ਲੈ ਕੇ ਸਿੱਖਾਂ ਦੀ ਹੋਂਦ ਦੇ ਖ਼ਾਤਮੇ ਲਈ ਸਿੱਖ ਵਿਰੋਧੀ ਸ਼ਕਤੀਆਂ ਨੇ ਹੁਣ ਤੱਕ ਹੱਲੇ ਕੀਤੇ ਹਨ ਜਾਂ ਕੀਤੇ ਜਾ ਰਹੇ ਹਨ। ਜਿਹੜਾ ਵਿਅਕਤੀ ਇਹ ਗੱਲ, ਬਾਂਹ ਖੜ੍ਹੀ ਕਰਕੇ, ਸਮੁੱਚੇ ਵਿਸ਼ਵ ਸਾਹਮਣੇ ਆਖ਼ ਰਿਹਾ ਹੈ ਕਿ ਦੇਸ਼ ਦੀ ਕੇਂਦਰ ਸਰਕਾਰ ਖਾੜਕੂ ਸਿੱਖ ਨੌਜਵਾਨਾਂ ਨੂੰ ਕਿਸੇ ਕੀਮਤ ਤੇ ਮੁਆਫ਼ ਕਰਨ ਲਈ ਤਿਆਰ ਨਹੀਂ, ਉਹ ਸਿੱਖਾਂ ਨੂੰ ਇਹ ਸਲਾਹ ਦੇ ਰਿਹਾ ਹੈ ਕਿ ਉਹ ਸਿੱਖ ਕੌਮ ਦੀ ਹੋਈ ਨਸਲਕੁਸ਼ੀ ਨੂੰ ਭੁੱਲ ਜਾਣ, ਉਹ ਆਪਣੀ ਜਾਨ ਤੋਂ ਪਿਆਰੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਨੂੰ ਭੁੱਲ ਜਾਣ ਤੇ ਮੁਆਫ਼ ਕਰ ਦੇਣ। ਮੁਆਫ਼ੀ ਕਿਸੇ ਅਣਜਾਣੇ ‘ਚ ਹੋਈ ਗ਼ਲਤੀ ਦੀ ਹੁੰਦੀ ਹੈ। ਪੂਰੀ ਤਰ੍ਹਾਂ ਸੋਚ ਸਮਝ ਕੇ, ਸਾਜ਼ਿਸ ਘੜ੍ਹ ਕੇ ਕੀਤੇ ਘਿਨਾਉਣੇ ਅਪਰਾਧ ਲਈ ਕਦੇ ਮਾਫ਼ੀ ਨਹੀਂ ਦਿੱਤੀ ਜਾਂਦੀ, ਉਸ ਲਈ ਤਾਂ ਸਜ਼ਾ ਵੀ ਥੋੜ੍ਹੀ ਹੁੰਦੀ ਹੈ। ਸਾਕੇ ਭੁੱਲਣਯੋਗ ਨਹੀਂ ਹੁੰਦੇ, ਸਿੱਖ ਕੌਮ ਦੇ ਜਖ਼ਮ ਹਾਲੇਂ ਤੱਕ ਅੱਲੇ ਹਨ, ਜਿਨ੍ਹਾਂ ‘ਚੋਂ ਚੀਸਾਂ ਲਗਾਤਾਰ ਫੁੱਟ ਰਹੀਆਂ ਹਨ, ਸੜਕਾਂ ਤੇ ਕੋਹ-ਕੋਹ ਮਾਰੇ ਗਏ ਸਿੱਖ ਬੱਚੇ, ਗਲਾਂ ‘ਚ ਟਾਇਰ ਪਾ ਕੇ ਸਾੜੇ ਗਏ ਸਿੱਖ ਗੱਭਰੂ, ਸ਼ਰੇਆਮ ਹੋਈ ਮਾਵਾਂ-ਭੈਣਾਂ ਦੀ ਬੇਪੱਤੀ ਦਾ ਭਿਆਨਕ ਮੰਜ਼ਰ, ਆਖ਼ਰ ਕਿਵੇਂ ਭੁੱਲਿਆ ਜਾ ਸਕਦਾ ਹੈ। ਅੱਗ ਦੀਆਂ ਲਪਟਾਂ ਨਾਲ ਘਿਰੇ ਸਿੱਖਾਂ ਨੂੰ ਭੰਗੜਾ ਪਾਉਂਦੇ ਹੋਏ ਦੱਸਦਿਆ ਇਨ੍ਹਾਂ ਕਾਤਲਾਂ, ਲੁਟੇਰਿਆਂ ਦਾ ਸ਼ੈਤਾਨੀ ਤੇ ਵਹਿਸ਼ੀਆਨਾਂ ਹਾਸਾ, ਅੱਜ ਵੀ ਸਿੱਖਾਂ ਦੇ ਕੰਨ੍ਹਾਂ ਦੇ ਪਰਦੇ ਪਾੜ੍ਹ ਰਿਹਾ ਹੈ ਨਾਲੇ ਭਾਰਤੀ ਹਕੂਮਤ ਦੀ ਪੁਲਿਸ ਵੱਲੋਂ ਸਿੱਖਾਂ ਦੀ ਰਾਖੀ ਦੀ ਥਾਂ, ਸਿੱਖਾਂ ਦੇ ਵਹਿਸ਼ੀਆਨਾ ਕਤਲੇਆਮ ‘ਚ ਹਿੱਸੇਦਾਰ ਬਣਨ ਦੀ ਕਹਾਣੀ ਨੂੰ ਕਿਵੇਂ ਭੁੱਲਿਆ ਜਾਵੇ। ਸਿੱਖ ਕਿਹੜੇ-ਕਿਹੜੇ ਜ਼ੁਲਮ ਨੂੰ ਭੁੱਲ ਜਾਣ, ਉਨ੍ਹਾਂ 25 ਹਜ਼ਾਰ ਲਵਾਰਿਸ ਲਾਸਾਂ ਨੂੰ ਜਿਨ੍ਹਾਂ ਦੀ ਰਾਖ ਵੀ ਹਾਲੇਂ ਠੰਡੀ ਨਹੀਂ ਹੋਈ, ਹਾਲੇਂ ਤਾਂ ਮਾਵਾਂ ਉਸ ਗ਼ਮ ਦੇ ਪਿੰਨੇ ਢਿੱਡਾਂ ‘ਚ ਲਈ ਬੈਠੀਆਂ ਹਨ, ਅਜੇ ਤਾਂ ਗੁਆਚਿਆ ਦੀ ਆਸ ਵੀ ਮੁੱਕੀ ਨਹੀਂ, ਆਪਣੇ ਪਿੰਡੇ ਤੇ ਹੰਢਾਏ ਸੰਤਾਪ ਤੇ ਜ਼ੁਲਮ ਦੇ ਧੁਆਖੇ ਬੁੱਢੇ ਬਾਪ, ਸੁਕੇ ਰੁੱਖਾਂ ਵਾਗੂੰ ਡਗਮਗਾਉਂਦੇ ਅੱਜ ਵੀ ਕੌਮ ਦੀ ਹੋਣੀ ਦਾ ਹਿੱਸਾ ਬਣੇ ਹੋਏ ਹਨ। ਸਿੱਖਾਂ ਕੀ ਇਹ ਭੁੱਲ ਜਾਣ ਕਿ ਦੇਸ਼ ‘ਚ ਥਾਂ-ਥਾਂ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਗਈ, ਜਿਸਦੀਆਂ ਗੁਆਂਚੀਆਂ ਨਿਸ਼ਾਨੀਆਂ ਹਾਲੇਂ ਵੀ ਹੋਂਦ ਚਿੱਲੜ ਤੇ ਜੰਮੂ ਵਰਗੇ ਵਹਿਸ਼ੀਆਨਾ ਕਾਂਡ ਦੇ ਬੇਪਰਦਾ ਹੋਣ ਨਾਲ ਲਗਾਤਾਰ ਸਾਹਮਣੇ ਆ ਰਹੀਆਂ ਹਨ, ਪ੍ਰੰਤੂ 27 ਵਰ੍ਹਿਆਂ ‘ਚ ਹਜ਼ਾਰਾਂ ਸਿੱਖਾਂ ਦੇ ਕਾਤਲਾਂ ‘ਚੋਂ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਜਿਸ ਗੁਨਾਹ ਨੂੰ ਭਾਰਤੀ ਹਕੂਮਤ ਕਬੂਲ ਕਰਨ ਲਈ ਹੀ ਤਿਆਰ ਨਹੀਂ, ਉਸ ਗੁਨਾਹ ਬਾਰੇ ਉਸਦੀ ਮਾਫ਼ੀ ਮੰਗਣੀ ਕੋਈ ਅਰਥ ਹੀ ਨਹੀਂ ਰੱਖਦੀ। ‘ਭੁੱਲ ਜਾਓ’ ਦਾ ਵਾਕ, ਸਿੱਖਾਂ ਲਈ ‘ਮੱਲ੍ਹਮ’ ਦੀ ਥਾਂ ਉਹ ‘ਖਰੂੰਡ’ ਹੈ, ਜਿਹੜਾ ਸਿੱਖਾਂ ਦੇ ਜਖ਼ਮਾਂ ਨੂੰ ਮੁੜ ‘ਛਿੱਲ’ ਦਿੰਦਾ ਹੈ। ਕੀ ਕੌਮ ਐਨੀ ਨਿਤਾਣੀ ਹੋ ਗਈ ਹੈ ਕਿ ਉਸਨੂੰ ਆਪਣੇ ਲਈ ਇਨਸਾਫ਼ ਮੰਗਣ ਦਾ ਵੀ ਹੱਕ ਨਹੀਂ ਰਿਹਾ ਅਤੇ ਉਸਨੂੰ ‘ਭੁੱਲ ਜਾਓ’ ਦੀ ਚਾਸ਼ਨੀ ਨਾਲ ਲਪੇਟ ਕੇ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਸਮਾਂ ਪਾਸ ਕਰਨਾ ਹੈ ਤਾਂ ਭੂਤਕਾਲ ਨੂੰ ਭੁੱਲਣ ਹੀ ਤੁਹਾਡੇ ਭਲਾ ‘ਚ ਹੈ। ਮਰਨ ਨਾਲੋਂ ਹਾਰਨਾ ਮਾੜਾ ਹੁੰਦਾ ਹੈ ਅਤੇ ਹਾਰਨ ਨਾਲੋਂ ਡਰਨਾ ਮਾੜਾ ਹੁੰਦਾ ਹੈ, ਇਹ ਸਬਕ ਕੌਮ ਨੇ ਪੜ੍ਹਿਆ ਹੋਇਆ ਹੈ, ਇਸ ਲਈ ਚਿੰਦਬਰਮ ਵਰਗੇ ਘਾਗ ਆਗੂਆਂ ਨੂੰ ਸਿੱਖ ਨੂੰ ਪਲੋਸ ਕੇ ਡਰਾਉਣ ਦੀ ਥਾਂ, ਸਿੱਖਾਂ ਨੂੰ ਇਨਸਾਫ਼ ਦੇਣ ਦੀ ਵਕਾਲਤ ਕਰਨੀ ਚਾਹੀਦੀ ਹੈ। ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਿਹਰੇ ‘ਚ ਖੜ੍ਹਾ ਕਰਕੇ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਜਦੋਂ ਤੱਕ ਸਿੱਖ ਕਤਲੇਆਮ ਦਾ ਇਨਸਾਫ਼ ਕੌਮ ਦੀ ਝੋਲੀ ਨਹੀਂ ਪੈਂਦਾ, ਉਦੋਂ ਤੱਕ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੀ ਇਸ ਘੱਟਗਿਣਤੀ ਨਾਲ ਕੀਤੇ ਜ਼ੁਲਮ-ਜਬਰ ਦੀ ਚੀਸ ਕਦੇ ਵੀ ਮੱਠੀ ਨਹੀਂ ਪੈ ਸਕਦੀ, ਸਗੋਂ ਸਮਾਂ ਬੀਤਣ ਨਾਲ ਇਹ ਹੋਰ ਤਿੱਖੀ ਹੁੰਦੀ ਜਾਵੇਗੀ ਅਤੇ ਚਿਦੰਬਰਮ ਵਰਗਿਆਂ ਨੂੰ ਜੁੱਤੀਆਂ ਪੈਂਦੀਆਂ ਹੀ ਰਹਿਣਗੀਆਂ। ਭਾਵੇਂ ਉਹ ਸਿੱਖ ਹਿਤੈਸ਼ੀ ਹੋਣ ਦੇ ਕਿੰਨੇ ਵੀ ਨਾਟਕ ਕਰ ਲੈਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,