ਆਮ ਖਬਰਾਂ » ਸਿਆਸੀ ਖਬਰਾਂ

ਮਨੁੱਖੀ ਅਧਿਕਾਰਾਂ ਦੇ ਘਾਣ, ਜਬਰੀ ਲਾਪਤਾ ਕਰਨ, ਕਾਲੇ ਕਾਨੂੰਨ ਅਤੇ ਤਸ਼ਦਦ ਵਿਰੁੱਧ ਗੁਰਦਾਸਪੁਰ ਵਿਖੇ 10 ਦਸੰਬਰ ਨੂੰ ਮਾਰਚ ਅਤੇ ਇੱਕਤਰਤਾ: ਦਲ ਖਾਲਸਾ

November 30, 2017 | By

ਅੰਮ੍ਰਿਤਸਰ: ਦਲ ਖਾਲਸਾ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਪੰਜਾਬ ਅੰਦਰ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਪਿਛਲ਼ੇ ਸਮੇ ਅੰਦਰ ਹੋਏ ਫਰਜ਼ੀ ਮੁਕਾਬਲੇ, ਜਬਰੀ ਲਾਪਤਾ ਕਰਨ, ਕਾਲੇ ਕਾਨੂੰਨ ਅਤੇ ਹਿਰਾਸਤ ਵਿੱਚ ਤਸ਼ੱਦਦ ਵਿਰੁੱਧ ਗੁਰਦਾਸਪੁਰ ਵਿਖੇ 10 ਦਸੰਬਰ ਨੂੰ ਮਾਰਚ ਅਤੇ ਇੱਕਤਰਤਾ ਸੱਦਣ ਦਾ ਫੈਲਸਾ ਲਿਆ ਹੈ।

ਪਾਰਟੀ ਦੇ ਨੌਜਵਾਨ ਆਗੂ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਰੋਸ ਅਤੇ ਰੋਹ ਵਜੋਂ, ਮਰ ਰਹੀ ਇਨਸਾਫ ਦੀ ਉਮੀਦ ਅਤੇ ਸੰਘਰਸ਼ ਦੀ ਲੋਅ ਨੂੰ ਜੱਗਦਾ ਰੱਖਣ ਲਈ ਦਲ ਖਾਲਸਾ ਵਲੋਂ ਇਹ ਇਕੱਤਰਤਾ ਸੱਦੀ ਗਈ ਹੈ । ਉਹਨਾਂ ਦਸਿਆ ਕਿ ਇਸ ਤੋਂ ਪਹਿਲਾਂ ਸ਼ਹਿਰ ਅੰਦਰ ਮਾਰਚ ਕੀਤਾ ਜਾਵੇਗਾ ਜੋ ਗੁਰਦੁਆਰਾ ਰਾਮਗੜ੍ਹੀਆ ਸਭਾ ਤੋਂ ਆਰੰਭ ਹੋ ਕੇ ਜਹਾਜ਼ ਚੌਂਕ ਵਿਖੇ ਸਮਾਪਤ ਹੋਵੇਗਾ ਜਿਸ ਵਿੱਚ ਜਥੇਬੰਦੀ ਦੇ ਕਾਰਕੁੰਨਾਂ ਤੋਂ ਇਲਾਵਾ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਮੈਂਬਰ ਅਤੇ ਪੀੜਤਾਂ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਹੋਣਗੇ।

ਦਲ ਖ਼ਾਲਸਾ ਦੇ ਆਗੂ 10 ਦਸੰਬਰ ਨੂੰ ਕੱਢੇ ਜਾਣ ਵਾਲੇ ਮਾਰਚ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਦਲ ਖ਼ਾਲਸਾ ਦੇ ਆਗੂ 10 ਦਸੰਬਰ ਨੂੰ ਕੱਢੇ ਜਾਣ ਵਾਲੇ ਮਾਰਚ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਪਰਮਜੀਤ ਸਿੰਘ ਨੇ ਦੱਸਿਆ ਕਿ 1984 ਤੋਂ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਵੱਡੀ ਪੱਧਰ ‘ਤੇ ਕੀਤਾ ਗਿਆ ਜੋ ਅੱਜ ਵੀ ਰੁੱਕ-ਰੁੱਕ ਕੇ ਜਾਰੀ ਹੈ। ਉਹਨਾਂ ਕਿਹਾ ਕਿ ਬੇਲਗਾਮ ਅਤੇ ਅੰਨ੍ਹੀ ਤਾਕਤਾਂ ਨਾਲ ਲੈਸ ‘ਸੁਰੱਖਿਆ ਫੋਰਸਾਂ’ ਅਤੇ ਪੁਲਿਸ ਨੇ ਗੈਰ-ਕਾਨੂੰਨੀ ਢੰਗ ਵਰਤਕੇ ਲੋਕਾਂ ਦੇ ਮਨੁੱਖੀ ਅਧਿਕਾਰ ਕੁਚਲੇ ਹਨ ਅਤੇ ਅਫਸੋਸ ਕਿ ਕਾਨੂੰਨ ਉਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਲੈਣ ਵਿੱਚ ਅਸਫਲ ਰਿਹਾ ਹੈ ਜਿਸ ਦਾ ਕਾਰਨ ਸੱਤਾਧਾਰੀ ਲੋਕਾਂ ਦੀ ਬੇਈਮਾਨੀ ਅਤੇ ਇਹਨਾਂ ਗੁਨਾਹਾਂ ਵਿੱਚ ਸ਼ਮੂਲੀਅਤ ਹੈ।

ਉਹਨਾਂ ਕਿਹਾ ਕਿ ਇਨਸਾਫ ਦੀ ਉਮੀਦ ਦੂਰ-ਦੂਰ ਤੱਕ ਦਿਖਾਈ ਨਹੀਂ ਦੇ ਰਹੀ ਅਤੇ ਜ਼ਬਰੀ ਲਾਪਤਾ ਕੀਤੇ ਗਏ ਨੌਜਵਾਨਾਂ ਦੇ ਬੁਢੇ ਮਾਂ-ਬਾਪ ਅੱਜ ਵੀ ਆਪਣੇ ਬੱਚਿਆਂ ਦੀ ਉਡੀਕ ਦੀ ਪੀੜਾ ਵਿੱਚ ਜੀਅ ਰਹੇ ਹਨ।

ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਕਾਨੂੰਨ ਦੇ ਰਖਵਾਲੇ ਕਹਾਉਣ ਵਾਲਿਆਂ ਨੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ।

ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਅੰਤਰਰਾਸ਼ਟਰੀ ਟ੍ਰਿਬਿਊਨਲ ਵਲੋਂ ਬੋਸਨੀਆ ਦੇ ਬੁੱਚੜ ਨੂੰ ਨਸਲਕੁਸ਼ੀ ਲਈ ਦੋਸ਼ੀ ਠਹਿਰਾਉਣ ਦਾ ਸਵਾਗਤ ਕਰਦਿਆਂ ਸੰਯੁਕਤ ਰਾਸ਼ਟਰ ਨੂੰ ਸਵਾਲ ਕੀਤਾ ਕਿ ‘ਸਿੱਖਾਂ ਦੇ ਬੁਚੜ’ ਕਦੋਂ ਦੁਨੀਆਂ ਦੇ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਉਹਨਾਂ ਦੇ ਯੂਰਪ ਯੂਨਿਟ ਵਲੋਂ ਇਸ ਸਬੰਧੀ ਯੂ.ਐਨ.ਓ ਨੂੰ ਇੱਕ ਦਰਖਾਸਤ ਵੀ ਦਿੱਤੀ ਜਾਵੇਗੀ।

ਰਾਜਨੀਤਿਕ ਕਤਲਾਂ ਦੇ ਦੋਸ਼ ਹੇਠ ਪੁਲਿਸ ਵਲੋਂ ਕੀਤੀਆਂ ਗਈਆ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਸਬੰਧੀ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜਦ ਤੱਕ ਪੰਜਾਬ ਦੇ ਹੱਕਾਂ ਲਈ ਰਾਜਨੀਤਿਕ ਹੱਲ ਨਹੀਂ ਕੱਢਿਆ ਜਾਂਦਾ ਤੱਦ ਤੱਕ ਇਹ ਸਿਲਸਿਲਾ ਰੁੱਕਣ ਵਾਲਾ ਨਹੀਂ ਹੈ। ਉਹਨਾਂ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਅੰਨ੍ਹੀ ਦੇਸ਼-ਭਗਤੀ ਦਿਖਾਉਣ ਜਾਂ ਹੋਰ ਸਖਤ ਕਾਨੂੰਨ ਲਿਆਉਣ ਦੀ ਹੋੜ ਵਿੱਚ ਪੈਣ ਦੀ ਥਾਂ ਕੇਂਦਰ ਨੂੰ ਪੰਜਾਬ ਮਸਲੇ ਦਾ ਹੱਲ ਕੱਢਣ ਲਈ ਜ਼ੋਰ ਪਾਉਣ। ਉਹਨਾਂ ਕਿਹਾ ਕਿ ਸਾਰੇ ਨੌਜਵਾਨ ਜੋ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਦਾ ਮਾਰੇ ਗਏ ਲੋਕਾਂ ਨਾਲ ਨਿੱਜੀ ਵੈਰ ਨਹੀਂ ਸੀ।

ਇਸ ਮੌਕੇ ਗੁਰਪ੍ਰੀਤ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਮੌਜੂਦ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Dal Khalsa To UN: When Will ‘Butcher of Sikhs’ Be Punished, Will Organise Protest March On Dec 10 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,